
ਹਜ਼ਰਤ ਮੁਹੰਮਦ ਸ. ਦੀ ਨਬੁੱਵਤ ਦੇ ਪ੍ਰਮਾਣਥੋੜੀ ਦੇਰ ਸ੍ਰੀਰਕ ਅੱਖਾਂ ਬੰਦ ਕਰ ਲਉ ਤੇ ਕਲਪਨਾ ਦੀਆਂ ਅੱਖਾਂ ਖੋਲ੍ਹ ਲਵੋ। ਤਕਰੀਬਨ 1450 ਸਾਲ ਪਿੱਛੋਂ ਦੇ ਸੰਸਾਰ ਨੂੰ ਵੇਖੋ, ਇਹ ਕਿਹੋ ਜਿਹਾ ਸੰਸਾਰ ਸੀ? ਨਾ ਟੈਲੀਗ੍ਰਾਮ ਸੀ, ਨਾ ਟੈਲੀਫ਼ੂਨ ਸਨ, ਨਾ ਰੇਲ ਸੀ, ਨਾ ਛਾਪੇਖ਼ਾਨੇ ਸਨ, ਨਾ ਅਖ਼ਬਾਰ ਤੇ ਰਸਾਲੇ ਪ੍ਰਕਾਸ਼ਤ ਹੁੰਦੇ ਹਨ, ਨਾ ਕਿਤਾਬਾਂ ਛਪਦੀਆਂ ਸਨ, ਨਾ ਸਫ਼ਰ ਦੀਆਂ ਉਹ ਸਹੂਲਤਾਂ ਸਨ ਜਿਹੜੀਆਂ ਕਿ ਅੱਜਕਲ ਉਪਲਬਧ ਹਨ। ਇਕ ਦੇਸ਼ ਤੋਂ ਦੂਜੇ ਦੇਸ਼ ਤਕ ਜਾਣ ਲਈ ਮਹੀਨਿਆਂ ਦਾ ਸਫ਼ਰ ਸੀ। ਇਹੋ ਜਹੇ ਹਾਲਾਤ ਵਿਚ ਦੁਨੀਆਂ ਦੇ ਵਿਚਕਾਰ ਅਰਬ ਦੇਸ਼ ਅਲੱਗ ਥਲੱਗ ਪਿਆ ਸੀ। ਇਸ ਦੇ ਦੁਆਲੇ ਈਰਾਨ, ਰੋਮ, ਮਿਸਰ ਦੇਸ਼ ਸਨ ਜਿਨ੍ਹਾਂ ਵਿਚ ਗਿਆਨ ਤੇ ਹੁਨਰ ਦੀ ਚਰਚਾ ਸੀ। ਪਰ ਰੇਤ ਦੇ ਵੱਡੇ ਵੱਡੇ ਸਮੁੰਦਰਾਂ ਨੇ ਅਰਬ ਨੂੰ ਇਨ੍ਹਾਂ ਸਭਨਾਂ ਤੋਂ ਨਿਖੇੜ ਰਖਿਆ ਸੀ। ਅਰਬ ਦੇ ਵਪਾਰੀ ਊਠਾਂ ਉਤੇ ਮਹੀਨਿਆਂ ਦਾ ਸਫ਼ਰ ਕਰ ਕੇ ਇਨ੍ਹਾਂ ਦੇਸ਼ਾਂ ਵਿਚ ਵਪਾਰ ਲਈ ਜਾਂਦੇ ਸਨ ਪ੍ਰੰਤੂ ਇਹ ਸਬੰਧ ਮਾਲ ਦੀ ਖ਼ਰੀਦ-ਵੇਚ ਤਕ ਹੀ ਸੀਮਤ ਸਨ। ਖ਼ੁਦ ਅਰਬ ਵਿਚ ਕੋਈ ਵਧੀਆ ਕਿਸਮ ਦਾ ਆਚਾਰ-ਵਿਹਾਰ ਨਹੀਂ ਸੀ, ਨਾ ਕੋਈ ਸਕੂਲ ਸੀ, ਨਾ ਲਾਇਬ੍ਰੇਰੀ, ਨਾ ਹੀ ਲੋਕਾਂ ਵਿਚ ਵਿਦਿਆਰ ਨਾਲ ਲਗਾਅ ਸੀ। ਸਮੁੱਚੇ ਦੇਸ਼ ਵਿਚ ਗਿਣਤੀ ਦੇ ਲੋਕ ਸਨ ਜਿਹੜੇ ਕੁੱਝ ਲਿਖਣਾ-ਪੜ੍ਹਨਾ ਜਾਣਦੇ ਸਨ ਪਰ ਉਹ ਵੀ ਏਨਾ ਨਹੀਂ ਕਿ ਉਸ ਜ਼ਮਾਨੇ ਦੇ ਗਿਆਨ ਵਿਗਿਆਨ ਤੋਂ ਜਾਣੂ ਹੁੰਦੇ। ਉਥੇ ਕੋਈ ਬਾਕਾਇਦਾ ਹਕੂਮਤ ਵੀ ਨਹੀਂ ਸੀ। ਹਰ ਕਬੀਲਾ ਸੁਤੰਤਰ ਸੀ। ਧੜੱਲੇ ਨਾਲ ਲੁੱਟਮਾਰ ਹੁੰਦੀ ਸੀ। ਭਿਆਨਕ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਆਦਮੀ ਦੀ ਜਾਨ ਦਾ ਕੋਈ ਮੁੱਲ ਨਹੀਂ ਸੀ। ਜਿਸ ਦਾ, ਜਿਸ ਉਤੇ ਜ਼ੋਰ ਚਲਦਾ, ਉਸ ਨੂੰ ਮਾਰ ਸੁਟਦਾ ਤੇ ਉਸ ਦੇ ਮਾਲ ਨੂੰ ਕਾਬੂ ਕਰ ਲੈਂਦਾ। ਨੈਤਿਕ ਆਚਾਰ ਵਿਹਾਰ ਦੀ ਉਨ੍ਹਾਂ ਨੂੰ ਹਵਾ ਵੀ ਨਹੀਂ ਸੀ ਲੱਗੀ। ਕੁਕਰਮ, ਸ਼ਰਾਬਖ਼ੋਰੀ ਤੇ ਜੂਏਬਾਜ਼ੀ ਦਾ ਬਾਜ਼ਾਰ ਗਰਮ ਸੀ। ਲੋਕ ਇਕ ਦੂਜੇ ਸਾਹਮਣੇ ਨਿਧੜਕ, ਨਿਰ-ਵਸਤਰ ਹੋ ਜਾਂਦੇ ਸਨ। ਇਸਤਰੀਆਂ ਤਕ ਨਿਰ-ਵਸਤਰ ਹੋ ਕੇ ਖ਼ਾਨਾ ਕਾਅਬਾ ਦੀ ਪ੍ਰਕਰਮਾ ਕਰਦੀਆਂ ਸਨ। ਹਰਾਮ ਹਾਲਾਲ ਵਿਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ ਸੀ। ਅਰਬਾਂ ਦੀ ਸੁਤੰਤਰਤਾ ਇਥੋਂ ਤਕ ਪੁੱਜੀ ਹੋਈ ਸੀ ਕਿ ਕੋਈ ਵਿਅਕਤੀ ਕਿਸੇ ਨਿਯਮ, ਕਾਨੂੰਨ ਤੇ ਅਨੁਸ਼ਾਸਨ ਦੀ ਪਾਬੰਦੀ ਲਈ ਤਿਆਰ ਨਹੀਂ ਸੀ ਤੇ ਨਾ ਹੀ ਕਿਸੇ ਸ਼ਾਸਕ ਦੀ ਆਗਿਆ ਦਾ ਪਾਲਣ ਕਬੂਲ ਕਰ ਸਕਦਾ ਸੀ। ਅਗਿਆਨਤਾ ਦਾ ਇਹ ਹਾਲ ਸੀ ਕਿ ਸਾਰੀ ਕੌਮ ਪੱਥਰ ਦੇ ਬੁੱਤਾਂ ਦੀ ਪੂਜਾ ਕਰਦੀ ਸੀ। ਰਾਹ ਚਲਦੇ ਹੋਏ ਕੋਈ ਵਧੀਆ ਚੀਕਣਾ ਜਿਹਾ ਪੱਥਰ ਮਿਲ ਜਾਂਦਾ ਤਾਂ ਉਸ ਨੂੰ ਹੀ ਸਾਹਮਣੇ ਰੱਖ ਕੇ ਪੂਜਾ ਕਰ ਲੈਂਦੇ ਸਨ। ਭਾਵ ਇਹ ਕਿ ਜਿਹੜੀਆਂ ਗਰਦਨਾਂ ਕਿਸੇ ਦੇ ਸਾਹਮਣੇ ਨਹੀਂ ਝੁਕਦੀਆਂ ਸਨ, ਉਹ ਪੱਥਰਾਂ ਦੇ ਸਾਹਮਣੇ ਝੁਕ ਜਾਂਦੀਆਂ ਸਨ ਅਤੇ ਸਮਝਿਆ ਇਹ ਜਾਂਦਾ ਸੀ ਕਿ ਇਹ ਪੱਥਰ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਕਰਨਗੇ।ਅਜਿਹੀ ਕੌਮ ਤੇ ਅਜਿਹੀ ਹਾਲਤ ਵਿਚ ਇਕ ਵਿਅਕਤੀ ਪੈਦਾ ਹੁੰਦਾ ਹੈ। ਬਚਪਨ ਵਿਚ ਹੀ ਮਾਤਾ-ਪਿਤਾ ਤੇ ਦਾਦੇ ਦਾ ਸਾਇਆ ਸਿਰ ਤੋਂ ਉਠ ਜਾਂਦਾ ਹੈ, ਇਸ ਲਈ ਅਜਿਹੀ ਗੁਜ਼ਰੀ ਹਾਲਤ ਵਿਚ ਜਿਹੜੀ ਤਰਬੀਅਤ ਮਿਲ ਸਕਦੀ ਸੀ, ਉਹ ਵੀ ਨਹੀਂ ਮਿਲਦੀ। ਸੁਰਤ ਸੰਭਾਲਦਾ ਹੈ ਤਾਂ ਅਰਬ ਮੁੰਡਿਆਂ ਨਾਲ ਬਕਰੀਆਂ ਚਰਾਉਣ ਲਗਦਾ ਹੈ। ਜਵਾਨ ਹੁੰਦਾ ਹੈ ਤਾਂ ਵਪਾਰ ਵਿਚ ਲੱਗ ਜਾਂਦਾ ਹੈ। ਉਠਣਾ-ਬੈਠਣਾ ਤੇ ਮਿਲਣਾ-ਗਿਲਣਾ ਉਨ੍ਹਾਂ ਅਰਬਾਂ ਨਾਲ ਹੈ ਜਿਨ੍ਹਾਂ ਦੀ ਹਾਲਤ ਤੁਸੀ ਉਪਰ ਪੜ੍ਹੀ ਹੈ। ਸਿਖਿਆ ਦਾ ਨਾਂ ਤਕ ਵੀ ਨਹੀਂ। ਇਥੋਂ ਤਕ ਕਿ ਪੜ੍ਹਨਾ ਵੀ ਨਹੀਂ ਆਉਂਦਾ। ਇਸ ਦੇ ਬਾਵਜੂਦ ਉਸ ਦੀਆਂ ਆਦਤਾਂ, ਨੈਤਿਕ ਆਚਾਰ ਵਿਹਾਰ ਅਤੇ ਸੋਚ ਸੱਭ ਤੋਂ ਵਖਰੀ ਹੈ। ਕਦੇ ਝੂਠ ਨਹੀਂ ਬੋਲਦਾ, ਕਿਸੇ ਨੂੰ ਕੁਬੋਲ ਨਹੀਂ ਬੋਲਦਾ, ਉਸ ਦੀ ਜ਼ਬਾਨ ਵਿਚ ਕਠੋਰਤਾ ਦੀ ਥਾਂ ਨਿਮਰਤਾ ਹੈ, ਉਹ ਵੀ ਅਜਿਹੀ ਹੈ ਕਿ ਲੋਕ ਉਸ ਦੇ ਆਸ਼ਕ ਹੋ ਜਾਂਦੇ ਹਨ। ਉਹ ਕਿਸੇ ਦਾ ਇਕ ਪੈਸਾ ਵੀ ਅਯੋਗ ਢੰਗ ਨਾਲ ਨਹੀਂ ਲੈਂਦਾ। ਉਸ ਦੀ ਈਮਾਨਦਾਰੀ ਦਾ ਇਹ ਹਾਲ ਹੈ ਕਿ ਲੋਕ ਅਪਣੇ ਕੀਮਤੀ ਮਾਲ ਉਸ ਕੋਲ ਸੁਰੱਖਿਆ ਲਈ ਰਖਵਾਉਂਦੇ ਹਨ ਅਤੇ ਉਹ ਹਰ ਇਕ ਦੇ ਮਾਲ ਦੀ ਸੁਰੱਖਿਆ ਅਪਣੀ ਜਾਨ ਵਾਂਗ ਕਰਦਾ ਹੈ।