
ਤਰਕ ਅਤੇ ਅੰਧ-ਵਿਸ਼ਵਾਸ, ਦੋਵੇਂ ਹੀ ਮਨੁੱਖ ਨੂੰ ਸ਼ਾਂਤੀ ਦੇਂਦੇ ਹਨ ਪਰ ਪੂਰਨ ਸੱਚ ਤਕ ਨਹੀਂ ਪਹੁੰਚਾ ਸਕਦੇ। ਪੂਰਨ ਸੱਚ ਜਾਣਨ ਲਈ ਮਨ ਦੀ ਲੇਬਾਰਟਰੀ ਵਿਚ ਜਾ ਕੇ ਪੂਰਨ ਪ੍ਰੇਮ ਦੀ ਵਰਤੋਂ ਕਰਦਿਆਂ ਹੀ, ਪੂਰਨ ਸੱਚ ਸਾਹਮਣੇ ਆ ਜਾਂਦਾ ਹੈ।
ਕਦੇ ਇਨ੍ਹਾਂ 'ਚੋਂ ਕਿਸੇ ਨੂੰ ਆਖ ਕੇ ਤਾਂ ਵੇਖੋ ਕਿ ਕਿਸੇ ਚੰਗੇ ਕਾਰਜ ਲਈ ਅਪਣੇ ਕਰੋੜਾਂ ਦੇ ਖਜ਼ਾਨੇ 'ਚੋਂ ਵੀ ਕੁੱਝ ਦੇ ਦੇਣ। ਉਹ ਤੁਹਾਨੂੰ ਖਾਣ ਨੂੰ ਪੈਣਗੇ ਤੇ ਜ਼ਮੀਨ, ਜੋਰੂ (ਔਰਤ) ਤੇ ਜ਼ਰ (ਦੌਲਤ) ਉਤੇ ਕਬਜ਼ੇ ਦੀ ਗੱਲ ਛਿੜੇ ਤਾਂ ਵੱਡੇ ਵੱਡੇ ਬਦਮਾਸ਼ ਵੀ, ਉਨ੍ਹਾਂ ਸਾਹਮਣੇ ਛੋਟੇ ਲੱਗਣ ਲਗਦੇ ਹਨ। ਇਹ ਇਸ ਲਈ ਹੈ ਕਿ ਇਹ 'ਭਗਤ' ਹੋਣ ਦਾ ਭੁਲੇਖਾ ਪਾ ਕੇ ਪੈਸਾ ਕੇਵਲ ਲੁਟਦੇ ਹਨ। ਜੋ ਅਸਲ 'ਭਗਤ' ਹੁੰਦਾ ਹੈ, ਉਹ ਪੈਸੇ ਨੂੰ ਮਾਨਵਤਾ ਦੇ ਭਲੇ ਲਈ ਖ਼ਰਚਦਾ ਹੈ ਪਰ ਅਪਣੇ ਉਤੇ ਬਿਲਕੁਲ ਨਹੀਂ ਖ਼ਰਚਦਾ। ਇਹ ਅਵੱਸਥਾ ਪੈਦਾ ਹੋ ਜਾਣ ਮਗਰੋਂ ਹੀ ਅਗਲੀ ਅਵੱਸਥਾ ਸ਼ੁਰੂ ਹੁੰਦੀ ਹੈ, ਜਿਸ ਅਵੱਸਥਾ ਵਿਚ ਜਾਣ ਵਾਲਾ 'ਭਗਤ ਰਸਾਲਾ' ਅਰਥਾਤ ਪ੍ਰਭੂ ਪ੍ਰੇਮ ਦੇ ਰੱਸ ਵਿਚ ਗੜੁੱਚ ਵਿਅਕਤੀ ਹੁੰਦਾ ਹੈ। ਇਹੀ 'ਭਗਤ ਰਸਾਲਾ' ਜਾਗਦਿਆਂ ਸੁੱਤਿਆਂ, ਕੰਮ ਕਰਦਿਆਂ, ਵਿਹਲੇ ਬੈਠਿਆਂ, ਹਰ ਵੇਲੇ ਉਸ ਅਕਾਲ ਪੁਰਖ ਦੇ ਦਰੁ ਤੇ ਉਸ ਦਾ ਜੱਸ ਗਾਇਨ ਕਰਦਾ ਰਹਿੰਦਾ ਹੈ। ਜਸ ਗਾਇਨ ਦਾ ਅਰਥ ਬਾਬੇ ਨਾਨਕ ਦੇ ਫ਼ਲਸਫ਼ੇ ਵਿਚ ਕੇਵਲ ਸੱਚਾ ਪਿਆਰ ਕਰਨਾ ਹੁੰਦਾ ਹੈ, ਹੋਰ ਕੁੱਝ ਨਹੀਂ।ਹੁਣ ਅਸੀਂ 'ਸੋ ਦਰੁ' ਦੀ 16ਵੀਂ ਸੱਤਰ ਜਾਂ ਤੁਕ ਤੇ ਆਉੁਂਦੇ ਹਾਂ। ਇਸ ਤੁਕ ਵਿਚ ਬਾਬਾ ਨਾਨਕ ਸਾਰੀ ਚਰਚਾ ਨੂੰ ਸਮੇਟਦੇ ਹੋਏ ਕਹਿੰਦੇ ਹਨ ਕਿ ਕਿਉਂ ਇਸ ਚੱਕਰ ਵਿਚ ਪੈਂਦੇ ਹੋ ਕਿ ਪ੍ਰਮਾਤਮਾ ਦੇ ਦਰੁ ਤੇ (ਬ੍ਰਹਿਮੰਡ ਵਿਚ) ਕੌਣ ਕੌਣ ਹਨ ਜੋ ਉਸ ਦਾ ਜੱਸ ਗਾਉੁਂਦੇ ਹਨ। ਨਾਨਕ ਤਾਂ ਕਹਿੰਦਾ ਹੈ, ਤੁਸੀਂ ਉਨ੍ਹਾਂ ਦੇ ਨਾਂ ਲੈ ਲੈ ਕੇ ਗਿਣਤੀ ਕਰ ਸਕਦੇ ਹੋ ਤਾਂ ਕਰੀ ਜਾਉ, ਮੇਰਾ ਤਾਂ ਚੇਤਾ ਵੀ ਏਨਾ ਵੱਡਾ ਨਹੀਂ ਕਿ ਉਨ੍ਹਾਂ ਸਾਰਿਆਂ ਦੇ ਨਾਂ ਚੇਤੇ ਰੱਖ ਸਕੇ। ਇਸ ਲਈ ਨਾਨਕ ਇਸ ਬਾਰੇ ਵਿਚਾਰ ਕਰਨੀ ਵੀ ਫ਼ਜ਼ੂਲ ਸਮਝਦਾ ਹੈ। ਇਹ ਕਹਿ ਕੇ ਬਾਬਾ ਨਾਨਕ ਇਹੀ ਵਿਚਾਰ ਦੇ ਰਹੇ ਹਨ ਕਿ ਛੋਟੀਆਂ ਛੋਟੀਆਂ ਗੱਲਾਂ ਨੂੰ ਮਹੱਤਵ ਦੇਣ ਨਾਲੋਂ, ਇਹੀ ਸਮਝ ਲਉ ਕਿ ਸਾਰਾ ਬ੍ਰਹਿਮੰਡ ਹੀ ਉਸ ਪ੍ਰਮਾਤਮਾ ਦਾ ਦਰ ਘਰ ਹੈ ਤੇ ਇਸ ਸਾਰੇ ਬ੍ਰਹਿਮੰਡ ਦੇ ਸਾਰੇ 'ਭਗਤ ਰਸਾਲੇ' ਅਰਥਾਤ ਚੰਗੇ ਜੀਵ ਉਸ ਨੂੰ ਚੰਗੇ ਲਗਦੇ ਹਨ। ਇਹੀ ਭਗਤ ਰਸਾਲੇ ਹਰ ਸਾਹ ਨਾਲ, ਹਰ ਦਮ, ਉਸ ਦਾ ਜੱਸ ਗਾਉੁਂਦੇ ਰਹਿੰਦੇ ਹਨ। ਜਸ 'ਗਾਉਣ' ਦਾ ਮਤਲਬ ਇਹ ਨਹੀਂ ਹੁੰਦਾ ਕਿ ਵਾਜਾ (ਹਾਰਮੋਨੀਅਮ) ਲੈ ਕੇ ਗੀਤ ਦੀ ਤਰ੍ਹਾਂ ਗਾਉਣਾ ਸ਼ੁਰੂ ਕਰ ਦਿਤਾ ਜਾਵੇ। ਇਸ ਦਾ ਮਤਲਬ ਕੇਵਲ ਇਹ ਹੁੰਦਾ ਹੈ ਕਿ ਸਰੀਰ ਦੇ ਅੰਦਰ ਜਿਹੜਾ ਪ੍ਰੇਮ-ਮਾਰਗ ਪ੍ਰਭੂ ਨੇ ਦਿਤਾ ਹੋਇਆ ਹੈ, ਉਸ ਨੂੰ ਸਦਾ ਕ੍ਰਿਆਸ਼ੀਲ ਰੱਖੋ ਤੇ ਮਨ ਵਿਚ ਇਹ ਤਾਂਘ ਕਦੇ ਨਾ ਬੁੱਝਣ ਦਿਉ ਕਿ ਤੁਸੀਂ ਇਸ ਦੁਨੀਆਂ ਦੇ ਮਾਲਕ ਨੂੰ ਅਪਣਾ ਪਿਆਰਾ ਬਣਾ ਕੇ ਰਹਿਣਾ ਹੈ। ਅਜਿਹਾ ਕਿਉਂ ਕਰੀਏ? ਉਸ ਨਾਲ ਪਿਆਰ ਕਿਉਂ ਪਾਈਏ? ਇਸ ਦਾ ਜਵਾਬ ਅਗਲੀਆਂ ਛੇ ਤੁਕਾਂ ਵਿਚ ਦਿਤਾ ਗਿਆ ਹੈ। ਸਾਨੂੰ ਬਾਬੇ ਨਾਨਕ ਤੋਂ ਹਲਕੀ ਜਹੀ ਝਾੜ ਪੈਂਦੀ ਹੈ ਕਿ ਫ਼ਜ਼ੂਲ ਦੀਆਂ ਗਿਣਤੀਆਂ ਮਿਣਤੀਆਂ ਵਿਚ ਕਿਉਂ ਪੈਂਦੇ ਹੋ ਕਿ 'ਸੋ ਦਰੁ' ਉਤੇ ਕਿਹੜਾ ਕਿਹੜਾ ਪ੍ਰਸਿੱਧ ਨਾਂ ਵਾਲਾ ਉਸ ਪ੍ਰਮਾਤਮਾ ਦਾ ਜੱਸ ਗਾ ਰਿਹਾ ਹੈ? ਜੇ ਤਾਂ 'ਸੋ ਦਰੁ' ਇਕ ਮਕਾਨ ਜਾਂ ਮਹੱਲ ਹੁੰਦਾ ਤਾਂ ਦਸਿਆ ਜਾ ਸਕਦਾ ਸੀ ਕਿ ਉਸ ਵਿਚ ਬੈਠ ਕੇ ਪ੍ਰਭੂ-ਜੱਸ ਗਾਉਣ ਵਾਲੇ ਕੌਣ ਕੌਣ ਹਨ ਪਰ 'ਸੋ ਦਰੁ' ਤਾਂ ਸਾਰਾ ਬ੍ਰਹਿਮੰਡ ਹੀ ਹੈ, ਇਸ ਲਈ ਕਿਸ ਕਿਸ ਨੂੰ ਯਾਦ ਕਰ ਕੇ ਦਸਿਆ ਜਾਏ ਕਿ ਕੌਣ ਕੀ ਕਰ ਰਿਹਾ ਹੈ? ਬੱਸ ਇਹ ਜਾਣਨਾ ਹੀ ਕਾਫ਼ੀ ਹੈ ਕਿ ਸਾਰੇ ਚੰਗੇ ਜੀਵ ਅਥਵਾ 'ਭਗਤ ਰਸਾਲੇ' ਇਸ ਬ੍ਰਹਮੰਡ (ਸੋ ਦਰੁ) ਵਿਚ ਉਸ ਦਾ ਜੱਸ ਗਾ ਰਹੇ ਹਨ। ਹੁਣ ਅਗਲਾ ਸਵਾਲ ਹੈ ਕਿ ਉਸ ਦਾ ਜੱਸ ਗਾਇਆ ਹੀ ਕਿਉਂ ਜਾਏ? 17ਵੀਂ ਤੁਕ ਵਿਚ ਬਾਬਾ ਨਾਨਕ ਕਹਿੰਦੇ ਹਨ ਕਿ ਬ੍ਰਹਿਮੰਡ ਵਿਚ ਇਕੋ ਇਕ ਹਸਤੀ ਹੈ ਜੋ ਸਦਾ ਸੱਚ ਰਹਿਣ ਵਾਲੀ ਹਸਤੀ ਹੈ, ਹੋਰ ਕੋਈ ਨਹੀਂ ਹੋ ਸਕਦੀ। ਸਵੇਰ ਦੀ ਧੁੱਪ ਸ਼ਾਮ ਵੇਲੇ ਦੀ ਛਾਂ ਬਣ ਜਾਂਦੀ ਹੈ ਤੇ'ਸਦਾ ਸੱਚ' ਨਹੀਂ ਰਹਿੰਦੀ। ਅੱਜ ਦਾ ਖਿੜਿਆ ਹੋਇਆ ਖ਼ੂਬਸੂਰਤ ਫੁੱਲ ਕਲ ਮੁਰਝਾਈਆਂ ਹੋਈਆਂ ਪੱਤੀਆਂ ਦੇ ਰੂਪ ਵਿਚ ਤਾਂ ਵੇਖਿਆ ਜਾ ਸਕਦਾ ਹੈ ਪਰ ਅੱਜ ਦੇ ਰੂਪ ਵਿਚ ਨਹੀਂ ਕਿਉਂਕਿ ਕਲ ਦੀ ਖ਼ੂਬਸੂਰਤੀ ਦਾ ਸੱਚ ਅੱਜ ਦਾ ਝੂਠ ਬਣ ਚੁੱਕਾ ਹੈ। ਕਲ ਦਾ ਸੇਠ ਭਗਵਾਨ ਦਾਸ, ਬਹੁਤ ਵੱਡਾ ਨਾਂ ਸੀ। ਉਸ ਦਾ ਵਪਾਰ ਢਿੱਲਾ ਪੈ ਗਿਆ। ਅੱਜ ਉਹ ਮੰਗਤਾ ਬਣਿਆ ਹੋਇਆ ਹੈ। ਕਲ ਕਹਿੰਦੇ ਸੀ, ਉਸ ਦਾ ਬੜਾ ਵੱਡਾ ਨਾਂ ਹੈ। ਝੂਠਾ ਨਾਂ ਸੀ। ਦੌਲਤ ਦੇ ਸਹਾਰੇ ਨਾਂ ਬਣਿਆ ਸੀ। ਦੌਲਤ ਗਈ, ਨਾਂ ਵੀ ਚਲਾ ਗਿਆ। ਝੂਠਾ ਨਾਂ ਕਿਸੇ ਵੀ ਸਮੇਂ ਮਿਟ ਸਕਦਾ ਹੈ। ਅੱਜ ਜਿਹੜੇ ਪਹਾੜ ਨਜ਼ਰ ਆਉੁਂਦੇ ਹਨ, ਹਜ਼ਾਰ ਦੋ ਹਜ਼ਾਰ ਸਾਲ ਪਿਛੇ ਜਾ ਕੇ ਵੇਖੋ ਤਾਂ ਪਹਾੜ ਨਹੀਂ ਸਨ ਹੁੰਦੇ, ਸਮੁੰਦਰ ਦਾ ਭਾਗ ਹੁੰਦੇ ਸਨ। ਪਹਾੜ ਦਾ ਨਾਂ ਸਦਾ ਸੱਚ ਵਾਲਾ ਨਾਂ ਨਹੀਂ ਹੈ। ਇਕੋ ਪ੍ਰਮਾਤਮਾ ਹੀ ਹੈ ਜੋ ਸਦਾ ਸੱਚ ਰਹਿਣ ਵਾਲਾ ਹੈ। ਬਦਲ ਜਾਣ ਵਾਲਿਆਂ ਨਾਲ, ਝੂਠਿਆਂ ਨਾਲ ਦੋਸਤੀ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੀ। ਇਕੋ ਪ੍ਰਮਾਤਮਾ ਹੀ ਹੈ ਜੋ ਸਦਾ ਸੱਚ, ਸਦਾ ਥਿਰ ਤੇ ਸਦਾ ਇਕੋ ਜਿਹਾ ਰਹਿੰਦਾ ਹੈ। ਇਕ ਪ੍ਰਮਾਤਮਾ ਹੀ ਹੈ ਜਿਸ ਨਾਲ ਪਿਆਰ ਪਾ ਲਵੋ ਤਾਂ ਉਹ ਅਪਣੇ ਤੇ ਤੁਹਾਡੇ ਵਿਚਲਾ ਫ਼ਰਕ ਹੀ ਮਿਟਾ ਦੇਂਦਾ ਹੈ। ਉਸੇ ਨੂੰ ਕੀਤਾ ਪ੍ਰੇਮ ਹੀ ਭਲਾ ਹੈ ਤੇ ਬਾਕੀ ਸੱਭ ਝੂਠ ਹੈ। 18ਵੀਂ ਤੁਕ ਵਿਚ ਬਾਬਾ ਨਾਨਕ ਉਸ ਅਕਾਲ ਪੁਰਖ ਦਾ ਇਕ ਹੋਰ ਗੁਣ ਦਸਦੇ ਹਨ ਜੋ ਹੋਰ ਕਿਸੇ ਦਾ ਗੁਣ ਨਹੀਂ ਹੋ ਸਕਦਾ। ਬ੍ਰਹਿਮੰਡ ਦੀ ਕੋਈ ਐਸੀ ਵਸਤੂ ਨਹੀਂ ਜਿਸ ਬਾਰੇ ਕਿਹਾ ਜਾ ਸਕੇ ਕਿ ਇਹ ਸਦਾ ਤੋਂ ਸੀ ਤੇ ਸਦਾ ਹੀ ਰਹੇਗੀ। ਇਕੋ ਪ੍ਰਮਾਤਮਾ ਹੀ ਹੈ ਜਿਸ ਬਾਰੇ ਇਹ ਕਿਹਾ ਜਾ ਸਕਦਾ ਹੈ। ਉਹ ਨਾ ਜੰਮਦਾ ਹੈ, ਨਾ ਕਦੇ ਮਰੇਗਾ। ਸਾਇੰਸਦਾਨ ਹੁਣ ਕਹਿ ਰਹੇ ਹਨ ਕਿ ਸੂਰਜ ਦੀ ਤਾਕਤ ਘਟਦੀ ਜਾ ਰਹੀ ਹੈ ਤੇ ਇਹ ਵੀ ਕੁੱਝ ਸੌ ਜਾਂ ਕੁੱਝ ਹਜ਼ਾਰ ਸਾਲਾਂ ਮਗਰੋਂ ਰੋਸ਼ਨੀ ਦੇਣੋਂ ਬੰਦ ਹੋ ਜਾਵੇਗਾ ਅਰਥਾਤ ਮਰ ਜਾਏੇਗਾ। ਜੇ ਏਨਾ ਸ਼ਕਤੀਸ਼ਾਲੀ ਸੂਰਜ ਵੀ ਮਰ ਸਕਦਾ ਹੈ ਤਾਂ ਬਾਕੀ ਕਿਹੜੀ ਚੀਜ਼ ਹੈ ਜੋ ਸਦਾ ਰਹੇਗੀ? ਇਕੋ ਰੱਬ ਹੀ ਹੈ ਜੋ ਦੁਨੀਆਂ ਪੈਦਾ ਹੋਣ ਤੋਂ ਪਹਿਲਾਂ ਵੀ ਸੀ ਤੇ ਬਾਅਦ ਵਿਚ ਵੀ ਰਹੇਗਾ। ਸੰਸਾਰ ਵਿਚ ਕੁੱਝ ਰੁਪਿਆਂ ਦੀ ਚੀਜ਼ ਖ਼ਰੀਦਣ ਸਮੇਂ ਵੀ ਅਸੀ ਚਾਹੁੰਦੇ ਹਾਂ ਕਿ ਉਸ ਕੰਪਨੀ ਦਾ ਬਣਿਆ ਹੋਇਆ ਸਮਾਨ ਖ਼ਰੀਦਿਆ ਜਾਏ ਜੋ ਬਹੁਤ ਪੁਰਾਣੀ ਹੋਵੇ ਤੇ ਨਿਰੰਤਰ ਚਲਦੀ ਆ ਰਹੀ ਹੋਵੇ। ਨਿਰੰਤਰਤਾ ਅਤੇ ਲੰਮੇ ਸਮੇਂ ਦੀ ਹੋਂਦ, ਕਿਸੇ ਵਪਾਰ, ਸੰਸਥਾ ਜਾਂ ਜਥੇਬੰਦੀ ਨੂੰ ਲੋਕ-ਪ੍ਰਿਯ ਤੇ ਭਰੋਸੇਯੋਗ ਹੀ ਬਣਾਉੁਂਦੇ ਹਨ। ਪ੍ਰਮਾਤਮਾ ਤੋਂ ਵੱਧ ਨਿਰੰਤਰਤਾ, ਪੁਰਾਤਨਤਾ ਤੇ ਭਰੋਸਾ ਯੋਗਤਾ ਹੋਰ ਕਿਸੇ ਚੀਜ਼ ਦੀ ਹੋ ਹੀ ਨਹੀਂ ਸਕਦੀ, ਇਸ ਲਈ ਪ੍ਰਮਾਤਮਾ ਨਾਲ ਪ੍ਰੇਮ ਪਾਉਣ ਵਿਚ ਫ਼ਾਇਦਾ ਹੀ ਫ਼ਾਇਦਾ ਹੈ।