
ਜਦੋਂ ਅਕਾਲ ਪੁਰਖ ਨਾਲ ਵੀ ਮਾਂ-ਬੱਚੇ ਵਾਲਾ ਸੱਚਾ ਪਿਆਰ ਬਣ ਜਾਏ ਤਾਂ ਉਹ ਪ੍ਰਮਾਤਮਾ, ਤੁਹਾਡੇ ਕੋਲ ਖੜਾ ਨਜ਼ਰ ਆ ਜਾਂਦਾ ਹੈ। ਇਹ ਅੰਧ ਵਿਸ਼ਵਾਸ ਨਹੀਂ, ਨਾ ਹੀ ਤਰਕ ਦਾ ਮੁਥਾਜ ਹੈ। ਇਹ ਤਾਂ ਮਨ ਦੀ ਸ਼ੁਧ ਕੀਤੀ ਲੇਬਾਰਟਰੀ ਵਿਚ ਸੱਚੇ ਪ੍ਰੇਮ ਦਾ ਉਹ ਤਜਰਬਾ ਹੈ ਜੋ ਕਦੇ ਗ਼ਲਤ ਹੋ ਹੀ ਨਹੀਂ ਸਕਦਾ। ਇਹੀ ਤਾਂ ਉਸ ਸੱਚੇ ਰੱਬ ਦੀ ਵਡਿਆਈ ਹੈ। ਅਸੀ ਸਾਇੰਸਦਾਨਾਂ ਦੇ ਲੇਬਾਰਟਰੀ ਤਜਰਬਿਆਂ ਨੂੰ ਸੱਚ ਮੰਨ ਲੈਂਦੇ ਹਾਂ ਭਾਵੇਂ ਕਿ ਉੁਨ੍ਹਾਂ ਤਜਰਬਿਆਂ ਦੀ ਪਰਖ ਪੜਚੋਲ ਕਰਨੀ ਸਾਨੂੰ ਨਹੀਂ ਵੀ ਆਉੁਂਦੀ ਪਰ ਧਰਮ ਦੇ ਸੱਭ ਤੋਂ ਵੱਡੇ ਸਾਇੰਸਦਾਨ, ਬਾਬਾ ਨਾਨਕ ਦੇ ਉਹ ਤਜਰਬੇ ਵੀ ਸਾਨੂੰ ਪ੍ਰਵਾਨ ਕਰਦਿਆਂ ਝਿਜਕ ਹੁੰਦੀ ਹੈ ਜਿਨ੍ਹਾਂ ਦੀ ਅਸੀਂ ਆਸਾਨੀ ਨਾਲ ਆਪ ਪਰਖ ਪੜਚੋਲ ਕਰ ਸਕਦੇ ਹਾਂ। ਇਸ ਤਜਰਬੇ ਲਈ ਸ਼ੁੱਧ ਮਨ ਤੇ ਸੱਚੇ ਪਿਆਰ ਦੋ ਵਸਤੂਆਂ ਤੋਂ ਬਿਨਾਂ ਹੋਰ ਕਿਸੇ ਵਸਤ ਦੀ ਲੋੜ ਨਹੀਂ ਪੈਂਦੀ ਤੇ ਇਨ੍ਹਾਂ ਦੋ ਵਸਤਾਂ ਨੂੰ ਪੱਲੇ ਬੰਨ੍ਹ ਕੇ ਜਿਹੜਾ ਵੀ ਕੋਈ ਤਜਰਬਾ ਕਰੇਗਾ, ਉਹ ਕਦੀ ਨਹੀਂ ਕਹੇਗਾ ਕਿ ਤਜਰਬਾ ਸਫ਼ਲ ਨਹੀਂ ਰਿਹਾ। ਕਿਉੁਂ? ਕਿਉਂਕਿ ਬਾਬਾ ਨਾਨਕ ਗਵਾਹੀ ਦੇਂਦੇ ਹਨ ਕਿ ਉਹ ਅਪਣੀ ਰਚਨਾ ਦੀ ਹਰ ਗੱਲ ਨੂੰ ਹਰ
ਪਲ ਵੇਖਦਾ ਹੈ ਤੇ ਅਪਣੀ ਵਡਿਆਈ ਦੇ ਹਿਸਾਬ ਨਾਲ ਹੀ, ਹਰ ਬਰੀਕ ਤੋਂ ਬਰੀਕ ਆਵਾਜ਼ ਨੂੰ ਵੀ ਸੁਣਦਾ ਹੈ ਤੇ ਅਪਣੀ ਰਚਨਾ ਦਾ ਹਰ ਸਮੇਂ ਖ਼ਿਆਲ ਰਖਦਾ ਹੈ। ਅਸੀ 'ਸੋਦਰੁ' ਵਾਲੇ ਸ਼ਬਦ ਦੀ ਵਿਆਖਿਆ ਸ਼ੁਰੂ ਕਰਨ ਸਮੇਂ ਪਹਿਲੀ ਗੱਲ ਹੀ ਇਹ ਕਹੀ ਸੀ ਕਿ ਜਪੁਜੀ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਜਿਸ ਨੂੰ ਸਮਝ ਵਿਚ ਆ ਜਾਣ, ਉਸ ਨੂੰ ਬਾਕੀ ਦੀ ਬਾਣੀ ਸਮਝਣ ਵਿਚ ਕੋਈ ਦੇਰੀ ਨਹੀਂ ਲਗਦੀ ਤੇ ਜਿਸ ਨੂੰ 'ਸੋਦਰੁ' ਵਾਲੇ ਸ਼ਬਦ ਦੀ ਠੀਕ ਸਮਝ ਆ ਗਈ, ਉਸ ਨੂੰ ਬਾਣੀ ਬਾਰੇ ਕਦੇ ਕੋਈ ਭੁਲੇਖਾ ਨਹੀਂ ਪਾ ਸਕਦਾ। ਇਸੇ ਲਈ ਅਸੀ ਕਿਹਾ ਸੀ ਕਿ ਅਸੀ ਵਿਆਖਿਆ ਜ਼ਰਾ ਵਿਸਥਾਰ ਨਾਲ ਕਰਾਂਗੇ। ਸਾਡੇ ਪਾਠਕਾਂ ਨੇ ਇਹ ਗੱਲ ਸਮਝੀ ਹੀ ਨਹੀਂ ਸਗੋਂ ਹਰ ਰੋਜ਼ ਤੇ ਹਰ ਢੰਗ ਨਾਲ ਸਾਨੂੰ ਇਹ ਯਕੀਨ ਕਰਵਾਇਆ ਹੈ ਕਿ ਉਨ੍ਹਾਂ ਨੂੰ ਬੜੀ ਤਸੱਲੀ ਮਿਲ ਰਹੀ ਹੈ ਤੇ ਉੁਨ੍ਹਾਂ ਦੇ ਬੜੇ ਸ਼ੰਕੇ ਨਵਿਰਤ ਹੋਏ ਹਨ। ਹੁਣ ਤਕ ਦੀ ਵਿਆਖਿਆ
ਪੜ੍ਹਨ ਮਗਰੋਂ, ਲਗਭਗ ਇਕ ਦਰਜਨ ਪਾਠਕਾਂ ਦੇ ਸੁਨੇਹੇ ਪ੍ਰਾਪਤ ਹੋ ਚੁੱਕੇ ਹਨ ਜੋ ਇਹ ਜਾਣਨਾ ਚਾਹੁੰਦੇ ਹਨ ਕਿ ਮਨ ਦੀ ਲੇਬਾਰਟਰੀ ਵਿਚ ਪ੍ਰੇਮ-ਸਾਮਗਰੀ ਨਾਲ ਤਜਰਬਾ (experiment) ਕਰਨ ਦੀ ਗੱਲ ਤਾਂ ਸਮਝ ਆ ਗਈ ਪਰ ਮਨ ਨੂੰ ਸ਼ੁਧ ਕਰਨ ਦਾ ਕੋਈ ਢੰਗ ਨਹੀਂ ਦਸਿਆ ਗਿਆ। ਪਾਠ ਪੂਜਾ, ਸਮਾਧੀ, ਜੱਪ ਤੱਪ ਨਾਲ ਹੀ ਮਨ ਸ਼ੁਧ ਹੋਵੇਗਾ ਜਾਂ ਹੋਰ ਕਿਸੇ ਢੰਗ ਨਾਲ? ਨਹੀਂ, ਮਨ ਨੂੰ ਸ਼ੁਧ ਕਰਨ ਲਈ ਕੋਈ ਕਰਮ-ਕਾਂਡ ਕਰਨ ਦੀ ਲੋੜ ਨਹੀਂ। ਪ੍ਰੇਮ-ਮਾਰਗ 'ਤੇ ਚਲਣ ਵਾਲੇ ਯਾਤਰੀ ਲਈ ਸ਼ਰਤ ਇਕੋ ਹੈ ਕਿ ਨਿਸ਼ਕਾਮ ਪ੍ਰੇਮ ਤੋਂ ਬਿਨਾਂ ਮਨ ਵਿਚ ਹੋਰ ਕੁੱਝ ਨਾਰਹਿਣ ਦਿਤਾ ਜਾਏ। ਪ੍ਰਭੂ ਭਗਤੀ ਕਰਨ ਵੇਲੇ, ਮਨ ਵਿਚ ਹੋਰ ਹੁੰਦਾ ਕੀ ਹੈ? ਲੋਭ, ਲਾਲਚ ਜਾਂ ਇਹ ਲਾਲਸਾ ਕਿ ਪ੍ਰਮਾਤਮਾ ਮੇਰੀ ਭਗਤੀ ਨਾਲ ਖ਼ੁਸ਼ ਹੋ ਗਿਆ ਤਾਂ ਦੌਲਤ ਮੇਰੀ ਦਾਸੀ ਬਣ ਜਾਏਗੀ, ਸਾਰੇ ਦੁੱਖ ਕੱਟੇ ਜਾਣਗੇ ਤੇ ਮੇਰੇ ਵੈਰੀਆਂ, ਦੋਖੀਆਂ ਦਾ ਨਾਸ ਹੋ ਜਾਏਗਾ। ਤੁਸੀ ਯਾਦ ਕਰੋ ਬਾਬਾ ਨਾਨਕ ਦੇ ਜੀਵਨ ਨਾਲ ਜੁੜੀ ਉਹ ਸਾਖੀ ਜਿਸ ਵਿਚ ਉੁਨ੍ਹਾਂ ਨੂੰ ਇਕ ਮਸਜਿਦ ਵਿਚ ਲਿਜਾਇਆ ਗਿਆ। ਸਾਖੀ ਤਾਂ ਕੁੱਝ ਹੋਰ ਤਰ੍ਹਾਂ ਦਾ ਦ੍ਰਿਸ਼ ਬਿਆਨ ਕਰਦੀ
ਹੈ ਪਰ ਲਗਦਾ ਇਹ ਹੈ ਕਿ ਬਾਬਾ ਨਾਨਕ ਨੂੰ ਇਹ ਵਿਖਾਣ ਲਈ ਲਿਜਾਇਆ ਗਿਆ ਸੀ ਕਿ ਮੁਸਲਮਾਨਾਂ ਦਾ ਇਕੱਠਿਆਂ ਰਲ ਕੇ ਤੇ ਸਿਜਦੇ ਦੇ ਕੁੱਝ ਆਸਣ ਸਾਂਝੇ ਤੌਰ 'ਤੇ ਕਰਦਿਆਂ, ਨਮਾਜ਼ ਪੜ੍ਹਨ ਅਤੇ ਰੱਬ ਅੱਗੇ ਅਰਦਾਸ ਕਰਨ ਦਾ ਪ੍ਰਬੰਧ, ਦੂਜੇ ਧਰਮਾਂ ਦੇ ਸ਼ੋਰ ਪਾਊ ਢੰਗ ਨਾਲੋਂ ਜ਼ਿਆਦਾ ਚੰਗਾ ਹੈ। ਬਾਬੇ ਨਾਨਕ ਨੇ ਚੁਪ ਖੜੇ ਰਹਿ ਕੇ ਇਹ ਸਾਰਾ ਕੁੱਝ ਵੇਖਿਆ ਪਰ ਇਸ ਨਾਲ ਉੁਨ੍ਹਾਂ ਦੀ ਤਸੱਲੀ ਨਾ ਹੋਈ ਤੇ ਉੁਨ੍ਹਾਂ ਨੇ ਕਿਹਾ ਕਿ ਇਸ ਢੰਗ ਨਾਲ ਨਮਾਜ਼ ਅਦਾ ਕਰਨ ਸਮੇਂ ਵੀ ਕਾਜ਼ੀਆਂ ਤੇ ਨਮਾਜ਼ੀਆਂ ਦੇ ਮਨਾਂ ਵਿਚੋਂ ਘਰ ਦੇ ਫ਼ਿਕਰ ਤੇ ਹੋਰ ਖ਼ਿਆਲ ਨਿਕਲ ਤਾਂ ਨਹੀਂ ਜਾਂਦੇ। ਜਦ ਤਕ ਮਨ ਇਨ੍ਹਾਂ ਸਾਰੀਆਂ ਸੋਚਾਂ ਤੋਂ ਆਜ਼ਾਦ ਨਹੀਂ ਹੋ ਜਾਂਦਾ, ਪ੍ਰੇਮ ਦਾ ਤਜਰਬਾ ਸਫ਼ਲ ਹੋ ਈ ਨਹੀਂ ਸਕਦਾ।