ਪਹਿਲਾਂ ਮੁਰਗੀ ਜਾਂ ਆਂਡਾ?
Published : Jan 23, 2018, 11:33 pm IST
Updated : Jan 23, 2018, 6:03 pm IST
SHARE ARTICLE

ਜਦੋਂ ਅਸੀ 1984 ਵਿਚ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਤੋਂ ਲੈ ਕੇ ਸਾਡੇ ਸਾਹਮਣੇ ਇਹ ਸਵਾਲ ਵਾਰ ਵਾਰ ਆਉਂਦਾ ਰਿਹਾ ਹੈ। ਹੁਣ ਬਾਬਾ ਰਾਮਦੇਵ ਨੇ ਵੀ ਇਹੀ ਸਵਾਲ ਖੜਾ ਕੀਤਾ ਹੈ। ਉਨ੍ਹਾਂ ਅਨੁਸਾਰ ਵਿਗਿਆਨਿਕਾਂ ਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਮੁਰਗੀ ਆਈ ਜਾਂ ਅੰਡਾ? ਇਹ ਸਵਾਲ ਸਿਰਫ਼ ਸਾਡੇ ਸਾਹਮਣੇ ਹੀ ਨਹੀਂ ਆਇਆ ਸਗੋਂ ਪ੍ਰਸਿੱਧ ਵਿਦਵਾਨ ਅਰਸਤੂ (੩੮੪ 2.3 to ੩੨੨ 2.3) ਨੂੰ ਵੀ ਉਸ ਸਮੇਂ ਦੇ ਲੋਕਾਂ ਨੇ ਪੁਛਿਆ ਸੀ। ਉਸ ਦਾ ਜਵਾਬ ਸੀ ਕਿ ਇਹ ਸਦਾ ਸਨ। ਇਸ ਸਵਾਲ ਬਾਰੇ ਧਾਰਮਕ ਵਿਦਵਾਨਾਂ ਦਾ ਵਿਚਾਰ ਹੈ ਕਿ ਪਹਿਲਾਂ ਮੁਰਗੀ ਆਈ ਸੀ ਉਸ ਤੋਂ ਬਾਅਦ ਅੰਡਾ ਆਇਆ। ਪਰ ਅੱਜ ਦੇ ਵਿਗਿਆਨਕ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ।ਧਰਤੀ ਅੱਜ ਤੋਂ 457 ਕਰੋੜ ਸਾਲ ਪਹਿਲਾਂ ਸੂਰਜ ਤੋਂ ਅਲੱਗ ਹੋਈਆਂ ਗੈਸਾਂ ਦੇ ਇਕੱਠੇ ਹੋਣ ਕਾਰਨ ਹੋਂਦ ਵਿਚ ਆ ਗਈ ਸੀ। ਉਸ ਸਮੇਂ ਧਰਤੀ ਏਨੀ ਗਰਮ ਸੀ ਕਿ ਕਿਸੇ ਕਿਸਮ ਦੇ ਜੀਵਾਂ ਦੀ ਕਲਪਨਾ ਕਰਨੀ ਅਸੰਭਵ ਸੀ। ਲਗਭਗ 350 ਕਰੋੜ ਵਰ੍ਹੇ ਪਹਿਲਾਂ ਇਕ ਸੈੱਲੀ ਜੀਵ ਹੋਂਦ ਵਿਚ ਆਇਆ। ਲਗਭਗ 290 ਕਰੋੜ ਸਾਲ ਇਹ ਇਕ ਸੈੱਲੀ ਜੀਵ ਹੀ ਧਰਤੀ ਦੇ ਸਮੁੰਦਰਾਂ ਤੇ ਰਾਜ ਕਰਦਾ ਰਿਹਾ। ਅੱਜ ਤੋਂ 60 ਕਰੋੜ ਸਾਲ ਪਹਿਲਾਂ ਇਨ੍ਹਾਂ ਇਕ ਸੈੱਲੀ ਜੀਵਾਂ ਨੇ ਵੱਧ ਕੇ ਵਿਚਾਲਿਉਂ ਟੁੱਟਣ ਦਾ ਵੱਲ ਸਿਖ ਲਿਆ। ਇਸ ਤਰ੍ਹਾਂ ਬਹੁਸੈੱਲੀ ਜੀਵ ਹੋਂਦ ਵਿਚ ਆਉਣ ਲੱਗ ਪਏ। ਅਪਣੀ ਖੁਰਾਕ ਦੀ ਭਾਲ ਵਿਚ ਕੀਤੇ ਗਏ ਲਗਾਤਾਰ ਸੰਘਰਸ਼ ਨੇ ਇਨ੍ਹਾਂ ਜੀਵਾਂ ਨੂੰ ਅਪਣੇ ਆਲੇ-ਦੁਆਲੇ ਦੇ ਮੌਸਮਾਂ ਦਾ ਟਾਕਰਾ ਕਰਨਾ ਸਿਖਾ ਦਿਤਾ। ਸਿੱਟੇ ਵਜੋਂ ਹੋਰ ਗੁੰਝਲਦਾਰ ਜੀਵ ਹੋਂਦ ਵਿਚ ਆਉਣ ਲੱਗ ਪਏ। ਮੱਛੀ ਜਾਂ ਸਮੁੰਦਰੀ ਜੀਵਾਂ ਨੇ ਵੀ ਅਪਣੇ ਜਣਨ ਢੰਗਾਂ ਵਿਚ ਵਿਕਾਸ ਕੀਤਾ।ਹੌਲੀ ਹੌਲੀ ਇਨ੍ਹਾਂ ਜੀਵਾਂ ਵਿਚੋਂ ਕੁੱਝ ਨੇ ਬੱਚਿਆਂ ਨੂੰ ਜਨਮ ਦੇਣ ਦਾ ਢੰਗ ਸਿਖ ਲਿਆ। ਕੁੱਝ ਸਮੁੰਦਰੀ ਜੀਵਾਂ ਦੇ ਜਨਮ ਸਮੇਂ ਉਪਰਲੀ ਤਹਿ ਨਰਮ ਹੁੰਦੀ ਸੀ ਪਰ ਕੁੱਝ ਨੇ ਚੂਨਾ ਪੱਥਰ ਖਾਣਾ ਸ਼ੁਰੂ ਕਰ ਦਿਤਾ। ਅਜਿਹੇ ਜੀਵਾਂ ਦੇ ਬੱਚਿਆਂ ਦੇ ਜਨਮ ਸਮੇਂ ਉਨ੍ਹਾਂ ਦੀ ਉਪਰਲੀ ਤਹਿ ਸਖ਼ਤ ਹੋਣ ਲੱਗ ਪਈ। ਇਸ ਤਰ੍ਹਾਂ ਅੱਜ ਤੋਂ 25 ਕਰੋੜ ਸਾਲ ਪਹਿਲਾਂ ਜਦੋਂ ਜੀਵਨ ਸਮੁੰਦਰ ਤੋਂ ਜ਼ਮੀਨ ਵਲ ਆਉਣਾ ਸ਼ੁਰੂ ਹੋਇਆ ਤਾਂ ਕੁੱਝ ਮੱਛੀਆਂ ਨੇ ਅੰਡੇ ਦੇਣੇ ਸ਼ੁਰੂ ਕਰ ਦਿਤੇ। ਇਸ ਸਮੇਂ ਤਕ ਉੱਡਣ ਵਾਲੇ ਪੰਛੀਆਂ ਦੀ ਕੋਈ ਹੋਂਦ ਨਹੀਂ ਸੀ ਹੋਈ। ਬਹੁਤ ਸਾਰੇ ਬੁਧੀਜੀਵੀ ਵਿਅਕਤੀ ਇਹ ਗੱਲ ਭਲੀਭਾਂਤ ਜਾਣਦੇ ਹਨ ਕਿ ਧਰਤੀ ਦੀ ਸਤ੍ਹਾ ਉਤੇ ਮਿਲਣ ਵਾਲੇ ਜੀਵਾਂ ਦੇ ਪਿੰਜਰ ਹੀ ਜੀਵਾਂ ਵਿਚ ਹੋਏ ਵਿਕਾਸ ਦਾ ਸੱਭ ਤੋਂ ਵੱਡਾ ਸਬੂਤ ਹਨ। ਕਰੋੜਾਂ ਸਾਲ ਪਹਿਲਾਂ ਮਰੇ ਹੋਏ ਜੀਵਾਂ ਵਾਲੀਆਂ ਚਟਾਨਾਂ ਵਿਚ ਯੂਰੇਨੀਅਮ ਦੇ ਦੋ ਆਈਸੋਟੋਪ ਉਪਲਬਧ ਹੁੰਦੇ ਹਨ। ਇਨ੍ਹਾਂ ਆਈਸੋਟੋਪਾਂ ਵਿਚ ਅਨੁਪਾਤ ਵਿਗਿਆਨਕਾਂ ਨੂੰ ਉਨ੍ਹਾਂ ਚਟਾਨਾਂ ਦੀ ਉਮਰ ਤੇ ਉਨ੍ਹਾਂ ਦੀ ਹੋਂਦ ਸਮੇਂ ਮਰੇ ਜੀਵਾਂ ਦੀ ਉਮਰ ਦਰਸਾਉਂਦਾ ਹੈ। ਸਾਰੀ ਦੁਨੀਆਂ ਦੇ ਵਿਗਿਆਨਕ ਇਸ ਗੱਲ ਨਾਲ ਸਹਿਮਤ ਹਨ ਕਿ ਅੰਡੇ ਮੁਰਗੀਆਂ ਨਾਲੋਂ ਪੰਝੀ ਕਰੋੜ ਸਾਲ ਪਹਿਲਾਂ ਮੌਜੂਦ ਸਨ। ਅੱਜ ਵੀ ਬਹੁਤ ਸਾਰੇ ਵਿਅਕਤੀਆਂ ਨੂੰ ਧਰਤੀ ਦੀਆਂ ਤਹਿਆਂ ਵਿਚੋਂ ਡਾਇਨਾਸੋਰ ਦੇ ਅੰਡੇ ਮਿਲ ਜਾਂਦੇ ਹਨ।ਡਾਇਨਾਸੋਰਾਂ ਦੇ ਖ਼ਾਤਮੇ ਵਾਲੇ ਯੁੱਗ ਸਮੇਂ ਦੇ ਪਥਰਾਟਾਂ ਵਿਚ ਕਈ ਵਾਰ ਅਜਿਹੇ ਜੀਵਾਂ ਦੇ ਪਥਰਾਟ ਵੀ ਮਿਲ ਜਾਂਦੇ ਹਨ, ਜਿਨ੍ਹਾਂ ਦੇ ਖੰਭ ਵੀ ਹੁੰਦੇ ਸਨ। ਇਸ ਜੀਵ ਨੂੰ ਵਿਗਿਆਨਕ ਸ਼ਬਦਾਬਲੀ ਵਿਚ ਆਰਕੀਉਪੈਟਰਿਕਸ ਦਾ ਨਾਂ ਦਿਤਾ ਗਿਆ ਹੈ। ਸਬੂਤਾਂ ਦੇ ਆਧਾਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਜਾਨਵਰ ਇਸ ਗੱਲ ਦਾ ਸਬੂਤ ਹੈ ਕਿ ਉਡਣ ਵਾਲੇ ਪੰਛੀਆਂ ਦਾ ਵਿਕਾਸ ਡਾਇਨਾਸੋਰਾਂ ਤੋਂ ਹੋਇਆ ਸੀ। ਪਰ ਮੇਰਾ ਖ਼ਿਆਲ ਹੈ ਪਾਠਕਾਂ ਦਾ ਸਵਾਲ ਇਹ ਨਹੀਂ ਕਿ ਪਹਿਲਾਂ ਅੰਡਾ ਹੋਂਦ ਵਿਚ ਆਇਆ ਜਾਂ ਮੁਰਗੀ। ਬਲਕਿ ਉਨ੍ਹਾਂ ਦਾ ਸਵਾਲ ਤਾਂ ਇਹ ਹੈ ਕਿ ਪਹਿਲਾਂ ਉਹ ਅੰਡਾ ਹੋਂਦ ਵਿਚ ਆਇਆ ਜਿਸ ਵਿਚ ਚੂਚਾ ਸੀ ਜਾਂ ਪਹਿਲਾਂ ਅਜਿਹੀ ਮੁਰਗੀ ਹੋਂਦ ਵਿਚ ਆਈ ਜਿਸ ਦੇ ਗਰਭ ਵਿਚ ਆਂਡਾ ਸੀ?
ਇਸ ਸਵਾਲ ਦਾ ਜਵਾਬ ਜਾਣਨ ਵਾਸਤੇ ਸਾਡੇ ਲਈ ਇਹ ਜਾਣਨਾ ਅਤਿਜ਼ਰੂਰੀ ਹੈ ਕਿ ਅੱਜ ਦੀ ਮੁਰਗੀ ਕਿਵੇਂ ਹੋਂਦ ਵਿਚ ਆਈ। ਅੱਜ ਭਾਵੇਂ ਧਰਤੀ ਉਤੇ ਜੀਵਾਂ ਦੀਆਂ ਦਸ ਲੱਖ ਪ੍ਰਜਾਤੀਆਂ ਮੌਜੂਦ ਹਨ ਪਰ ਕਿਸੇ ਸਮੇਂ ਇਨ੍ਹਾਂ ਦੀ ਗਿਣਤੀ ਧਰਤੀ ਤੇ 500 ਤੋਂ ਵੱਧ ਨਹੀਂ ਸੀ। ਧਰਤੀ ਦੀਆਂ ਪ੍ਰਾਚੀਨ ਸਭਿਅਤਾਵਾਂ ਦੀ ਖੁਦਾਈ ਕਰਦਿਆਂ ਵਿਗਿਆਨੀਆਂ ਨੂੰ 8 ਕੁ ਹਜ਼ਾਰ ਸਾਲ ਪਹਿਲਾਂ ਘਰੇਲੂ ਮੁਰਗਿਆਂ ਦੀ ਹੋਂਦ ਦੇ ਸਬੂਤ ਸਿੰਧੂ ਘਾਟੀ ਦੀਆਂ ਸਭਿਅਤਾਵਾਂ ਵਿਚੋਂ ਮਿਲੇ ਹਨ, ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਨ੍ਹਾਂ ਲੋਕਾਂ ਨੇ ਮੁਰਗਿਆਂ ਦੀ ਲੜਾਈ ਵੇਖਣ ਲਈ ਮੁਰਗੇ ਨੂੰ ਪਾਲਤੂ ਬਣਾਉਣਾ ਸਿਖ ਲਿਆ ਸੀ।ਡਾਇਨਾਸੋਰਾਂ ਦਾ ਯੁੱਗ ਧਰਤੀ ਤੋਂ ਸਾਢੇ ਛੇ ਕਰੋੜ ਸਾਲ ਪਹਿਲਾਂ ਖ਼ਤਮ ਹੋ ਗਿਆ ਸੀ। ਪਰ ਇਸ ਸਮੇਂ ਕੁੱਝ ਪਹਾੜਾਂ ਦੀਆਂ ਟੀਸੀਆਂ ਉਤੇ ਰਹਿਣ ਵਾਲੇ ਡਾਇਨਾਸੋਰਾਂ ਨੇ ਛਾਲਾਂ ਮਾਰਨੀਆਂ ਸਿਖ ਲਈਆਂ ਸਨ। ਹੌਲੀ ਹੌਲੀ ਉਨ੍ਹਾਂ ਨੇ ਇਨ੍ਹਾਂ ਛਾਲਾਂ ਸਮੇਂ ਅਪਣੀ ਰਫ਼ਤਾਰ ਨੂੰ ਘਟਾਉਣ ਦੇ ਢੰਗ ਵੀ ਵਿਕਸਤ ਕਰ ਲਏ। ਇਸ ਤਰ੍ਹਾਂ ਪਹਿਲੇ ਉੱਡਣ ਵਾਲੇ ਪੰਛੀਆਂ ਦੀਆਂ ਵੱਖ ਵੱਖ ਜਾਤੀਆਂ ਪੈਦਾ ਹੋਣ ਲੱਗ ਪਈਆਂ। ਹੌਲੀ ਹੌਲੀ ਇਨ੍ਹਾਂ ਉੱਡਣ ਵਾਲੇ ਪੰਛੀਆਂ ਵਿਚੋਂ ਜੰਗਲੀ ਮੁਰਗਾਬੀਆਂ ਦੀ ਇਕ ਅਜਿਹੀ ਕਿਸਮ ਵਿਕਾਸ ਕਰ ਗਈ ਜਿਸ ਨੇ ਕੁੱਝ ਕੋਸ਼ਿਸ਼ ਨਾਲ ਪਾਲਤੂ ਹੋਣ ਦਾ ਵੱਲ ਸਿਖ ਲਿਆ। ਜੰਗਲੀ ਮੁਰਗਾਬੀਆਂ ਦੀਆਂ ਬਹੁਤ ਸਾਰੀਆਂ ਗੱਲਾਂ ਘਰੇਲੂ ਮੁਰਗੇ-ਮੁਰਗੀਆਂ ਨਾਲ ਮਿਲਦੀਆਂ ਜੁਲਦੀਆਂ ਹਨ। ਜੰਗਲੀ ਮੁਰਗਾਬੀਆਂ ਦੇ ਦੋ ਟੰਗਾਂ ਅਤੇ ਚਾਰ ਚਾਰ ਉਂਗਲੀਆਂ ਵਾਲੇ ਪੰਜੇ ਹੁੰਦੇ ਹਨ। ਆਕਾਰ ਪੱਖੋਂ ਵੀ ਇਨ੍ਹਾਂ ਦਾ ਆਕਾਰ ਮਾਦਾ ਵਿਚ ਅੱਧਾ ਕਿਲੋ ਤੋਂ ਲੈ ਕੇ ਇਕ ਕਿਲੋ ਤਕ ਹੁੰਦਾ ਹੈ ਅਤੇ ਨਰ ਵਿਚ ਇਹ ਛੇ ਸੌ ਗ੍ਰਾਮ ਤੋਂ ਲੈ ਕੇ ਡੇਢ ਕਿਲੋ ਤਕ ਹੁੰਦਾ ਹੈ। ਸਮੁੱਚੀ ਦੁਨੀਆਂ ਦੇ ਜੀਵ ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਕਿ ਕਿਸੇ ਵੀ ਜੀਵ ਦਾ ਵਿਕਾਸ ਇਕ ਮੁਢਲੇ ਸੈੱਲ ਤੋਂ ਹੁੰਦਾ ਹੈ। ਇਹ ਸੈੱਲ ਵੰਡ ਰਾਹੀਂ ਹੀ ਵੱਡਾ ਹੁੰਦਾ ਰਹਿੰਦਾ ਹੈ। ਇਕ ਸੈੱਲ ਦੋ ਵਿਚ ਅਤੇ ਦੋ ਸੈੱਲ ਚਾਰ ਵਿਚ ਟੁਟਦੇ ਰਹਿੰਦੇ ਹਨ। ਇਹ ਸਾਰੇ ਸੈੱਲ ਉਸ ਮੁਢਲੇ ਸੈੱਲ ਦੀ ਹੀ ਹੂ-ਬ-ਹੂ ਨਕਲ ਹੁੰਦੇ ਹਨ ਜਿਸ ਤੋਂ ਇਨ੍ਹਾਂ ਦਾ ਮੁੱਢ ਬਝਿਆ ਸੀ। ਸੋ ਜੋ ਵੀ ਤਬਦੀਲੀਆਂ ਹੋਣੀਆਂ ਹੁੰਦੀਆਂ ਹਨ, ਉਸ ਮੁਢਲੇ ਸੈੱਲ ਵਿਚ ਹੀ ਹੋ ਸਕਦੀਆਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਮੁਢਲਾ ਸੈੱਲ ਹੋਂਦ ਵਿਚ ਕਿਵੇਂ ਆਉਂਦਾ ਹੈ?ਨਰ ਸੈੱਲ ਦਾ ਡੀ.ਐਨ.ਏ. ਅਤੇ ਮਾਦਾ ਸੈੱਲ ਦੇ ਡੀ.ਐਨ.ਏ. ਦੇ ਮਿਲਾਣ ਨਾਲੀ ਮੁਢਲਾ ਸੈੱਲ ਬਣਦਾ ਹੈ ਜਿਸ ਨੂੰ ਵਿਗਿਆਨਕ ਭਾਸ਼ਾ ਵਿਚ ਜਾਈਗੋਟ ਕਿਹਾ ਜਾਂਦਾ ਹੈ। ਸੋ ਜੋ ਵੀ ਤਬਦੀਲੀਆਂ ਹੋ ਸਕਦੀਆਂ ਹਨ, ਉਹ ਇਸ ਮੁਢਲੇ ਸੈੱਲ ਦੇ ਹੋਂਦ ਵਿਚ ਆਉਣ ਸਮੇਂ ਹੀ ਹੋ ਸਕਦੀਆਂ ਹਨ। ਇਹ ਸੈੱਲ ਅੰਡੇ ਦੇ ਵਿਚ ਹੀ ਹੁੰਦਾ ਹੈ। ਇਸ ਲਈ ਇਨ੍ਹਾਂ ਤੱਥਾਂ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਅੰਡਾ ਚੂਚੇ ਨਾਲੋਂ ਪਹਿਲਾਂ ਹੋਂਦ ਵਿਚ ਆਇਆ। ਇਨ੍ਹਾਂ ਗੱਲਾਂ ਨੂੰ ਵਿਗਿਆਨਿਕਾਂ ਨੇ ਪ੍ਰਯੋਗਸ਼ਾਲਾ ਵਿਚ ਵੀ ਅਮਲ ਵਿਚ ਲਿਆਉਣਾ ਸ਼ੁਰੂ ਕੀਤਾ ਹੋਇਆ ਹੈ। ਅੱਜ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਉਪਲਬਧ ਮੁਰਗੀਆਂ ਦੀਆਂ ਵੱਖ ਵੱਖ 175 ਨਸਲਾਂ ਸੱਭ ਮੁਢਲੇ ਸੈੱਲ ਵਿਚ ਕੀਤੀਆਂ ਤਬਦੀਲੀਆਂ ਕਰ ਕੇ ਸੰਭਵ ਹੋਈਆਂ ਹਨ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement