ਪੰਜਾਬ ਵਿਚ ਡੇਰਾਵਾਦ ਦਾ ਉਭਰਨਾ ਕਿਉਂ ਤੇ ਕਿਵੇਂ?
Published : Sep 6, 2017, 10:21 pm IST
Updated : Sep 6, 2017, 4:51 pm IST
SHARE ARTICLE


ਤਕਰੀਬਨ ਹਰ ਮਜ਼ਹਬ ਦੇ ਗੁਰੂਆਂ ਅਤੇ ਸੰਚਾਲਕਾਂ ਨੇ 'ਮਾਨਸ ਕੀ ਜਾਤ ਸਬ ਏਕੈ ਹੀ ਪਹਿਚਾਨਬੋ' ਦਾ ਸੰਦੇਸ਼ ਬਹੁਤ ਸਪੱਸ਼ਟ ਸ਼ਬਦਾਂ ਵਿਚ ਦਿਤਾ ਸੀ। ਆਦਿ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵਿਚ ਭਗਤਾਂ ਦੀ ਬਾਣੀ ਦਰਜ ਹੈ। ਭਗਤ ਰਵਿਦਾਸ, ਕਬੀਰ ਜੀ, ਬਾਬਾ ਨਾਮਦੇਵ, ਧੰਨਾ ਜੀ, ਤ੍ਰਿਲੋਚਨ ਜੀ, ਭੀਖਣ ਜੀ, ਸ਼ੇਖ ਬਾਬਾ ਫ਼ਰੀਦ, ਸਧਨਾ ਜੀ ਆਦਿ ਇਨ੍ਹਾਂ ਸੱਭ ਮਹਾਂਪੁਰਸ਼ਾਂ ਦੇ ਅਲੌਕਿਕ ਬਚਨਾਂ ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਦਿਤੀ। ਇਸ ਸਾਰੇ ਕੁੱਝ ਦਾ ਇਕ ਖ਼ਾਸ ਉਦੇਸ਼ ਸੀ ਕਿ ਜਾਤ-ਪਾਤ ਦਾ ਕੋਈ ਭੇਦ-ਫ਼ਰਕ ਨਹੀਂ। ਇਹ ਧਾਰਮਕ ਪੁਰਖ ਭਾਵੇਂ ਹਿੰਦੂ, ਮੁਸਲਮਾਨ ਜਾਂ ਕਿਸੇ ਵੀ ਜਾਤ-ਪਾਤ ਨਾਲ ਸਬੰਧਤ ਸਨ, ਉਨ੍ਹਾਂ ਦੇ ਬਚਨਾਂ ਨੂੰ ਸਤਿਕਾਰਦੇ ਹੋਏ, ਉਨ੍ਹਾਂ ਦੀ ਰਚਨਾ ਨੂੰ ਪਾਵਨ ਗ੍ਰੰਥ ਵਿਚ ਅੰਕਿਤ ਕੀਤਾ ਗਿਆ।

ਥੋੜ੍ਹਾ ਹੋਰ ਅੱਗੇ ਚਲਦੇ ਹੋਏ ਵੇਖੀਏ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖ਼ਾਲਸਾ ਪੰਥ ਸਾਜਿਆ ਤਾਂ ਪਹਿਲੇ ਪੰਜ ਪਿਆਰੇ, ਵੱਖੋ-ਵੱਖ ਥਾਵਾਂ ਤੋਂ ਆਏ ਹੋਏ ਅਤੇ ਵਖਰੀਆਂ-ਵਖਰੀਆਂ ਜਾਤੀਆਂ ਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਆਪ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਤੇ ਉਨ੍ਹਾਂ ਕੋਲੋਂ ਹੀ ਖ਼ੁਦ ਅੰਮ੍ਰਿਤਪਾਨ ਕੀਤਾ। ਇਹ ਖ਼ਲਕਤ ਨੂੰ ਬਹੁਤ ਵੱਡਾ ਸੰਦੇਸ਼ ਸੀ ਬਰਾਬਰੀ ਤੇ ਜਾਤ ਰਹਿਤ ਸਮਾਜ ਨੂੰ ਸਿਰਜਣ ਦਾ।

ਸੱਚ ਨੂੰ ਸਮਝੀਏ ਤੇ ਇਕ ਸਵਾਲ ਕਰੀਏ ਅਪਣੇ ਆਪ ਨੂੰ ਕਿ ਕੀ ਅਸੀ ਉਸ ਗੁਰੂ ਦੇ ਸੰਦੇਸ਼ ਤੇ ਚੱਲ ਰਹੇ ਹਾਂ? ਪੰਜਾਬ ਵਿਚ ਕਿੰਨੇ ਹੀ ਡੇਰੇ ਚਲ ਰਹੇ ਹਨ ਤੇ ਉਨ੍ਹਾਂ ਵਿਚੋਂ ਬਹੁਤਿਆਂ ਦੀ ਚੜ੍ਹਤ ਇਸ ਕਰ ਕੇ ਹੋਈ ਹੈ ਕਿ ਸਮਾਜ ਦੇ ਗਿਣੇ ਜਾਂਦੇ ਨੀਵੇਂ ਵਰਗ ਨੂੰ ਸਿੱਖ ਧਰਮ ਵਿਚ ਬਣਦਾ ਮਾਣ ਨਹੀਂ ਦਿਤਾ ਜਾਂਦਾ ਰਿਹਾ। ਗੱਲ ਹੇਠਾਂ ਤੋਂ ਹੀ ਸ਼ੁਰੂ ਕਰ ਲਈਏ। ਪਿੰਡਾਂ ਵਿਚ ਗ਼ਰੀਬ ਦਲਿਤ ਪ੍ਰਵਾਰਾਂ ਨੂੰ ਤਾਂ ਸਥਾਪਤ ਸ਼ਮਸ਼ਾਨਘਾਟਾਂ ਵਿਚ, ਮ੍ਰਿਤਕਾਂ ਦਾ ਸਸਕਾਰ ਹੀ ਨਹੀਂ ਕਰਨ ਦਿਤਾ ਜਾਂਦਾ। ਪਛੜੀ ਸ਼੍ਰੇਣੀ ਵਾਲਿਆਂ ਨੂੰ ਪਿੰਡ ਵਿਚ ਕੀ, ਸ਼ਹਿਰਾਂ ਵਿਚ ਵੀ ਸਰਦਾਰ ਦੇ ਸਾਹਮਣੇ ਬੈਠਣ ਦੀ ਵੀ ਇਜਾਜ਼ਤ ਨਹੀਂ। ਪਿੰਡਾਂ ਵਿਚ ਕਈ ਸਥਾਪਤ ਗੁਰਦਵਾਰਿਆਂ ਵਿਚ, ਹਰੀਜਨਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ।

ਭਗਤ ਨਾਮਦੇਵ ਜੀ ਦੀ ਇਕ ਪੰਗਤੀ ਦਾ ਇਥੇ ਜ਼ਿਕਰ ਕਰਨਾ ਠੀਕ ਲਗਦਾ ਹੈ। ਭਗਤ ਨਾਮਦੇਵ ਰੱਬ ਦਾ ਭਗਤ, ਇਕ ਛੀਂਬੇ ਪ੍ਰਵਾਰ ਵਿਚੋਂ ਸਨ। ਇਹ ਪ੍ਰਵਾਰ ਕਪੜੇ ਧੋਂਦੇ ਤੇ ਕਪੜੇ ਛਾਪਣ ਦਾ ਕੰਮ ਕਰਦੇ ਸਨ। ਜਦੋਂ ਉਹ ਮੰਦਰ ਗਏ ਤਾਂ  ਪੁਜਾਰੀਆਂ ਨੇ ਉਸ ਨੂੰ ਧੱਕੇ ਮਾਰਦੇ ਹੋਏ ਮੰਦਰ ਤੋਂ ਬਾਹਰ ਕੱਢ ਦਿਤਾ ਕਿਉਂਕਿ ਉਹ ਨੀਵੀਂ ਜਾਤ ਦਾ ਸੀ। ਭਗਤ ਨਾਮਦੇਵ ਦੁਖੀ ਅਤੇ ਵਿਆਕੁਲ ਹੁੰਦੇ ਹੋਏ ਪ੍ਰਮਾਤਮਾ ਨਾਲ ਸ਼ਿਕਵਾ ਕਰਦੇ ਹੋਏ ਮੰਦਰ ਦੇ ਪਿਛਲੇ ਪਾਸੇ ਬੈਠ ਕੇ ਬੇਨਤੀ ਕਰਦੇ ਇਹ ਸ਼ਬਦ ਉਚਾਰਨ ਕੀਤਾ-
ਹਸਤ ਖੇਲਤ ਤੇਰੇ ਦੇਹੁਰੇ ਆਇਆ£
ਭਗਤਿ ਕਰਤ ਨਾਮਾ ਪਕਰਿ ਉਠਾਇਆ£
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ£
ਛੀਪੇ ਕੇ ਜਨਮਿ ਕਾਹੇ ਕਉ ਆਇਆ £
ਅੰਗ - 1164
(ਪ੍ਰਮਾਤਮਾ, ਮੈਂ ਤਾਂ ਹਸਦਾ ਤੇਰੇ ਦਰ ਤੇ ਆਇਆ ਹਾਂ ਤੇ ਮੇਰੀ ਨੀਵੀਂ ਜਾਤ ਕਰ ਕੇ ਮੈਨੂੰ ਉਠਾ ਦਿਤਾ ਹੈ। ਮੇਰਾ ਕੀ ਕਸੂਰ ਹੈ ਕਿ ਮੈਂ ਛੀਂਬੇ ਦੇ ਘਰ ਜਨਮ ਲਿਆ ਹੈ।) ਵੇਖਣ ਦੀ ਗੱਲ ਇਹ ਹੈ ਕਿ ਚਾਰ ਸੌ ਸਾਲ ਦੇ ਸਮੇਂ ਤੋਂ ਪਹਿਲਾਂ ਵੀ ਸਮਾਜ ਵਿਚ ਬਰਾਬਰਤਾ ਗ਼ਾਇਬ ਸੀ। ਏਨਾ ਸਮਾਂ ਬੀਤਣ ਤੋਂ ਬਾਅਦ ਵੀ, ਸਿੱਖ ਸਮਾਜ ਵਿਚ, ਗੁਰੂਆਂ ਦੇ ਉਪਦੇਸ਼ਾਂ ਦੇ ਬਾਵਜੂਦ ਵੀ ਜਾਤ-ਪਾਤ ਦਾ ਫ਼ਰਕ ਸਾਡੇ ਸਮਾਜ ਵਿਚ ਰਿਹਾ ਹੈ।

ਡੇਰੇ ਜਦੋਂ ਸਥਾਪਤ ਹੋਏ ਤੇ ਪਹਿਲਾਂ ਤਾਂ ਇਹ ਸਿੱਖੀ ਪ੍ਰਚਾਰ ਦਾ ਇਕ ਸੋਮਾ ਸਨ। ਇਥੇ ਗੁਰਬਾਣੀ ਦੀ ਕਥਾ ਕੀਰਤਨ ਤੇ ਅੰਮ੍ਰਿਤ ਪ੍ਰਚਾਰ ਵੀ ਹੁੰਦਾ ਰਿਹਾ ਅਤੇ ਕਈ ਡੇਰਿਆਂ ਵਿਚ ਅਜੇ ਵੀ ਇਸ ਤਰ੍ਹਾਂ ਚਲ ਰਿਹਾ ਹੈ ਪਰ ਬਹੁਤੇ ਡੇਰਿਆਂ ਦੇ ਮੁਖੀ ਅਪਣੇ ਆਪ ਵਿਚ ਵੱਡੇ ਸਾਧ ਬਣ ਕੇ, ਅਪਣੀਆਂ-ਅਪਣੀਆਂ ਡਫ਼ਲੀਆਂ ਵਜਾਉਣ ਲੱਗ ਪਏ। ਸਾਡੇ ਸਿੱਖ ਧਰਮ ਵਿਚ ਪ੍ਰਚਾਰ ਦੀ ਕਮੀ, ਜਾਤ-ਪਾਤ ਪ੍ਰਤੀ ਸਹਿਣਸ਼ੀਲਤਾ ਦੀ ਘਾਟ, ਊਚ-ਨੀਚ ਦਾ ਫ਼ਰਕ ਨਾ ਮਿਟਾ ਸਕਣਾ, ਕਿਸੇ ਨੀਵੀਂ ਜਾਤ ਦੇ ਗ਼ਰੀਬ ਅਤੇ ਲੋੜਵੰਦ ਦੀ ਮਦਦ ਨਾ ਕਰਨੀ, ਉਨ੍ਹਾਂ ਪ੍ਰਤੀ ਮੰਦੀ ਬੋਲੀ ਦਾ ਬੋਲਣਾ ਤੇ ਇਸ ਸੱਭ ਕਾਸੇ ਨੇ ਜਨਮ ਦਿਤਾ ਇਕ ਵਖਰੇ ਡੇਰਾਵਾਦ ਨੂੰ।

ਪੰਜਾਬ ਵਿਚ ਕਿਹਾ ਜਾ ਰਿਹਾ ਹੈ ਕਿ ਈਸਾਈ ਮਤ ਵਾਲੇ, ਵਖਰੀਆਂ-ਵਖਰੀਆਂ ਥਾਵਾਂ ਤੇ ਅਪਣੇ ਚਰਚ ਗਿਰਜੇ ਬਣਾ ਰਹੇ ਹਨ ਅਤੇ ਗ਼ਰੀਬਾਂ ਨੂੰ ਪ੍ਰੇਰ ਕੇ, ਅਪਣੇ ਘੇਰੇ ਵਿਚ ਲਿਆਉਣ ਦੀ ਭਰਪੂਰ ਕੋਸ਼ਿਸ਼ ਵਿਚ ਹਨ। ਇਹ ਨਾ ਭੁਲੀਏ ਕਿ ਦੇਸ਼ ਵਿਚ ਈਸਾਈ ਮਤ ਦੀ ਚੜ੍ਹਤ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸ਼ੁਰੂ ਹੋਈ। ਜਦੋਂ ਅੰਗਰੇਜ਼ ਪਾਦਰੀ ਅਪਣਾ ਸੱਭ ਕੁੱਝ ਤਿਆਗ ਕੇ ਧਰਮ ਦੀ ਪ੍ਰਫ਼ੁਲਤਾ ਵਲ ਜੁੜ ਪਏ। ਗ਼ਰੀਬਾਂ ਨੂੰ ਮੁਫ਼ਤ ਵਿਦਿਆ, ਮੁਫ਼ਤ ਡਾਕਟਰੀ ਸਹਾਇਤਾ ਅਤੇ ਲੋੜੀਂਦੀ ਮਾਇਕ ਮਦਦ ਨੇ ਗ਼ਰੀਬਾਂ ਦਾ ਦਿਲ ਮੋਹ ਲਿਆ ਤੇ ਉਨ੍ਹਾਂ ਈਸਾਈ ਬਣਨ ਵਿਚ ਕੋਈ ਵੀ ਇਤਰਾਜ਼ ਨਾ ਸਮਝਿਆ।
ਪਿਛਲੇ ਕੁੱਝ ਸਮੇਂ ਤੋਂ ਡੇਰਾ ਸਿਰਸਾ ਗੰਭੀਰ ਵਿਵਾਦ ਤੇ ਚਰਚਾ ਵਿਚ ਰਿਹਾ ਹੈ। ਇਸ ਡੇਰੇ ਵਿਚ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੇ ਸੇਵਕਾਂ ਤੇ ਪ੍ਰੇਮੀਆਂ ਦੀ ਗਿਣਤੀ ਪੰਜ ਕਰੋੜ ਤੋਂ ਵੀ ਵੱਧ ਹੈ। ਇਸ ਸਬੰਧੀ ਜਾਣਕਾਰੀ ਲੈਣ ਉਪਰੰਤ, ਪਤਾ ਲੱਗਾ ਹੈ ਕਿ ਇਸ ਡੇਰੇ ਦੇ 95 ਫ਼ੀ ਸਦੀ ਸੇਵਕ ਜਾਂ ਪ੍ਰੇਮੀ ਦਲਿਤ ਅਤੇ ਗ਼ਰੀਬ ਪ੍ਰਵਾਰਾਂ ਨਾਲ ਸਬੰਧ ਰੱਖਣ ਵਾਲੇ ਹਨ। ਪੰਜਾਬ ਅਤੇ ਹਰਿਆਣੇ ਦੇ ਪੰਦਰਾਂ-ਪੰਦਰਾਂ ਵਿਧਾਇਕ ਖੇਤਰਾਂ ਵਿਚ ਇਨ੍ਹਾਂ ਦਾ ਪ੍ਰਭਾਵ ਹੈ। ਇਸੇ ਕਰ ਕੇ ਹਰ ਚੋਣ ਦੰਗਲ ਵੇਲੇ, ਵਖਰੀਆਂ-ਵਖਰੀਆਂ ਪਾਰਟੀਆਂ, ਅਕਾਲੀ ਦਲ ਦੇ ਨੇਤਾਵਾਂ ਸਮੇਤ, ਕਤਾਰਾਂ ਲਾ ਕੇ ਇਸ ਡੇਰੇ ਦੇ ਬਾਬੇ ਕੋਲ ਸਮਰਥਨ ਲੈਣ ਲਈ ਬੇਨਤੀਆਂ ਕਰਦੀਆਂ ਵੇਖੀਆਂ ਗਈਆਂ ਹਨ।

ਡੇਰਿਆਂ ਦੀ ਹੋਂਦ ਨੂੰ ਹੁੰਗਾਰਾ ਉਦੋਂ ਮਿਲਿਆ ਜਦੋਂ ਦਲਿਤ ਅਤੇ ਗ਼ਰੀਬਦੀ ਕਿਸੇ ਧਾਰਮਕ ਸੰਸਥਾ ਨੇ ਸਾਰ ਨਾ ਲਈ ਤਾਂ ਕੁਦਰਤੀ ਉਹ ਉਥੇ ਪਹੁੰਚੇ ਜਿਥੇ ਉਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਹੋਈ। ਇਨ੍ਹਾਂ ਡੇਰਿਆਂ ਵਿਚ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ। ਇਸੇ ਕਰ ਕੇ ਗ਼ਰੀਬਾਂ ਦਾ ਵਰਗ ਤੇ ਛੋਟੀਆਂ ਜਾਤੀਆਂ ਨੇ ਇਨ੍ਹਾਂ ਅਸਥਾਨਾਂ ਨੂੰ ਅਪਣੇ ਲਈ ਠੀਕ ਠਾਹਰ ਸਮਝਦਿਆਂ, ਇਨ੍ਹਾਂ ਨਾਲ ਨੇੜਤਾ ਤੇ ਨਾਤਾ ਜੋੜਿਆ। ਇਨ੍ਹਾਂ ਗ਼ਰੀਬ ਵਰਗ ਦੇ ਲੋਕਾਂ ਨੂੰ ਕਿਸੇ ਪਾਰਟੀ ਤੇ ਸੰਸਥਾ ਵਿਚ ਤੇ ਨਾ ਹੀ ਪੰਚਾਇਤਾਂ ਵਿਚ, ਪੁਲਿਸ ਵਿਚ ਕਚਹਿਰੀਆਂ ਵਿਚ ਕੋਈ ਕਬੂਲੀਅਤ ਹੋਈ। ਇਨ੍ਹਾਂ ਦੀ ਅਣਖ ਨੂੰ ਸਮਾਜ ਦੇ ਅਮੀਰ, ਉੱਚੀ ਜਾਤ ਤੇ ਉੱਚ ਵਰਗ ਨੇ ਨਾ ਤਾਂ ਥਾਂ ਦਿਤੀ ਅਤੇ ਨਾ ਹੀ ਕੋਈ ਉਪਰਾਲਾ ਕੀਤਾ। ਕੁਦਰਤੀ ਜਦੋਂ ਇਹੋ ਜਿਹੀ ਸਮਾਜਕ ਸਥਿਤੀ ਹੋਵੇ ਤਾਂ ਕੋਈ ਵੀ ਜਿਥੇ ਉਸ ਨੂੰ ਇੱਜ਼ਤ ਦੀ ਬਹਾਲੀ ਤੇ ਬਰਾਬਰਤਾ ਦਾ ਵਰਤਾਰਾ ਮਿਲੇਗਾ, ਉਹ ਉਥੇ ਹੀ ਜਾਵੇਗਾ। ਕਿਸੇ ਘਰ ਦੀ ਔਰਤ ਤੇ ਖ਼ਾਸ ਕਰ ਕੇ ਗ਼ਰੀਬ ਪ੍ਰਵਾਰ ਨਾਲ ਸਬੰਧ ਰੱਖਣ ਵਾਲੀ ਨਹੀਂ ਚਾਹੁੰਦੀ ਕਿ ਉਸ ਘਰ ਦੇ ਕਮਾਉਣ ਵਾਲੇ ਕਿਸੇ ਨਸ਼ੇ ਵਿਚ ਪੈਣ। ਜਦੋਂ ਇਹ ਡੇਰੇ ਨਸ਼ਿਆਂ ਵਿਰੁਧ ਪ੍ਰਚਾਰ ਕਰਦੇ ਹਨ ਤਾਂ ਇਨ੍ਹਾਂ ਸੁਆਣੀਆਂ ਨੂੰ ਇਹ ਚੰਗਾ ਲਗਦਾ ਹੈ। ਇਕ ਗੱਲ ਹੋਰ ਭਾਵੇਂ ਬਹੁਤਿਆਂ ਨੂੰ ਇਹ ਚੰਗੀ ਵੀ ਨਾ ਲੱਗੇ, ਪਰ ਸੱਚ ਤਾਂ ਕਹਿਣਾ ਹੀ ਬਣਦਾ ਹੈ। ਸਿਵਾਏ ਕੁੱਝ ਚੈਰੀਟੇਬਲ ਹਸਪਤਾਲ ਤੇ ਡਿਸਪੈਂਸਰੀਆਂ ਤੋਂ ਇਲਾਵਾ ਜਿਥੇ ਦਵਾਈਆਂ ਆਦਿ ਬਿਨਾਂ ਪੈਸੇ ਦੇ ਮਿਲ ਸਕਦੀਆਂ ਹਨ, ਬੀਮਾਰੀ ਦੀ ਹਾਲਤ ਵਿਚ ਇਲਾਜ ਕਰਾਉਣ ਲਈ ਗ਼ਰੀਬ ਕਿੱਥੇ ਜਾਵੇ? ਜੇ ਇਹ ਡੇਰੇ ਉਨ੍ਹਾਂ ਗ਼ਰੀਬ ਅਤੇ ਦਲਿਤਾਂ ਲਈ ਮੁਫ਼ਤ ਇਲਾਜ ਅਤੇ ਦਵਾਈਆਂ ਦਿੰਦੇ ਹਨ ਤਾਂ ਸੁਭਾਵਕ ਹੀ ਉਨ੍ਹਾਂ ਦਾ ਰੁਝਾਨ ਉਥੇ ਹੋ ਜਾਵੇਗਾ ਅਤੇ ਇਹ ਹੀ ਇਕ ਹੋਰ ਕਾਰਨ ਬਣਿਆ ਇਨ੍ਹਾਂ ਡੇਰਿਆਂ ਦੇ ਉਥਾਨ ਦਾ। ਜਿਥੇ-ਜਿਥੇ ਸਰਕਾਰਾਂ ਤੇ ਹੋਰ ਧਾਰਮਕ ਸੰਸਥਾਵਾਂ ਇਨ੍ਹਾਂ ਗ਼ਰੀਬਾਂ ਤੇ ਦਲਿਤਾਂ ਨੂੰ ਹਰ ਖੇਤਰ 'ਚ ਸੰਭਾਲਣ ਵਿਚ ਫ਼ੇਲ੍ਹ ਹੋਈਆਂ, ਇਨ੍ਹਾਂ ਡੇਰਿਆਂ ਨੇ ਅਜਿਹੇ ਗ਼ਰੀਬਾਂ ਦੀ ਬਾਂਹ ਫੜੀ। ਗ਼ਰੀਬਾਂ ਦੀਆਂ ਬੱਚੀਆਂ ਦੇ ਵਿਆਹ ਕਾਰਜਾਂ ਵਿਚ ਮਦਦ ਕੀਤੀ ਇਨ੍ਹਾਂ ਡੇਰਿਆਂ ਨੇ।

ਪੰਜਾਬ ਵਿਚ ਸਥਾਪਤ ਕਈਆਂ ਡੇਰਿਆਂ ਵਲੋਂ ਵਿਦਿਅਕ ਸੰਸਥਾਵਾਂ, ਨਰਸਿੰਗ ਕਾਲਜ ਤੇ ਹਸਪਤਾਲ ਡਿਸਪੈਂਸਰੀਆਂ ਵੀ ਖੋਲ੍ਹੀਆਂ ਹਨ। ਇਹ ਸਮਾਜਸੇਵੀ ਕੰਮ ਸ਼ਲਾਘਾਯੋਗ ਹਨ, ਜੇ ਇਸ ਵਿਚ ਵਪਾਰਕ ਤੇ ਵਿੱਤੀ ਲਾਹੇਵੰਦ ਉਦੇਸ਼ ਨਾ ਹੋਵੇ। ਇਨ੍ਹਾਂ ਡੇਰਿਆਂ ਦੀ ਕਰੋੜਾਂ ਅਰਬਾਂ ਰੁਪਏ ਦੀ ਜਾਇਦਾਦ ਹੈ। ਇਥੇ ਦਸਣ ਦੀ ਲੋੜ ਨਹੀਂ ਪਰ ਆਪਾਂ ਜਾਣਦੇ ਹੀ ਹਾਂ ਕਿ ਹਰ ਸ਼ਹਿਰ, ਨਗਰ ਵਿਚ, ਵੱਡੀਆਂ ਸੜਕਾਂ ਦੇ ਕਿਨਾਰੇ ਕਈ ਏਕੜਾਂ ਵਿਚ ਇਨ੍ਹਾਂ ਡੇਰਿਆਂ ਨੇ ਜ਼ਮੀਨਾਂ ਲਈਆਂ ਹਨ ਤੇ ਸਿਰਫ਼ ਐਤਵਾਰ ਨੂੰ ਹੀ ਸਮਾਗਮ ਹੁੰਦਾ ਹੈ। ਹਰ ਪ੍ਰਵਾਰ ਹੀ ਨਹੀਂ, ਹਰ ਬੰਦੇ ਨੂੰ ਕੋਈ ਨਾ ਕੋਈ ਮਾਨਸਿਕ ਜਾਂ ਸਰੀਰਕ ਤਕਲੀਫ਼ ਹੈ। ਜਦੋਂ ਉਸ ਨੂੰ ਕੋਈ ਰਾਹ ਨਹੀਂ ਮਿਲਦਾ ਤਾਂ ਕਿਸੇ ਦੇ ਪੁੱਛਣ ਦਸਣ ਤੇ ਉਹ ਥਾਂ ਪਹਿਲਾਂ ਜੋਤਸ਼ੀਆਂ ਤਾਂਤਰਿਕਾਂ ਦੇ ਅੱਡੇ ਜਾ ਚੜ੍ਹਦਾ ਹੈ ਤੇ ਫਿਰ ਇਨ੍ਹਾਂ ਡੇਰਿਆਂ ਵਿਚ ਜਾ ਕੇ ਸ਼ਾਂਤੀ ਲਭਦਾ ਹੈ। ਇਸ ਤਰ੍ਹਾਂ ਇਨ੍ਹਾਂ ਡੇਰਿਆਂ ਵਿਚ ਸ਼ਰਧਾਲੂਆਂ ਦੀ ਗਿਣਤੀ ਵਧਦੀ ਜਾਂਦੀ ਹੈ। ਜਦੋਂ ਕੋਈ ਉੱਚ ਪਦਵੀ ਵਾਲਾ ਜਾਂ ਅਮੀਰ ਇਨਸਾਨ ਉਥੇ ਜਾ ਪਹੁੰਚਦਾ ਹੈ ਤਾਂ ਹੋਰ ਲੋਕ ਵੀ ਵੇਖਾ ਵੇਖੀ ਉਸ ਡੇਰੇ ਨਾਲ ਆ ਜੁੜਦੇ ਹਨ।

ਜਿਥੇ ਕੁੱਝ ਡੇਰਿਆਂ ਵਲੋਂ ਧਾਰਮਕ ਕੰਮਾਂ ਤੋਂ ਇਲਾਵਾ ਹੋਰ ਸਮਾਜਕ ਕੰਮ ਵੀ ਕੀਤੇ ਗਏ, ਪਰ ਉਥੇ ਕੁਰੀਤੀਆਂ ਵੀ ਆ ਗਈਆਂ। ਜੇ ਡੇਰੇ ਦੇ ਮੁਖੀ ਦਾ ਅਪਣਾ ਕਿਰਦਾਰ ਚਾਲ-ਚਲਨ ਉੱਚਾ ਨਹੀਂ ਤਾਂ ਉਹ ਭੋਲੀਆਂ-ਭਾਲੀਆਂ ਗ਼ਰੀਬ ਇਸਤਰੀਆਂ ਨੂੰ ਵਰਗਲਾ ਕੇ ਕੁਰੀਤੀਆਂ ਦੇ ਰਾਹ ਤੇ ਪੈ ਜਾਂਦੇ ਹਨ। ਪਿਛਲੇ ਕੁੱਝ ਸਾਲਾਂ ਵਿਚ ਆਸਾਰਾਮ, ਰਾਮਪਾਲ, ਨਿਤਿਆਨੰਦ ਸੁਆਮੀ, ਸੁਆਮੀ ਪਰਮਾਨੰਦ, ਬਾਬਾ ਗਿਆਨ ਚੈਤਨਯ ਤੇ ਹੁਣ ਸੌਦਾ ਸਾਧ ਚਰਿੱਤਰਹੀਣ ਹੁੰਦੇ ਹੋਏ ਐਸ਼ਪ੍ਰਸਤੀ ਦੇ ਰਾਹ ਤੇ ਚਲਦੇ ਜੇਲਾਂ ਵਿਚ ਬੈਠੇ ਹਨ। ਇਸ ਚਰਿੱਤਰਹੀਣ ਸੌਦਾ ਸਾਧ ਦੀ ਹਮਾਕਤ ਵੇਖੋ ਕਿ ਇਹ ਦਸਮ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਂਗਾਂ ਲਾਉਂਦਾ ਰਿਹਾ ਅਤੇ ਕੌਮ ਦੀ ਬਦਕਿਸਮਤੀ ਕਿ ਸਾਡੇ ਸਿੰਘ ਸਾਹਿਬਾਨ, ਰਾਜਨੀਤਕਾਂ ਦੇ ਕਹਿਣ ਤੇ ਪੂਰੇ ਦਬਾਅ ਹੇਠਾਂ ਆ ਕੇ ਇਸ ਨੂੰ ਮਾਫ਼ ਕਰਦੇ ਰਹੇ।

ਇਕ ਆਖ਼ਰੀ ਗੱਲ ਕਿ ਸਿਆਸੀ ਪਾਰਟੀਆਂ ਦੇ ਨੇਤਾ ਅਪਣੇ ਨਿਜੀ ਸਵਾਰਥਾਂ ਨੂੰ ਸਾਹਮਣੇ ਰਖਦੇ ਹੋਏ ਇਨ੍ਹਾਂ ਡੇਰਿਆਂ ਵਿਚ ਆਮ ਜਾਂਦੇ ਤੇ ਬਖ਼ਸ਼ਿਸ਼ਾਂ ਮੰਗਦੇ ਹਨ। ਫਿਰ ਉਸ ਤੋਂ ਬਾਅਦ, ਇਹ ਰਾਜਨੀਤਕ ਸੱਤਾ ਵਿਚ ਆਉਣ ਮਗਰੋਂ ਇਨ੍ਹਾਂ ਦੇ ਸਮਰਥਕ ਬਣਦੇ ਹੋਏ ਇਨ੍ਹਾਂ ਤੋਂ ਦੂਰ ਨਹੀਂ ਜਾ ਸਕਦੇ। ਇਹੀ ਕੁੱਝ ਪੰਜਾਬ ਤੇ ਹਰਿਆਣੇ ਵਿਚ ਹੋਇਆ। ਇਥੇ ਹਰ ਸਿਆਸੀ ਪਾਰਟੀ, ਸਮੇਤ ਅਕਾਲੀ ਦਲ ਦੇ, ਨੇ ਇਸ ਡੇਰੇ ਦੀ ਹਮਾਇਤ ਮੰਗੀ ਤੇ ਹਰਿਆਣੇ ਵਿਚ ਭਾਜਪਾ ਨੇ ਸਮਰਥਨ ਹਾਸਲ ਕੀਤਾ। ਫਿਰ ਹੁਣ ਹਰਿਆਣੇ ਦੀ ਭਾਜਪਾ ਸਰਕਾਰ ਕਿਹੜੇ ਮੂੰਹ ਨਾਲ ਇਸ ਸਾਧ ਦੀ ਗੱਲ ਨਾ ਸੁਣਦੀ?

ਇਸ ਡੇਰਾਵਾਦ ਦੇ ਉਭਾਰ ਤੋਂ ਸਾਡੀ ਸਿੱਖ ਕੌਮ ਨੂੰ ਸਿਖਣ ਦੀ ਲੋੜ ਹੈ। ਕੌਮ ਦੇ ਧਾਰਮਕ ਮੁਖੀਆਂ ਅਤੇ ਸਿਆਸਤਦਾਨਾਂ ਦਾ ਫ਼ਰਜ਼ ਹੈ ਕਿ ਅਪਣੀ ਕੌਮ ਦੇ ਹਰ ਵਰਗ ਦਾ ਧਿਆਨ ਰਖਦੇ ਹੋਏ, ਊਚ-ਨੀਚ ਤੋਂ ਉਤਾਂਹ ਉਠਦੇ ਹੋਏ ਇਨ੍ਹਾਂ ਨੂੰ ਨਾਲ ਜੋੜੀਏ। ਪਿੰਡਾਂ ਵਿਚ ਖ਼ਾਸ ਕਰ ਕੇ ਅਪਣੀ ਜਾਤ-ਪਾਤ ਦੇ ਭੇਦ ਨੂੰ ਮਿਟਾਉਂਦੇ ਹੋਏ ਇਨ੍ਹਾਂ ਨੂੰ ਬਰਾਬਰੀ ਦਾ ਦਰਜਾ ਦੇਈਏ। ਵੇਖ ਵੀ ਤਾਂ ਰਹੇ ਹਾਂ ਕਿ ਪਿੰਡਾਂ ਵਿਚ ਹਰੀਜਨਾਂ ਦਾ ਵਖਰਾ ਗੁਰਦਵਾਰਾ ਹੈ ਤਾਂ ਬਾਕੀਆਂ ਦਾ ਅਡਰਾ। ਇਹ ਤਾਂ ਗੁਰੂ ਆਸ਼ੇ ਦੇ ਸੁਨਿਹਰੀ ਅਸੂਲਾਂ ਦੇ ਵਿਰੁਧ ਹੈ। ਅਸੀ ਰਜਵਾਂ ਪ੍ਰਚਾਰ ਕਰੀਏ ਕਿ ਹਰ ਸਿੱਖ ਦਸਵੰਧ ਕੱਢੇ ਅਤੇ ਹਰ ਗ਼ਰੀਬ, ਲੋੜਵੰਦ ਦੀ ਬਾਂਹ ਫੜੇ। 'ਗਰੀਬ ਦਾ ਮੂੰਹ ਗੁਰੂ ਦੀ ਗੋਲਕ' ਦਾ ਸਿਧਾਂਤ ਤਾਂ ਅਸੀ ਭੁੱਲ ਗਏ ਹਾਂ। ਜੇ ਇਕ ਵਾਰੀ, ਇਸ ਬਾਰੇ ਸੋਚ ਕੇ ਕੋਈ ਨਿੱਗਰ ਨੀਤੀ ਬਣਾਉਂਦੇ ਹੋਏ ਅਮਲ ਕਰ ਸਕੀਏ ਤਾਂ ਉਭਰਦੇ ਡੇਰਾਵਾਦ ਨੂੰ ਠੱਲ੍ਹ ਪਵੇਗੀ। ਕੌਮ ਸਿੱਖੀ ਤੋਂ ਦੂਰ ਨਹੀਂ ਜਾਵੇਗੀ ਤੇ ਫਿਰ ਚੋਣਾਂ ਵਿਚ ਇਨ੍ਹਾਂ ਡੇਰਿਆਂ ਵਿਚ ਜਾ ਕੇ ਰਾਜਨੀਤਕਾਂ ਨੂੰ ਗਿੜਗਿੜਾਉਣਾ ਨਹੀਂ ਪਵੇਗਾ, ਜੋ ਅਸੀ ਨਿਤ ਹੁੰਦਾ ਵੇਖ ਰਹੇ ਹਾਂ।
ਸੰਪਰਕ : 88720-06924

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement