'ਜੇ ਸਿਖਿਆ ਦਾ ਉਦੇਸ਼ ਨੌਕਰੀ ਹੈ ਤਾਂ ਨੌਕਰ ਹੀ ਪੈਦਾ ਹੋਣਗੇ'
Published : Sep 24, 2017, 8:27 pm IST
Updated : Sep 24, 2017, 2:57 pm IST
SHARE ARTICLE

ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦੁਨੀਆਂ ਭਰ ਵਿਚ ਮੰਨੇ-ਪ੍ਰਮੰਨੇ ਵਿਦਵਾਨ ਡਾ. ਭੀਮਰਾਉ ਅੰਬੇਦਕਰ ਨੇ ਕਿਹਾ ਸੀ ਕਿ ਦੇਸ਼ ਦੀ ਸਿਖਿਆ ਪ੍ਰਣਾਲੀ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਹਰ ਵਰਗ ਦੇ ਲੋਕ ਸਮਾਜਕ ਅਤੇ ਆਰਥਕ ਨਾਬਰਾਬਰੀ ਨੂੰ ਸਮਝਣ ਅਤੇ ਬੁਰਾਈਆਂ ਨੂੰ ਦੂਰ ਕਰਨ। ਵਿਦਿਆਰਥੀਆਂ ਦਾ ਸਮਾਜਕ, ਆਰਥਕ, ਧਾਰਮਕ, ਸਿਆਸੀ ਅਤੇ ਸਭਿਆਚਾਰਕ ਪੱਖਾਂ ਤੋਂ ਵਿਕਾਸ ਹੋਣਾ ਚਾਹੀਦਾ ਹੈ। ਨਵੇਂ ਨਰੋਏ ਸਮਾਜ ਦੀ ਉਸਾਰੀ ਕਰਨਾ ਸਿਖਿਆ ਦਾ ਉਦੇਸ਼ ਹੋਣਾ ਚਾਹੀਦਾ ਹੈ। ਸਿਖਿਆ ਦਾ ਉਦੇਸ਼ ਜੀਵਨ ਦਾ ਨਿਸ਼ਾਨਾ ਤੈਅ ਕਰਨਾ ਅਤੇ ਉਥੇ ਪਹੁੰਚਣ ਤਕ ਸਖ਼ਤ ਮਿਹਨਤ ਵਲ ਪ੍ਰੇਰਨਾ ਦਾ ਸਰੋਤ ਹੁੰਦਾ ਹੈ।

ਸੋ ਸਿਖਿਆ ਅਤੇ ਸਿਖਲਾਈ ਤੋਂ ਬਗ਼ੈਰ ਮਨੁੱਖੀ ਜੀਵਨ ਪਸ਼ੂਆਂ ਵਰਗਾ ਨਰਕ ਭੋਗਣ ਦੇ ਸਮਾਨ ਹੈ। ਪਹਿਲਾਂ ਸਿਖਿਆ ਦੇ ਅਰਥ ਹੁੰਦੇ ਸਨ ਕਿ ਵਿਦਿਆਰਥੀ ਨੂੰ ਨਕਲਾਂ ਨਾਲ ਨਹੀਂ ਪਰਖ ਕੇ ਇਮਤਿਹਾਨ ਪਾਸ ਕਰਨਾ ਹੁੰਦਾ ਸੀ। ਜੇਕਰ ਕੋਈ ਪਰਖ ਦਾ ਇਮਤਿਹਾਨ ਪਾਸ ਕਰਨ ਵਿਚ ਕਿਤੇ ਕਮੀ ਰਹਿ ਜਾਂਦੀ ਸੀ ਤਾਂ ਉਸ ਨੂੰ ਫਿਰ ਪਾਸ ਕਰਨ ਦੇ ਵਾਰ-ਵਾਰ ਮੌਕੇ ਦਿਤੇ ਜਾਂਦੇ ਸਨ। ਓਨਾ ਚਿਰ ਉਹ ਪਾਸ ਨਹੀਂ ਕੀਤਾ ਜਾਂਦਾ ਸੀ ਜਿੰਨਾ ਚਿਰ ਉਹ ਉਸ ਕੰਮ ਵਿਚ ਮੁਹਾਰਤ ਨਾ ਹਾਸਲ ਕਰ ਸਕੇ। ਇਸ ਪਰਖ 'ਚੋਂ ਨਿਕਲੇ ਹੋਏ ਵਿਅਕਤੀ ਤੋਂ ਜਦੋਂ ਮਰਜ਼ੀ ਕਿਸੇ ਵੀ ਵਿਸ਼ੇ ਬਾਰੇ ਪੁੱਛ ਲਵੋ ਤਾਂ ਬੇਰੋਕ, ਬੇਝਿਜਕ ਸ਼ਬਦਾਂ ਦੀ ਵਾਛੜ ਕਰ ਦਿੰਦਾ ਸੀ। ਅਨਜਾਣ ਤੋਂ ਅਨਜਾਣ ਵੀ ਸਮਝ ਲੈਂਦਾ ਸੀ ਕਿ ਇਹ ਪੜ੍ਹਿਆ-ਲਿਖਿਆ ਨੌਜੁਆਨ ਹੈ ਅਤੇ ਪਰਖ ਵਿਚੋਂ ਲੰਘਿਆ ਹੋਇਆ ਹੈ। ਅੱਜ ਵਾਂਗ ਨਕਲਾਂ ਮਾਰ ਕੇ ਜਾਂ ਰੱਟੇ ਲਾ ਕੇ ਪਾਸ ਹੋਇਆ ਨਹੀਂ। ਨਾ ਹੀ ਉਹ ਅਜਿਹੀ ਸਿਖਿਆ ਪ੍ਰਣਾਲੀ ਦਾ ਅੰਗ ਸੀ ਕਿ ਅਠਵੀਂ ਤਕ ਦੀਆਂ ਜਮਾਤਾਂ ਤਕ ਕਿਸੇ ਨੂੰ ਫ਼ੇਲ੍ਹ ਨਹੀਂ ਕਰਨਾ।

