ਪੰਜਾਬ ਵਿਚ ਗਵਰਨਰੀ ਰਾਜ ਲਾਗੂ ਹੋਣ ਮਗਰੋਂ ਸੂਬੇ ਵਿਚ ਬਦਅਮਨੀ : ਪ੍ਰੋ. ਦਰਸ਼ਨ ਸਿੰਘ ਦੀ ਭੂਮਿਕਾ ਅਤੇ ਬੇਬਸੀ ਦਾ ਆਲਮ
Published : Sep 16, 2017, 9:28 pm IST
Updated : Sep 16, 2017, 3:58 pm IST
SHARE ARTICLE

ਕੇਂਦਰ ਸਰਕਾਰ ਨੇ ਰਾਜੀਵ ਲੌਂਗੋਵਾਲ ਲਿਖਤੀ ਸਮਝੌਤੇ ਤੋਂ ਬਾਅਦ, ਪੰਜਾਬ ਲਈ ਕੁੱਝ ਨਾ ਕੀਤਾ, ਸਿਵਾਏ ਅਨੰਦਪੁਰ ਦੇ ਮਤੇ ਨੂੰ ਸਰਕਾਰੀਆ ਕਮਿਸ਼ਨ ਦੀ ਸਪੁਰਦਗੀ ਦੇ ਅਤੇ ਪਾਣੀਆਂ ਦੀ ਕਾਣੀ ਵੰਡ ਲਈ ਕਮਿਸ਼ਨ ਬਣਾਉਣ ਦੇ। ਜੇ ਲਿਖਤੀ ਸਮਝੌਤੇ ਅਧੀਨ ਚੰਡੀਗੜ੍ਹ ਵੀ ਪੰਜਾਬ ਨੂੰ 26 ਜਨਵਰੀ 1986 ਨੂੰ ਦੇ ਦਿਤਾ ਜਾਂਦਾ ਤਾਂ ਇਹ ਪ੍ਰਭਾਵ ਪੰਜਾਬੀਆਂ ਵਿਚ ਜਾਂਦਾ ਕਿ ਕੇਂਦਰ ਸਰਕਾਰ ਪੰਜਾਬੀਆਂ ਨਾਲ ਕੁੱਝ ਇਨਸਾਫ਼ ਕਰ ਰਹੀ ਹੈ। ਪਰ ਉਸ ਸਮੇਂ ਕਾਂਗਰਸ ਦੀ ਕੇਂਦਰ ਸਰਕਾਰ ਦੀ ਅੱਖ ਤਾਂ ਹਰਿਆਣੇ ਦੀਆਂ ਚੋਣਾਂ ਉਤੇ ਸੀ ਅਤੇ ਸਰਕਾਰ ਕੋਈ ਅਜਿਹੀ ਕਾਰਵਾਈ ਨਹੀਂ ਸੀ ਕਰਨਾ ਚਾਹੁੰਦੀ ਜਿਸ ਨਾਲ ਉਨ੍ਹਾਂ ਦੇ ਹਰਿਆਣੇ ਵਿਚਲੇ ਵੋਟ ਬੈਂਕ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਵੇ। ਉਸੇ ਸਮੇਂ ਦਮਦਮੀ ਟਕਸਾਲ ਦੇ ਕੁੱਝ ਨੌਜਵਾਨਾਂ ਨੇ ਅਕਾਲ ਤਖ਼ਤ ਪਹੁੰਚ ਕੇ ਖ਼ਾਲਿਸਤਾਨ ਦਾ ਝੰਡਾ ਗੱਡ ਦਿਤਾ ਤੇ ਹਾਲਾਤ ਦਿਨ-ਬ-ਦਿਨ ਖ਼ਰਾਬ ਹੁੰਦੇ ਗਏ।

ਇਹ ਸਿੱਖ ਨੌਜਵਾਨ ਅਗਾਂਹ ਵਧਦੇ ਹੋਏ ਅੰਮ੍ਰਿਤਸਰ ਸ਼ਹਿਰ ਵਿਚ ਸ਼ਰਾਬ, ਮੀਟ ਅਤੇ ਤਮਾਕੂ ਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਬਜ਼ਿਦ ਹੋਣ ਲੱਗੇ। ਸ਼ਰਾਬ ਦੇ ਖੋਖਿਆਂ ਨੂੰ ਅੱਗਾਂ ਲਾਈਆਂ ਗਈਆਂ। ਹਦਾਇਤਾਂ ਜਾਰੀ ਹੋ ਗਈਆਂ ਕਿ ਸਾਦੇ ਵਿਆਹ ਕੀਤੇ ਜਾਣ ਅਤੇ ਬਰਾਤੀਆਂ ਦੀ ਗਿਣਤੀ ਤੇ ਵੀ ਪਾਬੰਦੀ ਬਾਰੇ ਕਿਹਾ ਗਿਆ। ਕਿਤੇ-ਕਿਤੇ ਇਸ ਗੱਲ ਦੀ ਵੀ ਦੰਦ ਚਰਚਾ ਹੋਣ ਲੱਗੀ ਕਿ ਏਜੰਸੀਆਂ ਇਹ ਕਾਰਾ ਕਰਵਾ ਰਹੀਆਂ ਹਨ। ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਕੇਸਰੀ ਰੰਗ ਦੀਆਂ ਪੱਗਾਂ ਬੰਨ੍ਹਣ ਲੱਗ ਗਏ। ਸਰਕਾਰ ਨੇ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਮੈਂਬਰਾਂ ਉਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿਤਾ ਅਤੇ ਇਸ ਜਥੇਬੰਦੀ ਦੇ 400 ਤੋਂ ਵੀ ਵੱਧ ਮੈਂਬਰ ਫੜ ਕੇ ਹਿਰਾਸਤ ਵਿਚ ਲੈ ਲਏ। ਸਰਕਾਰ ਨੇ ਸਖ਼ਤੀ ਨਾਲ ਨਜਿੱਠਣ ਲਈ ਪੁਲਿਸ ਤੇ ਸੀ.ਆਰ. ਪੁਲਿਸ ਫ਼ੋਰਸ ਦੀਆਂ 26 ਹੋਰ ਕੰਪਨੀਆਂ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਤਾਇਨਾਤ ਕਰ ਦਿਤੀਆਂ। ਇਸ ਸਮੇਂ ਸਿਧਾਰਥਾ ਸ਼ੰਕਰ ਰੇਅ, ਜੋ ਪਹਿਲਾਂ ਪਛਮੀ ਬੰਗਾਲ ਦੇ ਮੁੱਖ ਮੰਤਰੀ ਰਹਿ ਚੁੱਕੇ ਸਨ, ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕਰ ਦਿਤਾ ਗਿਆ।

ਪੰਜਾਬ ਦੇ ਪੁਲਿਸ ਮੁਖੀ ਜੁਲੀਉ ਰਾਬੇਰੋ ਨੇ ਖਾੜਕੂਆਂ ਅਤੇ ਇਨ੍ਹਾਂ ਦੇ ਨਾਂ ਤੇ ਬਣੇ ਲੁਟੇਰਿਆਂ ਨਾਲ ਨਜਿੱਠਣ ਲਈ ਇਕ ਨਵੀਂ ਨੀਤੀ ਨਿਰਧਾਰਤ ਕੀਤੀ। ਜਿਨ੍ਹਾਂ ਖਾੜਕੂਆਂ ਬਾਰੇ ਪੁਲਿਸ ਨੂੰ ਪੂਰੀ ਜਾਣਕਾਰੀ ਸੀ, ਉਨ੍ਹਾਂ ਨੂੰ 4 ਸ਼੍ਰੇਣੀਆਂ ਵਿਚ ਵੰਡਿਆ ਗਿਆ। ਸੱਭ ਤੋਂ ਉਪਰਲਿਆਂ ਨੂੰ 'ਏ' ਸ਼੍ਰੇਣੀ ਵਿਚ ਪਾਇਆ ਜਿਨ੍ਹਾਂ ਦੀ ਗਿਣਤੀ 39 ਸੀ। 'ਬੀ' ਤੇ 'ਸੀ' ਵਾਲੀ ਸ਼੍ਰੇਣੀ ਵਿਚ 400 ਤੋਂ ਵੱਧ ਦੀ ਨਫ਼ਰੀ ਬਣਾਈ ਗਈ। ਅਖ਼ੀਰਲੇ ਦਰਜੇ 'ਡੀ' ਵਿਚ ਗਿਣਤੀ ਇਨ੍ਹਾਂ ਉਪਰਲਿਆਂ ਤੋਂ ਕਿਤੇ ਵੱਧ ਸੀ। ਸੰਨ 1986 ਦੇ ਅੰਤ ਤਕ, ਪੁਲਿਸ ਨੇ ਇਹ ਦਾਅਵਾ ਕੀਤਾ ਕਿ ਬੀ, ਸੀ ਅਤੇ ਡੀ ਸ਼੍ਰੇਣੀ ਵਿਚ ਰਖੇ ਹੋਏ ਸੱਭ ਖਾੜਕੂਆਂ ਨੂੰ ਮਾਰ ਦਿਤਾ ਗਿਆ ਹੈ।

ਸਰਕਾਰ ਵਲੋਂ ਪ੍ਰਵਾਨਗੀ ਮਿਲਣ ਤੇ ਪੁਲਿਸ ਵਲੋਂ ਅਮਲ ਵਿਚ ਲਿਆਂਦੀ ਗਈ ਇਸ ਸਕੀਮ ਦਾ ਅਸਲ ਮਨੋਰਥ ਇਹ ਸੀ ਕਿ ਨੌਜਵਾਨਾਂ ਨੂੰ, ਭਾਵੇਂ ਉਹ ਕਿਸੇ ਸ਼ੱਕ ਦੇ ਘੇਰੇ ਵਿਚ ਹਨ ਜਾਂ ਨਹੀਂ ਅਤੇ ਭਾਵੇਂ ਉਹ ਕਿਸੇ ਅਪਰਾਧ ਵਿਚ ਸ਼ਾਮਲ ਹਨ ਜਾਂ ਨਹੀਂ, ਮਾਰ ਮੁਕਾਇਆ ਜਾਵੇ। ਪੁਲਿਸ ਦਾ ਇਹ ਵਤੀਰਾ, ਉਨ੍ਹਾਂ ਦੇ ਕਹਿਣ ਮੁਤਾਬਕ, ਇਸ ਲਈ ਅਪਣਾਇਆ ਗਿਆ ਕਿ ਇਸ ਨਾਲ ਪੰਜਾਬ ਦੇ ਅਵਾਮ ਅਤੇ ਖ਼ਾਸ ਕਰ ਕੇ ਪਿੰਡਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਜਾਵੇਗਾ ਤੇ ਪੁਲਿਸ ਦਾ ਡਰ ਤੇ ਦਬਦਬਾ ਬਣ ਜਾਵੇਗਾ। ਇਹ ਗੱਲ ਲੇਖਕ ਨੂੰ ਉਸ ਸਮੇਂ ਦੇ ਇਕ ਉੱਚ ਪੁਲਿਸ ਅਧਿਕਾਰੀ ਨੇ ਆਪ ਦੱਸੀ ਹੈ। ਹਾਲਾਤ ਇਥੋਂ ਤਕ ਪਹੁੰਚ ਗਏ ਕਿ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਪੰਦਰਵਾੜਾ ਮੀਟਿੰਗਾਂ ਵਿਚ ਇਸ ਗੱਲ ਬਾਰੇ ਇਤਲਾਹ ਲਈ ਜਾਂਦੀ ਕਿ ਉਸ ਜ਼ਿਲ੍ਹੇ ਵਿਚ ਕਿੰਨੇ 'ਖਾੜਕੂ' ਮਾਰ ਮੁਕਾਏ ਗਏ ਹਨ।

ਸਰਕਾਰ ਇਹ ਭੁੱਲ ਗਈ ਸੀ ਕਿ ਗੋਲੀ ਦਾ ਜਵਾਬ ਗੋਲੀ ਨਹੀਂ ਹੋ ਸਕਦਾ। ਹੋਇਆ ਇਹ ਕਿ ਖਾੜਕੂਆਂ ਨੇ ਅਪਣੀਆਂ ਗਤੀਵਿਧੀਆਂ ਹੋਰ ਤੇਜ਼ ਕਰ ਦਿਤੀਆਂ। 6 ਜੁਲਾਈ 1987 ਨੂੰ ਅੰਬਾਲਾ-ਚੰਡੀਗੜ੍ਹ ਸੜਕ ਤੇ ਬਸਾਂ ਵਿਚੋਂ ਕੱਢ ਕੇ 40 ਬੰਦੇ ਮਾਰ ਦਿਤੇ ਗਏ। ਇਸੇ ਤਰ੍ਹਾਂ ਅਗਲੇ ਦਿਨ 30 ਹੋਰ ਮੁਸਾਫ਼ਰ ਕੱਢ ਕੇ ਮਾਰ ਦਿਤੇ ਗਏ। ਇਨ੍ਹਾਂ ਮੰਦਭਾਗੀਆਂ ਘਟਨਾਵਾਂ ਦੇ ਦੋ ਅਸਰ ਹੋਏ। ਪਹਿਲਾ ਤਾਂ ਇਹ ਕਿ ਪੁਲਿਸ ਦੇ ਦਾਅਵੇ ਕਿ 'ਅਸੀ ਖਾੜਕੂ ਮਾਰ ਮੁਕਾਏ ਹਨ' ਝੂਠੇ ਸਾਬਤ ਹੋਣ ਲੱਗੇ। ਦੂਜੀ ਗੱਲ ਇਹ ਹੋਈ ਕਿ ਸਿੱਖਾਂ ਵਿਰੁਧ ਹੋਰ ਗ਼ਲਤ ਪ੍ਰਚਾਰ ਨੂੰ ਸ਼ਹਿ ਮਿਲ ਗਈ ਤੇ ਦੇਸ਼ ਵਿਚ ਸਿੱਖਾਂ ਨੂੰ ਸ਼ੱਕੀ ਨਜ਼ਰ ਨਾਲ ਵੇਖਿਆ ਜਾਣ ਲੱਗ ਪਿਆ।

ਇਨ੍ਹਾਂ ਘਟਨਾਵਾਂ ਨੂੰ ਠੱਲ੍ਹ ਨਾ ਪਈ ਤੇ ਪੰਜਾਬ ਵਿਚ ਇਨ੍ਹਾਂ ਅਣਮਨੁੱਖੀ ਕਤਲਾਂ ਦਾ ਸਿਲਸਿਲਾ ਚਲਦਾ ਰਿਹਾ। 16 ਜੁਲਾਈ 1987 ਨੂੰ ਲਾਲੜੂ ਕੋਲ ਇਕ ਬੱਸ ਨੂੰ ਪਿੰਡਾਂ ਵਿਚ ਜਾਂਦੀ ਛੋਟੀ ਸੜਕ ਤੇ ਪਾ ਕੇ 38 ਸਫ਼ਰ ਕਰਨ ਵਾਲਿਆਂ ਨੂੰ ਮਾਰ ਦਿਤਾ ਗਿਆ। ਇਹ ਸੱਭ ਕਾਰੇ ਕਿਸ ਵਲੋਂ ਹੋਏ - ਖਾੜਕੂਆਂ ਵਲੋਂ ਜਾਂ ਸਰਕਾਰੀ ਏਜੰਸੀਆਂ ਵਲੋਂ? ਇਸ ਬਾਰੇ ਆਮ ਜਨਤਾ ਵਿਚ ਦੰਦ-ਕਥਾਵਾਂ ਚਲ ਰਹੀਆਂ ਸਨ। ਆਮ ਸਿੱਖ ਇਸ ਗੱਲ ਦਾ ਪੱਕਾ ਧਾਰਨੀ ਸੀ ਕਿ ਕੋਈ ਵੀ ਖਾੜਕੂ ਸਿੱਖ ਦਾ ਕਿਸੇ ਦੂਜੇ ਵਰਗ ਦੇ ਬੱਸਾਂ ਵਿਚ ਬੈਠੇ ਮੁਸਾਫ਼ਰਾਂ ਨੂੰ ਬਾਹਰ ਕੱਢ ਕੇ ਗੋਲੀਆਂ ਦਾ ਨਿਸ਼ਾਨਾ ਨਹੀਂ ਬਣਾ ਸਕਦਾ ਕਿਉਂਕਿ ਪੰਜਾਬ ਵਿਚ ਹਿੰਦੂ-ਸਿੱਖ ਕੁੜੱਤਣ ਇਸ ਪੱਧਰ ਦੀ ਕਦੀ ਵੀ ਨਹੀਂ ਸੀ।

ਇਸ ਗੰਭੀਰ ਸਥਿਤੀ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਨੇ ਇਹ ਫ਼ੈਸਲਾ ਲਿਆ ਕਿ ਪੰਜਾਬ ਦੇ ਦੋ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹਰ ਪਿੰਡ ਵਿਚ ਅਤਿਵਾਦ ਨਾਲ ਲੜਨ ਲਈ ਟਰੇਂਡ ਪੁਲੀਸਮੈਨ, ਹੋਮਗਾਰਡ ਦੇ ਜਵਾਨ ਅਤੇ ਪਿੰਡਾਂ ਵਿਚ ਵਿਸ਼ੇਸ਼ ਪੁਲੀਸ ਅਫ਼ਸਰ ਭਰਤੀ ਕਰ ਕੇ ਉਸੇ ਪਿੰਡ ਵਿਚ ਤਾਇਨਾਤ ਕਰ ਦਿਤੇ। ਗਵਰਨਰ ਰੇਅ ਦੇ ਸਮੇਂ ਹੀ ਅਪ੍ਰੈਲ 1988 ਵਿਚ ਕੇ.ਪੀ.ਐਸ. ਗਿੱਲ ਨੂੰ ਪੰਜਾਬ ਦਾ ਡਾਇਰੈਕਟਰ ਜਨਰਲ ਪੁਲੀਸ ਬਣਾ ਦਿਤਾ ਗਿਆ। ਇਸੇ ਪੁਲਿਸ ਅਫ਼ਸਰ ਨੇ, ਜਦੋਂ ਉਹ ਆਸਾਮ ਵਿਚ ਸੀ ਤਾਂ ਉਥੋਂ ਦੇ ਅਤਿਵਾਦੀਆਂ ਨਾਲ ਨਜਿੱਠਣ ਲਈ ਕਿਸੇ ਕਾਨੂੰਨ-ਕਾਇਦੇ ਦੀ ਪ੍ਰਵਾਹ ਨਾ ਕਰਦਿਆਂ, ਸੈਂਕੜੇ ਆਸਾਮੀ ਗੋਲੀਆਂ ਨਾਲ ਮਰਵਾ ਦਿਤੇ ਸਨ। ਉਸੇ ਯੋਜਨਾ ਨੂੰ ਇਥੇ ਵੀ ਅਮਲ ਵਿਚ ਲਿਆਉਣ ਦੀਆਂ ਤਰਕੀਬਾਂ ਬਣਨ ਲੱਗ ਪਈਆਂ। ਪੁਲਿਸ ਡਾਇਰੈਕਟਰ ਗਿੱਲ ਨੇ ਦੋ ਕੰਮ ਕੀਤੇ। ਇਕ ਤਾਂ ਪੰਜਾਬ ਨਾਲ ਲਗਦੀ ਪਾਕਿਸਤਾਨ ਦੀ ਸਰਹੱਦ ਉਤੇ ਪੱਕੀ ਕੰਡਿਆਂ ਵਾਲੀ ਤਾਰ ਲਵਾ ਦਿਤੀ ਤਾਂ ਜੋ ਕੋਈ ਵੀ ਪਾਕਿਸਤਾਨ ਨਾਲ ਲਗਦੀ ਸਰਹੱਦ ਨੂੰ ਪਾਰ ਨਾ ਕਰ ਸਕੇ। ਦੂਜਾ ਕੰਮ ਇਹ ਹੋਇਆ ਕਿ ਪੁਲੀਸ ਨੂੰ ਨਵੇਂ ਹਥਿਆਰ ਅਤੇ ਏ.ਕੇ. ਅਸਾਲਟ ਰਾਈਫ਼ਲਾਂ ਤੇ ਹੋਰ ਆਧੁਨਿਕ ਹਥਿਆਰ ਦਿਤੇ ਗਏ।

ਇਸ ਤੋਂ ਪਹਿਲਾਂ ਰਾਬੇਰੋ ਨੇ ਇਕ ਹੋਰ ਗੱਲ ਕੀਤੀ ਸੀ ਕਿ ਖਾੜਕੂਆਂ ਦੀਆਂ ਸਫ਼ਾਂ ਵਿਚ ਪੁਲਿਸ ਦੇ ਬੰਦੇ ਵਾੜ ਦਿਤੇ ਸਨ। ਇਹ ਖਾੜਕੂ ਬਣੇ ਘੁਸਪੈਠੀਏ, ਸਮਾਂ ਪਾ ਕੇ ਉਨ੍ਹਾਂ ਦਾ ਭਰੋਸਾ ਜਿੱਤ ਚੁੱਕੇ ਸਨ। ਉਨ੍ਹਾਂ ਨੇ ਖਾੜਕੂਆਂ ਦੀਆਂ ਲੁਕਣ ਵਾਲੀਆਂ ਥਾਵਾਂ ਅਤੇ ਹਮਦਰਦਾਂ ਦੇ ਪਤੇ-ਟਿਕਾਣੇ ਪੁਲਿਸ ਨੂੰ ਦਸ ਦਿਤੇ, ਜਿਸ ਕਰ ਕੇ ਉਨ੍ਹਾਂ ਸੱਭ ਨੂੰ ਨਿਸ਼ਾਨਾ ਬਣਾਇਆ ਗਿਆ। ਸਿੱਖ ਕੌਮ ਭੰਬਲਭੂਸੇ ਵਿਚ ਤੇ ਲਗਭਗ ਨੇਤਾ ਰਹਿਤ ਸੀ। ਇਸ ਸਮੇਂ ਪ੍ਰੋਫ਼ੈਸਰ ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ। ਜੂਨ 1984 ਤੋਂ ਬਾਅਦ ਉਨ੍ਹਾਂ ਨੇ ਕੀਰਤਨ ਅਤੇ ਇਤਿਹਾਸਕ ਦ੍ਰਿਸ਼ਟਾਂਤ ਦੇ ਕੇ ਕੌਮ ਦੇ ਮਨੋਬਲ ਨੂੰ ਉੱਚਾ ਰੱਖਣ 'ਚ ਬਹੁਤ ਵੱਡਾ ਯਤਨ ਕੀਤਾ ਸੀ।

ਲੇਖਕ ਨੇ ਲੁਧਿਆਣੇ ਜਾ ਕੇ ਉਨ੍ਹਾਂ ਨਾਲ ਭੇਂਟ ਕੀਤੀ ਤੇ ਇਸ ਭੇਟ ਦੌਰਾਨ ਮੇਰੇ ਮਿੱਤਰ ਸ. ਇਕਬਾਲ ਸਿੰਘ, ਸ. ਮਨਜੀਤ ਸਿੰਘ ਤਰਨਤਾਰਨੀ ਤੇ ਮਨਜੀਤ ਸਿੰਘ 'ਪੁਰਾਣੇ ਲੋਕ ਸੱਤਾ' ਵਾਲੇ ਨਾਲ ਸਨ। ਇਸ ਵਾਰਤਾਲਾਪ ਦੇ ਕੁੱਝ ਲੋੜੀਂਦੇ ਅੰਸ਼ ਇਥੇ ਦਿਤੇ ਜਾ ਰਹੇ ਹਨ।

ਸਵਾਲ : ਆਪ ਜੀ ਨੂੰ ਸੁਸ਼ੀਲ ਮੁਨੀ ਨੇ ਕਿਹਾ ਕਿ 'ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੁਹਾਨੂੰ ਮਿਲਣਾ ਚਾਹੁੰਦੇ ਹਨ, ਤੁਸੀ ਦੱਸੋ ਕਿੱਥੇ ਮਿਲ ਸਕਦੇ ਹੋ?'
ਜਵਾਬ : ਮੈਂ ਕਿਹਾ ਕਿ ਮੈਂ ਕੌਮ ਕੋਲੋਂ ਛੁਪ ਕੇ ਜਾਂ ਪ੍ਰਾਈਵੇਟ ਕਿਸੇ ਨੂੰ ਨਹੀਂ ਮਿਲਦਾ। ਮੈਂ ਕੌਮ ਕੋਲੋਂ ਛੁਪਾ ਕੇ ਕੋਈ ਸਮਝੌਤਾ ਜਾਂ ਗੱਲਬਾਤ ਕਰਨ ਲਈ ਤਿਆਰ ਨਹੀਂ। ਇਸ ਦੀ ਨਿਸ਼ਾਨੀ ਕਿੰਨੇ ਹੀ ਸੁਨੇਹੇ ਉਨ੍ਹਾਂ ਭੇਜੇ ਉਹ ਸਾਰੇ ਸਬੂਤ ਮੇਰੇ ਕੋਲ ਪਏ ਹਨ। ਸਮਝੌਤਾ ਪੰਥ ਨੇ ਜਾਂ ਖਾੜਕੂਆਂ ਨੇ ਕਰਨਾ ਹੈ।
ਸਵਾਲ - ਤੁਹਾਡੀ ਰਾਜੀਵ ਗਾਂਧੀ ਨਾਲ ਮੁਲਾਕਾਤ ਨਹੀਂ ਹੋਈ?
ਜਵਾਬ - ਨਹੀਂ ਹੋਈ।
ਸਵਾਲ - ਸਿੰਘ ਸਾਹਬ ਇਕ ਗੱਲ ਦੱਸੋ, ਤੁਹਾਡੇ ਪੀਰੀਅਡ ਦੌਰਾਨ ਵੀ ਕੀ ਕਾਫ਼ੀ ਬੰਦੇ ਮਾਰੇ ਗਏ ਤੇ ਉਨ੍ਹਾਂ ਦੀਆਂ ਲਾਸ਼ਾਂ ਦੱਬ ਕੇ ਸੁੱਟੀਆਂ ਗਈਆਂ?
ਜਵਾਬ - ਇਹ ਮੇਰੇ ਤੋਂ ਪਹਿਲਾਂ ਦੀ ਗੱਲ ਹੈ। ਮੇਰੇ ਸੇਵਾਕਾਲ ਦੌਰਾਨ ਬੰਦਾ ਅੰਦਰ ਨਹੀਂ ਮਾਰਿਆ ਗਿਆ। ਇੰਟੈਰੋਗੇਸ਼ਨ ਸੈਂਟਰ ਉਥੇ ਬਣਾਇਆ ਹੋਇਆ ਸੀ। ਪ੍ਰਕਰਮਾ ਵਿਚ ਕਈ ਰਹਿਣ ਵਾਲਿਆਂ ਨੇ ਇਹ ਚਿੱਠੀਆਂ ਪਾਈਆਂ ਸਨ - ਲੋਕਾਂ ਨੂੰ ਪੈਸੇ ਬਟੋਰਨ ਲਈ।
ਮੈਂ ਅੰਦਰ ਕਮਰਿਆਂ ਵਿਚ ਜਾ ਕੇ ਲੋਕਾਂ ਦੀਆਂ ਜੇਬਾਂ ਵਿਚੋਂ ਚਿੱਠੀਆਂ ਕਢੀਆਂ। ਮੈਂ ਕਿਹਾ ਤੁਹਾਨੂੰ ਪੈਸੇ ਚਾਹੀਦੇ ਹਨ। ਕੌਮ ਦਾ ਇਤਿਹਾਸ ਹੈ ਕਿ ਛੋਲਿਆਂ ਦੇ ਦਾਣੇ ਚੱਬ ਕੇ, ਘੋੜੀਆਂ ਦੀਆਂ ਕਾਠੀਆਂ ਨੂੰ ਘਰ ਬਣਾ ਕੇ ਰਹਿ-ਰਹਿ ਕੇ ਉਨ੍ਹਾਂ ਨੇ ਘਾਲਣਾ ਘਾਲੀਆਂ ਹਨ। ਜੇ ਤੁਸੀ ਇਹ ਨਹੀਂ ਕਰ ਸਕਦੇ ਤਾਂ ਲੋਕਾਂ ਨੂੰ ਲੁੱਟ ਕੇ ਪੈਸੇ ਇਕੱਠਾ ਕਰ ਕੇ ਬਹੁਤ ਗ਼ਲਤ ਕਰ ਰਹੇ ਹੋ।
ਸਵਾਲ - ਮੈਂ ਤੁਹਾਨੂੰ ਥੋੜ੍ਹਾ ਜਿਹਾ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਕਈ ਅਖੌਤੀ ਖਾੜਕੂਆਂ ਨੇ ਸੁਰਜੀਤ ਸਿੰਘ ਪੈਂਟਾ, ਕਾਰਜ ਸਿੰਘ, ਜਗੀਰ ਸਿੰਘ ਤੇ ਨਿਰਵੈਰ ਸਿੰਘ ਇਨ੍ਹਾਂ ਵੀ ਅੰਦਰ ਕਮਰੇ ਬਣਾ ਲਏ ਸੀ। ਲੋਕਾਂ ਨੂੰ ਇਹ ਸੱਦਦੇ ਸੀ ਰਾਜ਼ੀਨਾਮੇ ਕਰਾਉਣ ਲਈ?
ਜਵਾਬ - ਇਨ੍ਹਾਂ ਕੋਲੋਂ ਕਮਰੇ ਛੁਡਾਉਣ ਲਈ ਸ਼੍ਰੋਮਣੀ ਕਮੇਟੀ ਏਨੀ ਪ੍ਰੇਸ਼ਾਨ ਸੀ ਪਰ ਹਿੰਮਤ ਨਹੀਂ ਸੀ ਕਮਰੇ ਛੁਡਾਉਣ ਦੀ। ਮੈਂ ਕਿਹਾ ਇਕ ਤਰੀਕਾ ਕਰੋ, ਤੁਸੀ ਕਹੋ ਕਿ ਸਾਰੇ ਕਮਰਿਆਂ ਵਿਚ ਬੜੇ ਜ਼ੁਲਮ ਹੋਏ ਹਨ ਤੇ ਸਾਰੇ ਕਮਰਿਆਂ ਵਿਚ ਪਾਠਾਂ ਦੀ ਲੜੀ ਚਲਾਉਣੀ ਹੈ। ਇਸੇ ਬਹਾਨੇ ਜਿਹੜੇ ਸਿੰਘ ਅੰਦਰ ਬੈਠੇ ਨੇ ਉਨ੍ਹਾਂ ਨੂੰ ਕਹੋ ਕਿ ਸੰਗਤ ਨਾਲ ਤੁਹਾਨੂੰ ਬਾਹਰ ਕੱਢ ਦਿੰਦੇ ਹਾਂ ਤਾਕਿ ਤੁਹਾਨੂੰ ਕੋਈ ਖ਼ਤਰਾ ਨਾ ਹੋਵੇ।
ਸਵਾਲ - ਛੋਟਾ ਜਿਹਾ ਇਕ ਹੋਰ ਸਵਾਲ ਹੈ ਕਿ ਆਪ ਜੀ ਨੇ ਖਾੜਕੂਆਂ ਦੀ ਗੱਲ ਤਾਂ ਦੱਸੀ ਹੈ। ਜਿਹੜੇ ਖ਼ਾਲਿਸਤਾਨੀਆਂ ਦੇ ਲੀਡਰ ਸੀ ਉਨ੍ਹਾਂ ਦੀ ਏਕਤਾ ਬਾਰੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਸੀ, ਤੁਸੀ ਉਨ੍ਹਾਂ ਨੂੰ ਭਰੋਸੇ ਵਿਚ ਲਿਆ ਜਾਂ ਨਹੀਂ ਲਿਆ, ਕੀ ਕਾਰਨ ਸੀ?
ਜਵਾਬ - ਸਾਡੀ ਇਹ ਕੋਸ਼ਿਸ਼ ਸੀ ਕਿ ਕਿਸੇ ਤਰ੍ਹਾਂ ਇਹ ਇਕੱਠੇ ਹੋ ਜਾਣ ਤਾਕਿ ਕੌਮ ਦਾ ਕੁੱਝ ਬਣੇ।
ਸਵਾਲ - ਮੈਂ ਉਹ ਅਰਜ਼ ਨਹੀਂ ਸੀ ਕਰ ਰਿਹਾ, ਬੇਨਤੀ ਸੀ ਕਿ ਕੇਂਦਰ ਦਾ ਜਦੋਂ ਤੁਹਾਨੂੰ ਸੰਦੇਸ਼ ਆਇਆ ਸੁਸ਼ੀਲ ਮੁਨੀ ਦਾ ਜਾਂ ਰਾਜੀਵ ਗਾਂਧੀ ਦਾ, ਉਨ੍ਹਾਂ ਖਾੜਕੂ ਜਥੇਬੰਦੀਆਂ ਨਾਲ ਕੋਈ ਸਾਂਝ ਕੀਤੀ ਕਿ ਮੈਨੂੰ ਸੁਨੇਹੇ ਆ ਰਹੇ ਨੇ ਤੇ ਮੈਨੂੰ ਕੀ ਕਰਨਾ ਚਾਹੀਦਾ ਹੈ?
ਜਵਾਬ - ਪਹਿਲਾਂ ਤਾਂ ਮੇਰੇ ਸਮੇਂ ਅੰਦਰ ਜਿਹੜੇ ਅਕਾਲੀ ਲੀਡਰ ਸਨ, ਉਹ ਜੇਲ ਵਿਚ ਹੀ ਸਨ। ਸੁਸ਼ੀਲ ਮੁਨੀ ਤੇ ਵਿਰਸਾ ਸਿੰਘ ਆਏ। ਮੇਰੇ ਨਾਲ ਗੱਲਬਾਤ ਹੋਈ ਤਾਂ ਕਹਿਣ ਜੀ ਕਿ ਖਾੜਕੂਆਂ ਦੇ ਆਗੂ ਜਿਹੜੇ ਨੇ ਜਾਂ ਅਕਾਲੀ ਲੀਡਰ ਜਿਹੜੇ ਨੇ ਉਨ੍ਹਾਂ ਨਾਲ ਸਾਡਾ ਸਮਝੌਤਾ ਹੋ ਰਿਹਾ ਹੈ। ਤੁਸੀ ਕੌਮ ਨੂੰ ਬਾਹਰ ਤਸੱਲੀ ਦੇ ਕੇ ਸੰਤੁਸ਼ਟ ਕਰੋ। ਨਾਲ ਉਨ੍ਹਾਂ ਧਮਕੀ ਵੀ ਦਿਤੀ ਕਿ ਸਿੰਘ ਸਾਹਬ ਅੱਗੇ 50,000 ਆਦਮੀ ਮਰ ਗਏ ਹਨ ਤੇ ਸਰਕਾਰ ਨੂੰ ਕੀ ਫ਼ਰਕ ਪੈਂਦਾ ਹੈ, 50,000 ਹੋਰ ਵੀ ਮਰ ਜਾਣ, ਇਸ ਲਈ ਸਮਝੌਤਾ ਕਰ ਲੈਣਾ ਚਾਹੀਦਾ ਹੈ। ਇਹ ਧਮਕੀ ਦਿਤੀ ਵਿਰਸਾ ਸਿੰਘ ਗੋਬਿੰਦ ਸਦਨ ਵਾਲੇ ਨੇ। ਮੈਂ ਕਿਹਾ ਕਿ ਜੇ ਅੱਗੇ 50,000 ਮਰ ਗਏ ਨੇ ਤਾਂ ਕੌਮ ਚੜ੍ਹਦੀ ਕਲਾ ਦਾ ਜਜ਼ਬਾ ਲੈ ਕੇ ਤਾਂ ਖੜੀ ਹੈ। ਜੇ 50,000 ਹੋਰ ਵੀ ਮਰ ਜਾਣ ਤਾਂ ਵੀ ਤੁਸੀ ਕਬਜ਼ਾ ਨਹੀਂ ਕਰ ਸਕਦੇ।
ਸਵਾਲ - ਇਸ ਦਾ ਮਤਲਬ ਧਮਕੀਆਂ ਦੇਣ ਵਾਲੇ ਵੀ ਸਿੱਖ ਆਗੂ ਸਨ ਜਿਹੜੇ ਕੇਂਦਰ ਦੇ ਸੰਪਰਕ ਵਿਚ ਸਨ। ਸੁਸ਼ੀਲ ਮੁਨੀ ਨੇ ਕੋਈ ਧਮਕੀ ਦਿਤੀ?
ਜਵਾਬ - ਨਹੀਂ, ਸੁਸ਼ੀਲ ਮੁਨੀ ਨੇ ਕੋਈ ਧਮਕੀ ਨਹੀਂ ਦਿਤੀ। ਉਨ੍ਹਾਂ ਦਾ ਕਹਿਣਾ ਇਹ ਸੀ ਕਿ ਦੋ ਸੈੱਲ ਕੇਂਦਰ ਵਿਚ ਕੰਮ ਕਰ ਰਹੇ ਸਨ। ਬੂਟਾ ਸਿੰਘ ਦਾ ਅਪਣਾ ਤੇ ਰਾਜੀਵ ਦਾ ਅਪਣਾ। ਬੂਟਾ ਸਿੰਘ ਚਾਹੁੰਦਾ ਸੀ ਕਿ ਪੰਜਾਬ ਦਾ ਫ਼ੈਸਲਾ ਉਸ ਰਾਹੀਂ ਹੋਵੇ ਤਾਂ ਪੰਜਾਬ ਵਿਚ ਉਸ ਦੀ ਥਾਂ ਬਣਦੀ ਹੈ ਤੇ ਕੇਂਦਰ ਵਿਚ ਉਸ ਦੀ ਥਾਂ ਬਣਦੀ ਹੈ ਕਿ ਪੰਜਾਬ ਦਾ ਏਨਾ ਵੱਡਾ ਮਸਲਾ ਉਸ ਨੇ ਹੱਲ ਕਰ ਲਿਆ। ਰਾਜੀਵ ਚਾਹੁੰਦਾ ਸੀ ਕਿ ਉਨ੍ਹਾਂ ਦੇ ਘਰ ਤੇ ਕਲੰਕ ਲੱਗਾ ਹੈ ਤੇ ਉਸ ਦੀ ਮਾਂ ਵੀ ਮਾਰ ਦਿਤੀ ਗਈ ਹੈ। ਜੇ ਸਿੱਖਾਂ ਨਾਲ ਉਸ ਦਾ ਸਮਝੌਤਾ ਹੋ ਜਾਵੇ ਤਾਂ ਕਲੰਕ ਉਤਰਦਾ ਹੈ। ਉਸ ਦੀ ਵੀ ਇਹੋ ਕੋਸ਼ਿਸ਼ ਸੀ। ਇਹ ਦੋਵੇਂ ਸੈੱਲ ਕੰਮ ਕਰ ਰਹੇ ਸੀ। ਇਸ ਦਾ ਇਹ ਨਤੀਜਾ ਸੀ ਕਿ ਜਿਹੜੇ ਬੰਦੇ ਭੇਜਦਾ ਸੀ ਉਸ ਵਿਚ ਬਹੁਤੇ ਰਾਜੀਵ ਦੇ ਹੁੰਦੇ ਸਨ ਤੇ ਬੂਟਾ ਸਿੰਘ ਉਸ ਵਿਚ ਵਿਗਾੜ ਪਾਉਂਦਾ ਸੀ। ਤਰਲੋਚਨ ਸਿੰਘ ਰਿਆਸਤੀ ਵਿਚਾਰਾ ਇਸੇ ਗੱਲ ਤੋਂ ਮਾਰਿਆ ਗਿਆ। ਸੁਸ਼ੀਲ ਮੁਨੀ ਪਹਿਲੀ ਵਾਰੀ ਜਦੋਂ ਮੇਰੇ ਕੋਲ ਆਇਆ ਮੈਂ ਸਾਰੀ ਰੀਕਾਰਡਿੰਗ ਕੀਤੀ। ਮੈਂ ਕਿਹਾ ਸੀ ਕਿ ਮੈਂ ਕੋਈ ਗੱਲ ਚੋਰੀ ਤੋਂ ਨਹੀਂ ਕਰਨੀ। ਲਿਖਤੀ ਹੋਏਗੀ ਉਸ ਤੇ ਦਸਤਖ਼ਤ ਹੋਣਗੇ।
ਸਵਾਲ - ਸੁਸ਼ੀਲ ਮੁਨੀ ਆਥੋਰਾਈਜ਼ਡ (ਅਧਿਕਾਰਤ) ਸੀ ਰਾਜੀਵ ਗਾਂਧੀ ਦਾ?
ਜਵਾਬ - ਹੋਰ ਤਾਂ ਸਾਡੇ ਕੋਲ ਕੋਈ ਸਬੂਤ ਨਹੀਂ। ਇਹ ਜੋ ਸਬੂਤ ਨੇ ਕਿ ਉਹ ਦੁਬਾਰਾ ਗੱਲਬਾਤ ਕਰਨ ਵਾਸਤੇ ਆਇਆ ਟਾਈਮ ਲੈ ਕੇ, ਤੇ ਮੇਰੀ ਸ਼ਰਤ ਸੀ ਕਿ ਜਿੰਨੀ ਦੇਰ ਗੱਲ ਹੋਏਗੀ ਅਸੀ ਗੱਲ ਨਹੀਂ ਕਰਾਂਗੇ ਤੁਹਾਡੇ ਡਰ ਥੱਲੇ। ਸਾਡੇ ਖਾੜਕੂ ਵਿਚ ਸ਼ਾਮਲ ਹੋਣਾ ਚਾਹੀਦੇ ਹਨ ਇਸ ਗੱਲਬਾਤ ਵਿਚ ਤੇ ਕਿਉਂ ਨਾ ਹੋਣ? ਉਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ। ਜਦੋਂ ਤਕ ਤੁਸੀ ਇਥੋਂ ਨਾਕੇ ਨਹੀਂ ਚੁੱਕੋਗੇ ਅਸੀ ਤੁਹਾਡੇ ਨਾਲ ਗੱਲਬਾਤ ਨਹੀਂ ਕਰਾਂਗੇ। ਬਕਾਇਦਾ ਨਾਕੇ ਚੁੱਕੇ ਗਏ ਤੇ ਨਾਕੇ ਦੁਬਾਰਾ ਲਾ ਦਿਤੇ ਗਏ। ਅਸੀ ਚਲਦੀ ਗੱਲਬਾਤ ਵਿਚ ਸੁਸ਼ੀਲ ਮੁਨੀ ਨੂੰ ਆਖਿਆ ਕਿ ਅਸੀ ਗੱਲਬਾਤ ਨਹੀਂ ਕਰਨੀ ਤੇ ਉਸੇ ਵੇਲੇ ਸਾਡੇ ਸਾਹਮਣੇ ਬੈਠਿਆਂ ਸੁਸ਼ੀਲ ਮੁਨੀ ਨੇ ਫ਼ੋਨ ਕੀਤਾ ਤੇ ਨਾਕੇ ਫਿਰ ਚੁੱਕੇ ਗਏ। ਇਸ ਤੋਂ ਸਾਬਤ ਹੁੰਦਾ ਸੀ ਕਿ ਇਸ ਦਾ ਸਿੱਧਾ ਸੰਪਰਕ ਹੈ ਦਿੱਲੀ ਦੇ ਹੁਕਮਰਾਨਾਂ ਨਾਲ।
ਸਵਾਲ - ਤਰਲੋਚਨ ਸਿੰਘ ਰਿਆਸਤੀ ਦਾ ਕੀ ਰੋਲ ਸੀ?
ਜਵਾਬ - ਉਸ ਦਾ ਛੋਟਾ ਜਿਹਾ ਰੋਲ ਸਾਡੇ ਸਾਹਮਣੇ ਹੈ। ਜਦੋਂ ਸੁਸ਼ੀਲ ਮੁਨੀ ਆਇਆ ਉਦੋਂ ਤਰਲੋਚਨ ਸਿੰਘ ਰਿਆਸਤੀ ਨੂੰ ਨਾਲ ਲੈ ਕੇ ਆਇਆ। ਗੱਲਬਾਤ ਜਦੋਂ ਸਾਰੀ ਹੋ ਗਈ ਤਾਂ ਮੈਂ ਕਿਹਾ ਕਿ ਮੈਂ ਤਾਂ ਸਿੰਘਾਂ ਨਾਲ ਗੱਲਬਾਤ ਕਰਨੀ ਹੈ, ਮੇਰਾ ਤਾਂ ਕੋਈ ਸਮਝੌਤਾ ਨਹੀਂ, ਤੁਹਾਡਾ ਜਿਹੜਾ ਫ਼ੈਸਲਾ ਹੋਇਆ ਹੈ ਇਹ ਮੈਂ ਪਹੁੰਚਾ ਦਿੰਦਾ ਹਾਂ, ਮੈਂ ਟੇਪ ਕਰ ਲਈ ਸੀ ਤਾਂ ਮੈਂ ਟੇਪਾਂ ਪਹੁੰਚਾ ਦਿਤੀਆਂ।
ਉਸ ਵੇਲੇ ਸੁਸ਼ੀਲ ਮੁਨੀ ਬੋਲਿਆ ਤੇ ਕਹਿਣ ਲਗਿਆ ਕਿ ਤੁਸੀ ਇਸ ਗੱਲ ਤੋਂ ਨਾ ਡਰੋ ਕਿ ਮੈਂ ਤਰਲੋਚਨ ਸਿੰਘ ਨੂੰ ਕਿਉਂ ਲੈ ਆਇਆ ਹਾਂ? ਜਿਹੜੇ ਵੀ ਖਾੜਕੂ ਨੂੰ ਤੁਸੀ ਮਿਲਣਾ ਚਾਹੋ ਇਹ ਤੁਹਾਡੇ ਸਾਹਮਣੇ ਪੇਸ਼ ਕਰੇਗਾ। ਮੈਂ ਕਿਹਾ ਕਿ ਜੇ ਖਾੜਕੂ ਇਨ੍ਹਾਂ ਦੀ ਮੁੱਠੀ 'ਚ ਹਨ ਤਾਂ ਇਹ ਮੇਰੇ ਨਾਲ ਸਮਝੌਤਾ ਕਰਨ ਕਿਉਂ ਆ ਰਹੇ ਸਨ? ਤਰਲੋਚਨ ਸਿੰਘ ਦਾ ਸਿਰਫ਼ ਏਨਾ ਰੋਲ ਸੀ।
ਸਵਾਲ - ਥੋੜ੍ਹੇ ਅੱਖਰਾਂ 'ਚ ਸਾਨੂੰ ਖਾੜਕੂਆਂ ਦੀ ਦਿਮਾਗੀ ਸੋਚ ਜਾਂ ਇਨ੍ਹਾਂ ਦੀ ਕਿੰਨੀ ਪਕਿਆਈ ਸੀ ਇਸ ਬਾਰੇ ਦੱਸੋ।
ਜਵਾਬ - ਮੈਂ ਇਸ ਗੱਲੋਂ ਸਪੱਸ਼ਟ ਹਾਂ ਕਿ ਜਿਹੜੇ ਚੰਗੇ ਸਨ ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ, ਕੌਮ ਲਈ ਮਰਨ ਵਾਲੇ ਸਨ ਉਹ ਗਰੁੱਪ ਵਖਰਾ ਸੀ, ਉਨ੍ਹਾਂ ਵਿਚ ਸਰਕਾਰੀ ਗਰੁੱਪ ਘਰ ਕਰ ਗਿਆ ਸੀ ਜਿਸ ਵਿਚ ਉਨ੍ਹਾਂ ਦੀ ਸੋਚ ਨਹੀਂ ਸੀ। ਪਿੱਛੋਂ ਜੋ ਸਿਗਨਲ ਹਿਲਦਾ ਸੀ ਉਸ ਦੇ ਮੁਤਾਬਕ ਸੀ।
ਸਵਾਲ - ਇਥੇ ਇਕ ਗੱਲ ਹੈ ਕਿ 4 ਅਗੱਸਤ 1987 ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਇਕ ਕਨਵੈਨਸ਼ਨ ਸੱਦੀ ਗਈ ਸੀ। ਉਸ ਵਿਚ ਇਕ ਮਤਾ ਪਾਸ ਹੋਇਆ। ਤੁਸੀ ਕਿਹਾ ਕਿ ਉੱਤਰੀ ਭਾਰਤ ਵਿਚ ਇਕ ਅਜਿਹਾ ਢਾਂਚਾ ਹੋਵੇ ਜਿਥੇ ਸਿੱਖ ਪੂਰੀ ਆਜ਼ਾਦੀ ਦਾ ਨਿੱਘ ਮਾਣ ਸਕਣ ਤੇ ਖਾੜਕੂ ਜਥੇਬੰਦੀਆਂ ਨੇ ਵਿਰੋਧਤਾ ਕੀਤੀ। ਇਹ ਕੀ ਗੱਲ ਹੋਈ?
ਜਵਾਬ - ਮੈਂ ਇਕ ਗੱਲ ਅਰਜ਼ ਕਰਾਂ ਦੁਬਾਰਾ ਕਿ ਇਹ ਸਮਝਣਾ ਮੁਸ਼ਕਲ ਸੀ ਕਿ ਖਾੜਕੂ ਕੌਣ ਹੈ। ਤੁਸੀ ਵੇਖ ਲਵੋ ਕਿ ਦੀਵਾਨ ਤੋਂ ਬਾਅਦ ਇਹ ਆਖਿਆ ਗਿਆ ਕਿ ਤਿੰਨ ਮੈਂਬਰੀ ਕਮੇਟੀ ਬਣਾ ਦਿਉ। ਸਾਰੇ ਮਿਲ ਕੇ ਵਿਚਾਰ ਕਰਨ। ਮੈਂ ਖਾੜਕੂਆਂ ਨਾਲ ਵੀ ਗੱਲ ਕੀਤੀ ਕਿ ਸਾਨੂੰ ਪਿਆਰ ਨਾਲ ਸੱਭ ਕੁੱਝ ਲੈਣਾ ਚਾਹੀਦਾ ਹੈ। ਇਕੱਲੇ ਤੁਸੀ ਅੱਜ ਕਹੋ ਕਿ ਖ਼ਾਲਿਸਤਾਨ ਸਰਕਾਰ ਬਣਾ ਦੇਵੇ, ਨਹੀਂ ਬਣਾਏਗੀ ਨਾ ਹੀ ਤੁਹਾਡੇ ਕੋਲ ਏਨੀ ਤਾਕਤ ਹੈ ਕਿ ਹਥਿਆਰਾਂ ਨਾਲ ਇਹ ਕਰਵਾ ਸਕੋ। ਜਦੋਂ ਚੰਦਰ ਸ਼ੇਖਰ ਨਾਲ ਮੀਟਿੰਗ ਹੋਈ, ਹਾਲਾਂਕਿ ਉਦੋਂ ਮੈਂ ਜਥੇਦਾਰ ਨਹੀਂ ਸੀ, ਉਸ ਨੇ ਮੈਨੂੰ ਚਿੱਠੀ ਭੇਜੀ ਕਿ ਵਿਚਾਰ ਕਰ ਲਉ। ਮੈਂ ਕਿਹਾ ਕਿ ਮੈਂ ਇਕੱਲੇ ਨੂੰ ਨਹੀਂ ਮਿਲਣਾ। ਪੱਤਰ ਬਣਾ ਲਉ ਤੇ ਪੰਜ ਸਿੰਘਾਂ ਦੇ ਨਾਂ ਲਿਖ ਲਵੋ ਤੇ ਪੰਜ ਸਿੰਘਾਂ ਦੇ ਨਾਂ ਚਿੱਠੀ ਪਾਉ। ਮੈਂ ਕਿਹਾ ਮੇਰੇ ਇਕੱਲੇ ਉਤੇ ਕੋਈ ਇਲਜ਼ਾਮ ਨਾ ਲਾ ਸਕੇ। ਚੰਦਰ ਸ਼ੇਖਰ ਨੇ ਇਹ ਲਫਜ਼ ਕਹੇ ਕਿ ਵੇਖੋ ਮੇਰੇ ਹੁੰਦਿਆਂ ਇਹ ਸੇਵਾ ਹੋ ਜਾਵੇ ਤਾਂ ਪੰਜਾਬ ਦਾ ਕੁੱਝ ਸੰਵਰ ਜਾਵੇ। ਟਿਕਾਉ ਹੋ ਜਾਵੇ। ਖ਼ਾਲਿਸਤਾਨ ਮੈਂ ਨਹੀਂ ਦੇ ਸਕਦਾ। ਉਸ ਤੋਂ ਇਲਾਵਾ ਕੁੱਝ ਹੋਰ ਦੱਸੋ। ਖ਼ਾਲਿਸਤਾਨ ਤੋਂ ਬਿਨਾਂ ਕੁੱਝ ਹੋਰ। ਅਗਲੀ ਚੀਜ਼ ਮੈਂ ਕਿਹਾ 370 ਧਾਰਾ ਲਾਗੂ ਕਰ ਦੇਣ। ਉਸ ਨਾਲ ਸਾਡਾ ਪਹਿਲਾ ਕਿਲ੍ਹਾ ਬਣ ਜਾਂਦਾ ਹੈ। ਬਾਹਰ ਦੀ ਵੋਟ ਇਥੇ ਨਹੀਂ ਬਣ ਸਕਦੀ, ਬਾਹਰ ਦੀ ਵਸੋਂ ਇਥੇ ਨਹੀਂ ਆ ਸਕਦੀ, ਬਾਹਰਲਾ ਕੋਈ ਇਥੇ ਆ ਕੇ ਅਪਣੀ ਜਾਇਦਾਦ ਨਹੀਂ ਖ਼ਰੀਦ ਸਕਦਾ।
ਸਵਾਲ - ਇਕ ਗੱਲ ਸਮਝ ਨਹੀਂ ਆਉਂਦੀ ਕਿ ਤੁਸੀ ਏਨਾ ਵੱਡਾ ਯੋਗਦਾਨ ਦਿਤਾ ਹੈ, ਏਨਾ ਵੱਡਾ ਕੰਮ ਕੀਤਾ ਹੈ, ਤੁਸੀ ਉਪਰਾਮ ਹੋ ਕੇ ਫਿਰ ਜ਼ੀਰਕਪੁਰ ਵਾਪਸ ਕਿਉਂ ਆ ਗਏ?
ਜਵਾਬ - ਨਹੀਂ, ਮੈਂ ਪਹਿਲੀ ਵਾਰੀ ਆਇਆ ਦੂਜੀ ਵਾਰੀ ਤਾਂ ਛੱਡ ਕੇ ਆਇਆ ਕਿਉਂਕਿ ਇਨ੍ਹਾਂ ਬਿਆਨ ਦਿਤਾ ਸੀ ਕਿ ਜਿਸ ਨੇ ਵੀ ਇਥੇ ਜਥੇਦਾਰੀ ਕਰਨੀ ਹੈ ਉਸ ਨੂੰ ਸਾਡੀ ਮਰਜ਼ੀ ਨਾਲ ਚਲਣਾ ਪਵੇਗਾ। ਮੈਂ ਇਹ ਬਿਆਨ ਦਿਤਾ ਕਿ ਜੇ ਮਰਜ਼ੀ ਤੁਹਾਡੀ ਚਲਣੀ ਹੈ ਤਾਂ ਮੇਰਾ ਜਥੇਦਾਰ ਹੋਣਾ ਕੋਈ ਅਰਥ ਨਹੀਂ ਰਖਦਾ। ਪਰ ਮੈਂ ਇਹ ਨਹੀਂ ਮੰਨਦਾ ਕਿ ਜਥੇਦਾਰ ਤਾਂ ਮੈਨੂੰ ਆਖਣ ਤੇ ਮਰਜ਼ੀ ਤੁਹਾਡੀ ਚੱਲੇ। ਇਹ ਕਹਿ ਕੇ ਮੈਂ ਉਥੋਂ ਪਹਿਲੀ ਵਾਰੀ ਵਾਪਸ ਆਇਆ।
ਸਵਾਲ - ਗੱਲ ਇਹ ਹੈ ਕਿ ਨਵੰਬਰ '87 ਵਿਚ ਤੁਸੀ ਐਲਾਨ ਕੀਤਾ ਕਿ ਅਸੀ ਇਨਸਾਫ਼ ਮਾਰਚ ਕੱਢਾਂਗੇ ਤੇ ਇਥੇ ਤੁਹਾਨੂੰ ਅਰੈਸਟ (ਗ੍ਰਿਫ਼ਤਾਰ) ਕਰ ਲਿਆ ਗਿਆ ਜ਼ੀਰਕਪੁਰ ਵਿਚ। ਤੁਸੀ ਘਰ ਨਜ਼ਰਬੰਦ ਹੋਏ ਹੋ, ਇਸ ਵਿਚ ਵੀ ਪੰਜਾਬ ਸਰਕਾਰ ਦਾ ਹੱਥ ਸੀ?
ਜਵਾਬ - ਵੇਖੋ, ਸਪੱਸ਼ਟ ਕਰਨਾ ਚਾਹੁੰਦਾ ਹਾਂ, ਇਹ ਗੱਲ ਬੜੀ ਲੰਮੀ ਚੌੜੀ ਸੀ। ਜਿਸ ਦਿਨ ਅਸੀ ਇਹ ਕੀਤਾ ਉਸ ਵੇਲੇ ਸੰਤ ਮੱਖਣ ਸਿੰਘ ਮੇਰੇ ਕੋਲ ਕਾਫ਼ੀ ਆਉਂਦੇ ਸਨ ਤੇ ਕਹਿਣ ਲੱਗੇ ਕਿ ਆਪਾਂ ਧਾਰਮਕ ਲੋਕਾਂ ਨੂੰ ਅੱਗੇ ਲਾ ਕੇ ਜੋਧਪੁਰ ਅਤੇ ਜੈਪੁਰ ਦੇ ਕੈਦੀਆਂ ਨੂੰ ਛੁਡਾਈਏ। ਮੈਂ ਕਿਹਾ ਠੀਕ ਹੈ। ਫ਼ੈਸਲਾ ਹੋਇਆ ਕਿ ਜਿੰਨੇ ਡੇਰੇ ਨੇ ਉਨ੍ਹਾਂ ਦੇ ਧਾਰਮਕ ਲੋਕਾਂ ਨੂੰ ਲੈ ਕੇ ਚੱਲੀਏ, ਅਗਵਾਈ ਕਰਨ ਵਿਚ। ਹਰ ਡੇਰੇ ਵਿਚ ਮੈਂ ਵੀ ਗਿਆ, ਸੰਤ ਮੱਖਣ ਸਿੰਘ ਵੀ ਗਏ ਅੰਮ੍ਰਿਤਸਰ ਵਾਲੇ। ਜਿਸ ਦਿਨ ਮੀਟਿੰਗ ਸੀ, ਮੀਟਿੰਗ ਵਿਚ ਟਾਈਮ ਰਖਿਆ ਸੀ। 2 ਘੰਟੇ ਅਸੀ ਉਡੀਕਦੇ ਡਹੇ। ਕੋਈ ਸਾਧ ਸੰਤ ਤੇ ਡੇਰੇ ਵਾਲਾ ਨਹੀਂ ਆਇਆ। ਅਚਾਨਕ 2 ਘੰਟੇ ਬਾਅਦ ਦਸ ਪੰਦਰਾਂ ਭਰਾ ਇਕੱਠੇ ਹੋ ਗਏ।

ਇਕ ਪਾਸੇ ਇਹ ਹਾਲ ਸੀ ਸਾਡੇ ਧਾਰਮਕ ਵਰਗ ਦਾ। ਦੂਜੇ ਪਾਸੇ ਸਵੇਰੇ ਅਸੀ ਲੈ ਕੇ ਆਉਣਾ ਸੀ ਇਨਸਾਫ਼ ਮਾਰਚ। ਉਸ ਦਿਨ ਰਾਤ ਤਕ ਜ਼ੋਰ ਲਗਦਾ ਰਿਹਾ ਕਿ ਅਸੀ ਇਨਸਾਫ਼ ਮਾਰਚ ਨਾ ਲੈ ਜਾਈਏ। ਇਥੋਂ ਤਕ ਕਿ ਸੁਸ਼ੀਲ ਮੁਨੀ ਦਾ ਫ਼ੋਨ ਆਇਆ ਕਿ ਤੁਸੀ ਕਲ 12 ਵਜੇ ਤਕ ਰੁਕ ਜਾਉ। ਰਾਜੀਵ ਗਾਂਧੀ ਆਸਾਮ ਵਲ ਗਿਆ ਹੋਇਆ ਹੈ ਉਥੇ ਬੰਦਾ ਭੇਜਿਆ ਹੋਇਆ ਹੈ ਉਥੋਂ ਸਾਈਨ ਕਰਵਾ ਕੇ ਲਿਆਏਗਾ। ਜੋਧਪੁਰ ਦੇ ਕੈਦੀਆਂ ਨੂੰ ਰਿਹਾਅ ਕਰੇਗਾ ਤੇ ਸਾਈਨ ਕਰੇਗਾ ਤਾਂ ਤੁਸੀ ਸੰਤੁਸ਼ਟ ਹੋਵੋਗੇ। ਮੈਂ ਉਨ੍ਹਾਂ ਨੂੰ ਕਿਹਾ ਕਿ ਕੌਮ ਨਾਲ ਪਹਿਲਾਂ ਵੀ ਬਹੁਤ ਵਾਅਦੇ ਹੋਏ ਨੇ ਤੇ ਸਿਆਸੀ ਵਾਅਦਾ ਕਰ ਕੇ ਮੁਕਰ ਜਾਂਦੇ ਨੇ ਟਾਲ ਦਿੰਦੇ ਨੇ। ਅਸੀ 10 ਵਜੇ ਤੁਰਾਂਗੇ। ਤੁਸੀ ਸਾਨੂੰ ਫਤਹਿਗੜ੍ਹ ਤੋਂ 50 ਮੀਲ ਅੱਗੇ ਪਹੁੰਚਦਿਆਂ ਸਾਈਨ ਕੀਤਾ ਹੋਇਆ ਫ਼ੈਸਲਾ ਕਿ ਜੋਧਪੁਰ ਦੇ ਕੈਦੀ ਰਿਹਾਅ ਕੀਤੇ ਜਾਂਦੇ ਨੇ ਦੇ ਦਿਉ। ਅਸੀ ਉਥੋਂ ਵਾਪਸ ਆ ਜਾਵਾਂਗੇ। ਉਧਰੋਂ 2 ਦਿਨ ਪਹਿਲਾਂ ਕੀ ਹੋਇਆ ਕਿ ਤਿੰਨ ਦਿਨ ਪਹਿਲਾਂ ਐਲਾਨ ਹੋ ਗਿਆ ਕਿ ਬਾਦਲ ਜੀ ਰਿਹਾਅ ਹੋ ਕੇ ਆ ਰਹੇ ਨੇ। ਅਸੀ ਆਖਿਆ ਕਿ ਲੀਡਰ ਰਿਹਾਅ ਹੋ ਕੇ ਆ ਰਿਹਾ ਹੈ ਤਾਂ ਅਸੀ ਲੀਡਰ ਨੂੰ ਅੱਗੇ ਲਵਾਂਗੇ। ਅਸੀ 2 ਦਿਨ ਲੇਟ ਕੀਤਾ ਇਹ ਇਨਸਾਫ਼ ਮਾਰਚ ਕਿ ਬਾਦਲ ਜੀ ਆ ਰਹੇ ਨੇ ਤੇ ਉਨ੍ਹਾਂ ਨੂੰ ਅੱਗੇ ਲਾਵਾਂਗੇ। ਪਰ ਕੀ ਪਤਾ ਸੀ ਕੀ ਸਮਝੌਤਾ ਕਰ ਕੇ ਆਏ ਸਨ।

ਕੇਂਦਰ ਸਰਕਾਰ ਇਹ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਕਿ ਸਿੱਖ ਕੌਮ ਇਕੱਠੀ ਹੋ ਕੇ ਕੋਈ ਇਨਸਾਫ਼ ਮਾਰਚ ਕੱਢੇ। ਤਰਕੀਬਾਂ ਬਣਨ ਲੱਗੀਆਂ ਕਿ ਸਿੱਖ ਖਾੜਕੂਆਂ, ਅਕਾਲੀ ਦਲ ਤੇ ਧਾਰਮਕ ਜਥੇਬੰਦੀਆਂ ਵਿਚ ਆਪਸੀ ਬਖੇੜਾ ਪਾਇਆ ਜਾਵੇ। ਸਰਕਾਰ ਸੋਚਣ ਲੱਗ ਪਈ ਕਿ ਅਕਾਲ ਤਖ਼ਤ ਦਾ ਜਥੇਦਾਰ ਉਹ ਹੋਵੇ ਜਿਹੜਾ ਕੇਂਦਰ ਨੂੰ ਪਸੰਦ ਹੋਵੇ। ਉਪਰੋਕਤ ਸਕੀਮਾਂ ਨੂੰ ਸਿਰੇ ਲਾਉਣ ਲਈ ਹਰ ਹੀਲਾ ਵਰਤਿਆ ਗਿਆ। ਕੌਮ ਦੀ ਬਦਕਿਸਮਤੀ ਕਿ ਅਸੀ ਸੱਚ ਤੇ ਝੂਠ, ਸੱਚੇ ਸੁੱਚੇ ਤੇ ਵਿਕਾਊਆਂ ਦੀ ਪਰਖ ਵੀ ਨਾ ਕਰ ਸਕੇ। ਸ਼੍ਰੋਮਣੀ ਕਮੇਟੀ ਦੀ ਬੇਬਸੀ ਸਪੱਸ਼ਟ ਸੀ ਤੇ ਸਾਡੇ ਰਾਜਨੀਤਕ ਲੀਡਰਾਂ ਨੂੰ ਇਸ ਸਥਿਤੀ ਵਿਚੋਂ ਨਿਕਲਣ ਦਾ ਕੋਈ ਰਾਹ ਨਹੀਂ ਸੀ ਦਿਸ ਰਿਹਾ।

SHARE ARTICLE
Advertisement

Congress Leader Raja Warring Wife Amrita Warring Interview | Lok Sabha Election 2024

14 May 2024 8:47 AM

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM
Advertisement