
ਪੂਰੇ ਸੰਸਾਰ ਵਿਚ ਪਾਉਂਟਾ ਸਾਹਿਬ ਦੀ ਮਹੱਤਤਾ ਵਿਲੱਖਣ ਹੈ ਕਿਉਕਿ ਪਾਉਂਟਾ ਸਾਹਿਬ ਹੀ ਇਕੋ ਇਕ ਅਜਿਹਾ ਸ਼ਹਿਰ ਹੈ ਜਿਸ ਦਾ ਨੀਂਹ ਪੱਥਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰਖਿਆ ਸੀ ਅਤੇ ਇਸ ਦਾ ਨਾਂ ਪਾਉਂਟਾ ਸਾਹਿਬ ਉਨ੍ਹਾਂ ਹੀ ਨਿਸ਼ਚਿਤ ਕੀਤਾ ਸੀ। ਪੁਰਾਣੀ ਨਾਹਨ ਰਿਆਸਤ ਵਿਚ ਸਥਿਤ ਹਿਮਾਚਲ ਪ੍ਰਦੇਸ਼ ਵਿਚ ਯਮੁਨਾ ਨਦੀ ਦੇ ਕੰਢੇ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਲ ਤੋਂ ਵੀ ਵੱਧ ਸਮਾਂ ਰਹੇ। ਸਿੱਖ ਇਤਿਹਾਸ ਅਨੁਸਾਰ ਦਸਮੇਸ਼ ਜੀ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਤੇ 1685 ਵਿਚ ਨਾਹਨ ਪਹੁੰਚੇ ਸਨ ਅਤੇ ਬਹੁਤ ਹੀ ਸੁੰਦਰ ਕੁਦਰਤੀ ਨਜ਼ਾਰਿਆਂ ਅਤੇ ਪ੍ਰਭਾਵਸ਼ਾਲੀ ਵਾਤਾਵਰਣ ਨੂੰ ਮੁੱਖ ਰੱਖ ਕੇ ਦਸਮੇਸ਼ ਨੇ ਇਹ ਸ਼ਹਿਰ ਵਸਾਇਆ ਸੀ। ਬਹੁਤ ਥੋੜੀ ਦੇਰ ਵਿਚ ਹੀ ਇਥੇ ਜੰਗਲ ਵਿਚ ਮੰਗਲ ਲੱਗ ਗਿਆ ਅਤੇ ਇਹ ਇਕ ਅਨੰਦਮਈ ਨਗਰ ਬਣ ਗਿਆ। ਗੁਰੂ ਜੀ ਦੇ ਇਥੇ ਰਹਿਣ ਸਮੇਂ ਦੇ ਜੀਵਨ ਨੂੰ ਦਰਸਾਉਂਦੀਆਂ ਅਨੇਕਾਂ ਯਾਦਗਾਰਾਂ ਹਨ ਜਿੱਥੇ ਅਜਕਲ ਸ਼ਾਨਦਾਰ ਗੁਰਦਵਾਰੇ ਸੁਸ਼ੋਭਿਤ ਹਨ। ਇਨ੍ਹਾਂ ਵਿਚ ਪ੍ਰਮੁੱਖ ਇਸ ਤਰ੍ਹਾਂ ਹਨ।
1) ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ:- ਯਮੁਨਾ ਨਦੀ ਦੇ ਕੰਢੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਜੀ ਨੇ ਆ ਕੇ ਅਪਣੇ ਠਹਿਰਨ ਲਈ ਪਹਿਲਾਂ ਕੈਂਪ ਲਾਇਆ। ਬਹੁਤ ਹੀ ਰਮਣੀਕ, ਸੁੰਦਰ ਕੁਦਰਤੀ ਅਸਥਾਨ ਤੇ ਗੁਰੂ ਜੀ ਨੇ ਕਿਲ੍ਹੇ ਵਰਗੀ ਇਮਾਰਤ ਉਸਾਰੀ ਅਤੇ ਇਥੇ ਹੀ ਪਾਉਂਟਾ ਨਗਰ ਦਾ ਨੀਂਹ ਪੱਥਰ ਰਖਿਆ। ਇਸ ਅਸਥਾਨ ਤੇ ਅਜਕਲ ਬਹੁਤ ਹੀ ਸ਼ਾਨਦਾਰ ਗੁਰਦਵਾਰਾ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ। ਇਥੇ ਗੁਰੂ ਜੀ ਚਾਰ ਸਾਲ ਤੋਂ ਵੀ ਵੱਧ ਸਮੇਂ ਲਈ ਅਧਿਆਤਮਕ ਗਿਆਨ ਦੀ ਪੂੰਜੀ ਪ੍ਰਦਾਨ ਕਰਦੇ ਰਹੇ। ਗੁਰੂ ਜੀ ਦੇ ਜੀਵਨ ਨਾਲ ਸਬੰਧਤ ਕੁੱਝ ਨਿਸ਼ਾਨੀਆਂ ਵੀ ਇਥੇ ਸੰਭਾਲੀਆਂ ਗਈਆਂ ਹਨ। ਇਸ ਸਥਾਨ ਤੇ ਸਦਾ ਸੰਗਤਾਂ ਦੀ ਚਹਿਲ ਪਹਿਲ ਰਹਿੰਦੀ ਹੈ।
2) ਗੁਰਦਵਾਰਾ ਸ੍ਰੀ ਦਸਤਾਰ ਅਸਥਾਨ ਸਾਹਿਬ:- ਇਹ ਉਹ ਪਵਿੱਤਰ ਸਥਾਨ ਹੈ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੁੰਦਰ ਦਸਤਾਰਾਂ ਦੇ ਮੁਕਾਬਲੇ ਕਰਵਾਇਆ ਕਰਦੇ ਸਨ ਅਤੇ ਇਨਾਮ ਵੰਡਿਆ ਕਰਦੇ ਸਨ। ਇਸ ਸਥਾਨ ਤੇ ਹੀ ਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਦੀ ਵਿਸ਼ੇਸ਼ ਪ੍ਰਸੰਸਾ ਕੀਤੀ ਸੀ ਅਤੇ ਸਿਰੋਪਾਉ ਬਖ਼ਸ਼ਿਆ ਸੀ ਅਤੇ ਪੀਰ ਬੁੱਧੂ ਸ਼ਾਹ ਜੀ ਦੀ ਬੇਨਤੀ ਤੇ ਉਨ੍ਹਾਂ ਨੂੰ ਇਕ ਕੰਘਾ, ਪਵਿੱਤਰ ਕੇਸਾਂ ਸਮੇਤ, ਯਾਦ ਨਿਸ਼ਾਨੀ ਦੇ ਤੌਰ ਤੇ ਦਿਤਾ ਸੀ। ਇਹ ਸਦੀਆਂ ਤੋਂ ਪੀਰ ਜੀ ਦੀ ਸੰਤਾਨ ਪਾਸ ਸੰਭਾਲਿਆ ਰਿਹਾ।
