ਕੀ ਰਾਹੁਲ ਗਾਂਧੀ ਕਾਂਗਰਸ ਦੀ ਬੇੜੀ ਬੰਨੇ ਲਗਾ ਸਕੇਗਾ?
Published : Dec 17, 2017, 9:23 pm IST
Updated : Dec 17, 2017, 5:25 pm IST
SHARE ARTICLE

ਜਿਵੇਂ ਕਿ ਆਸ ਹੀ ਸੀ, ਰਾਹੁਲ ਗਾਂਧੀ ਕਾਂਗਰਸ ਦਾ ਪ੍ਰਧਾਨ ਬਣ ਗਿਆ ਹੈ। ਉਸ ਨੇ ਬਣਨਾ ਹੀ ਸੀ। ਕਾਂਗਰਸ ਲੀਡਰਸ਼ਿਪ ਦਾ ਇਕ ਤਬਕਾ ਤਾਂ ਚਿਰ ਤੋਂ ਉਸ ਨੂੰ ਇਸ ਅਹੁਦੇ ਉਤੇ ਬਿਠਾਉਣ ਲਈ ਤਰਲੋਮੱਛੀ ਹੋਇਆ ਪਿਆ ਸੀ। ਚਾਹੁੰਦੀ ਤਾਂ ਸੋਨੀਆ ਗਾਂਧੀ ਵੀ ਇਹੀ ਸੀ ਪਰ ਉਹ ਮਾਹੌਲ ਅਜਿਹਾ ਤਿਆਰ ਕਰਨਾ ਲੋੜਦੀ ਸੀ ਜਿਸ ਵਿਚ ਉਸ ਨੂੰ ਫੜ ਕੇ ਇਸ ਕੁਰਸੀ ਉਤੇ ਬਿਠਾਇਆ ਜਾਵੇ ਕਿਉਂਕਿ ਹੋਰ ਕੋਈ ਉਸ ਦੇ ਟਾਕਰੇ ਤੇ ਮੈਦਾਨ ਵਿਚ ਆਇਆ ਨਹੀਂ ਬਲਕਿ ਆਉਣ ਹੀ ਨਹੀਂ ਦਿਤਾ ਗਿਆ, ਇਸ ਲਈ ਉਸ ਨੂੰ ਸਰਬਸੰਮਤੀ ਨਾਲ ਹੁਣ ਪ੍ਰਧਾਨ ਦੀ ਕੁਰਸੀ ਦੇ ਦਿਤੀ ਗਈ ਹੈ। ਉਹ ਨਹਿਰੂ ਗਾਂਧੀ ਪ੍ਰਵਾਰ ਦਾ ਅਜਿਹਾ ਚਸ਼ਮੇ ਚਿਰਾਗ਼ ਹੈ, ਜਿਹੜਾ ਛੇਵਾਂ ਪ੍ਰਧਾਨ ਹੋਵੇਗਾ।

ਇਸ ਟੱਬਰ ਦਾ ਸੱਭ ਤੋਂ ਪਹਿਲਾ ਪ੍ਰਧਾਨ ਪੰਡਤ ਜਵਾਹਰ ਲਾਲ ਨਹਿਰੂ ਦਾ ਪਿਤਾ ਮੋਤੀ ਲਾਲ ਨਹਿਰੂ ਸੀ ਅਤੇ ਫਿਰ ਪੰਡਤ ਨਹਿਰੂ ਆਪ, ਉਸ ਉਪਰੰਤ ਇੰਦਰਾ ਗਾਂਧੀ ਅਤੇ ਫਿਰ ਉਸ ਦਾ ਪੁੱਤਰ ਰਾਜੀਵ ਗਾਂਧੀ। ਇਸ ਪਿਛੋਂ ਵਾਰੀ ਆਈ ਸੋਨੀਆ ਗਾਂਧੀ ਦੀ ਜੋ ਪਿਛਲੇ 19 ਸਾਲਾਂ ਤੋਂ ਇਸ ਪਾਰਟੀ ਨੂੰ ਚਲਾਈ ਜਾ ਰਹੀ ਸੀ ਅਤੇ ਹੁਣ ਉਸ ਨੇ ਇਹ ਭਾਰ ਰਾਹੁਲ ਗਾਂਧੀ ਨੂੰ ਸੌਂਪ ਦਿਤਾ ਹੈ। ਇਹ ਵੀ ਦੱਸ ਦੇਈਏ ਕਿ ਰਾਹੁਲ ਜੇ ਅੱਜ ਪ੍ਰਧਾਨ ਬਣਿਆ ਹੈ ਤਾਂ ਅਗਲੇ ਦਿਨਾਂ ਵਿਚ ਯਕੀਨਨ ਪਾਰਟੀ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਵੀ ਹੋਵੇਗਾ ਅਤੇ ਇਸ ਇਕੱਲੇ ਖ਼ਾਨਦਾਨ ਦੇ ਹੁਣ ਤਕ ਤਿੰਨ ਪ੍ਰਧਾਨ ਮੰਤਰੀ ਤਾਂ ਹੋ ਹੀ ਚੁੱਕੇ ਹਨ ਜਿਵੇਂ ਪੰਡਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਜੇ ਅਗਲੀਆਂ ਚੋਣਾਂ ਵਿਚ ਜਾਂ ਪਿਛੋਂ ਵੀ ਰਾਹੁਲ ਗਾਂਧੀ ਨੇ ਕਾਂਗਰਸ ਦੀ ਅੱਜ ਭੰਵਰ ਵਿਚ ਫਸੀ ਬੇੜੀ ਬੰਨੇ ਲਗਾ ਦਿਤੀ ਤਾਂ ਉਹ ਇਸ ਖ਼ਾਨਦਾਨ ਦਾ ਚੌਥਾ ਪ੍ਰਧਾਨ ਮੰਤਰੀ ਬਣ ਜਾਏਗਾ।

ਵੇਸੇ ਇਕ ਗੱਲ ਤਾਂ ਹੈ ਕਿ ਪੰਡਤ ਨਹਿਰੂ ਅਤੇ ਇੰਦਰਾ ਗਾਂਧੀ ਜਿਥੇ ਸਿਆਸੀ ਅਤੇ ਪ੍ਰਸ਼ਾਸਨਕ ਸੂਝਬੂਝ ਪਖੋਂ ਸਰਬਸੰਪੰਨ ਸਨ, ਉਥੇ ਰਾਜੀਵ ਗਾਂਧੀ ਨੂੰ ਤਾਂ ਜਹਾਜ਼ ਚਲਾਉਂਦੇ ਨੂੰ ਲਿਆ ਕੇ ਸਿੱਧਾ ਹੀ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਬਿਠਾ ਦਿਤਾ ਗਿਆ ਸੀ। ਇਸ ਗੱਲੋਂ ਰਾਹੁਲ ਗਾਂਧੀ ਨੇ ਪਿਛਲੇ ਘਟੋ ਘੱਟ ਤੇਰਾਂ ਸਾਲ ਤਾਂ ਕਾਂਗਰਸ ਦੀ ਸਿਆਸਤ ਵਿਚ ਹਰ ਉਤਰਾਅ-ਚੜ੍ਹਾਅ ਨੂੰ ਨੇੜਿਉਂ ਨਾ ਕੇਵਲ ਵੇਖਿਆ ਸਗੋਂ ਪਿੰਡੇ ਉਤੇ ਹੰਡਾਇਆ ਵੀ ਹੈ। ਪਹਿਲਾਂ ਉਹ ਨੌਂ ਵਰ੍ਹੇ ਜਨਰਲ ਸਕੱਤਰ ਰਿਹਾ ਅਤੇ ਪਿਛਲੇ ਚਾਰ ਵਰ੍ਹਿਆਂ ਤੋਂ ਮੀਤ ਪ੍ਰਧਾਨ ਸੀ। 132 ਸਾਲ ਦੇ ਕਾਂਗਰਸ ਦੇ ਇਤਿਹਾਸ ਵਿਚ ਇਹ ਸ਼ਾਇਦ ਪਹਿਲਾ ਮੌਕਾ ਹੀ ਹੋਵੇਗਾ ਜਦੋਂ ਕਿਸੇ ਮੀਤ ਪ੍ਰਧਾਨ ਨੂੰ ਪ੍ਰਧਾਨਗੀ ਦਿਤੀ ਗਈ ਹੈ।

ਫਿਰ ਵੀ ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਰਾਹੁਲ ਗਾਂਧੀ ਜ਼ਿੰਮੇਵਾਰੀ ਨੂੰ ਠੀਕ ਢੰਗ ਨਾਲ ਸੰਭਾਲ ਸਕੇਗਾ? ਅੱਗੋਂ ਉਸ ਦਾ ਟਾਕਰਾ ਨਰੇਂਦਰ ਮੋਦੀ ਵਰਗੇ ਵੱਡੇ ਸਿਆਸਤਦਾਨ, ਸ਼ਬਦਾਂ ਦੇ ਜਾਦੂਗਰ ਅਤੇ ਹੱਥਾਂ ਉਤੇ ਸਰ੍ਹੋਂ ਜਮਾਉਣ ਵਰਗੇ ਲੀਡਰ ਦੇ ਤੌਰ ਤੇ ਸਰਬਪ੍ਰਵਾਨਤ ਆਗੂ ਨਾਲ ਹੈ। ਦੂਜਾ ਕਾਂਗਰਸ ਪਾਰਟੀ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਇਸ ਨੂੰ ਲੋਕ ਸਭਾ ਵਿਚ ਸਿਰਫ਼ 44 ਸੀਟਾਂ ਹਾਸਲ ਕਰ ਸਕਣ ਕਰ ਕੇ ਵਿਰੋਧੀ ਧਿਰ ਦੇ ਲੀਡਰ ਵਾਲਾ ਦਰਜਾ ਵਿੱਧੀਵਤ ਢੰਗ ਨਾਲ ਨਹੀਂ ਮਿਲ ਸਕਿਆ। ਇਸ ਤੋਂ ਪਹਿਲਾਂ ਇਸ ਪ੍ਰਵਾਰ ਦੇ ਜਿੰਨੇ ਪ੍ਰਧਾਨ ਜਾਂ ਪ੍ਰਧਾਨ ਮੰਤਰੀ ਹੋਏ ਹਨ, ਉਨ੍ਹਾਂ ਵੇਲੇ ਪਾਰਟੀ ਦੀਆਂ ਨਾ ਕੇਵਲ ਕੇਂਦਰ ਵਿਚ ਸਗੋਂ ਬਹੁਤ ਸਾਰੇ ਸੂਬਿਆਂ ਵਿਚ ਵੀ ਸਰਕਾਰਾਂ ਸਨ। ਅੱਜ ਕਾਂਗਰਸ ਦੀ ਹਾਲਤ ਏਨੀ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈ ਹੈ ਕਿ ਇਸ ਦੀਆਂ ਸਿਰਫ਼ ਪੰਜ ਸੂਬਿਆਂ ਵਿਚ ਹੀ ਸਰਕਾਰਾਂ ਰਹਿ ਗਈਆਂ ਹਨ।

ਆਉ ਜ਼ਰਾ ਰਾਹੁਲ ਗਾਂਧੀ ਦੇ ਸਿਆਸੀ ਜੀਵਨ ਉਤੇ ਇਕ ਝਾਤ ਮਾਰਦੇ ਹਾਂ ਅਤੇ ਵੇਖਦੇ ਹਾਂ ਕਿ ਉਸ ਨੇ ਅਪਣੇ ਆਪ ਨੂੰ ਇਸ ਅਹੁਦੇ ਯੋਗ ਬਣਾਇਆ ਹੈ ਜਾਂ ਫਿਰ ਕਾਂਗਰਸ ਦੀ ਚਾਪਲੂਸੀ ਵਾਲੇ ਕਲਚਰ ਅਤੇ ਪ੍ਰਵਾਰਕ ਪਿਛੋਕੜ ਕਾਰਨ ਇਸ ਅਹੁਦੇ ਉਤੇ ਬਿਠਾਇਆ ਗਿਆ ਹੈ? ਇਕ ਗੱਲ ਤਾਂ ਮੰਨਣੀ ਪਵੇਗੀ ਕਿ ਸੋਨੀਆ ਗਾਂਧੀ ਨੂੰ ਵੀ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਇਸੇ ਲੀਡਰਸ਼ਿਪ ਨੇ ਸੌਂਪੀ ਸੀ ਪਰ ਉਸ ਨੇ ਕੱਚਘਰੜ ਹੁੰਦਿਆਂ ਹੋਇਆਂ ਵੀ ਬਹੁਤ ਠਰੰਮੇ, ਦ੍ਰਿੜਤਾ ਅਤੇ ਪ੍ਰਮੁੱਖਤਾ ਨਾਲ ਪਾਰਟੀ ਦੀ ਸਿਆਸਤ ਨੂੰ ਸੰਭਾਲੀ ਰਖਿਆ ਹੈ। 2004 ਤੋਂ ਲੈ ਕੇ 2014 ਤਕ ਲਗਾਤਾਰ ਦਸ ਵਰ੍ਹੇ ਯੂ.ਪੀ.ਏ. ਦੀ ਸਰਕਾਰ ਨੂੰ ਜਿਸ ਕਮਾਂਡ ਨਾਲ ਚਲਾਇਆ ਹੈ, ਇਹ ਉਸ ਦੀ ਸਿਆਸੀ ਸੂਝਬੂਝ ਹੀ ਦਰਸਾਉਂਦਾ ਹੈ। ਅੱਜ ਭਾਵੇਂ ਕਿ ਕੇਂਦਰ ਅਤੇ ਕਈ ਸੂਬਿਆਂ ਵਿਚ ਗਠਜੋੜ ਸਰਕਾਰਾਂ ਦਾ ਚਲਣ ਸ਼ੁਰੂ ਹੋ ਗਿਆ ਹੈ ਅਤੇ ਵੱਖੋ-ਵੱਖ ਸਿਆਸੀ ਪਾਰਟੀਆਂ ਦੀ ਵਣ-ਵਣ ਦੀ ਲਕੜੀ ਨੂੰ ਇਕੱਠੇ ਰੱਖ ਸਕਣਾ ਹੀ ਸਿਆਸੀ ਸੂਝ ਦਾ ਪ੍ਰਗਟਾਵਾ ਹੈ। ਇਸੇ ਦੌਰਾਨ ਭਾਵੇਂ ਉਹ ਪ੍ਰਧਾਨ ਮੰਤਰੀ ਵੀ ਬਣਨਾ ਲੋਚਦੇ ਸੀ ਪਰ ਕੁੱਝ ਮਜਬੂਰੀਆਂ ਕਾਰਨ ਉਸ ਨੇ ਹੰਢੇ-ਵਰਤੇ ਸਿਆਸਤਦਾਨਾਂ ਨੂੰ ਛੱਡ ਕੇ ਡਾ. ਮਨਮੋਹਨ ਸਿੰਘ ਵਰਗੇ ਆਰਥਕ ਜਾਦੂਗਰ ਪਰ ਸਿਆਸਤ ਪੱਖੋਂ ਰਤਾ ਕੋਰੇ ਆਗੂ ਨੂੰ ਪ੍ਰਧਾਨ ਮੰਤਰੀ ਬਣਾ ਕੇ ਅਪਣੀ ਪ੍ਰਧਾਨਗੀ ਨੂੰ ਵੀ ਠੁੰਮਣਾ ਦੇਈ ਰਖਿਆ।

ਜ਼ਿਕਰਯੋਗ ਹੈ ਕਿ 2009 ਵਿਚ ਜੇ ਦੂਜੀ ਵਾਰ ਯੂ.ਪੀ.ਏ. ਸਰਕਾਰ ਹੋਂਦ ਵਿਚ ਆਈ ਤਾਂ ਉਹ ਕੇਵਲ ਤੇ ਕੇਵਲ ਡਾ. ਮਨਮੋਹਨ ਸਿੰਘ ਦੀ ਲਿਆਕਤ, ਸ਼ਰਾਫ਼ਤ ਅਤੇ ਦੇਸ਼ ਨੂੰ ਪੱਕੇ ਪੈਰੀਂ ਆਰਥਕ ਲੀਹਾਂ ਤੇ ਤੋਰਨ ਕਰ ਕੇ ਹੀ ਸੀ। ਦੂਜੇ ਪਾਸੇ ਪ੍ਰਣਬ ਮੁਖਰਜੀ ਅਤੇ ਪੀ. ਚਿਦੰਬਰਮ ਵਰਗੇ ਹੋਰ ਕਈ ਵੱਡੇ ਆਗੂ ਪ੍ਰਧਾਨ ਮੰਤਰੀ ਬਣਨ ਦੀਆਂ ਸੱਧਰਾਂ ਮਨ ਵਿਚ ਹੀ ਦਬੀ ਬੈਠੇ ਰਹੇ। ਮੋਟੇ ਤੌਰ 'ਤੇ ਆਖਿਆ ਜਾ ਸਕਦਾ ਹੈ ਕਿ ਪਿਛਲੇ ਵਰ੍ਹਿਆਂ ਵਿਚ ਸੋਨੀਆ ਗਾਂਧੀ ਅਪਣੇ ਪੁੱਤਰ ਰਾਹੁਲ ਗਾਂਧੀ ਨੂੰ ਵੱਖ-ਵੱਖ ਸਮਿਆਂ ਤੇ ਯੋਗ ਅਗਵਾਈ ਅਤੇ ਸਿਖਲਾਈ ਦੇ ਕੇ ਇਸ ਵੱਡੇ ਤੇ ਜ਼ਿੰਮੇਵਾਰ ਅਹੁਦੇ ਲਈ ਬਕਾਇਦਾ ਤਿਆਰ ਕਰਦੀ ਰਹੀ ਹੈ। ਇਹ ਗੱਲ ਵਖਰੀ ਹੈ ਕਿ ਬਹੁਤ ਸਾਲਾਂ ਤਕ ਰਾਹੁਲ ਗਾਂਧੀ ਵਲੋਂ ਬਹੁਤਾ ਕੰਮ ਸੂਤ ਹੀ ਨਹੀਂ ਆਇਆ। ਉਸ ਨੂੰ ਜਿਥੇ ਵੀ ਪਾਰਟੀ ਦੀ ਅਗਵਾਈ ਲਈ ਭੇਜਿਆ ਗਿਆ ਉਥੇ ਹੀ ਨਤੀਜੇ ਪਾਰਟੀ ਦੇ ਬਹੁਤਾ ਹੱਕ ਵਿਚ ਨਹੀਂ ਆਉਂਦੇ ਰਹੇ। 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਪਾਰਟੀ ਲੀਡਰਸ਼ਿਪ ਅਤੇ ਦੇਸ਼ਵਾਸੀਆਂ ਨੂੰ ਲਗਦਾ ਸੀ ਕਿ ਰਾਹੁਲ ਗਾਂਧੀ ਅਪਣੀ ਪਾਰਟੀ ਲਈ ਕੁੱਝ ਚਮਤਕਾਰ ਵਿਖਾ ਸਕੇਗਾ। ਪਰ ਅਜਿਹਾ ਸੰਭਵ ਨਹੀਂ ਸੀ ਹੋ ਸਕਿਆ ਅਤੇ ਪਾਰਟੀ ਦੀ ਇਨ੍ਹਾਂ ਚੋਣਾਂ ਵਿਚ ਏਨੀ ਦੁਰਗਤੀ ਹੋਈ ਜਿੰਨੀ ਪਹਿਲਾਂ ਕਦੇ ਵੀ ਨਹੀਂ ਸੀ ਹੋਈ।

ਕਹਿੰਦੇ ਹਨ ਕਿ ਬਾਰ੍ਹੀਂ ਵਰ੍ਹੀਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਸਿਆਸਤ ਵਿਚ ਪਿਛਲੇ ਤੇਰਾਂ ਵਰ੍ਹਿਆਂ ਤੋਂ ਕੰਮ ਕਰ ਰਹੇ ਰਾਹੁਲ ਗਾਂਧੀ ਦੇ ਜੀਵਨ ਵਿਚ ਵੀ ਪਿਛਲੇ ਵਰ੍ਹੇ ਇਕ ਤਿੱਖਾ ਚਮਤਕਾਰੀ ਮੋੜ ਆਇਆ ਜਦੋਂ ਉਹ ਅਮਰੀਕਾ ਦੀ ਇਕ ਯੂਨੀਵਰਸਟੀ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਗਿਆ ਸੀ। ਉਥੇ ਉਸ ਦੀ ਤਿੱਖੀ, ਨੁਕੀਲੀ ਅਤੇ ਚੋਟਦਾਰ ਸ਼ਬਦਾਵਲੀ ਨੇ ਉਸ ਦੇ ਉਸ ਸਵੈਭਰੋਸੇ ਦਾ ਮੁੱਢ ਬੰਨ੍ਹਿਆ ਜਿਸ ਦਾ ਪ੍ਰਗਟਾਵਾ ਉਹ ਪਿਛਲੇ ਬਾਰਾਂ ਸਾਲਾਂ ਵਿਚ ਨਹੀਂ ਸੀ ਕਰ ਰਿਹਾ। ਹਿੰਦੁਸਤਾਨ ਵਿਚ ਇਕ ਪਾਸੇ ਨਰਿੰਦਰ ਮੋਦੀ ਦਾ ਨਿੱਤ ਜ਼ੋਰਦਾਰ ਪ੍ਰਭਾਵ ਵੱਧ ਰਿਹਾ ਸੀ ਉਥੇ ਨਾ ਤਾਂ ਕਾਂਗਰਸ ਪਾਰਟੀ ਦਾ ਕੋਈ ਹੋਰ ਲੀਡਰ ਅਤੇ ਨਾ ਹੀ ਰਾਹੁਲ ਗਾਂਧੀ ਉਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰ ਸਕਿਆ। ਅਸਲ ਵਿਚ ਕਾਂਗਰਸੀ ਸਫਾਂ ਵਿਚ ਨਵੀਂ ਰੂਹ ਫੂਕਣ ਦੀ ਜ਼ਰੂਰਤ ਸੀ ਅਤੇ ਸੋਨੀਆ ਗਾਂਧੀ ਆਪ ਅੱਗੇ ਹੋਣ ਦੀ ਥਾਂ ਰਾਹੁਲ ਗਾਂਧੀ ਨੂੰ ਅੱਗੇ ਕਰ ਰਹੀ ਸੀ।

ਬਿਨਾਂ ਸ਼ੱਕ ਪਿਛਲੇ ਕੁੱਝ ਸਮੇਂ ਤੋਂ ਰਾਹੁਲ ਗਾਂਧੀ ਨੇ ਪਾਰਟੀ ਵਿਚ ਕੁੱਝ ਸਖ਼ਤ ਫ਼ੈਸਲੇ ਲੈਣੇ ਸ਼ੁਰੂ ਕੀਤੇ ਹਨ ਅਤੇ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਜਾਇਜ਼ ਨਾਜਾਇਜ਼ ਟਿਪਣੀ ਦਾ ਜਵਾਬ ਪੱਥਰ ਨਾਲ ਦੇਣਾ ਆਰੰਭਿਆ ਹੈ, ਉਦੋਂ ਤੋਂ ਪਾਰਟੀ ਲੀਡਰਸ਼ਿਪ, ਅੰਦਰਖਾਤੇ ਕੱਛਾਂ ਵਜਾਉਣ ਲੱਗੀ ਹੈ। ਦਰਅਸਲ ਸੋਨੀਆ ਗਾਂਧੀ ਕਿਸੇ ਇਹੋ ਜਿਹੇ ਮੌਕੇ ਦੀ ਭਾਲ ਵਿਚ ਸੀ ਜਦੋਂ ਪਾਰਟੀ ਬਿਨਾਂ ਕਿਸੇ ਚੂੰ ਚਾਂ ਕੀਤੇ ਪ੍ਰਧਾਨਗੀ ਦਾ ਤਾਜ ਰਾਹੁਲ ਗਾਂਧੀ ਦੇ ਸਿਰ ਉਤੇ ਰੱਖ ਦੇਵੇ। ਇਸ ਲਈ ਹਾਈ ਕਮਾਂਡ ਵਲੋਂ ਉਸ ਦੇ ਨਾਂ ਤੇ ਮੋਹਰ ਲਗਵਾਈ ਹੀ ਨਾ ਗਈ ਸਗੋਂ ਸੂਬਿਆਂ ਦੀਆਂ ਇਕਾਈਆਂ ਵਲੋਂ ਵੀ ਉਸ ਦੀ ਤਾਜਪੋਸ਼ੀ ਦੇ ਹੱਕ ਵਿਚ ਬਕਾਇਦਾ ਮਤੇ ਪਾਸ ਕਰ ਕੇ ਭੇਜੇ ਗਏ ਹਨ। ਸੋਨੀਆ, ਰਾਹੁਲ ਗਾਂਧੀ ਦੀ ਚੋਣ ਸਰਬਸੰਮਤੀ ਨਾਲ ਹੁੰਦੀ ਵੇਖਣ ਦੇ ਹੱਕ ਵਿਚ ਸੀ ਅਤੇ ਉਸ ਦਾ ਇਹ ਮਨਸੂਬਾ ਆਖ਼ਰ ਪੂਰਾ ਹੋ ਗਿਆ ਹੈ।

ਦੋ ਰਾਵਾਂ ਨਹੀਂ ਕਿ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦੀਆਂ ਵਿਅੰਗਮਈ ਟਿਪਣੀਆਂ ਦੀ ਖ਼ਾਸ ਕਰ ਕੇ ਪਾਰਟੀ ਬਾਰੇ ਆਮ ਕਰ ਕੇ ਕੀਤੇ ਜਾਂਦੇ ਹਮਲਿਆਂ ਦਾ ਤੁਰਤ ਨਾ ਕੇਵਲ ਉਸੇ ਸਮੇਂ ਬਲਕਿ ਸਖ਼ਤ ਭਾਸ਼ਾ ਵਿਚ ਜਵਾਬ ਦੇਣਾ ਸ਼ੁਰੂ ਕੀਤਾ ਹੈ। ਇਸ ਤੋਂ ਲੱਗਣ ਲੱਗਾ ਹੈ ਕਿ ਉਹ ਅਗਲੀਆਂ ਚੋਣਾਂ ਵਿਚ ਨਰਿੰਦਰ ਮੋਦੀ ਦਾ ਹਿੱਕ ਡਾਹ ਕੇ ਮੁਕਾਬਲਾ ਕਰ ਸਕੇਗਾ। ਪਾਰਟੀ ਨੂੰ ਲੋੜ ਵੀ ਇਹੋ ਜਿਹੇ ਲੀਡਰ ਦੀ ਜਾਪਦੀ ਸੀ। ਚੇਤੇ ਰਹੇ ਨਰਿੰਦਰ ਮੋਦੀ ਦੀ 2014 ਵਿਚ ਬਣੀ ਸਰਕਾਰ ਦੇ ਸਾਢੇ ਤਿੰਨ ਸਾਲ ਉਪਰ ਹੋ ਗਏ ਹਨ। ਇਕੱਲੇ ਸਾਢੇ ਤਿੰਨ ਸਾਲਾਂ ਵਿਚ ਮੋਦੀ ਸਰਕਾਰ ਦੀਆਂ ਕੀ ਪ੍ਰਾਪਤੀਆਂ, ਅਪ੍ਰਾਪਤੀਆਂ ਰਹੀਆਂ ਹਨ, ਉਨ੍ਹਾਂ ਸਬੰਧੀ ਇਥੇ ਟਿਪਣੀ ਕਰਨ ਦੀ ਜ਼ਰੂਰਤ ਨਹੀਂ ਪਰ ਇਕ ਗੱਲ ਸਪੱਸ਼ਟ ਹੈ ਕਿ ਨਾ ਕੇਵਲ 2014 ਵਿਚ ਸਗੋਂ ਇਸ ਤੋਂ ਵੀ ਪਹਿਲਾਂ ਉਸ ਨੇ ਦੇਸ਼ ਵਿਚ ਭਗਵੇਂਕਰਨ ਦਾ ਸੁਪਨਾ ਲਿਆ ਸੀ ਜਿਸ ਨੂੰ ਹਕੀਕੀ ਰੂਪ ਦੇਣ ਦਾ ਉਸ ਨੂੰ ਮੌਕਾ 2014 ਵਿਚ ਮਿਲਿਆ।

ਉਦੋਂ ਉਸ ਨੇ ਅਪਣਾ ਜੇਤੂ ਰੱਥ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਦੂਜੇ ਸੂਬਿਆਂ ਵਲ ਰਵਾਨਾ ਕੀਤਾ ਸੀ। ਬਿਨਾਂ ਰੁਕੇ ਬਹੁਤ ਸਾਰੇ ਸੂਬਿਆਂ ਵਿਚ ਉਸ ਨੂੰ ਮੁਕੰਮਲ ਜਾਂ ਗਠਜੋੜ ਵਾਲੀ ਸਰਕਾਰ ਪ੍ਰਾਪਤ ਹੋਈ ਹੈ ਜਿਸ ਨੇ ਯਕੀਨਨ ਉਸ ਦੇ ਹੌਸਲੇ ਨੂੰ ਹੋਰ ਬੁਲੰਦ ਕੀਤਾ ਹੈ। ਅਗਲੀਆਂ ਚੋਣਾਂ ਤਕ ਉਹ ਬਾਕੀ ਰਹਿੰਦੇ ਸੂਬਿਆਂ ਵਿਚ ਵੀ ਜਿੱਤ ਦਾ ਝੰਡਾ ਗੱਡਣਾ ਚਾਹੁੰਦਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਹੁਣੇ ਜਿਹੇ ਹੋ ਕੇ ਹਟੀਆਂ ਹਨ ਅਤੇ ਅਗਲੇ ਵਰ੍ਹੇ ਅੱਠ ਹੋਰ ਸੂਬਿਆਂ ਵਿਚ ਇਹ ਚੋਣਾਂ ਵਾਲੀਆਂ ਹਨ। ਕਿਸੇ ਵੀ ਸਰਕਾਰ ਦਾ ਜਦੋਂ ਦੂਜਾ ਅੱਧ ਸ਼ੁਰੂ ਹੁੰਦਾ ਹੈ ਤਾਂ ਉਸ ਨੂੰ ਅਕਸਰ ਪੁੱਠੀ ਗਿਣਤੀ ਦਾ ਸਮਾਂ ਮੰਨਿਆ ਜਾਂਦਾ ਹੈ। ਫਿਰ ਵੀ ਇਹ ਤਾਂ ਭਵਿੱਖ ਹੀ ਤੈਅ ਕਰੇਗਾ ਕਿ ਇਨ੍ਹਾਂ ਸੂਬਿਆਂ ਵਿਚ ਮੋਦੀ ਦੇ ਜੇਤੂ ਰੱਥ ਨੂੰ ਕਾਂਗਰਸ ਰੋਕਣ ਦੇ ਸਮਰੱਥ ਹੁੰਦੀ ਹੈ ਜਾਂ ਨਹੀਂ ਅਤੇ ਉਹ ਵੀ ਰਾਹੁਲ ਗਾਂਧੀ ਦੀ ਅਗਵਾਈ ਹੇਠ।

ਇਸ ਲਿਹਾਜ਼ ਨਾਲ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾ ਦਿਤਾ ਗਿਆ ਹੈ ਪਰ ਹਾਲ ਦੀ ਘੜੀ ਉਸ ਲਈ ਇਹ ਅਹੁਦਾ ਫੁੱਲਾਂ ਦੀ ਨਹੀਂ ਸਗੋਂ ਸੂਲਾਂ ਦੀ ਸੇਜ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਸਿਰਫ਼ ਪੰਜ ਸੂਬਿਆਂ ਵਿਚ ਕਾਂਗਰਸੀ ਸਰਕਾਰਾਂ ਹਨ। ਦੂਜੀ ਹਿਮਾਚਲ ਅਤੇ ਗੁਜਰਾਤ ਵਿਚ ਉਸ ਦੀ ਕਾਰਗੁਜ਼ਾਰੀ ਦਾ ਨਤੀਜਾ ਆਉਣ ਹੀ ਵਾਲਾ ਹੈ ਅਤੇ ਤੀਜੀ ਅਗਲੇ ਵਰ੍ਹੇ ਜਿਨ੍ਹਾਂ ਅੱਠ ਰਾਜਾਂ ਵਿਚ ਚੋਣਾਂ ਹੋਣੀਆਂ ਹਨ ਉਨ੍ਹਾਂ ਵਿਚ ਉਹ ਕਾਂਗਰਸ ਨੂੰ ਮੁੜ ਅਪਣੇ ਪੈਰਾਂ ਤੇ ਖੜਾ ਕਰ ਸਕਣ ਦੇ ਸਮਰੱਥ ਬਣਾ ਸਕੇਗਾ? ਬਿਨਾਂ ਸ਼ੱਕ ਇਹ ਔਖਾ ਕੰਮ ਹੈ ਅਤੇ ਇਸ ਲਈ ਰਾਹੁਲ ਗਾਂਧੀ ਨੂੰ ਇਕ ਤਾਂ ਪਾਰਟੀ ਕਾਡਰ ਨੂੰ ਹੇਠਲੇ ਪੱਧਰ ਤੋਂ ਨਾਲ ਲੈ ਕੇ ਉਪਰਲੇ ਪੱਧਰ ਤਕ ਚਲਣਾ ਪਵੇਗਾ। ਪਾਰਟੀ ਵਿਚ ਇਸ ਵੇਲੇ ਹਰ ਉਮਰ ਵਰਗ ਦੇ ਆਗੂ ਹਨ, ਯੁਵਕ ਵੀ ਅਤੇ ਬਜ਼ੁਰਗ ਵੀ। ਰਾਹੁਲ ਗਾਂਧੀ ਨੂੰ ਦੋਹਾਂ ਦੀ ਮਦਦ ਤਾਂ ਲੈਣੀ ਹੀ ਪਵੇਗੀ ਸਗੋਂ ਦੇਸ਼ ਵਿਚ ਸੰਤੁਲਨ ਬਣਾ ਕੇ ਵੀ ਚਲਣਾ ਪਵੇਗਾ।

ਚੌਥੀ, ਭਾਵੇਂ ਉਸ ਦੀ ਭਾਸ਼ਣਕਲਾ ਵਿਚ ਪਹਿਲਾਂ ਨਾਲੋਂ ਤਿੱਖਾਪਨ ਅਤੇ ਵਧੇਰੇ ਪਰਪੱਕਤਾ ਨਜ਼ਰ ਆਉਣ ਲੱਗੀ ਹੈ, ਫਿਰ ਵੀ ਉਸ ਨੂੰ ਮੀਡੀਆ ਅਤੇ ਵਿਸ਼ੇਸ਼ ਕਰ ਕੇ ਸੋਸ਼ਲ ਮੀਡੀਆ ਵਾਲੇ ਖੇਤਰ ਵਿਚ ਵਧੇਰੇ ਕੁਸ਼ਲ ਹੋਣਾ ਪਵੇਗਾ। ਪੰਜਵੀਂ ਬਿਨਾਂ ਸ਼ੱਕ ਉਸ ਕੋਲ ਪ੍ਰਸ਼ਾਸਕੀ ਮਜ਼ਬੂਤੀ ਦੀ ਕਮੀ ਹੈ। ਚੰਗਾ ਹੁੰਦਾ ਜੇ ਯੂ.ਪੀ.ਏ ਦੀ ਦਸ ਸਾਲਾ ਸਰਕਾਰ ਦੌਰਾਨ ਉਹ ਮੰਤਰੀ ਦੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਸੰਭਾਲਦਾ ਤਾਂ ਇਹ ਸਹਿਜ ਸੁਭਾਅ ਹੀ ਆ ਜਾਣਾ ਸੀ। ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਉਸ ਨੂੰ ਬਹੁਤ ਵਾਰੀ ਉਸ ਦੇ ਮੰਤਰੀ ਮੰਡਲ ਦਾ ਮੈਂਬਰ ਬਣਨ ਲਈ ਕਿਹਾ ਵੀ ਸੀ ਪਰ ਪਤਾ ਨਹੀਂ ਕਿਉਂ ਰਾਹੁਲ ਨੇ ਇਸ ਪਾਸੇ ਧਿਆਨ ਨਹੀਂ ਦਿਤਾ। ਕੁਲ ਮਿਲਾ ਕੇ ਅਗਲੀਆਂ ਚੋਣਾਂ ਲਈ ਉਸ ਕੋਲ ਬਹੁਤਾ ਸਮਾਂ ਨਹੀਂ, ਇਸ ਲਈ ਉਸ ਨੂੰ ਹੁਣ ਤੋਂ ਅਪਣੇ ਸਹਿਯੋਗੀਆਂ ਦੀ ਇਕ ਕੁਸ਼ਲ ਟੀਮ ਤਿਆਰ ਕਰਨੀ ਪਵੇਗੀ, ਜਿਹੜਾ ਮੋਦੀ ਦੇ ਪ੍ਰਭਾਵ ਦਾ ਕਾਰਗਰ ਢੰਗ ਨਾਲ ਜਵਾਬ ਦੇ ਸਕੇ। ਮੋਦੀ ਨੂੰ ਹਰਾ ਸਕਣਾ ਅਸੰਭਵ ਤਾਂ ਨਹੀਂ ਪਰ ਕਾਫ਼ੀ ਔਖਾ ਤੇ ਟੇਢਾ ਜ਼ਰੂਰ ਹੋਵੇਗਾ। ਤਾਂ ਵੀ ਇਹ ਚੋਣਾਂ ਰਾਹੁਲ ਗਾਂਧੀ ਦਾ ਭਵਿੱਖ ਨਿਸ਼ਚਿਤ ਕਰਨਗੀਆਂ।
ਸੰਪਰਕ : 98141-22870

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement