ਸਿਰੜ ਨੂੰ ਸਲਾਮ
Published : Sep 14, 2017, 10:13 pm IST
Updated : Sep 14, 2017, 4:43 pm IST
SHARE ARTICLE



15 ਸਾਲ ਲੰਮੀ ਕਾਨੂੰਨੀ ਪ੍ਰਕਿਰਿਆ ਮਗਰੋਂ ਸੌਦਾ ਸਾਧ ਨੂੰ ਉਸ ਦੀ ਬਣਦੀ ਥਾਂ ਤੇ ਭੇਜ ਦਿਤਾ ਗਿਆ ਹੈ। ਉਨ੍ਹਾਂ ਦਲੇਰ ਕੁੜੀਆਂ ਦੇ ਸਿਰੜ ਨੂੰ ਸਲਾਮ ਹੈ ਜਿਨ੍ਹਾਂ ਨੇ ਹਰ ਮੁਸੀਬਤ ਨਾਲ ਟਾਕਰਾ ਕਰਦਿਆਂ ਅਪਣੀ ਨਿਆਂ ਦੀ ਜੰਗ ਨੂੰ ਮੁਕਾਮ ਤਕ ਪਹੁੰਚਾ ਕੇ ਹੀ ਦਮ ਲਿਆ। ਉਨ੍ਹਾਂ ਜਾਂਚ ਅਧਿਕਾਰੀਆਂ ਦੀ ਵੀ ਸ਼ਲਾਘਾ ਕਰਨੀ ਬਣਦੀ ਹੈ ਜਿਨ੍ਹਾਂ ਨੇ ਹਰ ਕਿਸਮ ਦੇ ਲਾਲਚ ਦੇ ਦਬਾਅ ਤੋਂ ਅਡੋਲ ਰਹਿੰਦਿਆਂ ਅਪਣੇ ਫ਼ਰਜ਼ ਪ੍ਰਤੀ ਸਮਰਪਣ ਦੀ ਭਾਵਨਾ ਵਿਖਾਈ ਹੈ। ਜਿਥੇ ਸਾਡੇ ਸਿਆਸਤਦਾਨ ਇਸ ਪਖੰਡੀ ਦੇ ਕੁਕਰਮਾਂ ਨੂੰ ਜਾਣਦਿਆਂ ਹੋਇਆਂ ਵੀ ਵੋਟਬੈਂਕ ਦੀ ਖ਼ਾਤਰ ਡੰਡਉਤਾਂ ਕਰਦੇ ਰਹੇ ਉਥੇ ਇਹ ਫ਼ਰਜ਼ਸ਼ਨਾਸ ਅਧਿਕਾਰੀ ਹਰ ਤਰ੍ਹਾਂ ਦਾ ਖ਼ਤਰਾ ਝੇਲ ਕੇ ਵੀ ਇਸ ਦਾ ਮੁਖੌਟਾ ਉਤਾਰਨ ਵਿਚ ਕਾਮਯਾਬ ਹੋ ਗਏ।

ਮੌਜੂਦਾ ਦੌਰ ਵਿਚ ਜਦੋਂ ਵੱਡੀ ਗਿਣਤੀ 'ਚ ਲੋਕ ਅਪਣੀ ਜ਼ਮੀਰ ਵੇਚਣ ਲਈ ਵੀ ਤਿਆਰ ਮਿਲਦੇ ਹਨ, ਮਾਇਆਧਾਰੀ ਸਿਆਸਤਦਾਨਾਂ ਨੇ ਇਨਸਾਫ਼ ਨੂੰ ਵੀ ਵਿਕਣ ਵਾਲੀ ਸ਼ੈਅ ਬਣਾ ਦਿਤਾ ਹੈ। ਸੋਚ ਕੇ ਵੇਖੋ ਇਨ੍ਹਾਂ ਜਾਂਚਕਰਤਾਵਾਂ ਅੱਗੇ ਕਿੰਨੇ ਕੁ ਕਿਸਮ ਦੇ ਲਾਲਚ ਸੁੱਟੇ ਗਏ ਹੋਣਗੇ ਜਿਨ੍ਹਾਂ ਦੀ ਪ੍ਰਵਾਹ ਨਾ ਕਰਦਿਆਂ ਇਨ੍ਹਾਂ ਨੇ ਲੰਪਟ ਬਾਬੇ ਨੂੰ ਜੇਲ ਦੀਆਂ ਰੋਟੀਆਂ ਖਾਣ ਲਈ ਮਜਬੂਰ ਕਰ ਹੀ ਦਿਤਾ ਹੈ। ਫ਼ੈਸਲੇ ਵਾਲੇ ਦਿਨ ਵੀ ਇਸ ਨੇ ਅਦਾਲਤ ਉਪਰ ਮਾਨਸਿਕ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਿਆਂ ਅਪਣੇ ਨਾਲ ਹਥਿਆਰਬੰਦ ਗੁੰਡਿਆਂ ਦੀਆਂ ਧਾੜਾਂ ਲਿਆਂਦੀਆਂ ਪਰ ਦਲੇਰ ਜੱਜ ਨੇ ਇਸ ਨੂੰ ਜੇਲ 'ਚ ਸੁੱਟਣ ਦਾ ਹੁਕਮ ਸੁਣਾ ਹੀ ਦਿਤਾ।

ਦੂਜੇ ਪਾਸੇ ਪੰਜਾਬ ਦੇ 'ਧਰਮੀ' ਸਿਆਸਤਦਾਨਾਂ ਤੇ ਪੁਜਾਰੀ ਟੋਲਿਆਂ ਦੇ ਕਿਰਦਾਰ ਵਲ ਵੀ ਝਾਤੀ ਮਾਰ ਕੇ ਵੇਖੋ ਕਿ ਚੰਦ ਵੋਟਾਂ ਖ਼ਾਤਰ ਕਿਵੇਂ ਨਕਲੀ ਚਿੱਠੀਆਂ ਅਤੇ ਜਾਅਲੀ ਮਾਫ਼ੀਨਾਮੇ ਪੇਸ਼ ਕਰ ਕੇ ਨਿਰਦੋਸ਼ ਸਿੱਖਾਂ ਦੇ ਕਾਤਲ ਨੂੰ ਪਾਕ ਸਾਫ਼ ਸਾਬਤ ਕਰਨ ਲਈ ਤਰਲੋਮੱਛੀ ਹੁੰਦੇ ਰਹੇ। ਜੇਕਰ ਕੌਮ ਇਕਮੁਠ ਹੋ ਕੇ ਇਨ੍ਹਾਂ ਦੇ ਵਿਰੋਧ 'ਚ ਨਾ ਉਠ ਖੜੀ ਹੁੰਦੀ ਤਾਂ ਕੌਮਘਾਤੀ ਪੁਜਾਰੀਆਂ ਨੇ ਤਾਂ ਅਪਣੇ ਮਾਲਕਾਂ ਦੇ ਹੁਕਮ ਤੇ ਫੁੱਲ ਚੜ੍ਹਾਉਣ ਲਈ ਕਮਰਕੱਸੇ ਕਰ ਹੀ ਲਏ ਸਨ। ਲਾਹਨਤ ਹੈ ਇਨ੍ਹਾਂ ਜ਼ਮੀਰਫ਼ਰੋਸ਼ਾਂ ਦੇ ਕਿਰਦਾਰ ਤੇ ਜੋ ਕੌਮ ਦੀਆਂ ਜੜ੍ਹਾਂ 'ਚ ਤੇਲ ਪਾ ਕੇ ਅਪਣੀਆਂ ਪਦਵੀਆਂ ਸੁਰੱਖਿਅਤ ਰਖਣੀਆਂ ਲੋੜਦੇ ਹਨ।

ਅੰਨ੍ਹੇ ਰਾਸ਼ਟਰਵਾਦ ਦੀਆਂ ਐਨਕਾਂ ਲਾ ਕੇ ਘੱਟ ਗਿਣਤੀ ਕੌਮਾਂ ਦੇ ਬਾਸ਼ਿੰਦਿਆਂ ਨੂੰ ਅਤਿਵਾਦੀ ਅਤੇ ਦੇਸ਼ਧ੍ਰੋਹੀ ਗਰਦਾਨਣ ਲਈ ਲੱਕ ਬੰਨ੍ਹੀ ਰੱਖਣ ਵਾਲੇ ਅਖ਼ਬਾਰਾਂ, ਚੈਨਲਾਂ, ਸੁਰੱਖਿਆ ਦਸਤਿਆਂ ਤੇ ਰਾਜਸੀ ਮਸ਼ੀਨਰੀ ਦੇ ਪੁਰਜ਼ਿਆਂ ਲਈ ਵੀ ਸੋਚਣ ਦੀ ਘੜੀ ਹੈ। ਇਨ੍ਹਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਕੀ ਅਪਣੀਆਂ ਜਾਇਜ਼ ਮੰਗਾਂ ਤੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਲੋਕ ਦੇਸ਼ਧ੍ਰੋਹੀ ਹਨ ਜਾਂ ਇਸ ਕਿਸਮ ਦੇ ਮਾਫ਼ੀਆ ਵਾਲੇ? ਅਨਪੜ੍ਹ, ਲਾਈਲੱਗ ਲੋਕਾਂ ਨੂੰ ਅਪਣੇ ਮਗਰ ਲਾ ਕੇ, ਹਥਿਆਰਾਂ ਦੀ ਸਿਖਲਾਈ ਦੇਣੀ, ਅਰਾਜਕਤਾ ਫੈਲਾਉਣ ਵਾਲੇ ਕਾਰੇ ਕਰਵਾਉਣੇ, ਵਿਰੋਧੀਆਂ ਦੇ ਕਤਲ ਕਰਵਾਉਣੇ, ਜਾਇਦਾਦਾਂ ਤੇ ਕਬਜ਼ੇ ਕਰਨੇ, ਨਿਰਦੋਸ਼ ਬੱਚੀਆਂ ਦੀਆਂ ਜ਼ਿੰਦਗੀਆਂ ਬਰਬਾਦ ਕਰਨੀਆਂ, ਗੁੰਡਾਗਰਦੀ ਦੇ ਸਿਰ ਤੇ ਵੱਡੇ ਵੱਡੇ ਡੇਰੇ ਉਸਾਰਨੇ ਤੇ ਫਿਰ ਅਪਣੇ ਪੈਰੋਕਾਰਾਂ ਦੀਆਂ ਵੋਟਾਂ ਦੇ ਸੌਦੇ ਕਰਨੇ ਭਾਵੇਂ ਅਤਿਵਾਦ ਜਾਂ ਦੇਸ਼ਧ੍ਰੋਹ ਦੀ ਕਾਨੂੰਨੀ ਪਰਿਭਾਸ਼ਾ ਵਿਚ ਨਾ ਆਉਂਦੇ ਹੋਣ ਪਰ ਸਿਧ ਪਧਰੇ ਤੌਰ ਤੇ ਇਹ ਦੇਸ਼ਧ੍ਰੋਹ ਤੋਂ ਘੱਟ ਵੀ ਤਾਂ ਨਹੀਂ। ਉਹ ਸਾਰੇ ਲੋਕ ਜੋ ਇਸ ਮੁਲਕ ਦੀ ਬਿਹਤਰੀ ਅਤੇ ਤਰੱਕੀ ਲਈ ਖ਼ਾਹਿਸ਼ਮੰਦ ਹਨ, ਨਾ ਸਿਰਫ਼ ਆਪ ਇਨ੍ਹਾਂ ਗੱਲਾਂ ਬਾਰੇ ਵਿਚਾਰ ਕਰਨ ਬਲਕਿ ਅਪਣੇ ਸਿਆਸਤਦਾਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਅਜਿਹੇ ਸਵਾਲ ਪੁੱਛਣ ਦੀ ਹਿੰਮਤ ਕਰਨ ਤਾਕਿ ਰਾਜਸੀ ਪਾਰਟੀਆਂ ਤੇ ਬਾਬਾਵਾਦ ਵਾਲੇ ਗੈਂਗਸਟਰਾਂ ਦੇ ਗਠਜੋੜ ਨੂੰ ਤੋੜਿਆ ਜਾ ਸਕੇ। ਜਦੋਂ ਤਕ ਅਜਿਹਾ ਨਹੀਂ ਹੁੰਦਾ 'ਲੋਕਾਂ ਵਲੋਂ-ਲੋਕਾਂ ਲਈ-ਲੋਕਾਂ ਦਾ ਰਾਜ' ਦਾ ਆਦਰਸ਼ ਵਾਕ ਫੋਕਾ ਨਾਹਰਾ ਹੀ ਬਣਿਆ ਰਹੇਗਾ।

ਅਜੇ ਤਾਂ ਇਕ ਡੇਰੇ ਦਾ ਭਾਂਡਾ ਭੱਜਾ ਹੈ, ਅਨੇਕਾਂ ਹੋਰ ਅਜਿਹੇ ਡੇਰੇਦਾਰ ਅਜੇ 'ਢੱਕੀ ਰਿੱਝੇ-ਕੋਈ ਨਾ ਬੁੱਝੇ' ਦੇ ਮੁਤਾਬਕ ਚੰਮ ਦੀਆਂ ਚਲਾ ਰਹੇ ਹਨ। ਬੀਬੀਆਂ ਭੈਣਾਂ ਨੂੰ ਵੀ ਆਪਾ ਪੜਚੋਲਣ ਦੀ ਲੋੜ ਹੈ ਜਿਹੜੀਆਂ ਹਰ ਕਿਸਮ ਦੇ ਡੇਰਿਆਂ ਦੀ ਰੌਣਕ ਵਧਾਉਣ ਲਈ ਪੱਬਾਂ ਭਾਰ ਰਹਿੰਦੀਆਂ ਹਨ। ਫਿਰ ਵੀ ਆਸ ਇਹੀ ਰਖਣੀ ਚਾਹੀਦੀ ਹੈ ਕਿ ਜਿਵੇਂ-ਜਿਵੇਂ ਜਾਗਦੀ ਜ਼ਮੀਰ ਵਾਲਿਆਂ ਦੀ ਗਿਣਤੀ ਵਧਦੀ ਜਾਏਗੀ, ਡੇਰੇਦਾਰਾਂ ਦੇ ਪੈਰਾਂ ਹੇਠਲੀ ਜ਼ਮੀਨ ਖਿਸਕਦੀ ਜਾਏਗੀ।
ਸੰਪਰਕ : 90412-63401

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement