
ਅਸੀ ਉਹ 5 ਗੱਲਾਂ ਜੇ ਚੰਗੀ ਤਰ੍ਹਾਂ ਸਮਝ ਲਈਆਂ ਹਨ ਜੋ ਬਾਬੇ ਨਾਨਕ ਦੀ ਬਾਣੀ ਨੂੰ ਸਮਝਣ ਤੋਂ ਪਹਿਲਾਂ ਜਾਣਨੀਆਂ ਜ਼ਰੂਰੀ ਹਨ ਤਾਂ ਸਾਨੂੰ ਹੁਣ ਗੁਰਬਾਣੀ ਨੂੰ ਸਮਝਣ ਵਿਚ ਕੋਈ ਔਕੜ ਪੇਸ਼ ਨਹੀਂ ਆਵੇਗੀ। ਨਾ ਸਾਨੂੰ ਕਰਾਮਾਤੀ ਸਾਖੀਆਂ ਉਤੇ ਨਿਰਭਰ ਕਰਨਾ ਪਵੇਗਾ ਤੇ ਨਾ ਹੀ ਬਾਬੇ ਨਾਨਕ ਤੋਂ ਪਹਿਲਾਂ ਦੇ ਰਚੇ ਗਏ ਗ੍ਰੰਥਾਂ 'ਚੋਂ ਉੁਨ੍ਹਾਂ ਧਾਰਮਕ ਸੰਕਲਪਾਂ ਦੀ ਵਿਆਖਿਆ ਲਭਣੀ ਪਵੇਗੀ ਜਿਨ੍ਹਾਂ ਦੀ ਨਵੀਂ ਵਿਆਖਿਆ ਬਾਬੇ ਨਾਨਕ ਨੇ ਆਪ ਅਪਣੀ ਬਾਣੀ ਵਿਚ ਦੇ ਦਿਤੀ ਹੋਈ ਹੈ। ਸਾਨੂੰ ਸੱਭ ਕੁੱਝ ਬਾਬੇ ਦੀ ਬਾਣੀ ਵਿਚੋਂ ਹੀ ਲੱਭ ਪਵੇਗਾ। ਇਸ ਤਰ੍ਹਾਂ ਕੀਤਿਆਂ ਹੀ ਅਸੀ ਯੁਗ-ਪੁਰਸ਼ ਬਾਬੇ ਨਾਨਕ ਨਾਲ ਵੀ ਇਨਸਾਫ਼ ਕਰ ਸਕਾਂਗੇ ਤੇ ਗੁਰਬਾਣੀ ਦੇ ੴ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾਂ ਵੀ ਜ਼ਰੂਰੀ ਹੈ ਕਿ 'ਜਪੁ' ਦਾ ਅਰਥ ਕੀ ਹੈ। ਵਿਦਵਾਨਾਂ ਦੀ ਲਗਭਗ ਸਰਬਸ ੰਮਤ ਰਾਏ ਹੈ ਕਿ ਬਾਬੇ ਨਾਨਕ ਨੇ ਆਪ ਇਸ ਬਾਣੀ ਦਾ ਨਾਂ 'ਜਪੁ' ਨਹੀਂ ਸੀ ਰਖਿਆ। ਇਹ ਨਾਂ ਗੁਰੂ ਅਰਜਨ ਦੇਵ ਜੀ ਨੇ, ਬਾਣੀ ਦੀ ਸੰਪਾਦਨਾ ਕਰਨ ਸਮੇਂ ਦਿਤਾ ਸੀ। 'ਜਪੁ' ਦੇ ਪ੍ਰਚਲਤ ਅਰਥ ਤਾਂ ਇਹੀ ਸਨ ਕਿ ਬਾਣੀ ਨੂੰ 'ਮੰਤਰ' ਵਾਂਗ ਵਾਰ ਵਾਰ ਪੜ੍ਹਦੇ ਰਹੋ, ਮਾਲਾ ਫੇਰਦੇ ਰਹੋ, ਸਮਾਧੀ ਲਾ
ਕੇ ਬਾਣੀ ਪੜ੍ਹਦੇ ਰਹੋ, ਭਗਤੀ ਕਰਦੇ ਰਹੋ, ਸ੍ਰੀਰ ਨੂੰ ਕਸ਼ਟ ਵਿਚ ਪਾ ਕੇ, ਰੱਬ ਦਾ ਨਾਂ ਲੈਂਦੇ ਰਹੋ ਅਤੇ ਏਕਾਂਤ ਵਿਚ, ਭੌਰਿਆਂ ਵਿਚ, ਦੁਨੀਆਂ ਤੋਂ ਵੱਖ ਹੋ ਕੇ ਸਮਾਧੀ ਲਾਉਂਦੇ ਰਹੋ। ਬਾਬੇ ਨਾਨਕ ਦੀ ਬਾਣੀ ਇਨ੍ਹਾਂ ਸਾਰੇ ਹੀ ਯਤਨਾਂ ਨੂੰ ਵਾਹਿਗੁਰੂ ਨਾਲ ਮਿਲਾਪ ਕਰਨ ਦੇ ਯਤਨਾਂ ਵਜੋਂ ਮਾਨਤਾ ਨਹੀਂ ਦੇਂਦੀ ਤੇ ਸਗੋਂ ਇਨ੍ਹਾਂ ਦਾ ਕਈ ਥਾਂ ਮਜ਼ਾਕ ਵੀ ਉਡਾਂਦੀ ਹੈ :
''ਅਖੀ ਤਾ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ£''
ਇਹੋ ਜਹੇ ਦਿਖਾਵੇ ਦੀ 'ਭਗਤੀ' ਨੂੰ ਭਗਤੀ ਨਹੀਂ ਮੰਨਿਆ ਜਾਂਦਾ ਸਗੋਂ ਸੰਸਾਰ ਨੂੰ ਠੱਗਣ ਦਾ ਯਤਨ ਮਾਤਰ ਸਮਝਿਆ ਜਾਂਦਾ ਹੈ। ਦੂਜੇ, ਸਾਰੀ 'ਜਪੁ' ਬਾਣੀ ਵਿਚ ਨਾਮ ਜਪਣ ਦੇ ਰਵਾਇਤੀ ਢੰਗਾਂ ਨੂੰ ਰੱਦ ਵੀ ਕੀਤਾ ਗਿਆ ਹੈ ਤੇ ਨਾਮ ਜਪਣ ਦੇ ਢੰਗਾਂ ਤਰੀਕਿਆਂ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ ਤਾਂ ਇਸ ਬਾਣੀ ਦਾ ਨਾਂ 'ਜਪੁ' ਕਿਉਂ ਰਖਿਆ ਗਿਆ ਹੈ? ਬੱਸ ਇਹੀ ਨੁਕਤਾ ਸਮਝ ਵਿਚ ਆ ਜਾਵੇ ਤਾਂ ਸਾਰੇ ਭੁਲੇਖੇ ਦੂਰ ਹੋ ਜਾਣਗੇ।
ਆਮ ਜੀਵਨ ਦੀ ਇਕ ਮਿਸਾਲ
ਬੱਚਾ ਜਵਾਨ ਹੋ ਜਾਂਦਾ ਹੈ। ਉਸ ਦਾ ਰਿਸ਼ਤਾ ਕਿਸੇ ਜਾਣੇ ਪਛਾਣੇ ਪ੍ਰਵਾਰ ਦੀ ਅਨਜਾਣ ਕੁੜੀ ਨਾਲ ਕਰ ਦਿਤਾ ਜਾਂਦਾ ਹੈ। ਦੋ ਚਾਰ ਵਾਰ ਮੁੰਡਾ ਕੁੜੀ ਮਿਲਦੇ ਹਨ ਤਾਂ ਮੁੰਡਾ ਹਰ ਵੇਲੇ ਮੰਗੇਤਰ ਕੁੜੀ ਨੂੰ ਹੀ ਯਾਦ ਕਰਦਾ ਵੇਖਿਆ ਜਾਂਦਾ ਹੈ। ਬਹਾਨੇ ਬਹਾਨੇ ਲੜਕੀ ਦਾ ਨਾਂ ਲੈ ਕ ਉਸ ਦਾ ਜ਼ਿਕਰ ਛੇੜ ਬਹਿੰਦਾ ਹੈ। ਉਸ ਨੂੰ ਅਜਿਹਾ ਕਰਨ ਵਿਚੋਂ ਸੁੱਖ ਮਿਲਦਾ ਹੈ। ਘਰ ਦੇ ਹੀ ਛੇੜਨ ਲਗਦੇ ਹਨ, ''ਵੇਖ ਦੋ ਚਾਰ ਵਾਰ ਕੁੜੀ ਨੂੰ ਮਿਲਿਆ ਕੀ ਏ, ਸਾਡਾ ਮੁੰਡਾ ਤਾਂ ਹਰ ਵੇਲੇ ਉਸੇ ਦਾ ਈ ਜਾਪ ਕਰਦਾ ਰਹਿੰਦੈ!'' ਇਹ ਕਿਹੜੇ ਜਾਪ ਦੀ ਗੱਲ ਕਰ ਰਹੇ ਨੇ? ਇਥੇ 'ਜਾਪ' ਨੂੰ ਪਿਆਰ ਦੇ ਅਰਥਾਂ ਵਿਚਲਿਆ ਜਾ ਰਿਹਾ ਹੈ। ਸੱਚਾ ਪਿਆਰ ਹਰ ਵੇਲੇ ਪਿਆਰੇ ਦੀ ਯਾਦ ਵਿਚ ਜੋੜੀ ਰਖਦਾ ਹੈ ਤੇ ਉਸ ਪਿਆਰੇ ਦਾ ਜ਼ਿਕਰ ਹੀ ਹਰ ਵੇਲੇ ਕਰਨ ਜਾਂ ਸੁਣਨ ਨੂੰ ਦਿਲ ਕਰਦਾ ਹੈ। ਪਿਆਰੇ ਨੂੰ ਹਰ ਵੇਲੇ ਯਾਦ ਕਰਨ, ਉਸ ਦਾ ਜ਼ਿਕਰ ਸੁਣਨ, ਉਸ ਦਾ ਨਾਂ ਸੁਣਨ ਨੂੰ ਆਮ ਪੰਜਾਬੀ ਵਿਚ 'ਜਾਪ ਕਰਨਾ' ਕਿਹਾ ਜਾਂਦਾ ਹੈ। ਨਿਸ਼ਕਾਮ ਪਿਆਰ 'ਚੋਂ ਉਪਜੀ, ਹਰ ਸਮੇਂ ਰਹਿਣ ਵਾਲੀ ਯਾਦ ਨੂੰ ਹੀ ਜਿਵੇਂ ਪਿਆਰੇ ਦਾ ਜਾਪ ਕਰਨਾ ਕਿਹਾ ਜਾਂਦਾ ਹੈ, ਇਨ੍ਹਾਂ ਅਰਥਾਂ ਵਿਚ ਹੀ ਇਹ ਸਿਰਲੇਖ ਇਸ ਬਾਣੀ ਲਈ ਵੀ ਵਰਤਿਆ ਗਿਆ ਹੈ ਤੇ ਇਹ ਸੰਦੇਸ਼ ਦਿਤਾ ਗਿਆ ਹੈ ਕਿ ਬੰਦਿਆ! ਉਸ ਪਿਅਰੇ (ੴ) ਨੂੰ ਵੀ, ਨਿਸ਼ਕਾਮ ਹੋ ਕੇ ਇਸ ਤਰ੍ਹਾਂ ਪਿਆਰ ਕਰਿਆ ਕਰ ਕਿ ਉਠਦਿਆਂ ਬੈਠਦਿਆਂ, ਸੌਂਦਿਆਂ ਜਾਗਦਿਆਂ, ਤੈਨੂੰ ਉਸ ਅਕਾਲ ਪੁਰਖ ਦਾ ਨਾਂ ਲੈਣਾ ਤੇ ਯਾਦ ਕਰਨਾ ਚੰਗਾ ਲੱਗੇ ਤੇ ਤੈਨੂੰ ਉਸ 'ਚੋਂ ਪਰਮ-ਆਨੰਦ ਆਉਣਾ ਸ਼ੁਰੂ ਹੋ ਜਾਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ, ਮਾਤਾ-ਪਿਤਾ, ਪਤੀ-ਪਤਨੀ, ਬਾਪ-ਬੇਟੇ ਆਦਿ ਇਨਸਾਨੀ ਰਿਸ਼ਤਿਆਂ ਦੀਆਂ ਮਿਸਾਲਾਂ ਦੇ ਦੇ ਕੇ ਵੀ, ਵਾਹਿਗੁਰੂ ਦੇ ਨਾਂ ਨਾਲ ਪਿਆਰ ਪਾਉਣ ਅਤੇ ਉਸ ਵਿਚੋਂ ਮਿਲਦੇ ਪਰਮ ਆਨੰਦ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਆ ਗਿਆ ਹੈ। ਆਮ ਆਦਮੀ ਨੂੰ ਅਮਲੀ ਜੀਵਨ ਦੀਆਂ ਮਿਸਾਲਾਂ ਰਾਹੀਂ ਪਰਮ-ਗਿਆਨ ਦੇਣ ਦਾ ਢੰਗ ਬੜਾ ਕਾਰਗਰ ਹੁੰਦਾ ਹੈ ਤੇ ਗੁਰਬਾਣੀ ਵਿਚ ਵੀ ਇਸ ਨੂੰ ਵਾਰ ਵਾਰ ਅਪਨਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਵਿਖੇ, ਜਮਨਾ ਦੇ ਕਿਨਾਰੇ, ਜਦ ਸੌਖੀ ਤੇ ਆਮ ਫ਼ਹਿਮ ਭਾਸ਼ਾ ਵਿਚ ਗੁਰਮਤਿ ਦਾ ਫ਼ਲਸਫ਼ਾ ਸਮਝਾਉਂਦੇ ਸਨ ਤਾਂ ਬਾਰ ਬਾਰ ਕਹਿੰਦੇ ਸਨ :
''ਸਾਚ ਕਹੁੰ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਉ£''
ਪ੍ਰਭੂ ਨਾਲ ਪਾਇਆ ਇਹ ਸੱਚਾ ਪ੍ਰੇਮ ਹੀ ਗ੍ਰਹਿਸਤੀਆਂ ਦਾ 'ਜਪੁ' ਹੁੰਦਾ ਹੈ। ਇਹੀ ਸੋ ਦਰੁ ਤੇਰਾ ਕੇਹਾ ਗੁਰਮਤਿ ਦਾ ਸੁਨੇਹਾ ਹੈ। ਜਦੋਂ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਗੁਰੂ ਅਮਰਦਾਸ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਵਲੋਂ ਭੋਰਿਆਂ ਵਿਚ ਬਹਿ ਕੇ 'ਜਪੁ' ਕਰਨ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਹਨ ਤਾਂ ਗੁਰਮਤਿ ਦੇ ਧਾਰਨੀਆਂ ਨੂੰ ਇਹ ਠੀਕ ਨਹੀਂ ਲਗਦੀਆਂ। ਇਸੇ ਤਰ੍ਹਾਂ ਜਦੋਂ ਬਾਬਾ ਨੰਦ ਸਿੰਘ ਦੀ ਸੰਪਰਦਾ ਨਾਲ ਜੁੜੇ ਜਾਂ ਦਮਦਮੀ ਟਕਸਾਲ ਦੇ ਪ੍ਰਚਾਰਕ ਅਪਣੀਆਂ ਸੰਪਰਦਾਵਾਂ ਦੇ ਉਨ੍ਹਾਂ ਸਿੰਘਾਂ ਦੇ ਸੋਹਿਲੇ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਗਾਉਂਦੇ ਹਨ ਜੋ ਬਾਰਾਂ ਬਾਰਾਂ ਚੌਦਾਂ ਚੌਦਾਂ ਘੰਟੇ ਭੋਰਿਆਂ ਵਿਚ ਬੈਠ ਕੇ ਜਪੁ ਤਪੁ ਕਰਦੇ ਹਨ ਤਾਂ ਉਹ ਨਹੀਂ ਜਾਣਦੇ ਹੁੰਦੇ ਕਿ ਉਹ ਬਾਬੇ ਨਾਨਕ ਦੇ ਦੱਸੇ 'ਜਪੁ' ਦੀ ਗੱਲ ਨਹੀਂ ਕਰ ਰਹੇ ਹੁੰਦੇ ਸਗੋਂ ਬਾਬੇ ਨਾਨਕ ਤੋਂ ਪਹਿਲਾਂ ਵਾਲੇ ਸਮਿਆਂ ਦੇ ਜੱਪ ਤੱਪ ਦੀ ਗੱਲ ਕਰ ਰਹੇ ਹੁੰਦੇ ਹਨ। ਸਾਰੇ ਜਪੁਜੀ ਸਾਹਿਬ ਵਿਚ ਇਸ ਪੁਰਾਤਨ 'ਜਪੁ ਤਪੁ' ਨੂੰ ਰੱਦ ਕਰ ਕੇ, ਕੇਵਲ ਗ੍ਰਹਿਸਤੀਆਂ ਵਾਲੇ ਜੱਪ ਅਰਥਾਤ ਨਿਸ਼ਕਾਮ ਪ੍ਰੇਮ ਵਾਲੇ 'ਜਪੁ' (ਹਰ ਪਲ, ਕੰਮ ਕਾਰ ਕਰਦਿਆਂ, ਯਾਦ ਪਿਆਰੇ ਨਾਲ ਜੁੜੀ ਰਹਿਣ) ਦੀ ਗੱਲ ਕੀਤੀ ਗਈ ਹੈ ਕਿਉਂਕਿ ਗ੍ਰਹਿਸਤੀ ਦੂਜਾ 'ਜਪ' ਕਰ ਹੀ ਨਹੀਂ ਸਕਦੇ ਅਤੇ ਬਾਬੇ ਨਾਨਕ ਦਾ ਧਰਮ ਗ੍ਰਹਿਸਤੀਆਂ ਦਾ ਧਰਮ ਹੈ, ਗ੍ਰਹਿਸਤ ਤੋਂ ਭੱਜਣ ਵਾਲਿਆਂ ਦਾ ਨਹੀਂ। ਭਾਈ ਗੁਰਦਾਸ ਨੇ ਇਸੇ ਲਈ ਗੁਰਮਤਿ ਦੇ ਇਸ 'ਜਪੁ' ਨੂੰ ਹੋਰ ਵੀ ਸੌਖੀ ਭਾਸ਼ਾ ਵਿਚ ਬਿਆਨ ਕਰਦਿਆਂ ਕਿਹਾ ਸੀ ਕਿ ਅਕਾਲ ਪੁਰਖ ਨੂੰ ਕਿਸੇ ਪ੍ਰਕਾਰ ਦੀ ਭਗਤੀ ਜਾਂ ਕਰਮ ਕਾਂਡ ਦੀ ਲੋੜ ਨਹੀਂ, ਉਹ ਤਾਂ ਕੇਵਲ ਪਿਆਰ ਜਾਂ ਪ੍ਰੇਮ ਦਾ ਹੀ ਭੁੱਖਾ ਹੈ :
''ਗੋਬਿੰਦ ਭਾਉ ਭਗਤਿ ਦਾ ਭੁੱਖਾ''
ਇਹ 'ਭਾਉ ਭਗਤਿ' ਹੋਰ ਕੁੱਝ ਨਹੀਂ, ਪਿਆਰ ਦੀ ਭਗਤੀ ਹੀ ਹੈ। ਇਥੇ ਵੇਦਾਂਤ ਦੀ 'ਪ੍ਰੇਮਾ ਭਗਤੀ' ਦਾ ਜ਼ਿਕਰ ਕਰ ਲੈਣਾ ਵੀ ਜ਼ਰੂਰੀ ਹੈ। 'ਪ੍ਰੇਮਾ ਭਗਤੀ' ਵਿਚ ਪ੍ਰੇਮ ਵੀ ਹੈ ਤੇ ਭਗਤੀ ਵੀ। ਭਗਤੀ ਮੁੱਖ ਕਰਮ ਹੈ ਤੇ ਪ੍ਰੇਮ, ਵਿਚਾਰ ਦੇ ਪੱਧਰ ਤੇ ਮੰਨੇ ਜਾਣ ਵਾਲਾ ਸਿਧਾਂਤ ਹੈ ਜਦਕਿ ਬਾਬੇ ਨਾਨਕ ਦੇ 'ਜਪੁ' ਅਤੇ 'ਭਾਉ ਭਗਤਿ' ਵਿਚ ਭਗਤੀ ਕੋਈ ਵਖਰੀ ਨਹੀਂ ਕਰਨੀ ਪੈਂਦੀ, ਸੱਚੇ ਪ੍ਰੇਮ ਵਿਚ ਆਪੇ ਹੋ ਗਈ ਮੰਨੀ ਜਾਂਦੀ ਹੈ। ਇਹ ਬੜਾ ਮਹੱਤਵਪੂਰਨ ਫ਼ਰਕ ਹੈ। ਜਿਸ ਪਿਆਰੇ ਨੂੰ ਤੁਸੀ ਪਿਆਰ ਕਰਦੇ ਹੋ, ਉਸ ਨਾਲ ਨਿਸ਼ਕਾਮ ਰੂਪ ਵਿਚ ਕੀਤਾ ਪਿਆਰ ਹੀ ਉਸ ਦੀ 'ਭਗਤੀ' ਅਥਵਾ 'ਭਾਉ ਭਗਤਿ' ਹੈ। ਇਹੀ ਜਪੁ ਹੈ ਤੇ 'ਜਪੁ' ਬਾਣੀ ਦਾ ਕੁਲ ਪ੍ਰਯੋਜਨ ੴ ਨਾਲ ਮਨੁੱਖ ਦਾ ਨਿਸ਼ਕਾਮ ਪਿਆਰ ਪੈਦਾ ਕਰਨਾ ਹੀ ਹੈ, ਕਰਮ-ਕਾਂਡ ਵਾਲਾ ਜਪੁ ਤਪੁ ਕਰਵਾਉਣਾ ਨਹੀਂ। ਨਿਸ਼ਕਾਮ ਪ੍ਰੇਮ ਉਸੇ ਨਾਲ ਹੁੰਦਾ ਹੈ ਜਿਸ ਨੂੰ ਤੁਸੀ ਚੰਗੀ ਤਰ੍ਹਾਂ ਜਾਣਦੇ ਹੋ ਤੇ ਜਿਸ ਉਤੇ ਤੁਸੀ ਫ਼ਖ਼ਰ ਕਰਦੇ ਹੋ। ਜਪੁਜੀ ਦੀ ਬਾਣੀ ੴ ਨਾਲ ਤੁਹਾਡੀ ਪੂਰੀ ਜਾਣਕਾਰੀ ਇਸ ਤਰ੍ਹਾਂ ਕਰਵਾਂਦੀ ਹੈ ਕਿ ਉਹ ਤੁਹਾਨੂੰ ਪਿਆਰਾ ਪਿਆਰਾ ਲੱਗਣ ਲਗਦਾ ਹੈ ਤੇ ਤੁਸੀ ਉਸ ਨੂੰ ਨਿਸ਼ਕਾਮ ਪ੍ਰੇਮ ਕਰਨ ਲਗਦੇ ਹੋ। ਉਹ ਪਿਆਰਾ ਕੌਣ ਹੈ? ਉਹ ੴ ਹੈ ਤੇ ਗੁਰੂ ਬਾਬਾ ਉਸ ਨਾਲ ਸਾਡੀ ਜਾਣ ਪਛਾਣ ਕਰਵਾਉਂਦੇ ਹਨ।