3) ਕਵੀ ਦਰਬਾਰ ਅਸਥਾਨ: ਗੁਰਦਵਾਰਾ ਹਰਿਮੰਦਰ ਸਾਹਿਬ ਦੇ ਪਿਛਲੇ ਪਾਸੇ ਪਹਾੜੀ ਦੀ ਢਲਾਣ, ਯਮੁਨਾ ਨਦੀ ਦੇ ਬਿਲਕੁਲ ਕੰਢੇ ਤੇ ਗੁਰੂ ਜੀ ਦੇ ਅਪਣੇ 52 ਪ੍ਰਸਿੱਧ ਕਵੀਆਂ ਨਾਲ ਕਵੀ ਦਰਬਾਰ ਸਜਾਉਣ ਵਾਲੀ ਪਵਿੱਤਰ ਥਾਂ ਕਵੀ ਦਰਬਾਰ ਅਸਥਾਨ ਵਜੋਂ ਪ੍ਰਸਿੱਧ ਹੈ। ਗੁਰੂ ਜੀ ਨੇ ਕਈ ਬਾਣੀਆਂ ਜਿਨ੍ਹਾਂ ਵਿਚ ਜਪੁ ਸਾਹਿਬ, ਸਵੱਯੇ ਪਾਤਸ਼ਾਹੀ ਦਸਵੀ, ਅਕਾਲ ਉਸਤਤ, ਚੰਡੀ ਦੀ ਵਾਰ ਅਤੇ ਬਚਿੱਤਰ ਨਾਟਕ ਦੇ ਬਹੁਤ ਹਿੱਸੇ ਦੀ ਰਚਨਾ ਇਸ ਅਸਥਾਨ ਤੇ ਹੀ ਕੀਤੀ ਸੀ।
ਇਸ ਅਸਥਾਨ ਤੇ ਹੀ ਬਹੁਮੁੱਲੇ ਸਾਹਿਤ ਦੀ ਰਚਨਾ ਹੋਈ। ਅਜਕਲ ਇਸ ਸਥਾਨ ਨੂੰ ਵਧੀਆ ਦਿਖ ਦਿਤੀ ਜਾ ਚੁੱਕੀ ਹੈ ਅਤੇ ਪ੍ਰਬੰਧਕਾਂ ਵਲੋਂ ਹਰ ਪੂਰਨਮਾਸ਼ੀ ਦੀ ਰਾਤ ਕਵੀ ਦਰਬਾਰ ਦੀ ਪ੍ਰੰਪਰਾ ਉਸੇ ਤਰ੍ਹਾਂ ਜਾਰੀ ਹੈ। ਇਥੇ ਹੀ ਗੁਰੂ ਜੀ ਨੇ ਅਪਣੇ 52 ਕਵੀਆਂ ਵਿਚੋਂ ਚੰਦਨ ਕਵੀ ਦਾ ਹੰਕਾਰ ਵੀ ਧੰਨਾ ਘਾਹੀਆ ਜੀ ਰਾਹੀਂ ਤੋੜਿਆ ਸੀ।
4) ਗੁਰਦਵਾਰਾ ਸ਼ੇਰਗਾਹ ਸਾਹਿਬ:- ਗੁਰਦਵਾਰਾ ਪਾਉਂਟਾ ਸਾਹਿਬ ਤੋਂ ਭੰਗਾਣੀ ਸਾਹਿਬ ਨੂੰ ਜਾਣ ਵਾਲੇ ਰਸਤੇ ਉਪਰ ਪਿੰਡ ਨਿਹਾਲਗੜ੍ਹ ਵਿਖੇ ਗੁਰਦਵਾਰਾ ਸ਼ੇਰਗਾਹ ਸਾਹਿਬ ਸੁਸ਼ੋਭਿਤ ਹੈ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਜਾ ਨਾਹਨ ਮੇਦਨੀ ਪ੍ਰਕਾਸ਼ ਅਤੇ ਮਹਾਰਾਜਾ ਫ਼ਤਹਿ ਚੰਦ ਗੜ੍ਹਵਾਲ ਦੇ ਸਾਹਮਣੇ ਭਿਆਨਕ ਸ਼ੇਰ ਨੂੰ ਮਾਰਨ ਦੀ ਯਾਦ ਵਿਚ ਬਣਿਆ ਹੈ। ਗੁਰੂ ਜੀ ਨੇ ਅਪਣੀ ਅਥਾਹ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਸੀ। ਗੁਰਦਵਾਰਾ ਸਾਹਿਬ ਦੀ ਬਹੁਤ ਹੀ ਸ਼ਾਨਦਾਰ ਇਮਾਰਤ ਤਿਆਰ ਹੋ ਚੁੱਕੀ ਹੈ। ਸਦਾ ਗੁਰੂ ਦੇ ਲੰਗਰ ਅਤੁੱਟ ਵਰਤਦੇ ਹਨ। ਗੁਰਦਵਾਰਾ ਭੰਗਾਣੀ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਇਸ ਸਥਾਨ ਦੇ ਵੀ ਦਰਸ਼ਨ ਕਰਦੀਆਂ ਹਨ।
5) ਗੁਰਦਵਾਰਾ ਭੰਗਾਣੀ ਸਾਹਿਬ:- ਗੁਰਦਵਾਰਾ ਭੰਗਾਣੀ ਸਾਹਿਬ ਉਸ ਪਵਿੱਤਰ ਸਥਾਨ ਉਤੇ ਸੁਸ਼ੋਭਿਤ ਹੈ ਜਿਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਜੀਵਨਕਾਲ ਦਾ ਸੱਭ ਤੋਂ ਪਹਿਲਾ ਯੁੱਧ ਲੜਿਆ ਅਤੇ ਬਾਈਧਾਰ ਦੇ ਪਹਾੜੀ ਰਾਜਿਆਂ ਦੀਆਂ 20-25 ਹਜ਼ਾਰ ਫ਼ੌਜਾਂ ਨੂੰ ਹਰਾ ਕੇ ਅਪਣੀ ਸੂਰਬੀਰਤਾ, ਸੁਚੱਜੀ ਅਗਵਾਈ, ਅਨੋਖੀ ਵਿਉਂਤਬੰਦੀ ਅਤੇ ਤੀਰ ਨਿਪੁੰਨਤਾ ਦੀ ਮਿਸਾਲ ਪੇਸ਼ ਕੀਤੀ। ਮੁੱਖ ਗੁਰਦਵਾਰਾ ਹਰਿਮੰਦਰ ਸਾਹਿਬ ਪਾਉਂਟਾ ਸਾਹਿਬ ਤੋਂ 21 ਕਿਲੋਮੀਟਰ ਦੂਰ ਹਰੇ ਭਰੇ ਖੇਤਾਂ ਵਿਚ ਸਥਿਤ ਹੈ। ਇਕਾਂਤ ਥਾਂ ਤੇ ਇਹ ਗੁਰਦਵਾਰਾ ਸਾਹਿਬ ਕਿਸੇ ਭਿਆਨਕ ਜੰਗ ਦੀ ਯਾਦ ਕਰਵਾਉਂਦਾ ਹੈ। ਇਸ ਗੁਰਦਵਾਰਾ ਸਾਹਿਬ ਵਿਖੇ ਨਵਾਂ ਦੀਵਾਨ ਹਾਲ ਤਿਆਰ ਹੋ ਚੁਕਿਆ ਹੈ ਅਤੇ ਸੰਗਤਾਂ ਦੀ ਸਹੂਲਤ ਲਈ ਨਵੀਂ ਬਹੁਮੰਜ਼ਲੀ ਸਰਾਂ ਬਣ ਰਹੀ ਹੈ। ਇਸ ਥਾਂ ਤੇ ਇਕ ਪੁਰਾਣਾ ਇਤਿਹਾਸਿਕ ਜਾਮਣ ਦਾ ਰੁੱਖ ਸਥਿਤ ਹੈ ਜਿਸ ਨਾਲ ਗੁਰੂ ਜੀ ਅਪਣਾ ਘੋੜਾ ਬੰਨ੍ਹਿਆ ਕਰਦੇ ਸਨ।
6) ਗੁਰਦਵਾਰਾ ਤੀਰਗੜ੍ਹੀ ਸਾਹਿਬ:- ਪਾਉਂਟਾ ਸਾਹਿਬ ਦੀ ਧਰਤੀ ਤੇ ਗੁਰਦਵਾਰਾ ਤੀਰਗੜ੍ਹੀ ਸਾਹਿਬ ਦੀ ਵੀ ਵਿਸ਼ੇਸ਼ ਮਹਾਨਤਾ ਹੈ ਕਿਉਂਕਿ ਭੰਗਾਣੀ ਦੇ ਯੁੱਧ ਸਮੇਂ ਗੁਰੂ ਜੀ ਇਥੇ ਉੱਚੇ ਟਿੱਲੇ ਤੇ ਖੜੇ ਹੋ ਕੇ ਦੁਸ਼ਮਣਾਂ ਵਲ ਤੀਰ ਚਲਾਉਂਦੇ ਸਨ ਅਤੇ ਰਾਜਾ ਹਰੀ ਚੰਦ ਵਰਗੇ ਤੀਰ ਨਿਪੁੰਨ ਯੋਧਿਆਂ ਨੂੰ ਅਪਣੀ ਤੀਰਅੰਦਾਜ਼ੀ ਦਾ ਅਹਿਸਾਸ ਕਰਾਉਂਦੇ ਸਨ। ਗੁਰਦਵਾਰਾ ਤੀਰਗੜ੍ਹੀ ਸਾਹਿਬ ਪਾਉਂਟਾ ਸਾਹਿਬ ਤੋਂ 18 ਕਿਲੋਮੀਟਰ ਦੀ ਦੂਰੀ ਤੇ ਇਕ ਉੱਚੀ ਥਾਂ ਤੇ ਸੁਸ਼ੋਭਿਤ ਹੈ। ਇਸ ਗੁਰਦਵਾਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਦੇ ਕੰਮ ਦੀ ਸੇਵਾ ਸੰਤ ਸਰੂਪ ਸਿੰਘ ਜੀ ਨੇ ਕਰਵਾਈ ਹੈ।
7) ਗੁਰਦਵਾਰਾ ਸ੍ਰੀ ਰਣਥੰਭ ਸਾਹਿਬ ਪਾਤਸ਼ਾਹੀ 10ਵੀ:- ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸ਼ੀਰਵਾਦ ਲੈ ਕੇ ਉਨ੍ਹਾਂ ਦੀ ਭੂਆ ਬੀਬੀ ਵੀਰੋ ਦੇ ਸਪੁੱਤਰ ਅਤੇ ਸਿੱਖ ਫ਼ੌਜਾਂ ਦੇ ਸੈਨਾਪਤੀ ਸੰਗੋਸ਼ਾਹ ਨੇ ਅਪਣੀ ਅੱਧੀ ਫ਼ੌਜ ਜੰਗੇ ਮੈਦਾਨ ਵਿਚ ਅੱਗੇ ਵਧਾ ਕੇ ਇਕ ਰਣਥੰਭ ਗੱਡ ਕੇ ਹੁਕਮ ਕਰ ਦਿਤਾ ਕਿ ਇਸ ਤੋਂ ਪਿੱਛੇ ਨਹੀਂ ਹਟਣਾ। ਉਨ੍ਹਾਂ ਦੀ ਰਣਨੀਤੀ ਕੰਮ ਆਈ ਅਤੇ ਗੁਰੂ ਜੀ ਦੇ ਮਰਜੀਵੜਿਆਂ ਸੇਵਕਾਂ ਨੇ ਦੁਸ਼ਮਣਾਂ ਦੀਆਂ 20-25 ਹਜ਼ਾਰ ਫ਼ੌਜਾਂ ਨੂੰ ਕਰਾਰੇ ਹੱਥ ਵਿਖਾਏ। ਇਸ ਗੁਰਦਵਾਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਦੀ ਸੇਵਾ ਪਾਉਂਟਾ ਸਾਹਿਬ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਵਲੋਂ ਨਿਭਾਈ ਜਾ ਰਹੀ ਹੈ ਅਤੇ ਇਹ ਸਥਾਨ ਗੁਰਦਵਾਰਾ ਭੰਗਾਣੀ ਸਾਹਿਬ ਅਤੇ ਗੁਰਦਵਾਰਾ ਤੀਰਗੜ੍ਹੀ ਸਾਹਿਬ ਦੇ ਵਿਚਕਾਰ ਸਥਿਤ ਹੈ। ਸੰਗਤਾਂ ਦਰਸ਼ਨ ਕਰ ਕੇ ਗੁਰੂ ਜੀ ਦੀ ਯੁੱਧ ਰਣਨੀਤੀ ਦੀ ਪ੍ਰਸੰਸਾ ਵਿਚ ਧੰਨ ਧੰਨ ਕਹਿ ਉਠਦੀਆਂ ਹਨ।
8) ਤਪ ਅਸਥਾਨ ਗੁਰਦਵਾਰਾ ਸ੍ਰੀ ਕ੍ਰਿਪਾਲ ਸਿਲਾ ਸਾਹਿਬ:- ਇਹ ਅਸਥਾਨ ਦਰਬਾਰ ਸ੍ਰੀ ਪਾਉਂਟਾ ਸਾਹਿਬ ਤੋਂ ਪੂਰਬ ਵਲ ਥੋੜੀ ਹੀ ਦੂਰੀ ਤੇ ਹੈ। ਇਹ ਸਥਾਨ ਉਦਾਸੀਆਂ ਦੇ ਮਹੰਤ ਕ੍ਰਿਪਾਲ ਦਾਸ ਜੀ ਦੀ ਯਾਦ ਵਿਚ ਬਣਿਆ ਹੋਇਆ ਹੈ। ਇਸ ਜਗ੍ਹਾ ਤੇ ਮਹੰਤ ਜੀ ਕਈ ਕਈ ਘੰਟੇ ਤਪ ਕਰਿਆ ਕਰਦੇ ਸਨ ਉਨ੍ਹਾਂ ਪਾਸ 500 ਦੇ ਕਰੀਬ ਉਦਾਸੀ ਸਾਧੂ ਰਹਿੰਦੇ ਸਨ। ਪਰ ਭੰਗਾਣੀ ਦੇ ਯੁੱਧ ਦੀ ਖ਼ਬਰ ਸੁਣ ਕੇ ਸੱਭ ਦੌੜ ਗਏ। ਸੰਤ ਕ੍ਰਿਪਾਲ ਦਾਸ ਜੀ ਆਪ ਅਪਣਾ ਕੁਤਕਾ ਲੈ ਕੇ ਜੰਗ ਵਿਚ ਸ਼ਾਮਲ ਹੋ ਗਏ ਅਤੇ ਇਸ ਨਾਲ ਹੀ ਹਯਾਤ ਖ਼ਾਨ ਨੂੰ ਬੁਰੀ ਤਰ੍ਹਾਂ ਮਾਰ ਮੁਕਾਇਆ। ਗੁਰੂ ਜੀ ਨੇ ਮਹੰਤ ਕ੍ਰਿਪਾਲ ਦਾਸ ਜੀ ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਸਿਰੋਪਾਉ ਦੀ ਬਖਸ਼ਿਸ਼ ਕੀਤੀ। ਇਸ ਅਸਥਾਨ ਤੇ ਅੱਜ ਵੀ ਉਹ ਸਿਲਾ ਮੌਜੂਦ ਹੈ ਜਿਸ ਤੇ ਬੈਠ ਕੇ ਮਹੰਤ ਜੀ ਤਪ ਕਰਦੇ ਸਨ।
ਇਨ੍ਹਾਂ ਅਸਥਾਨਾਂ ਤੋਂ ਇਲਾਵਾ ਇਸ ਇਲਾਕੇ ਵਿਚ ਕਾਲਪੀ ਰਿਸ਼ੀ ਦੀ ਯਾਦਗਾਰ, ਗੁਰਦਵਾਰਾ ਸ੍ਰੀ ਟੋਕਾ ਸਾਹਿਬ ਅਤੇ ਨਾਹਨ ਵਿਖੇ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਦੇ ਦਰਸ਼ਨ ਯੋਗ ਪਵਿੱਤਰ ਇਤਿਹਾਸਿਕ ਸਥਾਨ ਹਨ। ਮਨ ਕਰਦਾ ਹੈ ਕਿ ਏਨੀ ਪਵਿੱਤਰ ਭੂਮੀ ਦੇ ਦਰਸ਼ਨ ਕਰ ਕੇ ਵਾਰ ਵਾਰ ਨਤਮਸਤਕ ਹੋਇਆ ਜਾਵੇ।