ਸੋ ਦਰੁ ਤੇਰਾ ਕੇਹਾ "ਅਧਿਆਏ - 8"
Published : Nov 3, 2017, 10:40 pm IST
Updated : Nov 3, 2017, 5:10 pm IST
SHARE ARTICLE

ਅਸੀ 'ੴ' ਦਾ 'ਜਪੁ' (ਗ੍ਰਹਿਸਤੀਆਂ ਵਾਲਾ 'ਜਪੁ' ਅਥਵਾ ਨਿਸ਼ਕਾਮ ਪਿਆਰ) ਕਰਨ ਦੀ ਗੱਲ ਕਰ ਰਹੇ ਸੀ ਤੇ ਬੇਨਤੀ ਕਰ ਰਹੇ ਸੀ ਕਿ ਸਾਨੂੰ ਸਮਝ ਆ ਜਾਵੇ ਕਿ ਉਹ 'ੴ' ਕਿਹੋ ਜਿਹਾ ਹੈ? ਜਵਾਬ ਮਿਲਿਆ, ਉਹ ਇਕੋ ਇਕ ਹੈ, ਜਿਹੋ ਜਿਹਾ ਹੋਰ ਕੋਈ ਨਹੀਂ। ਦੇਵਤੇ ਵੱਖ ਵੱਖ ਪੁਰਾਤਨ ਸਭਿਅਤਾਵਾਂ ਨੇ ਵੱਖ ਵੱਖ ਬਣਾਏ ਹੋਏ ਹਨ ਤੇ ਉੁਨ੍ਹਾਂ ਦੀ ਗਿਣਤੀ ਕਰੋੜਾਂ ਵਿਚ
ਹੈ। ਹੋਰ ਵੀ ਕੋਈ ਹਸਤੀ ਅਜਿਹੀ ਨਹੀਂ ਲੱਭੀ ਜਾ ਸਕਦੀ ਜਿਹੜੀ ਇਕੋ ਇਕ ਹੋਵੇ। ਪਹਿਲਾਂ ਮਨੁੱਖ ਸੋਚਦਾ ਸੀ ਸੂਰਜ ਇਕ ਹੈ, ਚੰਦਰਮਾ ਇਕ ਹੈ, ਧਰਤੀ ਇਕ ਹੈ, ਆਕਾਸ਼ ਇਕ ਹੈ, ਪਾਤਾਲ ਇਕ ਹੈ। ਪਰ ਬਾਬਾ ਨਾਨਕ ਨੇ ਸਾਇੰਸਦਾਨਾਂ ਤੋਂ ਵੀ
ਪਹਿਲਾਂ, ਇਹ ਗੱਲ ਦਾਅਵੇ ਨਾਲ ਕਹਿ ਦਿਤੀ ਕਿ 'ਕੇਤੇ ਇੰਦ ਚੰਦ ਸੂਰ' ਹਨ ਅਤੇ 'ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ' ਹਨ। ਉਨ੍ਹਾਂ ਦੀ ਗਿਣਤੀ ਏਨੀ ਜ਼ਿਆਦਾ ਹੈ ਕਿ ਗਿਣੀ ਹੀ ਨਹੀਂ ਜਾ ਸਕਦੀ। ਆਮ ਮਨੁੱਖ ਹੀ ਨਹੀਂ, ਪੀਰ, ਪੈਗ਼ੰਬਰ ਵੀ ਇਸ ਸਚਾਈ ਤੋਂ ਪਰਦਾ ਨਹੀਂ ਸਨ ਹਟਾ ਸਕੇ। ਧਰਮ-ਵਿਗਿਆਨੀ ਬਾਬੇ ਨਾਨਕ ਨੇ ਪਹਿਲੀ ਵਾਰ ਇਹ ਪਰਦਾ ਹਟਾਇਆ। ਹੁਣ ਸਾਇੰਸਦਾਨ ਇਹ ਕਹਿ ਰਹੇ ਹਨ ਕਿ ਬਾਬੇ ਨਾਨਕ ਨੇ ਜੋ ਕਿਹਾ ਸੀ, ਉਹ ਸੋਲਾਂ ਆਨੇ ਸੱਚ ਹੈ। ਸਾਇੰਸ ਬਾਬੇ ਨਾਨਕ ਤੋਂ ਪੰਜ ਸੌ ਸਾਲ ਪਿੱਛੇ ਹੈ। ਇਸੇ ਲਈ ਬਾਬੇ ਨਾਨਕ ਅਜਿਹੇ ਪੈਗ਼ੰਬਰ ਸਿੱਧ ਹੁੰਦੇ ਹਨ ਜਿਨ੍ਹਾਂ ਨੂੰ ਵਾਹਿਗੁਰੂ ਦੀ ਕਾਇਨਾਤ ਦੇ ਸਾਰੇ ਭੇਤ ਪਤਾ ਸਨ ਤੇ ਉਹ ਉਸ ਦੀ ਪੂਰੀ ਝਲਕ ਵੇਖਣ ਤੋਂ ਬਾਅਦ ਹੀ ਗੱਲ ਕਰ ਰਹੇ ਸਨ।

ਬਾਬੇ ਨਾਨਕ ਨੇ ਕੋਈ ਸਮਾਧੀਆਂ ਨਹੀਂ ਸੀ ਲਾਈਆਂ, ਕੋਈ ਜੰਗਲਾਂ ਜਾਂ ਭੋਰਿਆਂ ਵਿਚ ਬੈਠ ਕੇ 'ਪਰਮ ਸੱਚ' ਨੂੰ ਲੱਭਣ ਦਾ ਯਤਨ ਨਹੀਂ ਸੀ ਕੀਤਾ ਸਗੋਂ 'ਭਾਉ ਭਗਤਿ' ਰਾਹੀਂ ਹੀ ਮਨੁੱਖ ਅਤੇ ਵਾਹਿਗੁਰੂ ਵਿਚਕਾਰਲੀ 'ਕੂੜ ਦੀ ਪਾਲ' ਹਟਾ ਲਈ ਸੀ ਤੇ ਹੁਣ ਇਕ ਸਾਇੰਸਦਾਨ ਦੀ ਤਰ੍ਹਾਂ ਹੀ ਬਾਕੀ ਦੀ ਮਨੁੱਖਤਾ ਨੂੰ ਵੀ ਦੱਸ ਰਹੇ ਹਨ ਕਿ ਇਹ 'ਕੂੜ ਦੀ ਦੀਵਾਰ' ਬੜੀ ਆਸਾਨੀ ਨਾਲ ਹਰ ਉਸ ਮਨੁੱਖ ਦੇ ਮਾਮਲੇ ਵਿਚ ਢਹਿ ਸਕਦੀ ਹੈ ਜਿਹੜਾ ਇਸ ਨੂੰ ਢਾਹੁਣਾ ਲੋਚਦਾ ਹੈ ਤੇ 'ੴ' ਨੂੰ ਪ੍ਰਤੱਖ ਵੇਖਣਾ ਚਾਹੁੰਦਾ ਹੈ। ਬਸ ਉਸ ਇਕੋ ਨਾਲ ਸੱਚਾ ਅਤੇ ਨਿਸ਼ਕਾਮ ਪਿਆਰ ਪਾਉਣ ਦੀ ਲੋੜ ਹੈ, ਬਾਕੀ ਦਾ ਕੰਮ ਉਹ ਆਪੇ ਕਰ ਦੇਵੇਗਾ। ਉਹ ਕੌਣ? ਉਹ ਜਿਹੜਾ ਇਕੋ ਇਕ ਹੈ। ਦੁਨੀਆਂ ਜਹਾਨ ਜਾਂ ਬ੍ਰਹਿਮੰਡ ਦੀ ਕੋਈ ਹੋਰ ਅਜਿਹੀ ਚੀਜ਼ ਜਾਂ ਹਸਤੀ ਅਜਿਹੀ ਨਹੀਂ ਜੋ ਇਕੋ ਇਕ ਹੈ। ਉਹ ਦਿਸਦੀ ਅਣਦਿਸਦੀ ਕਾਇਨਾਤ ਦਾ ਮਾਲਕ ਹੈ। ਜ਼ਰਾ ਅੰਦਾਜ਼ਾ ਲਾਉ, ਇਕ ਛੋਟੀ ਜਿਹੀ ਕੰਪਨੀ ਦਾ ਮਾਲਕ ਸਾਨੂੰ ਕਿੰਨਾ ਵੱਡਾ ਲਗਦਾ ਹੈ ਹਾਲਾਂਕਿ ਉਸ ਵਰਗੀਆਂ ਲੱਖਾਂ ਕੰਪਨੀਆਂ ਹੋਰ ਹਨ ਤੇ ਲੱਖਾਂ
ਹੀ ਮਾਲਕ। ਇਕ ਰਿਆਸਤ ਦਾ ਮਾਲਕ ਜਾਂ ਰਾਜਾ ਸਾਨੂੰ ਕਿੰਨਾ ਵੱਡਾ ਲਗਦਾ ਹੈ, ਹਾਲਾਂਕਿ ਉਸ ਵਰਗੇ ਸੈਂਕੜੇ ਰਾਜੇ ਤੇ ਮਾਲਕ ਇਸ ਧਰਤੀ 'ਤੇ ਹੀ ਮੌਜੂਦ ਹਨ। ਪਰ ਜੇ ਸਾਰੀ ਪ੍ਰਿਥਵੀ ਨੂੰ ਉਸ ਜਾਣੇ ਜਾਂਦੇ ਬ੍ਰਹਿਮੰਡ ਦੇ ਮੁਕਾਬਲੇ ਤੇ ਰਖੀਏ, ਜਿਸ ਦਾ ਮਾਲਕ ਉਹ 'ਇਕੋ' ਹੈ ਤਾਂ ਸਾਡੀ ਧਰਤੀ ਬ੍ਰਹਿਮੰਡ ਵਿਚ ਇਕ ਚਾਵਲ ਦੇ ਦਾਣੇ ਤੋਂ ਵੱਡੀ ਨਹੀਂ। ਇਹ ਗੱਲ 20ਵੀਂ ਸਦੀ ਦੇ ਅੰਤ ਵਿਚ ਆ ਕੇ ਜਾਂ 21ਵੀਂ ਸਦੀ ਦੇ ਸ਼ੁਰੂ ਵਿਚ ਸਾਇੰਸਦਾਨਾਂ ਨੇ ਆਪ ਮੰਨੀ ਹੈ ਤੇ ਪਹਿਲੀ ਵਾਰ ਮੰਨੀ ਹੈ। ਫਿਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਰੇ ਬ੍ਰਹਿਮੰਡ ਦਾ ਇਕੋ ਇਕ ਮਾਲਕ ਕਿੰਨਾ ਵੱਡਾ ਹੋਵੇਗਾ? ਅਸੀ ਤਾਂ ਇਕ ਛੋਟੀ ਜਹੀ ਸੰਸਥਾ ਦੇ ਮੁਖੀ ਨੂੰ ਝੁਕ ਝੁਕ ਸਲਾਮਾਂ ਕਰਦੇ ਹਾਂ, ਫਿਰ ਏਨੇ ਵੱਡੇ ਬ੍ਰਹਿਮੰਡ (ਜਿਸ ਵਿਚ ਸਾਡੀ ਸਾਰੀ ਧਰਤੀ ਇਕ ਚਾਵਲ ਦੇ ਦਾਣੇ ਜਿੰਨੀ ਹੈ) ਦੇ ਮਾਲਕ ਅੱਗੇ ਸਿਰ ਝੁਕਾ ਦੇਣ ਲਗਿਆਂ ਕਿਉਂ ਝਿਜਕਦੇ ਹਾਂ? 


ਕਿਸੇ ਛੋਟੇ ਜਹੇ ਵਜ਼ੀਰ ਜਾਂ ਅਫ਼ਸਰ ਨਾਲ ਸਾਡੀ ਨੇੜਤਾ ਹੋ ਜਾਵੇ ਤਾਂ ਅਸੀ ਬੜੇ ਖ਼ੁਸ਼ ਹੋ ਜਾਂਦੇ ਹਾਂ ਤੇ ਅੱਗੇ ਪਿੱਛੇ ਉਸ ਦੀਆਂ ਸਿਫ਼ਤਾਂ ਗਾਉਣ ਵਿਚ ਰੁੱਝ ਜਾਂਦੇ ਹਾਂ ਤੇ ਇਹੀ ਰੱਟਾ ਲਾਈ ਰਖਦੇ ਹਾਂ ਕਿ ਇਹ ਬੰਦਾ ਬੜਾ ਚੰਗਾ ਹੈ, ਬੜਾ ਮਦਦਗਾਰ ਹੈ ਤੇ ਬੜਾ ਕੰਮ ਆਉਣ ਵਾਲਾ ਹੈ। ਅਸੀ ਉਸ ਨੂੰ ਖ਼ੁਸ਼ ਕਰੀ ਰੱਖਣ ਲਈ ਸੌ ਪਾਪੜ ਵੇਲਦੇ ਹਾਂ, ਸਿਫ਼ਤਾਂ ਕਰਦੇ ਹਾਂ, ਭੇਟਾਵਾਂ ਤੇ ਤੋਹਫ਼ੇ ਦੇਂਦੇ ਹਾਂ। ਪਰ ਜੇ ਸਾਰੇ ਬ੍ਰਹਿਮੰਡ ਦਾ ਮਾਲਕ ਸਾਡਾ ਮਿੱਤਰ ਬਣ ਸਕੇ (ਜੇ ਤੂ ਮਿਤਰ ਅਸਾਡੜਾ) ਤਾਂ ਅਸੀ ਕੀ ਕੁੱਝ ਕਰਨ ਲਈ ਤਿਆਰ ਨਹੀਂ ਹੋਵਾਂਗੇ? ਪਰ ਬਾਬਾ ਨਾਨਕ ਕਹਿੰਦੇ ਹਨ, ਉਸ 'ਇਕੋ ਇਕ' ਨੂੰ ਖ਼ੁਸ਼ ਕਰਨ ਲਈ ਕੁੱਝ ਵੀ ਨਹੀਂ ਕਰਨਾ ਪੈਂਦਾ, ਬੱਸ ਸੱਚਾ ਤੇ ਨਿਸ਼ਕਾਮ ਪਿਆਰ ਕਰਨਾ ਪੈਂਦਾ ਹੈ (ਮਨ ਬੇਚੇ ਸਤਿਗੁਰ ਕੇ ਪਾਸੁ)। ਇਹ ਕੰਮ ਬੜਾ ਸੌਖਾ ਵੀ ਹੈ ਤੇ ਬੜਾ ਔਖਾ ਵੀ। ਅਸੀ ਝੂਠ ਮੂਠ ਦਾ ਵਿਖਾਵਾ ਕਰਨ ਲਈ ਤਾਂ ਝੱਟ ਤਿਆਰ ਹੋ ਜਾਂਦੇ ਹਾਂ ਪਰ ਸੱਚਾ ਪਿਆਰ ਤੇ ਉਹ ਵੀ ਨਿਸ਼ਕਾਮ ਹੋ ਕੇ? ਉਸ ਦੀ ਸਾਨੂੰ ਆਦਤ ਹੀ ਨਹੀਂ ਰਹਿ ਗਈ। ਅਸੀ ਤਾਂ ਕਿਸੇ ਵਲ ਪਿਆਰ ਦੀ ਇਕ ਨਜ਼ਰ ਸੁੱਟਣ ਤੋਂ ਪਹਿਲਾਂ ਵੀ ਮਨ ਵਿਚ ਸੋਚ ਲੈਂਦੇ ਹਾਂ ਕਿ ਮੁਸਕ੍ਰਾਹਟ ਵੀ ਕਿਸੇ ਨੂੰ ਦਈਏ ਤਾਂ ਕਿਉਂ ਦਈਏ ਤੇ ਸਾਡਾ ਇਸ
ਵਿਚ ਕੀ ਫ਼ਾਇਦਾ ਹੋਵੇਗਾ? 


ਬਾਬੇ ਨਾਨਕ ਨੇ ਕਿਹਾ ਕਿ ਨਿਸ਼ਕਾਮ ਪਿਆਰ ਵਾਲਾ 'ਜਪੁ' ਦੁਨੀਆਂ ਦੀ ਹਰ ਚੀਜ਼ ਤੁਹਾਡੇ ਕਦਮਾਂ ਵਿਚ ਸੁਟ ਦਿੰਦਾ ਹੈ ਪਰ ਕੂੜ ਦੀ ਪਾਲ ਹੱਟ ਜਾਣ ਮਗਰੋਂ ਤੁਹਾਨੂੰ ਲਗਦਾ ਹੈ ਕਿ ਦੁਨੀਆਂ ਦੀ ਸੱਭ ਤੋਂ ਚਮਕਦਾਰ ਸ਼ੈ ਵੀ ਮਿੱਟੀ ਤੋਂ ਵੱਧ ਕੁੱਝ
ਨਹੀਂ। ਫਿਰ ਤੁਹਾਨੂੰ ਕੇਵਲ 'ਪਰਮ ਆਨੰਦ' ਹੀ ਸੱਭ ਤੋਂ ਉੱਚੀ ਤੇ ਵਧੀਆ ਸ਼ੈ ਲੱਗਣ ਲਗਦੀ ਹੈ ਤੇ 'ਹੁਕਮ ਰਜਾਈ ਚਲਣਾ' ਦੇ ਸਹੀ ਅਰਥ ਤੁਹਾਨੂੰ ਸਮਝ ਆਉਣ ਲਗਦੇ ਹਨ।


                                                        ੴ ਦੀ ਫ਼ਿਲਾਸਫ਼ੀ
ੴ ਨੂੰ ਬਿਆਨ ਕਰਨ ਵਾਲੀਆਂ ਕਈ ਪ੍ਰਣਾਲੀਆਂ ਸਾਡੇ ਸਾਹਮਣੇ ਆਈਆਂ ਹਨ। ਵਿਨੋਬਾ ਭਾਵੇ ਤੋਂ ਲੈ ਕੇ ਓਸ਼ੋ ਤਕ ਨੇ ਜਦ ਜਪੁਜੀ ਦੀ ਸਰਲ ਵਿਆਖਿਆ ਕੀਤੀ ਹੋਵੇ ਤਾਂ ਵੱਖ ਵੱਖ ਪ੍ਰਣਾਲੀਆਂ ਦਾ ਪੈਦਾ ਹੋਣਾ ਕੁਦਰਤੀ ਹੈ। ਇਸ ਵੇਲੇ ਤਕ ਕੇਵਲ ਤਿੰਨ ਚਾਰ ਪ੍ਰਣਾਲੀਆਂ ਹੀ ਸਾਡੇ ਧਿਆਨ ਦਾ ਕੇਂਦਰ ਬਣ ਜਾਣ ਤਾਂ ੴ ਦੀ ਫ਼ਿਲਾਸਫ਼ੀ ਸਮਝਣੀ ਸੌਖੀ ਹੋ ਜਾਏਗੀ। ਇਹ ਮੁੱਖ ਪ੍ਰਣਾਲੀਆਂ ਹਨ :
(1) ੴ ਓਮ ਸ਼ਬਦ ਤੋਂ ਨਿਕਲਿਆ ਸ਼ਬਦ ਹੈ ਜਿਸ ਕਾਰਨ 'ਓਮ' ਦੀ ਫ਼ਿਲਾਸਫ਼ੀ ੴ ਦੀ
ਫ਼ਿਲਾਸਫ਼ੀ ਵੀ ਹੈ।
(2) ੴ ਨੂੰ 'ਇਕ ਔਂਕਾਰ' ਕਰ ਕੇ ਪੜ੍ਹਨਾ ਚਾਹੀਦਾ ਹੈ, ਤਾਂ ਹੀ ਇਸ ਦੇ ਸੰਪੂਰਨ ਅਰਥ
ਕੀਤੇ ਜਾ ਸਕਦੇ ਹਨ।
(3) ੴ ਦਾ ਅਰਥ 'ਏਕੋ' ਹੈ ਤੇ ਇਹੀ ਇਸ ਦਾ ਠੀਕ ਉਚਾਰਣ ਹੈ। ਕੇਵਲ ਇਸ ਉਚਾਰਣ
ਨਾਲ ਹੀ ਅਸੀ ਬਾਬੇ ਨਾਨਕ ਦੀ ਬਾਣੀ ਨੂੰ ਸਹੀ ਢੰਗ ਨਾਲ ਸਮਝ ਸਕਦੇ ਹਾਂ।
(4) ਖ਼ੁਦ ਬਾਬਾ ਨਾਨਕ ਨੇ ਬਾਣੀ ਵਿਚ ਇਸ ਨੂੰ 'ਏਕੋ' ਤੇ 'ਏਕਮ ਏਕੰਕਾਰ' ਲਿਖਿਆ ਹੈ
ਤੇ ਗੁਰਬਾਣੀ ਨੂੰ ਸਮਝਣ ਲਈ ੴ ਦੇ ਇਹੀ ਅਰਥ ਠੀਕ ਦਿਸ਼ਾ ਵਲ ਲਿਜਾ ਸਕਦੇ
ਹਨ।


ਅਸੀ ਪਹਿਲਾਂ 'ਓਮ' ਤੋਂ ਗੱਲ ਸ਼ੁਰੂ ਕਰਾਂਗੇ। ਸਿੱਖ ਵਿਦਵਾਨ ਇਸ ਪ੍ਰਣਾਲੀ ਵਾਲਿਆਂ ਦੀ ਗੱਲ ਸੁਣ ਕੇ ਦੁਖੀ ਹੁੰਦੇ ਹਨ ਤੇ ਕਈ ਵਾਰ ਜਵਾਬ ਦੇ ਚੁੱਕੇ ਹਨ ਪਰ ਚਰਚਾ ਬੰਦ ਨਹੀਂ ਹੋਈ। ਅਸੀ ਗੱਲ ਕਰਾਂਗੇ ਇਕ ਸਵਾਮੀ ਜੀ ਤੋਂ ਜੋ ਮੇਰੇ ਕੋਲ ਆਏ ਤੇ ਉੁਨ੍ਹਾਂ ਆਉਂਦਿਆਂ ਹੀ ਸਵਾਲ ਇਹ ਕੀਤਾ, ''ਕੀ ਤੁਸੀ ਵੀ ਉੁਨ੍ਹਾਂ 'ਚੋਂ ਹੋ ਜੋ ੴ ਨੂੰ 'ਓਮ' 'ਚੋਂ ਨਿਕਲਿਆ ਨਹੀਂ ਮੰਨਦੇ? ਜੇ ਅਜਿਹਾ ਹੈ ਤਾਂ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਕੀਤੇ ਬਗ਼ੈਰ ਹੀ ਚਲਾ ਜਾਵਾਂਗਾ।'' ਪਰ ਸਵਾਮੀ ਜੀ ਨਾਲ ਕਾਫ਼ੀ ਲੰਮੀ ਚੌੜੀ ਗੱਲਬਾਤ ਹੋਈ।

SHARE ARTICLE
Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement