ਮੁੜ੍ਹਕਾ ਸੁੱਕਣ ਤੋਂ ਪਹਿਲਾਂ ਉਜਰਤ ਦਿਉ
Published : Sep 15, 2017, 9:37 pm IST
Updated : Sep 15, 2017, 4:07 pm IST
SHARE ARTICLE

ਕਈ ਸਾਲ ਪਹਿਲਾਂ ਰੇਡਿਉ ਤੋਂ ਬੀ.ਬੀ.ਸੀ. ਲੰਦਨ ਉਤੇ ਇਕ ਹਿੰਦੀ ਗੀਤ ਸੁਣਿਆ ਜਿਸ ਦੇ ਬੋਲ ਸਨ 'ਖ਼ੁਸ਼ ਹੈ ਜ਼ਮਾਨਾ ਆਜ ਪਹਿਲੀ ਤਾਰੀਖ ਹੈ'। ਖ਼ੁਸ਼ ਇਸ ਲਈ ਕਿ ਉਸ ਦਿਨ ਮਿਹਨਤਾਨਾ ਮਿਲਣਾ ਹੁੰਦਾ ਸੀ। ਮਨਾਂ ਵਿਚ ਸੋਚੀਆਂ ਇਛਾਵਾਂ ਦੀ ਪੂਰਤੀ ਹੋ ਜਾਣੀ ਸੀ ਪਰ ਸਾਡੇ ਜਦੋਂ ਪੂਰਾ ਮਹੀਨਾ ਕੰਮ ਕਰਨ ਤੋਂ ਬਾਅਦ ਉਜਰਤ ਨਾ ਮਿਲੇ ਤਾਂ ਬਹੁਤ ਦੁੱਖ ਹੁੰਦਾ ਹੈ। ਸਰਕਾਰੀ ਕਰਮਚਾਰੀਆਂ ਦੀ ਕਈ ਕਈ ਮਹੀਨੇ ਤਨਖ਼ਾਹਾਂ ਰੁਕੀਆਂ ਰਹਿੰਦੀਆਂ ਹਨ। ਨਿਜੀ ਖੇਤਰ ਵਿਚ ਵੀ ਮਜ਼ਦੂਰਾਂ ਕਾਮਿਆਂ ਦਾ ਬੁਰਾ ਹਾਲ ਹੈ। ਆਉ ਇਨ੍ਹਾਂ ਬਾਰੇ ਕੁੱਝ ਗੱਲਾਂ ਸਾਂਝੀਆਂ ਕਰੀਏ।

ਦੇਬੂ ਸਵੇਰੇ ਅੰਬ ਦੇ ਆਚਾਰ ਨਾਲ ਚਾਰ ਰੋਟੀਆਂ ਲਪੇਟ ਕੰਮ ਤੇ ਜਾਣ ਲਗਦਾ ਹੈ ਤਾਂ ਉਸ ਦਾ ਪੁੱਤਰ ਟੋਨੀ ਕਹਿੰਦੈ, ''ਭਾਪਾ ਮੇਰੇ ਲਈ ਚੀਜੀ ਲੈ ਕੇ ਆਈਂ।'' ਪੁੱਤਰ ਨੂੰ ਹਾਂ ਕਹਿ ਕੇ ਉਹ ਤੁਰ ਜਾਂਦਾ ਹੈ। ਇਕ ਕੋਠੀ ਦੀ ਉਸਾਰੀ ਲਈ ਉਹ ਦਿਹਾੜੀ ਦਾ ਕੰਮ ਕਰਦਾ ਹੈ। ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਕੇ ਲਟਾ-ਪੀਂਘ ਹੁੰਦਾ ਹੈ। ਦੁਪਹਿਰੇ ਰੋਟੀ ਖਾ ਕੇ ਉਹ ਫਿਰ ਕੰਮ ਤੇ ਜੁਟ ਜਾਂਦਾ ਹੈ। ਅੱਜ ਉਹ ਖ਼ੁਸ਼ ਹੈ। ਕਾਰਨ? ਅੱਜ ਉਸ ਦੀਆਂ ਦਿਹਾੜੀਆਂ ਦਾ ਭੁਗਤਾਨ ਜੋ ਹੋਣਾ ਹੈ। ਸ਼ਾਮ ਨੂੰ ਹੱਥ-ਪੈਰ ਧੋ ਕੇ ਉਹ ਮਾਲਕ ਕੋਲ ਜਾਂਦਾ ਹੈ ਤਾਂ ਅੱਗੋਂ, ''ਬਈ ਦੇਬੂ ਹਿਸਾਬ ਤਾਂ ਕਲ ਨੂੰ ਕਰਾਂਗੇ।'' ਸੁਣ ਕੇ ਦੇਬੂ ਦਾ ਤਾਂ ਧਰਤੀ ਵਿਚ ਗਰਕ ਹੋਣ ਨੂੰ ਦਿਲ ਕਰਦਾ ਹੈ। ਡਾਹਢੇ ਮੂਹਰੇ ਕਾਹਦਾ ਜ਼ੋਰ। ਬੇਬਸ ਹੋ ਕੇ ਘਰ ਨੂੰ ਤੁਰ ਪੈਂਦਾ ਹੈ। ਰਸਤੇ ਵਿਚ ਹਲਵਾਈ ਦੀਆਂ ਦੁਕਾਨਾਂ ਵਲ ਤਰਸਦੀਆਂ ਅੱਖਾਂ ਨਾਲ ਵੇਖਦਾ ਘਰ ਪਹੁੰਚਦਾ ਹੈ ਤੇ ਟੋਨੀ ਨਾਲ ਅੱਖਾਂ ਚਾਰ ਕਰਨ ਤੋਂ ਡਰਦਾ ਹੈ।

ਸਾਡੇ ਨਾਲ ਵਾਲੀ ਕੋਠੀ ਵੀ ਪੂਰੀ ਹੋ ਗਈ ਹੈ। ਪੈੜਾਂ, ਫੱਟੇ, ਘੋੜੀਆਂ ਤੇ ਹੋਰ ਵਸਤਾਂ ਰੇਹੜੇ ਉਤੇ ਲੱਦ ਕੇ ਵਾਪਸ ਕੀਤੀਆਂ ਜਾ ਰਹੀਆਂ ਹਨ। ਮਾਲਕ ਰੇਹੜੇ ਵਾਲੇ ਨਾਲ ਕਿਰਾਏ ਪਿਛੇ ਖਹਿਬੜ ਰਿਹਾ ਸੀ ਕਿ 'ਬਈ ਵੀਹ ਰੁਪਏ ਘੱਟ ਕਰ ਲੈ।' ਵੇਖੋ ਪੈਂਤੀ ਚਾਲੀ ਲੱਖ ਕੋਠੀ ਉਤੇ ਲਾ ਕੇ ਉਹ ਗ਼ਰੀਬ ਨਾਲ ਵੀਹ ਰੁਪਏ ਪਿਛੇ ਬਹਿਸ ਕਰ ਰਿਹਾ ਹੈ। ਇਹ ਕਿਧਰ ਦੀ ਸਿਆਣਪ ਹੈ? ਉਸ ਦੇ ਵੀ ਬਾਲ ਬੱਚੇ ਨੇ, ਘੋੜਾ ਵੀ ਰਖਿਆ ਹੈ। ਉਸ ਨੂੰ ਵੀ ਦਾਣਾ-ਫੱਕਾ ਪਾਉਣਾ ਹੋਵੇਗਾ। ਪਰ ਨਹੀਂ ਗ਼ਰੀਬ ਨੂੰ ਤਾਂ ਬੰਦਾ ਸਮਝਦੇ ਹੀ ਨਹੀਂ ਹਨ।

ਅੱਗੇ ਚਲੋ, ਆਹ ਫੇਰੀ ਪਾਉਣ ਵਾਲਿਆਂ ਨਾਲ ਔਰਤਾਂ ਤਕਰੀਬਨ ਉਲਝਦੀਆਂ ਹੀ ਰਹਿੰਦੀਆਂ ਹਨ। ਜਿੰਨਾ ਉਹ ਕਹੇਗਾ ਉਸ ਤੋਂ ਅੱਧਾ ਕਰ ਦੇਣਗੀਆਂ। ਪਰ ਕਦੀ ਕਦੀ ਤਾਂ ਉਹ ਆਪ ਹੀ ਖ਼ਤਾ ਖਾ ਜਾਂਦੀਆਂ ਹਨ। ਵੇਖੋ ਇਕ ਮੋਟਰਸਾਈਕਲ ਉਤੇ ਕੁੱਝ ਪੈਕਟ ਲੱਦੀ ਜਾ ਰਿਹਾ ਇਕ ਆਦਮੀ ਹੋਕਾ ਦੇ ਰਿਹਾ ਹੈ। ਔਰਤਾਂ ਨੇ ਖੜਾ ਕਰ ਲਿਆ। ਉਹ ਕਹੇ ਪੰਜ ਹਜ਼ਾਰ ਵਿਚ ਸਟੈਂਡਰਡ ਕੰਪਨੀ ਦੀਆਂ ਚਾਰ ਚੀਜ਼ਾਂ ਲਉ। ਸੀਲਿੰਗ ਫ਼ੈਨ, ਪ੍ਰੈੱਸ, ਪ੍ਰੈਸ਼ਰ ਕੁੱਕਰ ਅਤੇ ਇਕ ਗੈਸੀ ਚੁੱਲ੍ਹਾ। ਔਰਤਾਂ ਅਪਣੀ ਫ਼ਿਤਰਤ ਮੁਤਾਬਕ ਆਖਣ '2500 ਰੁਪਏ ਵਿਚ ਦੇ ਜਾ।' ਉਸ ਨੇ ਚੀਜ਼ਾਂ ਸਮੇਟੀਆਂ ਅਤੇ ਤੁਰ ਪਿਆ। ਫਿਰ ਦੁਬਾਰਾ ਉਹ ਮੰਨ ਗਿਆ। ਪਰ ਚਾਰੇ ਵਸਤਾਂ ਵਿਚੋਂ ਇਕ ਵੀ ਚੀਜ਼ ਨਹੀਂ ਚੱਲੀ। ਚਾਰੇ ਬੇਕਾਰ।

ਸੋ ਘਰਾਂ ਵਿਚ ਕੰਮ ਕਰਨ ਵਾਲੇ ਨੌਕਰ, ਬਾਈਆਂ ਵੀ ਇਨ੍ਹਾਂ ਦੇ ਰਹਿਮੋ ਕਰਮ ਉਤੇ ਦੇਹ ਵੇਲਦੀਆਂ ਹਨ। ਉਨ੍ਹਾਂ ਦੇ ਨੱਕ 'ਚ ਦਮ ਕਰੀ ਰਖਣਗੀਆਂ। ਕਦੀ ਬਾਸੀ-ਤਬਾਸੀ ਚੀਜ਼ ਚੁਕਾ ਦੇਣਗੀਆਂ। ਉਹ ਭਾਵੇਂ ਜਾਂਦੀਆਂ ਕੂੜੇ ਉਤੇ ਸੁੱਟ ਜਾਣ। ਇਸੇ ਤਰ੍ਹਾਂ ਜ਼ਿਮੀਦਾਰਾਂ ਦੇ ਖੇਤਾਂ ਵਿਚ ਕੰਮ ਕਰਦੇ ਸੀਰੀ ਪਾਲੀ ਵੀ ਮਾਲਕ ਦੇ ਜ਼ੁਲਮ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਦੇ ਕਾਕੇ ਆਪ ਤਾਂ ਪਾਣੀ ਦਾ ਗਲਾਸ ਚੁੱਕ ਕੇ ਨਹੀਂ ਪੀਂਦੇ, ਇਨ੍ਹਾਂ ਨੂੰ ਕੁੱਦ-ਕੁੱਦ ਪੈਂਦੇ ਹਨ। ਦਰ ਉਤੇ ਆਏ ਮਾੜੇ ਮੰਗਤੇ ਨੂੰ ਦੁਰਕਾਰ ਕੇ ਭੇਜ ਦੇਣਗੇ ਪਰ ਧਾਰਮਕ ਸਥਾਨਾਂ ਵਾਲੇ ਪਰਚੀਆਂ ਕੱਟਣ ਆਇਆਂ ਨੂੰ ਖ਼ੁਸ਼ੀ ਨਾਲ ਵੱਧ ਤੋਂ ਵੱਧ ਰੁਪਏ ਦੇ ਦੇਣਗੇ।

ਸੋ ਸਾਨੂੰ ਸਾਰਿਆਂ ਨੂੰ ਅਪਣੀ ਬਿਮਾਰ ਮਾਨਸਿਕਤਾ ਬਦਲਣੀ ਚਾਹੀਦੀ ਹੈ। ਇਹ ਵੀ ਹੱਡ-ਮਾਸ ਦੇ ਬਣੇ ਹਨ ਜਿਸ ਦੇ ਅਸੀ ਹਾਂ। ਇਨ੍ਹਾਂ ਮਜ਼ਦੂਰਾਂ ਕਾਮਿਆਂ ਨੂੰ ਇਨ੍ਹਾਂ ਦੀ ਬਣਦੀ ਉਜਰਤ ਵੇਲੇ ਸਿਰ ਦੇਣੀ ਚਾਹੀਦੀ ਹੈ। ਇਹ ਵੱਡਿਆਂ ਦੇ ਆਸਰੇ ਹੀ ਪਲਦੇ ਹਨ। ਹੋਰ ਕਿਹੜਾ ਇਨ੍ਹਾਂ ਦੇ ਹਲ ਚਲਦੇ ਹਨ। ਉਜਰਤ ਤਾਂ ਦੇਣੀ ਹੀ ਹੈ। ਕਿਉਂ ਫਿਰ ਮੇਂਗਣਾ ਘੋਲੀਏ?
ਸੰਪਰਕ : 82840-20628

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement