
ਜਨਵਰੀ 1970 ਫਿਰ ਮੈਨੂੰ ਗੁਰਸ਼ਰਨ ਸਿੰਘ ਜੇਜੀ ਪੁਲਿਸ ਕਪਤਾਨ ਨੇ ਏ.ਐਸ.ਆਈ. ਮੁੱਖ ਅਫ਼ਸਰ ਸੰਗਤ ਲਗਾ ਦਿਤਾ। ਅੱਪਰ ਕੋਰਸ ਤਾਂ ਪਾਸ ਸੀ, ਪਰ ਵੱਡੇ ਥਾਣੇਦਾਰ ਦੀ ਆਸਾਮੀ ਨਾ ਹੋਣ ਕਰ ਕੇ ਤਰੱਕੀ ਨਹੀਂ ਸੀ ਹੋਈ। ਬਾਦਲ ਜੀ ਪਹਿਲੀ ਵਾਰ ਮੁੱਖ ਮੰਤਰੀ ਅਪ੍ਰੈਲ 1970 ਵਿਚ ਬਣੇ। ਥਾਣਾ ਸੰਗਤ ਪੱਕਾ ਕਲਾਂ ਹਲਕੇ ਵਿਚ ਸੀ ਅਤੇ ਹਲਕੇ ਦੇ ਐਮ.ਐਲ.ਏ. ਤਰਲੋਚਨ ਸਿੰਘ ਰਿਆਸਤੀ ਰਾਜ ਮੰਤਰੀ ਸਨ। ਉਹ ਇਕ ਸੁਲਝੇ ਹੋਏ ਸਿਆਸਤਦਾਨ ਸਨ। ਉਹ ਆਪ ਮੇਰੇ ਵਿਰੁਧ ਕੋਈ ਰੰਜਿਸ਼ ਨਹੀਂ ਸੀ ਰਖਦੇ। ਪਰ ਉਨ੍ਹਾਂ ਦਾ ਇਕ ਨਜ਼ਦੀਕੀ ਭੁੱਲਰ ਮੇਰੇ ਤੋਂ ਖ਼ੁਸ਼ ਨਹੀਂ ਸੀ। ਮੈਂ ਠੀਕ ਕੰਮ ਤਾਂ ਕਰ ਦਿੰਦਾ ਸੀ, ਪਰ ਕੋਈ ਗ਼ਲਤ ਕੰਮ ਨਹੀਂ ਸੀ ਕਰਦਾ। ਜੇਜੀ ਦੀ ਸ਼ੋਹਰਤ ਇਕ ਤਕੜੇ ਪੁਲਿਸ ਕਪਤਾਨ ਅਤੇ ਈਮਾਨਦਾਰ ਦੀ ਸੀ। ਕਈ ਵੱਡੇ ਥਾਣੇਦਾਰ ਘੁਸਰ-ਮੁਸਰ ਕਰਦੇ ਸਨ ਕਿ ਕਲ ਦੇ ਛੋਕਰੇ ਮੁੱਖ ਅਫ਼ਸਰ ਲਾਏ ਹਨ।
ਜੇਜੀ ਥਾਣੇ ਬੋਹੇ ਦਾ ਨਿਰੀਖਣ ਕਰ ਰਹੇ ਸੀ ਤਾਂ ਮੁੱਖ ਅਫ਼ਸਰ ਵਿਰੁਧ ਸ਼ਿਕਾਇਤ ਹੋ ਗਈ ਕਿਉਂਕਿ ਚੋਰੀ ਦਾ ਪਰਚਾ ਕੁੱਝ ਲੈ ਕੇ ਕਟਿਆ ਬਿਆਨ ਹੋਇਆ। ਉਸ ਦੇ ਘਰ ਦੀ ਤਲਾਸ਼ੀ ਸਮੇਂ ਤੂੜੀ ਵਿਚੋਂ ਕੁੱਝ ਪੈਸੇ ਹੋਰ ਮਿਲ ਗਏ। ਉਹ ਪੁਲਿਸ ਕੋਲ ਹੀ ਰਹਿ ਗਏ। ਅਸਲ ਵਿਚ ਪਿੰਡ ਵਰ੍ਹੇ ਦਾ ਇਕ ਬਜ਼ੁਰਗ ਕਾਫ਼ੀ ਪੈਸੇ ਰਖਦਾ ਸੀ, ਜਮ੍ਹਾਂ ਨਹੀਂ ਸੀ ਕਰਵਾਉਂਦਾ, ਪੀਪੇ ਵਿਚ ਪਾ ਕੇ ਤੂੜੀ ਵਾਲੀ ਸਬਾਤ ਵਿਚ ਰੱਖ ਦਿੰਦਾ। ਉਹ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ ਤਾਂ ਉਨ੍ਹਾਂ ਲੋਕਾਂ ਨੂੰ ਕਹਿ ਦਿਤਾ ਕਿ ਮੈਂ ਉਹ ਥਾਣੇਦਾਰ ਲਗਾ ਦਿੰਦਾ ਹਾਂ, ਜਿਹੜਾ ਪੈਸੇ ਨਹੀਂ ਲਵੇਗਾ। ਕੁੱਝ ਨੇ ਅਚੰਭੇ ਨਾਲ ਕਹਿ ਦਿਤਾ, ''ਥਾਣੇਦਾਰ ਵੀ ਅਜਿਹਾ ਹੁੰਦਾ ਹੈ, ਜਿਹੜਾ ਪੈਸੇ ਨਾ ਲਵੇ?'' ਤਾਂ ਤੁਰਤ ਵਾਇਰਲੈੱਸ ਰਾਹੀਂ ਮੈਨੂੰ ਥਾਣੇ ਬੋਹੇ ਸੱਦ ਲਿਆ ਗਿਆ ਤੇ ਕਿਹਾ ਕਿ ਮੈਂ ਤੇਰੀ ਬਦਲੀ ਥਾਣੇ ਬੋਹੇ ਦੀ ਕਰ ਰਿਹਾ ਹਾਂ। ਥਾਣਾ ਬੋਹਾ ਤਾਂ ਮੇਰੇ ਘਰ ਤੋਂ ਨੇੜੇ ਸੀ, ਪਰ ਇਹ ਇਨਸਾਨੀ ਫ਼ਿਤਰਤ ਹੈ, ਜਿਸ ਥਾਂ ਉਹ ਹੋਵੇ, ਉਹ ਛਡਣਾ ਨਹੀਂ ਚਾਹੁੰਦਾ। ਮੇਰੇ ਪੁਲਿਸ ਕਪਤਾਨ ਦਾ ਹੁਕਮ ਸੀ, ਦੂਜੇ ਦਿਨ ਮੈਂ ਸੰਗਤ ਤੋਂ ਚਾਰਜ ਛੱਡ ਕੇ ਰੇਲ ਰਾਹੀਂ ਬੁਢਲਾਡੇ ਪੁਜਿਆ, ਗਰਮੀ ਤੇ ਚੌਮਾਸਾ ਸੀ। ਥਾਣੇ ਬੋਹੇ ਦੇ ਦੋ ਸਿਪਾਹੀ ਸਟੇਸ਼ਨ ਤੇ ਮੈਨੂੰ ਲੈਣ ਆ ਗਏ ਸਨ ਤੇ ਅਸੀ ਪੈਦਲ ਹੀ ਬੋਹੇ ਦੇ ਆਰਜ਼ੀ ਅੱਡੇ ਤੇ ਪੁੱਜੇ। ਜਾਲੀ ਦੀ ਮਾਵੇ ਵਾਲੀ ਕਮੀਜ਼ ਹੋਣ ਕਰ ਕੇ ਵਰਦੀ ਹੋਰ ਚੁੱਭ ਰਹੀ ਸੀ। ਥਾਣੇਦਾਰ ਦੀ ਸ਼ੋਹਰਤ ਪਹਿਲਾਂ ਪੁੱਜ ਜਾਂਦੀ ਹੈ। ਮੈਨੂੰ ਦੁਕਾਨਦਾਰ ਨੇ ਅੰਦਰ ਬਿਠਾਇਆ। ਮੈਂ ਇਕੱਲਾ ਹੀ ਸੀ ਤੇ ਠੰਢੀ ਦੁੱਧ ਦੀ ਲੱਸੀ ਲਿਆ ਕੇ ਦੇ ਦਿਤੀ। ਇਕ 30 ਕੁ ਸਾਲ ਦੀ ਪੇਂਡੂ ਬਣਦੀ ਤਣਦੀ ਮੁਟਿਆਰ ਅੰਦਰ ਆਈ ਤੇ ਮੇਰੇ ਨੇੜੇ ਹੋ ਕੇ ਕੁੱਝ ਕਹਿਣ ਲੱਗੀ।
ਮੈਨੂੰ ਮਹਿਸੂਸ ਹੋਇਆ ਕੁੱਝ ਗੱਲ ਕਰਨੀ ਚਾਹੁੰਦੀ ਹੈ, ਤਾਂ ਉਹ ਮੇਰੇ ਗੱਲ ਉਤੋਂ ਦੀ ਬਾਂਹ ਪਾ ਕੇ ਕਹਿਣ ਲੱਗੀ, ''ਥਾਣੇਦਾਰਾ, 20 ਸੇਰ ਅਫ਼ੀਮ ਫੜਾ ਦਿੰਦੀ ਹਾਂ, ਤੂੰ ਛੱਡੇਂਗਾ ਨਹੀਂ ਮੈਂ ਜਾਣਦੀ ਹਾਂ।'' ਉਸ ਨੇ ਸ਼ਰਾਬ ਪੀਤੀ ਹੋਈ ਸੀ। ਇਹ ਗੱਲ ਉਹ ਕਹਿ ਹੀ ਰਹੀ ਸੀ, ਕਿ ਮੈਂ ਆਪੇ ਤੋਂ ਬਾਹਰ ਹੋ ਗਿਆ ਤੇ ਉਸ ਨੂੰ ਇਕ ਜ਼ੋਰ ਦੀ ਥੱਪੜ ਮਾਰਿਆ। ਲੋਕਾਂ ਵਿਚ ਰੌਲਾ ਪੈ ਗਿਆ। ਉਹ ਤੁਰਤ ਖਿਸਕ ਗਈ। ਮੈਂ ਕੁੱਝ ਠੰਢਾ ਹੋਇਆ। ਮੈਂ ਕੋਈ ਔਲੀਆ ਅਵਤਾਰ ਤਾਂ ਨਹੀਂ ਸੀ, ਮੈਨੂੰ ਮਹਿਸੂਸ ਹੋਇਆ ਕਿ ਉਹ ਅਫ਼ੀਮ ਦੀ ਗੱਲ ਕਰਦੀ ਸੀ। ਮੈਂ ਦੋਵੇਂ ਸਿਪਾਹੀ ਆਸੇ-ਪਾਸੇ ਭਜਾਏ, ਪਰ ਉਹ ਨਾ ਮਿਲੀ ਤੇ ਨਾ ਹੀ ਕੋਈ ਉਸ ਦੀ ਸ਼ਨਾਖਤ ਕਰ ਸਕਿਆ, ਸ਼ਾਇਦ ਜਾਣ ਕੇ ਨਹੀਂ ਸੀ ਦਸਦੇ। ਮੈਨੂੰ ਮੇਰੀ ਹਉਮੈ ਤੇ ਦੁੱਖ ਹੋਇਆ ਕਿ ਮੈਂ ਇਕ ਇਤਲਾਹ ਦਾ ਲਾਭ ਨਾ ਉਠਾ ਸਕਿਆ।
ਮੇਰੀ ਸਾਰੀ ਸਰਵਿਸ ਵਿਚ ਮੈਂ ਮੁਖ਼ਬਰਾਂ ਦਾ ਕਦੇ ਨਿਰਾਦਰ ਨਹੀਂ ਕੀਤਾ। ਉਸ ਸਮੇਂ ਮਾਨਸਾ ਸਬ-ਡੀਵਜ਼ਨ ਜਾਂ ਬੁਢਲਾਡਾ ਅਤੇ ਭੀਖੀ ਦੇ ਇਲਾਕੇ ਵਿਚ ਸਖ਼ਤ ਪਾਰਟੀਬਾਜ਼ੀ ਸੀ। ਇਕ ਪਾਸੇ ਗੁਰਦਿਆਲ ਸਿੰਘ ਟਾਹਲੀਆਂ ਸੀ, ਜੋ ਕਿ ਸੀ.ਪੀ.ਆਈ. ਵਲੋਂ ਬੁਢਲਾਡਾ ਸੰਮਤੀ ਦਾ ਚੇਅਰਮੈਨ ਸੀ। ਉਸ ਦਾ ਪਿੰਡ ਵੀ ਮੇਰੇ ਥਾਣੇ ਵਿਚ ਸੀ। ਦੂਜਾ ਗੁਰਦਿਆਲ ਸਿੰਘ ਟੋਨੀ ਸੀ, ਉਹ ਟਰੱਕ ਯੂਨੀਅਨ ਦਾ ਪ੍ਰਧਾਨ ਸੀ ਅਤੇ ਉਸ ਦੀ ਰਿਹਾਇਸ਼ ਦੋਦੜਾ ਥਾਣੇ ਬੁਢਲਾਡੇ ਵਿਚ ਸੀ। ਮੈਨੂੰ ਪੁਲਿਸ ਕਪਤਾਨ ਜੇਜੀ ਨੇ ਦਸਿਆ ਕਿ ਦੋਵਾਂ ਦੀ ਸਖ਼ਤ ਪਾਰਟੀਬਾਜ਼ੀ ਹੈ, ਦੋਵੇਂ ਧਿਰਾਂ ਕੋਲ ਅਸਲਾ ਸੀ। ਕਿਸੇ ਪਾਰਟੀ ਦਾ ਅਸਲਾ ਰਖਾਉਣਾ ਖ਼ਤਰਨਾਕ ਸੀ ਅਤੇ ਜਾਇਜ਼ ਵੀ ਨਹੀਂ ਸੀ।
ਉਸ ਸਮੇਂ ਜ਼ਿਮੀਂਦਾਰ ਪਿਸਤੌਲਾਂ, ਰਾਈਫ਼ਲਾਂ ਤੋਂ ਬਿਨਾਂ ਤਲਵਾਰਾਂ ਅਤੇ ਗੰਡਾਸਿਆਂ ਦੀ ਵੀ ਵਰਤੋਂ ਕਰਦੇ ਸਨ। ਇਨ੍ਹਾਂ ਵਿਚ ਦੋਹਾਂ ਦਾ ਨੁਕਸਾਨ ਹੋ ਸਕਦਾ ਸੀ। ਮੈਂ ਦਸਿਆ ਕਿ ਜੇਕਰ ਗੁਰਦਿਆਲ ਸਿੰਘ ਟਾਹਲੀਆਂ ਦਾ ਕਤਲ ਹੋਇਆ ਤਾਂ ਬੁਢਲਾਡੇ ਸ਼ਹਿਰ ਜਾਂ ਬੁਢਲਾਡੇ ਤੋਂ ਵਰ੍ਹਿਆਂ ਨੂੰ ਸੜਕ ਦੇ ਮੋੜ ਉਤੇ ਹੋ ਸਕਦਾ ਹੈ। ਜੇਕਰ ਟੋਨੀ ਮਾਰਿਆ ਗਿਆ ਤਾਂ ਭੀਖੀ ਦੇ ਅੱਡੇ ਜਾਂ ਟਰੱਕ ਯੂਨੀਅਨ ਕੋਲ ਸੰਭਵ ਹੈ। ਚੌਕਸੀ ਮੇਰੇ ਵਲੋਂ ਵੀ ਸੀ ਤੇ ਬੁਢਲਾਡੇ ਦਾ ਮੁੱਖ ਅਫ਼ਸਰ ਵੀ ਰਖਦਾ ਸੀ ਪਰ ਭੀਖੀ ਦੇ ਅੱਡੇ ਤੇ ਇਕ ਵਿਰੋਧੀ ਨੇ ਬੱਸ ਵਿਚ ਬੈਠ ਕੇ ਟੋਨੀ ਤੇ ਫ਼ਾਇਰ ਕਰ ਦਿਤਾ ਜਿਸ ਨਾਲ ਉਸ ਦੀ ਮੌਤ ਹੋਈ। ਉਹ ਘੱਟ ਉਮਰ ਦਾ ਅਤੇ ਬੇਪ੍ਰਵਾਹ ਸੀ। ਗੁਰਦਿਆਲ ਸਿੰਘ ਟਾਹਲੀਆਂ ਸੁਲਝਿਆ ਅਤੇ ਚੁਸਤ ਸੀ। ਉਸ ਦੇ ਸਬੰਧ ਅਮਰੀਕ ਸਿੰਘ ਰਤੀਆ ਨਾਲ ਵੀ ਸਨ। ਉਹ ਸਮੇਂ ਅਨੁਸਾਰ ਚਲਦਾ ਸੀ। ਦੂਰੋਂ ਉਹ ਦੋਵੇਂ ਮੇਰੀਆਂ ਲੰਮੀਆਂ ਰਿਸ਼ਤੇਦਾਰੀਆਂ ਵਿਚੋਂ ਸਨ। ਪਰ ਮੇਰੇ ਨਾਲ ਮਿਲਾਪ ਕਿਸੇ ਦਾ ਨਹੀਂ ਸੀ।
ਸ਼ਾਇਦ ਆਈ.ਬੀ. ਵਲੋਂ ਇਕ ਇਤਲਾਹ ਆਈ ਜੋ ਇਕ 5 ਰੁਪਏ ਦੇ ਨੋਟ ਤੇ ਗੁਪਤ ਸਿਆਹੀ ਨਾਲ ਲਿਖੀ ਫੜੀ ਗਈ। ਇਸ ਅਨੁਸਾਰ ਜ਼ਿਲ੍ਹੇ ਬਠਿੰਡੇ ਦੇ ਇਕ ਥਾਣੇ ਜੋ ਹਰਿਆਣੇ ਨਾਲ ਲਗਦਾ ਹੈ, ਉਸ ਤੋਂ ਅਸਲਾ ਚੋਰੀ ਕਰਨਾ ਬਹੁਤ ਸੌਖਾ ਸੀ ਕਿਉਂਕਿ ਨਕਸਲੀਆਂ ਕੋਲ ਚੰਗਾ ਅਸਲਾ ਨਹੀਂ ਸੀ। ਸਿਰਫ਼ 12 ਬੋਰ ਅਤੇ ਪੱਕੇ ਪਿਸਤੌਲ ਹੀ ਸੀ। ਸਿਰਫ਼ ਹਾਕਮ ਸਿੰਘ ਸਮਾਉ ਕੋਲ ਹੀ ਸਟੇਨਗੰਨ ਸੀ, ਇਸ ਨੇ ਸਟੇਨ ਨਾਲ ਬਘੇਰਾ ਸਿੰਘ ਸੇਰੋਂ ਨੂੰ ਮਾਰਿਆ ਸੀ।
ਜ਼ਿਲ੍ਹਾ ਬਠਿੰਡੇ ਦੇ ਚਾਰ ਥਾਣੇ ਹਰਿਆਣੇ ਨਾਲ ਲਗਦੇ ਸਨ। ਸੰਗਤ ਥਾਣੇ ਵਿਚ ਨਕਸਲੀਆਂ ਦਾ ਅਸਰ ਬਹੁਤ ਘੱਟ ਸੀ। ਸਰਦੂਲਗੜ੍ਹ ਦਾ ਥਾਣਾ ਇਕ ਪੁਰਾਣੇ ਕਿਲ੍ਹੇ ਵਿਚ ਹੋਣ ਕਰ ਕੇ ਕਿਸੇ ਡਰ ਤੋਂ ਬਾਹਰ ਸੀ। ਬਰੇਟਾ ਮੰਡੀ ਵਿਚ ਹੋਣ ਕਰ ਕੇ ਸੁਰੱਖਿਅਤ ਸੀ। ਥਾਣਾ ਬੋਹਾ ਹੀ ਇਕ ਅਜਿਹਾ ਮੰਨਿਆ ਗਿਆ ਕਿ ਜਿਸ ਦੇ ਅਸਲੇ ਦੇ ਮਾਲਖਾਨੇ ਦੀ ਕੰਧ ਬਾਹਰ ਲਗਦੀ ਸੀ। ਅਸੀ ਰਾਤ ਨੂੰ ਬਹੁਤ ਚੁਸਤ ਰਹਿੰਦੇ। ਰਾਤ ਨੂੰ 2-3 ਵਾਰੀ ਮੈਂ ਖ਼ੁਦ ਕੋਠੇ ਤੇ ਚੜ੍ਹ ਕੇ ਨਿਰੀਖਣ ਕਰਦਾ ਤੇ ਅਸਲੇ ਨਾਲ ਹਮੇਸ਼ਾ ਤਿਆਰ ਹੁੰਦੇ। ਸਰਦੀ ਲੰਘਣ ਪਿਛੋਂ ਮੇਰੇ ਜ਼ਿਲ੍ਹਾ ਕਪਤਾਨ ਜੇਜੀ ਨੇ ਮੈਨੂੰ ਬੁਲਾ ਕੇ ਮੇਰਾ ਹੌਸਲਾ ਵਧਾਇਆ ਤੇ ਗੱਲ ਮੀਟਿੰਗ ਵਿਚ ਕਹੀ।
1971 ਵਿਚ ਕਮਿਊਨਿਸਟ ਪਾਰਟੀ ਨੇ ਬੇਦੀ ਫ਼ਾਰਮ ਫਾਜ਼ਿਲਿਕਾ ਤੇ ਰੋਪੜ ਵਿਚ ਕਬਜ਼ਾ ਕਰਨ ਦਾ ਐਲਾਨ ਕੀਤਾ ਸੀ।
ਉਸ ਕੰਮ ਲਈ ਉਨ੍ਹਾਂ ਨਾਲ ਨਕਸਲੀ ਵੀ ਸਬੰਧਤ ਸਨ। ਜ਼ਿਲ੍ਹੇ ਦੀ ਮੀਟਿੰਗ ਵਿਚ ਗੱਲ ਉਠਣੀ ਸੀ ਕਿ ਕਿਹੜੇ ਕਿਹੜੇ ਥਾਣੇ ਵਿਚੋਂ ਕੌਣ-ਕੌਣ ਜਾਏਗਾ? ਮੁੱਖ ਅਫ਼ਸਰ ਮੌੜ ਤੋਂ ਪੁਛਿਆ ਤਾਂ ਉਸ ਦਾ ਜਵਾਬ ਸੀ 'ਪਤਾ ਨਹੀਂ'। ਫਿਰ ਮੁੱਖ ਅਫ਼ਸਰ ਜੈਤੋ ਦੀ ਵਾਰੀ ਆ ਗਈ, ਉਸ ਦਾ ਜਵਾਬ ਵੀ ਇਹੋ ਹੀ ਆਇਆ। ਦੋਹਾਂ ਨੂੰ ਪੁਲਿਸ ਕਪਤਾਨ ਨੇ ਨਿਖੇਧੀ ਦੀ ਸਜ਼ਾ ਦਾ ਨੋਟਿਸ ਦੇ ਦਿਤਾ। ਮੇਰੇ ਨਾਲ ਮੇਰਾ ਦੋਸਤ ਹਰਿੰਦਰ ਸਿੰਘ ਮੁੱਖ ਅਫ਼ਸਰ ਬਰੇਟਾ ਹੌਲੀ ਜਿਹੀ ਕਹਿਣ ਲਗਿਆ, ''ਅਪਣੀ ਵੀ ਵਾਰੀ ਆਊਗੀ, ਕੀ ਕਹੀਏ?'' ਮੈਂ ਸਰਗਰਮ ਕਾਮਰੇਡਾਂ ਦੇ ਨਾਂ ਲੈਣ ਦਾ ਸੁਝਾਅ ਦਿਤਾ ਤਾਂ ਜੇਜੀ ਨੇ ਥਾਣੇ ਬੋਹੇ ਬਾਰੇ ਪੁਛਿਆ। ਮੈਂ ਕਾਮਰੇਡ ਚੈਂਚਲ ਸਿੰਘ ਚੱਬਾ, ਕਰਤਾਰ ਸਿੰਘ ਮੰਦਰਾਂ ਤੇ ਗੁਰਬਖਸ਼ ਸਿੰਘ ਸਤੀਕੇ ਤੇ ਸਰਪੰਚ ਲਖਮੀਰ ਵਾਲਾ ਦਾ ਨਾਂ ਲੈ ਦਿਤਾ। ਫਿਰ ਹਰਿੰਦਰ ਸਿੰਘ ਦੀ ਵਾਰੀ ਆਈ। ਉਸ ਨੇ ਚੰਦ ਸਿੰਘ ਦਿਆਲਪੁਰਾ ਤੇ ਇਕ ਹੋਰ ਕਾਮਰੇਡ ਦਾ ਨਾਂ ਲੈ ਦਿਤਾ। ਸਾਨੂੰ ਦੋਹਾਂ ਨੂੰ ਨਕਦੀ ਨਾਲ ਪ੍ਰਸ਼ੰਸ਼ਾ ਦੇ ਸਰਟੀਫ਼ੀਕੇਟ ਦਾ ਹੁਕਮ ਹੋ ਗਿਆ। ਸਰਕਾਰ ਅਤੇ ਪੁਲਿਸ ਦੀ ਚੌਕਸੀ ਕਾਰਨ ਇਹ ਮੁਹਿੰਮ ਠੁਸ ਹੋ ਗਈ। ਸਰਕਾਰ ਲਈ ਚੰਗਾ ਸ਼ਗਨ ਸੀ।
ਪੰਜਾਬ ਪੁਲਿਸ ਸਮਰੱਥ ਹੈ, ਪਹਿਲਾਂ ਪੁਲਿਸ ਪ੍ਰਬੰਧ ਨੂੰ ਵੱਡੇ ਅਫ਼ਸਰ ਮਦਦ ਕਰਦੇ ਸਨ। ਨੇਕ ਨੀਤ ਨਾਲ ਜੇ ਕੋਈ ਕੰਮ ਗ਼ਲਤ ਹੋ ਜਾਵੇ ਤਾਂ ਹਮਾਇਤ ਹੁੰਦੀ ਸੀ। ਹੁਣ ਪੁਲਿਸ ਹਿਊਮਨ ਰਾਈਟਸ ਤੋਂ ਹਮੇਸ਼ਾ ਡਰਦੀ ਹੈ, ਦੋਸ਼ੀਆਂ ਨੂੰ ਜਾਗਦੇ ਰੱਖਣ ਲਈ ਬਹੁਤ ਰਿਮਾਂਡ ਚਾਹੀਦਾ ਹੈ। ਪਰ ਜੁਡੀਸ਼ਰੀ ਵਲੋਂ ਪੁਲਿਸ ਰਿਮਾਂਡ ਘੱਟ ਹੀ ਮਿਲਦਾ ਹੈ। ਨਵੇਂ ਭਰਤੀ ਹੋਏ ਸਿਪਾਹੀਆਂ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਨੂੰ ਡਿਊਟੀ ਦਫ਼ਤਰ ਟਾਈਮ ਦੀ ਮਿਲੇ, ਜਦਕਿ ਪੁਲਿਸ ਦਾ ਕੰਮ 24 ਘੰਟੇ ਚਲਦਾ ਹੈ।
ਸਿਪਾਹੀਆਂ ਲਈ ਰਿਫ਼ਰੈਸ਼ਰ ਕੋਰਸ ਹੁਣ ਹੋ ਹੀ ਨਹੀਂ ਰਹੇ, ਨਾ ਹੀ ਕਦੇ ਪੁਲਿਸ ਦੀ ਫ਼ਾਈਰਿੰਗ ਕਿਸੇ ਨੇ ਵੇਖੀ ਹੈ। ਪੁਲਿਸ ਦੀ ਪੁਛਗਿਛ ਵਿਚ ਪਹਿਲਾਂ ਅਨਪੜ੍ਹ ਬਹੁਤ ਸਫ਼ਲ ਹੋਏ। ਗੱਜਣ ਸਿੰਘ ਨੀਲੋਵਾਲ ਏ.ਐਸ.ਆਈ. ਇਸ ਕੰਮ ਵਿਚ ਮਾਹਰ ਸੀ। ਦਾਨੇਵਾਲੀਆ ਨੇ ਪੁਲਿਸ ਦੇ ਪ੍ਰਬੰਧ ਵਿਚ ਸੁਧਾਰ ਕੀਤਾ। ਉਸ ਨੇ ਪੁਲਿਸ ਤਫ਼ਤੀਸ਼ੀ ਅਤੇ ਪ੍ਰਬੰਧਕੀ ਅੱਡ ਕਰ ਦਿਤੇ। ਇਹ ਦੁਨੀਆਂ ਵਿਚ ਚੱਲ ਰਿਹਾ ਹੈ। ਹੁਣ ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਅੰਮ੍ਰਿਤਸਰ ਦੀਆਂ ਵੱਡੀਆਂ ਵਾਰਦਾਤਾਂ ਦਾ ਪਤਾ ਲਗਾ ਲਿਆ ਹੈ। ਇਸ ਵਿਚ ਪੁਲਿਸ ਤਾਰੀਫ਼ ਦੀ ਹੱਕਦਾਰ ਹੈ। ਮੈਂ ਇਕ ਸੁਝਾਅ ਦੇਵਾਂਗਾ ਕਿ ਸਰਕਾਰ ਪੰਜਾਬ ਪੁਲਿਸ ਦੇ ਸੇਵਾਮੁਕਤ ਅਫ਼ਸਰਾਂ ਦਾ ਇਕ ਕਮਿਸ਼ਨ ਕਾਇਮ ਕਰੇ।
ਸੰਪਰਕ: 98150-37279