ਪਹਿਲਾਂ ਸਿਖਿਆ ਤੰਤਰ ਵਿਚ ਅਨਫ਼ਿੱਟ ਪੁਰਜ਼ੇ ਫ਼ਿੱਟ ਨਹੀਂ ਕੀਤੇ ਜਾਂਦੇ ਸਨ। ਅਜਕਲ ਜਿਹੜਾ ਪੁਰਜ਼ਾ ਕਿਤੇ ਹੋਰ ਫ਼ਿੱਟ ਨਹੀਂ ਹੁੰਦਾ ਉਹ ਸਿਖਿਆ ਪ੍ਰਣਾਲੀ ਵਿਚ ਫ਼ਿੱਟ ਕਰ ਦਿਤਾ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਿਸੇ ਸਮੇਂ ਕੀਰਤਨੀਏ ਦੂਰ-ਦੁਰਾਡੇ ਤੋਂ ਆ ਕੇ ਕੀਰਤਨ ਸੁਣ ਕੇ ਨਿਹਾਲ ਹੋ ਜਾਂਦੇ ਸਨ। ਪਰ ਪਿਛੇ ਜਿਹੇ ਸੰਗੀਤ ਦੇ ਮਾਹਰ ਸੰਗੀਤਕਾਰਾਂ ਨੇ ਜਦੋਂ ਕੀਰਤਨੀਆਂ ਦਾ ਕੀਰਤਨ ਸੁਣਿਆ ਤਾਂ ਦੰਗ ਰਹਿ ਗਏ ਉਨ੍ਹਾਂ ਦੀਆਂ ਗ਼ਲਤੀਆਂ ਸੁਣ ਕੇ ਜਿਨ੍ਹਾਂ ਦਾ ਕੀਰਤਨ ਦੁਨੀਆਂ ਦੇ ਕੋਨੇ ਕੋਨੇ ਤਕ ਪ੍ਰਸਾਰਤ ਹੁੰਦਾ ਹੈ। ਜੜ੍ਹਾਂ ਉਖੇੜ ਦਿਤੀਆਂ ਗਈਆਂ ਹਨ ਕੀਰਤਨ ਦੀਆਂ।

ਹੁਣ ਕੋਈ ਮਾਹਰ ਸੰਗੀਤਕਾਰ ਜਾਂ ਤਾਂ ਜਾਂਦਾ ਹੀ ਨਹੀਂ। ਜੇ ਜਾਂਦਾ ਹੈ ਤਾਂ ਸੁਣ ਕੇ ਦੜ ਵੱਟ ਲੈਂਦਾ ਹੈ। ਇਹ ਸੱਭ ਸਿਖਿਆ 'ਚ ਸਖ਼ਤ ਮਿਹਨਤ ਨਾ ਹੋਣ ਦਾ ਨਤੀਜਾ ਹੈ। ਇਹੋ ਹਾਲ ਸਰਕਾਰ ਅਤੇ ਗ਼ੈਰਸਰਕਾਰੀ ਵਿਦਿਅਕ ਅਦਾਰਿਆਂ ਵਿਚ ਹੈ। ਸਿਖਿਆ ਵਿਭਾਗ ਵਿਚ ਵੀ 95% ਫ਼ੀ ਸਦੀ 'ਅਨਫ਼ਿੱਟ ਪੁਰਜ਼ੇ ਮਾਸਟਰ' ਭਰਤੀ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦਾ ਕੰਮ ਫੁਕਰੀਆਂ ਮਾਰਨਾ ਅਤੇ ਖ਼ੁਸ਼ਾਮਦ ਕਰਨਾ ਹੈ। ਇਸ ਚਮਚਾ ਯੁੱਗ ਵਿਚ ਅਧਿਆਪਕ ਤਾਂ 5% ਹੀ ਭਰਤੀ ਹਨ। ਪਰ ਇਨ੍ਹਾਂ ਵਿਚਾਰਿਆਂ ਦੀ ਯੋਗਤਾ ਨੂੰ ਕੌਣ ਪੁਛਦਾ ਹੈ? ਸਹੀ ਅਰਥਾਂ 'ਚ ਸਿਖਿਆ ਦਾ ਉਦੇਸ਼ ਪੂਰਾ ਕਰਦੇ ਕਰਦੇ ਅਪਣਾ ਹੀ ਘਾਣ ਕਰਵਾ ਲੈਂਦੇ ਹਨ।

ਸੋ ਡਾ. ਅੰਬੇਦਕਰ ਨੇ ਤਾਂ ਠੀਕ ਹੀ ਕਿਹਾ ਹੈ ਕਿ 'ਜੇ ਸਿਖਿਆ ਦਾ ਉਦੇਸ਼ ਨੌਕਰੀ ਹੈ ਤਾਂ ਨੌਕਰ ਹੀ ਪੈਦਾ ਹੋਣਗੇ।' ਅੱਜ ਦੇ ਸਮੇਂ ਵਿਚ ਸਰਕਾਰੀ ਸਕੂਲਾਂ ਵਿਚ ਬਗ਼ੈਰ ਬੁਰਕੀ ਤੋਂ ਕੋਈ ਵੀ ਸਹੂਲਤ ਨਹੀਂ ਹੈ। ਬੱਚਿਆਂ ਨੂੰ ਅਤੇ ਮਾਪਿਆਂ ਨੂੰ ਵੀ ਬੁੱਧੂ ਬਣਾਇਆ ਜਾਂਦਾ ਹੈ। ਮਾਪਿਆਂ ਨਾਲ ਮੀਟਿੰਗਾਂ ਵਿਚ ਅਪਣੇ ਨੁਕਸ ਦਬਾ ਕੇ ਸਾਰੇ ਬੱਚੇ ਉਤੇ ਹੀ ਵਰ੍ਹ ਪੈਂਦੇ ਹਨ ਅਤੇ ਪ੍ਰੇਸ਼ਾਨ ਕਰ ਦਿੰਦੇ ਹਨ ਮਾਪਿਆਂ ਨੂੰ। ਹੁਣ ਮੈਂ ਵੀ ਅਧਿਆਪਕ ਦੀ ਬਜਾਏ ਮਾਸਟਰ ਸ਼ਬਦ ਦੀ ਵਰਤੋਂ ਕਰਨ ਲੱਗ ਪਿਆ ਹਾਂ।

ਇਨ੍ਹਾਂ ਅਨਫ਼ਿੱਟ ਪੁਰਜ਼ਿਆਂ ਨੇ ਜਿਹੜੇ ਗੁਲ ਖਿਲਾਰਨੇ ਹੁੰਦੇ ਹਨ ਉਹ ਰੱਜ ਕੇ ਖਿਲਾਰਨ ਦੀ ਖੁਲ੍ਹ ਮਿਲੀ ਹੁੰਦੀ ਹੈ ਕਿਉਂਕਿ ਇਹ ਮਾਸਟਰ ਹਨ ਅਤੇ ਸਾਰਾ ਗੁੱਸਾ ਉਨ੍ਹਾਂ ਬੱਚਿਆਂ ਉਤੇ ਕੱਢ ਦਿੰਦੇ ਹਨ ਜਿਹੜੇ ਗ਼ਰੀਬ ਅਤੇ ਕਮਜ਼ੋਰ ਵਰਗਾਂ ਦੇ ਬੱਚੇ ਹੁੰਦੇ ਹਨ। ਘਰੋਂ-ਬਾਹਰੋਂ ਉਨ੍ਹਾਂ ਦੀ ਕੋਈ ਪੁੱਛ-ਪੜਤਾਲ ਤਾਂ ਹੋਣੀ ਨਹੀਂ, ਸਿੱਕਾ ਤਾਂ ਚਲ ਹੀ ਜਾਣਾ ਹੈ। ਕਿਸ ਨੂੰ ਪਤਾ ਹੈ ਕਿ ਸਿਖਿਆ ਦਾ ਉਦੇਸ਼ ਕੀ ਹੁੰਦਾ ਹੈ? ਹਾਂ ਜੇ ਟੀਚਰ ਨੂੰ ਕੁੱਝ ਦੇਂਦੇ ਹਨ ਤਾਂ 5 ਸਤੰਬਰ ਵਾਲੇ ਦਿਨ ਜ਼ਰੂਰ ਇਨ੍ਹਾਂ ਨੂੰ ਅਧਿਆਪਕ ਦਾ ਦਰਜਾ ਦੇ ਦੇਂਦੇ ਹਨ। ਇਕ ਦਿਨ 'ਅਧਿਆਪਕ ਕੌਮ ਦੇ ਉਸਰਈਏ ਹੁੰਦੇ ਹਨ' ਕਹਿ ਕੇ ਖ਼ਾਨਾਪੂਰਤੀ ਕਰ ਦਿਤੀ ਜਾਂਦੀ ਹੈ। ਬਸ ਫਿਰ ਅਗਲੇ ਸਾਲ ਦੀ ਉਡੀਕ ਵਿਚ।

ਜੇ ਸਿਖਿਆ ਦਾ ਉਦੇਸ਼ ਨੌਕਰੀ ਹੈ ਤਾਂ ਨੌਕਰ ਹੀ ਪੈਦਾ ਹੋਣੇ ਹਨ। ਫਿਰ ਇਹ ਸੇਵਾਦਾਰ ਕਿਥੋਂ ਬਣ ਜਾਣ? ਸੇਵਾਦਾਰਾਂ ਨੂੰ ਨਰਕ ਜਾਂ ਗੰਦ ਚੁਕਣਾ ਪੈਂਦਾ ਹੈ। ਫਿਰ ਇਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਕਿ ਇਹ ਵਗਾਰੀ ਅਤੇ ਗ਼ੁਲਾਮੀ ਤੋਂ ਉੱਪਰ ਉਠ ਸਕਣ। ਸੇਵਾ ਭਾਵਨਾ ਜਾਂ ਪਰਉਪਕਾਰ ਦਾ ਅਮਲ ਪ੍ਰਗਟ ਕਰਨ ਲਈ ਜ਼ਮੀਰ ਨੂੰ ਜਗਾਉ। ਜ਼ਮੀਰ ਨੂੰ ਜਗਾਉ ਨੀਤੀ ਘਾੜਿਉ ਜੇ ਅਧਿਆਪਕ ਭਰਤੀ ਕਰਨੇ ਹਨ ਤਾਕਿ ਕਿਸੇ ਤਣ ਪੱਤਣ ਲਗਿਆ ਜਾ ਸਕੇ ਨਹੀਂ ਤਾਂ ਸਿਖਿਆ ਦਾ ਉਦੇਸ਼ ਨੌਕਰੀ ਹੀ ਰਹੇਗਾ। ਨੌਕਰ ਪੈਦਾ ਹੁੰਦੇ ਰਹਿਣਗੇ। ਕਿੰਨਾ ਚਿਰ ਇਹ ਸਿਲਸਿਲਾ ਚੱਲੇਗਾ?

70 ਸਾਲਾਂ ਵਿਚ ਤਿੰਨ-ਚਾਰ ਨੀਤੀਆਂ ਬਦਲਣ ਅਤੇ ਤਜਰਬੇ ਕਰਨ ਤੋਂ ਬਾਅਦ ਵੀ 'ਖੋਤੀ ਬੋਹੜ ਥੱਲੇ।' ਪੰਜਵੀਂ ਅਤੇ ਅਠਵੀਂ ਦੀਆਂ ਜਮਾਤਾਂ ਬੋਰਡ ਦੀਆਂ ਕਰਨ ਨਾਲ ਹੀ ਭਲਾਈ ਹੋ ਸਕਦੀ ਹੈ। ਭਾਵੇਂ ਇਸ ਨਾਲ ਵੀ ਬਹੁਤਾ ਫ਼ਰਕ ਨਹੀਂ ਪੈਣਾ ਜਿੰਨਾ ਚਿਰ ਸਿਖਿਆ ਪ੍ਰਣਾਲੀ ਵਿਚ ਬੈਠੇ ਜਿੰਨ, ਭੂਤ ਅਤੇ ਚੁੜੈਲਾਂ ਦਾ ਕੋਈ ਬੰਦੋਬਸਤ ਨਹੀਂ ਹੁੰਦਾ। ਤਰਕ ਦੀ ਕਸਵੱਟੀ ਉਤੇ ਸਿਖਿਆ ਤੇ ਸਿਖਲਾਈ ਦਾ ਸੁਧਾਰ ਨਹੀਂ ਸਗੋਂ ਸਾਰਾ ਸਿਲੇਬਸ ਹੀ ਬਦਲਣ ਦੀ ਜ਼ਰੂਰਤ ਹੈ। ਸਾਰੇ ਸਿਲੇਬਸ ਦਾ ਆਧਾਰ ਸਮਾਜਕ ਬਣਤਰ ਹੋਣਾ ਚਾਹੀਦਾ ਹੈ। ਸਿਖਿਆ ਦਾ ਉਦੇਸ਼ ਨਿਘਾਰ ਵਲ ਕਿਉਂ ਗਿਆ? ਬੇਈਮਾਨੀਆਂ, ਮਨਮਾਨੀਆਂ, ਬੇਨਿਯਮੀਆਂ ਅਤੇ ਬੇਤਰਤੀਬੀਆਂ ਦਾ ਮੁਲੰਮਾ ਕਿਸ ਨੇ ਚੜ੍ਹਾਇਆ? ਵਾਰ ਵਾਰ ਖੋਤੀ ਬੋਹੜ ਥੱਲੇ ਆ ਕੇ ਕਿਉਂ ਖਲੋਂਦੀ ਹੈ? ਇਕ ਤਾਂ ਗੱਲ ਸਾਫ਼ ਅਤੇ ਸਪੱਸ਼ਟ ਹੈ ਕਿ ਸਿਖਿਆ ਨੀਤੀਆਂ ਦੇ ਘਾੜਿਆਂ ਕੋਲ ਕੋਈ ਠੋਸ ਨੀਤੀ ਹੀ ਨਹੀਂ। ਨਾ ਹੀ ਠੋਸ ਨੀਤੀ ਘੜਨ ਦੀ ਸਮਰੱਥਾ ਹੈ।

ਸਿਖਿਆ ਅਤੇ ਸਿਖਲਾਈ ਦਾ ਚੱਕਰਵਿਊ ਚਲਾ ਕੇ ਵਾਰ ਵਾਰ ਉਲੂ ਬਣਾਇਆ ਜਾ ਰਿਹਾ ਹੈ ਤਾਕਿ ਉਨ੍ਹਾਂ ਦੀਆਂ ਕਮਜ਼ੋਰੀਆਂ ਫੜੀਆਂ ਨਾ ਜਾਣ। ਪਰ ਇਹ ਤਾਂ ਉਨ੍ਹਾਂ ਨੂੰ ਹੀ ਭੁਲੇਖੇ ਹਨ ਕਿ ਉਹ ਹਰ ਵਾਰ ਕਾਮਯਾਬ ਹੋ ਜਾਂਦੇ ਹਨ, ਬੜੀ ਢੀਠਤਾਈ ਅਤੇ ਬੇਸ਼ਰਮੀ ਨਾਲ ਬਿਨਾਂ ਪਹੀਆਂ ਤੋਂ ਗੱਡੀ ਚਲਾ ਕੇ। ਇਨ੍ਹਾਂ ਦੇ ਅਖ਼ਬਾਰਾਂ 'ਚ ਬੁੱਧੀਜੀਵੀਆਂ ਵਲੋਂ ਕਰਾਰੀ ਸੱਟ ਮਾਰੀ ਜਾਂਦੀ ਹੈ। ਉਨ੍ਹਾਂ ਦੀਆਂ ਨੀਤੀਆਂ ਅਤੇ 70ਵਿਆਂ ਤੋਂ ਬਾਅਦ ਵੀ ਵਿਦਿਆ ਦੇ ਮੌਲਿਕ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਭ੍ਰਿਸ਼ਟਾਚਾਰ ਅੰਬਰ ਦੀ ਵੇਲ ਵਾਂਗ ਲਪੇਟਾ ਮਾਰੀ ਫਿਰਦਾ ਹੈ ਅਤੇ ਫਨੀਅਰ ਨਾਗ ਅਪਣਾ ਫਨ ਫੈਲਾ ਕੇ ਦਹਿਸ਼ਤ ਪਾਈ ਫ਼ਿਰਦਾ ਹੈ। ਸਰਕਾਰੀ ਸਕੂਲਾਂ ਦਾ ਘਾਣ ਕੀਤਾ ਜਾ ਰਿਹਾ ਹੈ। ਕਦੇ ਨਤੀਜੇ ਸਾਰਥਕ ਨਹੀਂ ਨਿਕਲਦੇ। ਆਪਸੀ ਸਾਂਝ ਹਮਦਰਦੀ, ਪਿਆਰ ਅਤੇ ਕਦਰਾਂ ਕੀਮਤਾਂ ਨੂੰ ਸਿਖਿਆ ਦੇ ਉਦੇਸ਼ ਵਿਚੋਂ ਜਾਅਲੀ ਮਨਫ਼ੀ ਕਰ ਦਿਤਾ ਗਿਆ ਹੈ ਅਤੇ ਖੋਖਲੀਆਂ ਡਿਗਰੀਆਂ ਦੇ ਮੁੱਲ ਲਗਦੇ ਹਨ।

ਲੱਖਾਂ-ਕਰੋੜਾਂ ਵਿਚ ਨੌਕਰੀਆਂ ਜਾਂ ਰੁਜ਼ਗਾਰ ਲੈਣ ਵਿਚ। ਆਵੇ ਭਾਵੇਂ ਆੜੇ ਦੀ ਥਾਂ ਕੁੱਕੜ ਵੀ ਨਾ, ਬਸ ਬਣ ਜਾਂਦੇ ਹਨ ਉਹ ਵੀ.ਆਈ.ਪੀ. ਜਿਨ੍ਹਾਂ ਨੂੰ ਨੱਕ ਪੂੰਝਣਾ ਵੀ ਨਾ ਆਉਂਦਾ ਹੋਵੇ। ਕਹਿੰਦੇ ਹਨ ਲਾਲ ਬੱਤੀਆਂ ਕਿਸੇ ਮੰਤਰੀ ਨੂੰ ਲਾਉਣ ਦੀ ਆਗਿਆ ਨਹੀਂ ਹੋਵੇਗੀ, ਬਸ ਵੀ.ਆਈ.ਪੀ. ਸਭਿਆਚਾਰ ਖ਼ਤਮ। ਭਲਾ ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਹੋਵੇ ਕਿ ਚੋਣਾਂ ਜਿੱਤ ਕੇ ਚੌਧਰਬਾਜ਼ੀਆਂ ਹਾਸਲ ਕਰਨ ਵਾਲੇ ਦੇ ਹਰ ਸਾਹ ਅੰਦਰ ਜਾਣ ਅਤੇ ਬਾਹਰ ਨਿਕਲਣ ਵਾਲੇ ਵਿਚੋਂ ਤਾਂ ਵੀ.ਆਈ.ਪੀ. ਦੀ ਸੜਿਆਂਦ ਅਤੇ ਬਦਬੂ ਤਾਂ ਗਈ ਨਹੀਂ। ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਸੜਿਆਂਦ ਸਿਖਿਆ ਪ੍ਰਣਾਲੀ ਦੇ ਉਦੇਸ਼ ਦਾ ਹਿੱਸਾ ਨਹੀਂ ਹੈ। ਕਦੇ ਇਸ ਨੂੰ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ। ਇਹ ਸਿਖਿਆ ਦੇ ਭ੍ਰਿਸ਼ਟਤੰਤਰ, ਬ੍ਰਾਹਮਣਵਾਦ ਅਤੇ ਕਾਰਪੋਰੇਟੀ ਘਰਾਣਿਆਂ ਦੀ ਤਿੱਖੀ ਤਲਵਾਰ ਹੈ। ਖ਼ੁਦਗਰਜ਼ੀ ਪੈਦਾ ਕਰਦੀ ਹੈ। ਮੋਹ-ਪਿਆਰ ਖ਼ਤਮ ਕਰਦੀ ਹੈ। ਸਾਂਝੀਵਾਲਤਾ ਭਸਮ ਕਰਦੀ ਹੈ।
ਮੋਬਾਈਲ : 98558-00758

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement