ਸੋ ਦਰੁ ਤੇਰਾ ਕੇਹਾ (ਅਧਿਆਏ - 3)
Published : Oct 30, 2017, 11:42 am IST
Updated : Oct 30, 2017, 12:09 pm IST
SHARE ARTICLE

ਬਾਬਾ ਨਾਨਕ ਨੇ ਧਰਮ ਨਾਲੋਂ,
ਧਰਮ ਵਿਚ ਦਾਖ਼ਲ ਕੀਤੀਆਂ ਗ਼ਲਤ
ਮਨੌਤਾਂ ਦਾ ਨਿਖੇੜਾ ਕੀਤਾ!
ਬਾਬੇ ਨਾਨਕ ਤੋਂ ਪਹਿਲਾਂ
ਧਰਮ ਦੇ ਨਾਂ 'ਤੇ ਹਰ ਤਰ੍ਹਾਂ ਦੀ
ਠੱਗੀ, ਝੂਠ, ਕਰਮ ਕਾਂਡ ਅਤੇ
ਪੁਜਾਰੀ ਸ਼੍ਰੇਣੀ ਦੀ ਅਪਣੀ ਪਸੰਦ,
ਨਾਪਸੰਦ ਨੂੰ ਧਰਮ ਦਾਂ ਨਾਂ ਦੇ ਦਿਤਾ
ਜਾਂਦਾ ਰਿਹਾ ਹੈ। ਨਤੀਜੇ ਵਜੋਂ ਧਰਮ
ਇਕ ਅਜੀਬ ਗੋਰਖ-ਧੰਦਾ ਬਣ ਕੇ
ਰਹਿ ਗਿਆ ਸੀ ਜਿਸ ਵਿਚ ਆਪਾਵਿਰ
ੋਧੀ ਗੱਲਾਂ ਧਰਮ ਦਾ ਅੰਗ ਕਹਿ
ਕੇ ਪ੍ਰਚਾਰੀਆਂ ਜਾ ਰਹੀਆਂ ਸਨ
ਹਾਲਾਂਕਿ ਧਰਮ ਦਾ ਉਨ੍ਹਾਂ ਨਾਲ ਦੂਰ
ਦਾ ਵੀ ਕੋਈ ਸਬੰਧ ਨਹੀਂ ਸੀ। ਇਹ
ਰਲੇਵਾਂ ਏਨਾ ਜ਼ਿਆਦਾ ਹੋ ਗਿਆ
ਸੀ ਕਿ ਕੋਈ 'ਬਡੋ ਮਹਾਂਬਲੀ' ਹੀ
ਇਸ ਨੂੰ ਵੱਖ ਕਰ ਸਕਦਾ ਸੀ। ਸਾਰੇ
ਹੀ ਧਰਮਾਂ ਵਿਚ, ਪੁਜਾਰੀ ਸ਼੍ਰੇਣੀ ਦੋ
ਕੰਮ ਕਰਦੀ ਰਹੀ ਹੈ। ਪਹਿਲਾ, ਕਿ
ਅਪਣਾ ਹਲਵਾ ਮਾਂਡਾ ਪੱਕਾ ਕਰਨ
ਲਈ ਅਤੇ ਅਪਣੇ ਆਪ ਨੂੰ ਦੂਜੇ
ਮਨੁੱਖਾਂ ਤੋਂ ਬਿਹਤਰ ਦੱਸਣ ਲਈ,
ਸਦਾ ਤੋਂ ਧਰਮ ਵਿਚ ਵਾਧੂ ਚੀਜ਼ਾਂ
ਦਾ ਰਲੇਵਾਂ ਕਰਦੀ ਰਹੀ ਹੈ ਅਤੇ
ਦੂਜਾ ਕਿ, ਜੇ ਕੋਈ ਆਮ, ਸਾਧਾਰਣ
ਭਗਤ ਇਸ ਰਲੇਵੇਂ ਨੂੰ ਗ਼ਲਤ ਆਖੇ
ਤਾਂ ਉਸ ਨੂੰ ਅਸ਼ਰਧਕ, ਕੁਰਾਹੀਆ,
ਧਰਮ ਦਾ ਦੁਸ਼ਮਣ ਕਹਿ ਕੇ ਭੰਡਣ
ਅਤੇ ਸਜ਼ਾ ਦੇਣ ਵਿਚ ਲੱਗ ਜਾਂਦੀ
ਸੀ।


ਇਸੇ ਲਈ, ਹਰ ਕੋਈ 'ਜੋ ਹੈ ਸੋ ਠੀਕ ਹੈ' ਨੂੰ ਮੰਨ ਕੇ ਹੀ ਅਪਣਾ ਭਲਾ ਮਨਾਉਣ ਲੱਗ ਪਿਆ ਸੀ ਤੇ ਪੁਜਾਰੀ ਸ਼੍ਰੇਣੀ ਦੇ ਹਰ ਝੂਠ ਅੱਗੇ ਸਿਰ ਨਿਵਾਉਣ ਲੱਗ ਪਿਆ ਸੀ।ਬਾਬਾ ਨਾਨਕ ਸੰਸਾਰ ਦੇ ਪਹਿਲੇ ਧਰਮ-ਵਿਗਿਆਨੀ ਹੋਏ ਹਨ ਜਿਨ੍ਹਾਂ ਨੇ ਮਨੁੱਖੀ ਇਤਿਹਾਸ ਵਿਚ, ਪਹਿਲੀ ਵਾਰ, ਧਰਮ ਵਿਚ ਦਾਖ਼ਲ ਹੋਈਆਂ ਸਾਰੀਆਂ ਗ਼ੈਰ-ਧਾਰਮਕ ਗੱਲਾਂ ਨੂੰ ਨਿਖੇੜ ਕੇ ਕਹਿ ਦਿਤਾ - ਇਨ੍ਹਾਂ ਗੱਲਾਂ ਦਾ ਤਾਂ ਧਰਮ ਨਾਲ ਸਬੰਧ ਹੀ ਕੋਈ ਨਹੀਂ।ਪੁਜਾਰੀ ਸ਼੍ਰੇਣੀ ਕਹਿੰਦੀ ਸੀ - ਕਰਮ ਕਾਂਡ (ਜਿਨ੍ਹਾਂ ਨੂੰ ਉਹ ਧਰਮ-ਕਰਮ ਕਹਿੰਦੀ ਸੀ) ਹੀ ਧਰਮ ਹੈ ਤੇ ਜੋ ਕੋਈ ਕਰਮ-ਕਾਂਡ ਨਹੀਂ ਕਰਦਾ, ਉਹ ਧਰਮੀ ਹੀ ਨਹੀਂ ਅਖਵਾ ਸਕਦਾ। ਬਾਬੇ ਨਾਨਕ ਨੇ ਬੁਲੰਦ ਆਵਾਜ਼ ਵਿਚ ਕਿਹਾ, ਕਰਮ ਕਾਂਡ ਦਾ ਧਰਮ ਨਾਲ ਕੋਈ ਸਬੰਧ ਹੀ ਨਹੀਂ। ਇਹ ਕੇਵਲ ਪੁਜਾਰੀ ਸ਼੍ਰੇਣੀ ਦੀ 'ਰੋਟੀਆਂ ਕਾਰਨ' ਤਾਲ ਪੂਰਨ ਵਾਲੀ ਗੱਲ ਹੇ। ਬਾਬੇ ਨਾਨਕਅਨੁਸਾਰ, ਕਰਮ-ਕਾਂਡ, ਧਰਮ ਦਾ ਸਗੋਂ ਵਿਰੋਧੀ ਕਰਮ ਹੈ ਤੇ ਸੱਚੇ ਧਰਮ ਤੋਂ ਦੂਰ ਲਿਜਾਣ ਵਾਲੀ ਕਾਰਵਾਈ ਹੈ।

'ਆਸਾ ਦੀ ਵਾਰ' ਵਿਚ ਦ੍ਰਿਸ਼ਟਾਂਤ ਦੇ ਕੇ ਗੱਲ ਸਮਝਾਈ ਗਈ ਹੈ ਤੇ ਜਪੁਜੀ ਸਾਹਿਬ ਵਿਚ ਸਿਧਾਂਤਕ ਪੱਧਰ 'ਤੇ ਗੱਲ ਕੀਤੀ ਗਈ ਹੈ।
ਪੁਜਾਰੀ ਸ਼੍ਰੇਣੀ ਨੇ ਕਿਹਾ, ਜਾਤ-ਪਾਤ ਨੂੰ ਮੰਨਣਾ ਧਰਮ ਹੈ ਕਿਉਂਕਿ ਪ੍ਰਮਾਤਮਾ ਨੇ ਅਪਣੇ ਮੱਥੇ ਦੇ ਮਾਸ ਨਾਲ ਬ੍ਰਾਹਮਣ ਬਣਾਏ, ਭੁਜਾਵਾਂ (ਬਾਹਵਾਂ) ਦੇ ਮਾਸ ਨਾਲ ਖਤਰੀ, ਪੇਟ ਦੇ ਮਾਸ ਨਾਲ ਵੈਸ਼ ਅਤੇ ਪੈਰਾਂ ਦੇ ਮਾਸ ਨਾਲ ਸ਼ੂਦਰ ਬਣਾਏ। ਬਾਬੇ ਨਾਨਕ ਨੇ ਕਿਹਾ, ਇਹ ਝੂਠ ਵੀ ਹੈ ਤੇ ਇਸ ਝੂਠ ਨੂੰ ਧਰਮ ਕਹਿ ਕੇ ਪ੍ਰਚਾਰਨਾ ਹੋਰ ਵੀ ਗ਼ਲਤ ਹੈ। ਸਾਰੇ ਮਨੁੱਖ ਇਕ ਪਿਤਾ ਦੇ ਇਕੋ ਜਹੇ ਪੁੱਤਰ ਧੀਆਂ ਹਨ ਤੇ ਕਿਸੇ ਵਿਚ ਕੋਈ ਫ਼ਰਕ ਨਹੀਂ। ਪੁਜਾਰੀ ਸ਼੍ਰੇਣੀ ਨੇ ਕਿਹਾ
ਕਿ 'ਸ਼ੂਦਰ' ਨੂੰ ਕੋਈ ਹੱਕ ਨਹੀਂ ਕਿ ਉਹ ਪ੍ਰਮਾਤਮਾ ਦੀ ਆਰਾਧਨਾ ਕਰੇ ਜਾਂ ਧਰਮ ਵਿਚ ਦਖ਼ਲ ਦੇਵੇ ਕਿਉਂਕਿ ਉਸ ਨੂੰ ਕੇਵਲ ਉੱਚ ਸ਼੍ਰੇਣੀਆਂ ਦੀ ਸੇਵਾ ਕਰਨ ਲਈ ਹੀ ਪੈਦਾ ਕੀਤਾ ਗਿਆ ਹੈ।

ਬਾਬੇ ਨਾਨਕ ਨੇ ਕਿਹਾ, ਅਜਿਹਾ ਦਾਅਵਾ ਤਾਂ ਧਰਮ ਨੂੰ ਬਦਨਾਮ ਕਰਨ ਵਾਲੀ ਕਾਰਵਾਈ ਹੈ ਕਿਉਂਕਿ ਧਰਮ ਤਾਂ ਸਾਰੇ ਜੀਵਾਂ ਨੂੰ ਬਰਾਬਰ ਮੰਨ ਕੇ, ਉਨ੍ਹਾਂ ਨੂੰ ਵਾਪਸ ਅਕਾਲ ਪੁਰਖ ਨਾਲ ਜੋੜਨ ਦਾ ਇਕ ਰਾਹ ਹੈ। ਇਸ ਰਾਹ 'ਤੇ ਚਲਣ ਦੇ ਚਾਹਵਾਨ ਕਿਸੇ ਮਨੁੱਖ ਨੂੰ ਰੋਕਣਾ ਪਾਪ ਹੈਤੇ ਅਧਰਮ ਹੈ, ਧਰਮ ਨਹੀਂ। ਪੁਜਾਰੀ ਸ਼੍ਰੇਣੀ ਨੇ ਕਿਹਾ, ਮਾਸ ਖਾਣਾ ਪਾਪ ਹੈ। ਬਾਬੇ ਨਾਨਕ ਨੇ ਕਿਹਾ, ਖਾਣਾ ਪੀਣਾ, ਪਹਿਨਣਾ ਜਾਂ ਇਸ ਬਾਰੇ ਬਹਿਸ ਕਰਨਾ ਧਰਮ ਦਾ ਵਿਸ਼ਾ ਹੀ ਨਹੀਂ ਹੈ। ਫਿਰ ਧਰਮ ਕੀ ਹੈ? ਬਾਬੇ ਨਾਨਕ ਨੇ ਉੱਤਰ ਦਿਤਾ, ਧਰਮ ਸ੍ਰੀਰ ਦਾ ਭੋਜਨ ਨਹੀਂ, ਆਤਮਾ ਦੀ ਖ਼ੁਰਾਕ ਮਾਤਰ ਹੈ। ਕੋਈ ਖਾਣਾ, ਪੀਣਾ, ਪਹਿਨਣਾ ਉਦੋਂ ਹੀ ਧਰਮ ਦਾ ਵਿਸ਼ਾ ਬਣਦਾ ਹੈ ਜਦੋਂ ਕੋਈ ਵਸਤ ਖਾਣ, ਪੀਣ, ਪਹਿਨਣ ਨਾਲ, ਤਨ ਵਿਚ ਪੀੜ (ਖ਼ਰਾਬੀ) ਪੈਦਾ ਹੋਣ ਲੱਗੇ ਤੇ ਮਨ ਵਿਚ ਵਿਕਾਰ (ਬੁਰੇ ਖ਼ਿਆਲ) ਪੈਦਾ ਹੋਣ ਲੱਗਣ।


ਪਰ ਸਦੀਆਂ ਤੋਂ ਹਰ ਗੱਲ ਨੂੰ ਸ੍ਰੀਰਦੇ ਪੱਧਰ ਤਕ ਸੀਮਤ ਕਰਨ ਅਤੇ ਵਾਦ-ਵਿਵਾਦ ਕਰਨ ਵਾਲੇ ਜਗਿਆਸੂ ਨੂੰ ਇਹ ਗੱਲ ਸਮਝ ਨਾ ਆਈ ਕਿ ਜੀਭ ਦੇ ਸਵਾਦ ਲਈ ਕਿਸੇ ਜਾਨਵਰ ਨੂੰ ਮਾਰਨਾ ਵੈਸੇ ਹੀ ਮਾੜਾ ਹੈ ਤਾਂ ਮਨ ਦੇ ਵਿਕਾਰਾਂ ਦੀ ਗੱਲ ਨਾਲ ਇਸ ਨੂੰ ਕਿਉਂ ਜੋੜਿਆ ਜਾਏ? ਬਾਬੇ ਨਾਨਕ ਨੇ ਅਜਿਹੇ ਪ੍ਰਸ਼ਨ ਖੜੇ ਕਰਨ ਵਾਲਿਆਂ ਨੂੰ ਇਕ ਧਰਮ-ਵਿਗਿਆਨੀ ਵਾਂਗ ਖੁਲ੍ਹ ਕੇ ਕਿਹਾ ਕਿ ਜਿਹੜੀ ਗੱਲ ਦਾ ਧਰਮ ਨਾਲ ਸਬੰਧ ਹੀ ਕੋਈ ਨਹੀਂ, ਉਸ ਨੂੰ ਮੱਲੋ ਮੱਲੀ ਧਰਮ ਦੇ ਨਾਂ 'ਤੇ ਬਹਿਸ ਦਾ ਵਿਸ਼ਾ ਕਿਉਂ ਬਣਾਇਆ ਜਾ ਰਿਹਾ ਹੈ

ਮਾਸੁ ਮਾਸੁ ਕਰਿ ਮੂਰਖੁ ਝਗੜੇ
ਗਿਆਨੁ ਧਿਆਨੁ ਨਹੀ ਜਾਣੈ
ਕਉਣੁ ਮਾਸੁ ਕਉਣੁ ਸਾਗੁ ਕਹਾਵੈ
ਕਿਸੁ ਮਹਿ ਪਾਪ ਸਮਾਣੇ (1289, ਵਾਰ 25)
ਝੋਲਾ ਛਾਪ ਡਾਕਟਰ ਹਰ ਬੁਖ਼ਾਰ ਨੂੰ 'ਮਲੇਰੀਆ' ਕਹਿ ਦੇਂਦਾ ਹੈ ਪਰ ਸਿਆਣਾ ਡਾਕਟਰ ਜਾਣਦਾ ਹੈ ਕਿ ਟੈਸਟ ਵਿਚ 'ਪਾਜ਼ੇਟਿਵ' ਆਉਣ ਵਾਲਾ ਬੁਖ਼ਾਰ ਹੀ ਮਲੇਰੀਆ ਬੁਖ਼ਾਰ ਹੁੰਦਾ ਹੈ, ਸਾਰੇ ਨਹੀਂ।

ਆਮ ਪ੍ਰਚਾਰਕ ਤੇ ਪੁਜਾਰੀ ਕਰੁਣਾ ਅਤੇ ਦਇਆ ਪੈਦਾ ਕਰਨ ਵਾਲੀ ਹਰ ਕ੍ਰਿਆ ਨੂੰ ਧਰਮ ਕਹਿ ਦੇਂਦਾ ਹੈ ਪਰ ਬਾਬੇ ਨਾਨਕ ਵਰਗਾ ਧਰਮ-ਵਿਗਿਆਨੀ ਹੀ ਇਹ ਕਹਿ ਸਕਦਾ
ਹੈ ਕਿ ਧਰਮ ਦੀ ਹੱਦ ਉਥੋਂ ਸ਼ੁਰੁ ਹੋਵੇਗੀ ਜਿਥੋਂ ਸ੍ਰੀਰ ਵਲੋਂ ਖਾਧਾ ਮਾਸ, ਮਨ ਵਿਚ ਵਿਕਾਰ ਪੈਦਾ ਕਰਨੇ ਸ਼ੁਰੂ ਕਰ ਦੇਵੇਗਾ, ਪਹਿਲਾਂ ਨਹੀਂ। ਪਹਿਲਾਂ ਸਦਾਚਾਰ, ਸਮਾਜਕ ਬੰਧਨ, ਡਾਕਟਰ ਦੀ ਰਾਏ, ਆਮ ਸਮਝਦਾਰੀ, ਕਾਨੂੰਨ ਸਮੇਤ, ਕੁੱਝ ਵੀ ਤੁਹਾਨੂੰ ਮਾਸ ਖਾਣ ਤੋਂ ਰੋਕ ਸਕਦਾ ਹੈ ਜਾਂ ਖਾਣ ਲਈ ਤਿਆਰ ਕਰ ਸਕਦਾ ਹੈ ਪਰ ਧਰਮ ਦੀ ਗੱਲ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਇਸ
ਨਾਲ ਆਤਮਾ ਜਾਂ ਮਨ ਵਿਚ ਵਿਕਾਰ ਪੈਦਾ ਹੋਣ ਲਗਦੇ ਹਨ। ਗੁਰੂ ਅਰਜਨ ਦੇਵ ਜੀ ਨੇ ਇਸੇ ਗੱਲ ਨੂੰ ਹੋਰ ਸਪੱਸ਼ਟ ਕਰ ਦਿਤਾ ਜਦ ਬਕਰੇ ਕੋਹਣ ਵਾਲੇ ਸਧਨੇ ਕਸਾਈ ਨੂੰ ਭਗਤ ਵੀ ਮੰਨ ਲਿਆ ਤੇ ਉਸ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਵੀ ਸ਼ਾਮਲ ਕਰ ਲਿਆ। ਜੇ ਜਾਨਵਰਾਂ ਨੂੰ ਕੋਹਣ ਵਾਲੇ ਦੀ ਬਾਣੀ ਨੂੰ ਅਸੀ ਸਿਰ ਝੁਕਾਂਦੇ ਹਾਂ ਤਾਂ ਮਾਸ ਖਾਣ ਨਾ ਖਾਣ ਦੀ ਬvਹਿਸ ਤਾਂ
ਆਪੇ ਹੀ 'ਮੂਰਖਾਂ ਵਾਲੀ ਬਹਿਸ' ਹੋ ਗਈ। ਬਦਕਿਸਮਤੀ ਨਾਲ, ਏਨੀ ਸਪੱਸ਼ਟਤਾ ਦੇ ਬਾਵਜੂਦ, ਕਈ ਸਿੱਖ ਅਜੇ ਵੀ ਇਸ ਬਹਿਸ ਵਿਚ (ਬ੍ਰਾਹਮਣਵਾਦ ਦੇ ਅਸਰ ਹੇਠ) ਉਲਝਣਾ ਪਸੰਦ ਕਰਦੇ ਹਨ। ਉੁਨ੍ਹਾਂ ਨੂੰ ਬਾਬੇ ਨਾਨਕ ਦਾ ਫ਼ੈਸਲਾ ਪ੍ਰਵਾਨ ਨਹੀਂ, ਸਾਧਾਰਣ ਮਨੁੱਖਾਂ ਦਾ ਫ਼ੈਸਲਾ ਮੰਨ ਲੈਂਦੇ ਹਨ। ਮੋਟੀ ਗੱਲ ਇਹੀ ਹੈ ਕਿ ਮਾਸ ਖਾਣ ਜਾਂ ਨਾ ਖਾਣ ਦੀ ਗੱਲ ਹੀ ਧਰਮ ਦੇ ਖੇਤਰ ਤੋਂ ਬਾਹਰ ਦੀ ਗੱਲ ਹੈ।


ਇਸੇ ਤਰ੍ਹਾਂ ਜਨੇਊ ਧਾਰਨ ਕਰਨ, ਤਿਲਕ ਲਗਾਣ, ਜੋਤਸ਼, ਸਰਾਧ, ਯੋਗ, ਥਿਤ ਵਾਰ, ਗ੍ਰਹਿਣ ਆਦਿ ਸੈਂਕੜੇ ਮਨੌਤਾਂ ਹਨ ਜਿਨ੍ਹਾਂ ਨੂੰ ਪਹਿਲਾਂ 'ਧਰਮ' ਵਜੋਂ ਲਿਆ ਤੇ ਪ੍ਰਚਾਰਿਆ ਜਾਂਦਾ ਸੀ ਪਰ ਬਾਬੇ ਨਾਨਕ ਨੇ ਸਪੱਸ਼ਟ ਕਿਹਾ ਕਿ ਇਹਨਾਂ ਗੱਲਾਂ ਨੂੰ ਭਾਵੇਂ ਕੋਈ ਮੰਨੇ ਤੇ ਭਾਵੇਂ ਨਾ ਮੰਨੇ ਪਰ ਇਹਨਾਂ ਦਾ ਧਰਮ ਨਾਲ ਤਾਂ ਕੋਈ ਸਬੰਧ ਹੀ ਨਹੀਂ।

ਪੁਜਾਰੀ ਸ਼੍ਰੇਣੀ ਦੀ ਇਕ ਮੱਤ ਰਾਏ ਨੂੰ ਠੁਕਰਾ ਕੇ, ਉਨ੍ਹਾਂ ਸਾਰੀਆਂ ਗੱਲਾਂ ਨੂੰ ਧਰਮ ਦਾ ਭਾਗ ਨਾ ਕਹਿਣ ਦੀ ਜੁਰਅਤ ਕੋਈ
ਬਾਬੇ ਨਾਨਕ ਵਰਗਾ ਧਰਮ-ਵਿਗਿਆਨੀ ਹੀ ਕਰ ਸਕਦਾ ਹੈ ਜਿਸ ਨੂੰ ਅਕਾਲ ਪੁਰਖ ਦੀ ਸਾਰੀ ਵਿਉਂਤਬੰਦੀ ਦਾ ਪਤਾ ਹੋਵੇ ਤੇ ਇਹ ਯਕੀਨ ਵੀ ਕਿ ਉਸ ਨੂੰ ਕੋਈ ਵੀ ਗ਼ਲਤ ਸਾਬਤ ਨਹੀਂ ਕਰ ਸਕੇਗਾ। ਯਕੀਨਨ, ਮਾਨਵ-ਜਾਤੀ ਦੇ ਸੱਭ ਤੋਂ ਵੱਡੇ ਧਰਮ-ਵਿਗਿਆਨੀ ਬਾਬਾ ਨਾਨਕ ਹੀ ਹੋਏ ਹਨ। ਇਹ ਤੀਜਾ ਨੁਕਤਾ ਵੀ ਪੱਲੇ ਬੰਨ੍ਹ ਲਈਏ ਤਾਂ ਨਾਨਕ ਬਾਣੀ ਨੂੰ ਸਮਝਣਾ ਬਹੁਤ
ਸੌਖਾ ਹੋ ਜਾਏਗਾ।

SHARE ARTICLE
Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement