
ਸਿਆਸਤ
ਅਤੇ ਸਿਆਸਤਦਾਨ ਜਿੱਥੇ ਵੀ ਪਹੁੰਚ ਜਾਣ, ਅਪਣਾ ਰੰਗ ਵਿਖਾਏ ਬਗ਼ੈਰ ਨਹੀਂ ਰਹਿ ਸਕਦੇ।
ਸਿਆਸਤ ਅਤੇ ਸਿਆਸਤਦਾਨ ਦਾ ਕੰਮ ਵੋਟਾਂ ਪੱਕੀਆਂ ਕਰ ਕੇ ਕੁਰਸੀ ਹਥਿਆਉਣਾ ਹੁੰਦਾ ਹੈ।
ਪਹਿਲਾਂ ਸਿਆਸਤ ਦੇਸ਼ ਦੇ ਢਾਂਚੇ ਤੇ ਕਬਜ਼ਾ ਕਰਨ ਲਈ ਹੀ ਹੁੰਦੀ ਸੀ ਪਰ ਹੁਣ ਇਹ ਧਾਰਮਕ
ਅਸਥਾਨਾਂ ਅਤੇ ਕਾਲਜਾਂ ਤਕ ਤੋਂ ਹੁੰਦੀ ਹੋਈ ਸਾਹਿਤ ਸਭਾਵਾਂ ਤਕ ਵੀ ਪਹੁੰਚ ਚੁੱਕੀ ਹੈ।
ਜਿਥੇ ਇਸ ਨੇ ਛੋਟੇ-ਛੋਟੇ ਸਾਹਿਤਕ ਸੰਗਠਨਾਂ ਨੂੰ ਅਪਣੇ ਕਬਜ਼ੇ ਵਿਚ ਕਰ ਲਿਆ ਹੈ, ਉਥੇ ਇਸ
ਨੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਵੀ ਅਪਣੇ
ਕਬਜ਼ੇ ਵਿਚ ਕਰ ਲਿਆ ਹੈ। ਕਿਰਤੀਆਂ ਅਤੇ ਕਿਸਾਨਾਂ ਦੇ ਅਧਿਕਾਰਾਂ ਦੀ ਰਖਵਾਲੀ ਦੇ ਨਾਂ ਹੇਠ
ਦੇਸ਼ ਦੀ ਇਕ ਸਿਆਸੀ ਪਾਰਟੀ ਪੰਜਾਬੀ ਸਾਹਿਤ ਉਪਰ ਨਾਗ ਵਾਂਗ ਕੁੰਡਲੀ ਮਾਰੀ ਬੈਠੀ ਹੈ।
ਸ਼ਾਇਦ ਉਸ ਨੂੰ ਇਹ ਭਰਮ ਹੋ ਗਿਆ ਹੈ ਕਿ ਉਹ ਲੇਖਕਾਂ ਤੋਂ ਅਪਣੇ ਹੱਕ ਵਿਚ ਲਿਖਵਾ ਕੇ
ਦਿੱਲੀ ਦੇ ਤਖ਼ਤ ਤੇ ਅਪਣਾ ਕਬਜ਼ਾ ਜਮਾ ਲਵੇਗੀ। ਵਿਦੇਸ਼ੀ ਵਿਚਾਰਧਾਰਾ ਨੂੰ ਮੌਰੀਂ ਚੁੱਕੀ
ਫਿਰਦੀ ਇਹ ਸਿਆਸੀ ਪਾਰਟੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸਬੰਧਤ ਕਿਸੇ ਵੀ ਮਸਲੇ
ਪ੍ਰਤੀ ਸੰਜੀਦਾ ਨਹੀਂ ਹੈ। ਬੜੇ ਹੀ ਯੋਜਨਾਬੱਧ ਤਰੀਕੇ ਨਾਲ ਇਹ ਪੰਜਾਬੀ ਲੇਖਕਾਂ ਵਿਚੋਂ
ਪੰਜਾਬੀਅਤ ਅਤੇ ਸਿੱਖੀ ਦੇ ਬੀਜ ਦਾ ਨਾਸ ਕਰ ਰਹੀ ਹੈ। ਨਵੇਂ ਲੇਖਕਾਂ ਨੂੰ ਉਨ੍ਹਾਂ ਦੇ
ਧਰਮ ਅਤੇ ਵਿਰਸੇ ਨਾਲੋਂ ਤੋੜ ਕੇ ਅਪਣੇ ਨਾਂ ਨਾਲੋਂ ਸਿੰਘ ਅਤੇ ਕੌਰ ਸ਼ਬਦ ਹਟਾਉਣ ਲਈ
ਕਹਿੰਦੀ ਹੈ। ਅਪਣੇ ਹੀ ਤਰੀਕੇ ਨਾਲ ਇਹ ਉਨ੍ਹਾਂ ਵਿਚ ਨਾਸਤਿਕਤਾ ਦੀ ਭਾਵਨਾ ਭਰਨ ਦੀ
ਕੋਸ਼ਿਸ਼ ਕਰਦੀ ਹੈ। ਸਾਹਿਤ ਸਭਾ ਦੀ ਮੀਟਿੰਗ ਵਿਚ ਜੇਕਰ ਕੋਈ ਲੇਖਕ ਧਰਮ, ਪਰਮਾਤਮਾ ਅਤੇ
ਸਿੱਖੀ ਦੀ ਗੱਲ ਕਰਦਾ ਹੈ ਤਾਂ ਇਸ ਪਾਰਟੀ ਦੇ ਲੇਖਕਾਂ ਵਲੋਂ ਉਸ ਨੂੰ ਰੂੜੀਵਾਦੀ,
ਪਿਛਾਂਹਖਿੱਚੂ ਅਤੇ ਕੱਟੜਪੰਥੀ ਕਹਿ ਕੇ ਭੰਡਿਆ ਜਾਂਦਾ ਹੈ। ਉਸ ਦੀ ਰਚਨਾ ਵਲ ਨਾ ਹੀ ਕੋਈ
ਧਿਆਨ ਦਿਤਾ ਜਾਂਦਾ ਹੈ ਅਤੇ ਨਾ ਹੀ ਉਸ ਨੂੰ ਕੋਈ ਸੁਝਾਅ ਦਿਤਾ ਜਾਂਦਾ ਹੈ। ਸਾਹਿਤਕ
ਸਮਾਗਮ ਵਿਚ ਆਸਤਕ ਲੇਖਕ ਨੂੰ, ਭਾਵੇਂ ਉਹ ਕਿੰਨਾ ਵੀ ਵੱਡਾ ਸਾਹਿਤਕਾਰ ਕਿਉਂ ਨਾ ਹੋਵੇ,
ਪ੍ਰਧਾਨਗੀ ਮੰਡਲ ਦੇ ਨੇੜੇ ਤਕ ਵੀ ਫਟਕਣ ਨਹੀਂ ਦਿਤਾ ਜਾਂਦਾ। ਸਟੇਜ ਉਪਰੋਂ ਵੀ ਉਸ ਦਾ
ਨਾਂ ਲੈਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਜੇਕਰ ਨਾਂ ਲਿਆ ਵੀ ਜਾਂਦਾ ਹੈ ਤਾਂ ਇਸ ਤਰ੍ਹਾਂ
ਲਿਆ ਜਾਂਦਾ ਹੈ ਕਿ ਵੇਖਣ ਵਾਲੇ ਨੂੰ ਉਹ ਨਾਸਤਕ ਹੀ ਲੱਗੇ। ਇਹ ਵੀ ਜ਼ੋਰ ਦੇ ਕੇ ਕਿਹਾ
ਜਾਂਦਾ ਹੈ ਕਿ ਲੇਖਕ ਤਾਂ ਨਾਸਤਕ ਹੀ ਹੁੰਦਾ ਹੈ। ਮਾਣ-ਸਨਮਾਨ ਵਿਚ ਵੀ ਆਸਤਕ ਲੇਖਕਾਂ ਨਾਲ
ਵਿਤਕਰਾ ਕੀਤਾ ਜਾਂਦਾ ਹੈ। ਕੋਈ ਵੱਡਾ ਇਨਾਮ ਤਾਂ ਕੀ ਛੋਟਾ-ਮੋਟਾ ਇਨਾਮ ਵੀ ਆਸਤਕ ਲੇਖਕ
ਦੀ ਝੋਲੀ ਵਿਚ ਪਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਲੇਖਕ ਦਾ
ਪਤਾ ਨਹੀਂ ਲਗਣਾ ਚਾਹੀਦਾ ਕਿ ਉਹ ਕਿਸ ਧਰਮ ਨਾਲ ਸਬੰਧ ਰਖਦਾ ਹੈ ਜਿਵੇਂ ਧਰਮੀ ਹੋਣਾ ਕੋਈ
ਬਹੁਤ ਵੱਡਾ ਗੁਨਾਹ ਹੋਵੇ।
ਅਪਣੇ ਧਰਾਤਲ ਦੀ ਵਿਚਾਰਧਾਰਾ ਨੂੰ ਛੱਡ ਕੇ ਵਿਦੇਸ਼ੀ
ਵਿਚਾਰਧਾਰਾ ਦਾ ਝੰਡਾ ਚੁੱਕੀ ਫਿਰਦੀ ਕੇਂਦਰੀ ਪੰਜਾਬੀ ਲੇਖਕ ਸਭਾ ਕਿਸ ਕਦਰ ਪੰਜਾਬ,
ਪੰਜਾਬੀਅਤ ਅਤੇ ਬਾਬੇ ਨਾਨਕ ਦੀ ਵਿਚਾਰਧਾਰਾ ਨਾਲ ਮੋਹ ਰੱਖਣ ਵਾਲਿਆਂ ਦੇ ਵਿਰੁਧ ਖੜੀ ਹੋ
ਗਈ ਹੈ ਇਸ ਦਾ ਗਿਆਨ ਮੈਨੂੰ ਉਦੋਂ ਮਿਲਿਆ ਜਦੋਂ ਉਭਰਦੇ ਪੰਜਾਬੀ ਲੇਖਕ ਅਮਰਿੰਦਰ ਸਿੰਘ
ਸੋਹਲ ਨੇ ਨਾਨਕ ਦੀ ਵਿਚਾਰਧਾਰਾ ਉਤੇ ਚਾਨਣਾ ਪਾਉਂਦੀ ਅਪਣੀ ਇਕ ਖੁੱਲ੍ਹੀ ਕਵਿਤਾ
'ਉਦਾਸੀਆਂ' ਇਕ ਨਾਮੀ ਸਾਹਿਤ ਸਭਾ ਵਿਚ ਸੁਣਾਉਣ ਤੋਂ ਬਾਅਦ ਕੇਂਦਰੀ ਪੰਜਾਬੀ ਲੇਖਕ ਸਭਾ
ਦੇ ਵਟਸਐਪ ਗਰੁੱਪ ਵਿਚ ਪਾ ਦਿਤੀ। ਇਸ ਕਵਿਤਾ ਤੇ ਮੈਂ ਉਸ ਨੂੰ ਵਧਾਈ ਦੇ ਦਿਤੀ। ਬਸ ਫਿਰ
ਕੀ ਸੀ ਨਾਸਤਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੇ ਵਧਾਈ ਦੇਣ ਦੀ ਹੀ ਦੇਰ ਸੀ ਕਿ
ਐਡਮਿਨ ਦੀ ਤੁਰਤ ਹੀ ਮੈਨੂੰ ਅੰਗਰੇਜ਼ੀ ਵਿਚ ਧਮਕੀ ਆ ਗਈ ਕਿ ਜੇਕਰ ਇਹੋ ਜਿਹੇ ਵਿਚਾਰ
ਗਰੁੱਪ ਵਿਚ ਪਾਵੋਗੇ ਤਾਂ ਬਲਾਕ ਕਰ ਦਿਤੇ ਜਾਵੋਗੇ। ਮੈਂ ਨਿਮਰਤਾ ਨਾਲ ਪੁੱਛ ਲਿਆ ਕਿ ਕਿਸ
ਨੂੰ ਬਲਾਕ ਕਰੋਗੇ? ਕਵਿਤਾ ਲਿਖਣ ਵਾਲੇ ਨੂੰ ਜਾਂ ਵਧਾਈ ਦੇਣ ਵਾਲੇ ਨੂੰ? ਬਸ ਅਗਲੇ ਹੀ
ਪਲ ਮੈਨੂੰ ਅਤੇ ਅਮਰਿੰਦਰ ਸਿੰਘ ਨੂੰ ਗਰੁੱਪ ਵਿਚੋਂ ਬਾਹਰ ਕਰ ਦਿਤਾ ਗਿਆ।
ਦੁਖ ਇਸ
ਗੱਲ ਦਾ ਨਹੀਂ ਕਿ ਸਾਨੂੰ ਗਰੁੱਪ ਵਿਚੋਂ ਬਾਹਰ ਕਰ ਦਿਤਾ ਗਿਆ ਹੈ। ਦੁੱਖ ਇਸ ਗੱਲ ਦਾ ਹੈ
ਕਿ ਜਿਸ ਲੇਖਕ ਨੂੰ ਬਾਬੇ ਨਾਨਕ ਨੇ 'ਧਨੁ ਲਿਖਾਰੀ' ਕਹਿ ਕੇ ਸੰਬੋਧਤ ਕੀਤਾ ਹੈ ਅੱਜ ਉਹੀ
ਲੇਖਕ ਪੰਜਾਬ ਦੀ ਧਰਤੀ ਉਤੇ ਸਿੱਖ ਧਰਮ ਨਾਲ ਸਬੰਧਤ ਹੁੰਦਾ ਹੋਇਆ ਵੀ, ਬਾਬੇ ਨਾਨਕ ਦੀ
ਵਿਚਾਰਧਾਰਾ ਦੇ ਹੱਕ ਵਿਚ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ। ਅਜਿਹਾ ਪਾਰਟੀ ਦੇ ਸਖ਼ਤ
ਦਿਸ਼ਾ-ਨਿਰਦੇਸ਼ਾਂ ਤੋਂ ਬਗ਼ੈਰ ਸੰਭਵ ਹੀ ਨਹੀਂ।
ਜਦੋਂ ਕੋਈ ਲੇਖਕ ਅਪਣੀ ਤੰਗ ਸੋਚ ਕਾਰਨ
ਵਿਰੋਧੀ ਵਿਚਾਰਧਾਰਾ ਵਾਲੇ ਲੇਖਕ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੁੰਦਾ ਤਾਂ ਮੁੱਦਾ
ਬੜਾ ਗੰਭੀਰ ਬਣ ਜਾਂਦਾ ਹੈ ਤੇ ਲੇਖਕ ਦੇ ਲੇਖਕ ਹੋਣ ਤੇ ਹੀ ਪ੍ਰਸ਼ਨਚਿੰਨ੍ਹ ਖੜਾ ਹੋ ਜਾਂਦਾ
ਹੈ। ਲੇਖਕ ਨੇ ਹਮੇਸ਼ਾ ਹੀ ਅਪਣੀ ਧਰਾਤਲ ਦੇ ਲੋਕਾਂ ਦੇ ਦੁੱਖਾਂ, ਤਕਲੀਫ਼ਾਂ ਅਤੇ
ਸਮੱਸਿਆਵਾਂ ਬਾਰੇ ਬੋਲਣਾ ਹੁੰਦਾ ਹੈ। ਇਹੀ ਉਸ ਦਾ ਪਹਿਲਾ ਅਤੇ ਮੁਢਲਾ ਫ਼ਰਜ਼ ਹੁੰਦਾ ਹੈ ਪਰ
ਜਦੋਂ ਕਿਸੇ ਖ਼ਿੱਤੇ ਅਤੇ ਕੌਮ ਦੇ ਲੋਕ ਤੇ ਲੇਖਕ ਅਪਣੀ ਧਰਾਤਲ ਦੀ ਵਿਚਾਰਧਾਰਾ ਨੂੰ
ਵਿਸਾਰ ਕੇ ਕਿਸੇ ਦੂਜੀ ਧਰਾਤਲ ਦੀ ਵਿਚਾਰਧਾਰਾ ਨੂੰ ਮਾਨਤਾ ਦੇਣ ਲੱਗ ਜਾਣ ਤਾਂ ਉਸ ਕੌਮ
ਨੂੰ ਹਾਸ਼ੀਏ ਤੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ।
ਇਕ ਵੱਡਾ ਦੁੱਖ ਇਹ ਵੀ ਹੈ ਕਿ
ਮਾਣ-ਸਨਮਾਨਾਂ ਅਤੇ ਅਹੁਦਿਆਂ ਦੇ ਭੁੱਖੇ ਲੇਖਕ ਅਪਣੇ ਧਰਾਤਲ ਦੀ ਵਿਚਾਰਧਾਰਾ ਨਾਲ ਹੋ ਰਹੇ
ਧੱਕੇ ਵਿਰੁਧ ਆਵਾਜ਼ ਚੁੱਕਣ ਦੀ ਬਜਾਏ ਚੁਪ ਰਹਿਣਾ ਹੀ ਠੀਕ ਸਮਝ ਰਹੇ ਹਨ। ਅਜਿਹਾ ਕਰ ਕੇ
ਉਹ ਚਾਨਣ ਦੀ ਬਜਾਏ ਹਨੇਰੇ ਦੇ ਪੱਖ ਵਿਚ ਖੜੇ ਹੋ ਰਹੇ ਹਨ। ਚੁੱਪ ਰਹਿਣ ਕਾਰਨ ਹੀ ਕਈ
ਲੇਖਕ ਵੱਡੇ ਸਨਮਾਨ ਪ੍ਰਾਪਤ ਕਰਨ ਵਿਚ ਸਫ਼ਲ ਹੋ ਰਹੇ ਹਨ ਅਤੇ ਵੱਡੇ ਅਹੁਦਿਆਂ ਦਾ ਆਨੰਦ
ਮਾਣ ਰਹੇ ਹਨ ਜਦਕਿ ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕਰਨ ਵਾਲੇ ਲੇਖਕ ਮਾਯੂਸੀ ਦੇ ਆਲਮ
ਵਿਚ ਹਨ। ਇਹੀ ਕਾਰਨ ਹੈ ਕਿ ਪੰਜਾਬੀ ਸਾਹਿਤ ਜਗਤ ਵਿਚ ਪੰਜਾਬੀ ਦੇ ਲੇਖਕ ਕੋਈ ਜ਼ਿਕਰਯੋਗ
ਪ੍ਰਾਪਤੀ ਨਹੀਂ ਕਰ ਸਕੇ। ਜੇਕਰ ਅਸੀ ਪੰਜਾਬੀ ਸਾਹਿਤ ਨੂੰ ਦੁਨੀਆਂ ਦੇ ਸਾਹਿਤ ਦੇ ਬਰਾਬਰ
ਦਾ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਅਪਣੇ ਧਰਾਤਲ ਦੀ ਗੱਲ ਕਰਨੀ ਪਵੇਗੀ ਅਤੇ ਸਾਹਿਤ
ਸਭਾਵਾਂ ਸਮੇਤ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਇਕ ਪਾਰਟੀ ਦੇ ਗ਼ਲਬੇ ਹੇਠੋਂ ਕਢਣਾ
ਪਵੇਗਾ। ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮੁੱਖ ਰਖਦੇ ਹੋਏ ਅਪਣੇ ਧਰਮ, ਧਰਾਤਲ ਅਤੇ
ਸਭਿਆਚਾਰ ਦੀ ਗੱਲ ਕਰਨ ਵਾਲੇ ਸਾਹਿਤ ਨੂੰ ਅੱਗੇ ਲਿਆਉਣਾ ਪਵੇਗਾ। ਇਸੇ ਵਿਚ ਹੀ ਪੰਜਾਬ,
ਪੰਜਾਬੀ ਅਤੇ ਪੰਜਾਬੀਅਤ ਦਾ ਭਲਾ ਹੈ। ਸੰਪਰਕ : 99142-00917