
ਪਿਛਲੇ ਵਰ੍ਹੇ ਦੇ ਸ਼ੁਰੂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਕ ਨਵਾਂ ਫੁਰਨਾ ਫੁਰਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦੂਰੋਂ ਨੇੜਿਉਂ ਹਰ ਵਰਕਰ ਅਤੇ ਨੇਤਾ ਅਪਣੇ ਜੇਬ ਉਤੇ ਇਕ ਬਿੱਲਾ ਲਗਾਵੇ ਕਿ ਉਸ ਨੂੰ ਅਕਾਲੀ ਹੋਣ ਉਤੇ ਮਾਣ ਹੈ ਯਾਨੀ ਕਿ 'ਪਰਾਊਡ ਟੂ ਬੀ ਅਕਾਲੀ'। ਇਹ ਬਿੱਲਾ ਸ਼ਾਇਦ ਇਸ ਕਰ ਕੇ ਲਾਇਆ ਗਿਆ ਕਿ ਅਕਾਲੀਆਂ ਦੀ ਹਰ ਥਾਂ ਵਖਰੀ ਪਛਾਣ ਹੋਵੇ ਪਰ ਲਗਦੇ ਹੱਥ ਮਕਸਦ ਇਹ ਵੀ ਸੀ ਕਿ ਫ਼ਰਵਰੀ 2017 ਵਿਚ ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਸਨ, ਇਸ ਲਈ ਉੁਦੋਂ ਤਕ ਅਕਾਲੀ ਦਲ ਦਾ ਸੂਬੇ ਵਿਚ ਆਧਾਰ ਹੋਰ ਮਜ਼ਬੂਤ ਬਣ ਜਾਵੇ। ਇਹ ਇਸ ਲਈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਕੂਮਤ ਪਹਿਲਾਂ ਹੀ 2007 ਤੋਂ ਚਲ ਰਹੀ ਸੀ ਅਤੇ ਸੁਖਬੀਰ ਬਾਦਲ ਹੈਟ੍ਰਿਕ ਲਾਉਣ ਦੇ ਯਤਨਾਂ ਵਿਚ ਸੀ। ਇਸੇ ਲਈ ਉਸ ਨੇ ਚੋਣਾਂ ਦੇ ਨੇੜੇ ਤੇੜੇ ਆ ਕੇ ਖੁਲੇਆਮ ਕਈ ਐਲਾਨ ਕਰਨੇ ਵੀ ਸ਼ੁਰੂ ਕਰ ਦਿਤੇ ਸਨ।
ਸਵਾਲਾਂ ਦਾ ਸਵਾਲ ਇਹ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਬੜੀ ਪੁਰਾਣੀ ਸਿਆਸੀ ਜਥੇਬੰਦੀ ਹੈ। ਓਨੀ ਹੀ ਪੁਰਾਣੀ ਜਿੰਨੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ। ਇਨ੍ਹਾਂ ਦੋਹਾਂ ਦੀ ਸਥਾਪਨਾ ਦੇਸ਼ ਦੀ ਆਜ਼ਾਦੀ ਤੋਂ ਦੋ ਢਾਈ ਦਹਾਕੇ ਪਹਿਲਾਂ ਹੋਈ ਸੀ। ਦੱਸ ਦਈਏ ਕਿ ਇਹ ਦੋਵੇਂ ਸੰਸਥਾਵਾਂ ਗੁਰਦਵਾਰਾ ਸੁਧਾਰ ਲਹਿਰ ਵਿਚੋਂ ਹੀ ਨਿਕਲੀਆਂ। ਇਕ ਦਾ ਸੰਕਲਪ ਧਾਰਮਕ ਸੀ ਅਤੇ ਦੂਜੀ ਦਾ ਸਿਆਸੀ। ਜਦੋਂ ਤੋਂ ਅਕਾਲੀ ਦਲ ਹੋਂਦ ਵਿਚ ਆਇਆ ਹੈ, ਉਦੋਂ ਤੋਂ ਹੀ ਇਸ ਨੇ ਅਪਣੀ ਠੀਕ ਠਾਕ ਪਛਾਣ ਬਣਾਈ ਰੱਖੀ ਹੈ। ਹਾਲਾਂਕਿ ਵਿਚ ਜਿਹੇ ਇਕ ਸਮਾਂ ਆਇਆ ਜਦ ਜਿਹੜਾ ਵੀ ਵੱਡਾ ਲੀਡਰ ਅਕਾਲੀ ਲੀਡਰਸ਼ਿਪ ਤੋਂ ਕਿਸੇ ਗੱਲੋਂ ਨਾਰਾਜ਼ ਹੁੰਦਾ ਉਹ ਅਪਣਾ ਵਖਰਾ ਦਲ ਬਣਾ ਲੈਂਦਾ। ਇਕ ਵੇਲੇ ਤਾਂ ਇਨ੍ਹਾਂ ਅਕਾਲੀ ਦਲਾਂ ਦੀ ਗਿਣਤੀ ਦਰਜਨ ਨੂੰ ਵੀ ਟੱਪ ਗਈ ਸੀ। ਇਨ੍ਹਾਂ ਨੂੰ ਠੱਲ੍ਹ ਤਾਂ ਸੱਤਰਵਿਆਂ ਅੱਸੀਵਿਆਂ ਵਿਚ ਜਿਹੇ ਜਾ ਕੇ ਉਦੋਂ ਪਈ ਜਦੋਂ ਪਰਕਾਸ਼ ਸਿੰਘ ਬਾਦਲ ਇਸ ਦੇ ਪ੍ਰਧਾਨ ਬਣੇ। ਵੈਸੇ ਦੋ-ਚਾਰ ਅਕਾਲੀ ਦਲ ਤਾਂ ਹੁਣ ਵੀ ਹਨ ਪਰ ਉਹ ਨਾਂਮਾਤਰ ਹੀ ਹਨ। ਪੰਜਾਬ ਦੀ ਰਾਜਨੀਤੀ ਖ਼ਾਸ ਕਰ ਕੇ ਸਿੱਖ ਰਾਜਨੀਤੀ ਵਿਚ ਉਨ੍ਹਾਂ ਦੀ ਕੋਈ ਬਹੁਤ ਮਹੱਤਤਾ ਨਹੀਂ ਮੰਨੀ ਜਾਂਦੀ।
ਫਿਰ ਵੀ
ਸਵਾਲ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਪਣੇ ਵਰਕਰਾਂ ਅਤੇ ਨੇਤਾਵਾਂ ਦੀ ਜੇਬ ਉਤੇ ਇਹ
ਬਿੱਲਾ ਲਾਉਣ ਦਾ ਹੁਕਮ ਕਿਉਂ ਦੇਣਾ ਪਿਆ? ਕੀ ਇਹ ਮੰਨ ਲਿਆ ਜਾਵੇ ਕਿ ਪਿਛਲੇ ਕੁੱਝ
ਸਾਲਾਂ ਵਿਚ ਖ਼ਾਸ ਤੌਰ ਤੇ ਪਹਿਲਾਂ ਪਿਤਾ ਪਰਕਾਸ਼ ਸਿੰਘ ਬਾਦਲ ਅਤੇ ਫਿਰ ਪੁੱਤਰ ਸੁਖਬੀਰ
ਸਿੰਘ ਬਾਦਲ ਨੇ ਜਦੋਂ ਤੋਂ ਇਸ ਦੀ ਵਾਗਡੋਰ ਸੰਭਾਲੀ ਹੈ, ਇਸ ਦੇ ਸਿਧਾਂਤ ਅਤੇ ਇਸ ਦੇ
ਕੰਮਕਾਜ ਵਿਚ ਬਹੁਤ ਨਿਘਾਰ ਆ ਚੁੱਕਾ ਹੈ? ਜਾਂ ਕੀ ਪ੍ਰਧਾਨ ਨੂੰ ਇਹ ਮਹਿਸੂਸ ਹੋਇਆ ਕਿ
ਅਕਾਲੀ ਦਲ ਦੇ ਕਾਇਦੇ ਕਾਨੂੰਨ ਪਹਿਲਾਂ ਨਾਲੋਂ ਕਮਜ਼ੋਰ ਹੋਏ ਹਨ ਅਤੇ ਇਨ੍ਹਾਂ ਨੂੰ ਇਕ
ਵਾਰੀ ਫਿਰ ਠੀਕ ਕਰਨ ਦੀ ਜ਼ਰੂਰਤ ਹੈ? ਇਸ ਦਾ ਪਿਛੋਕੜ ਤਾਂ ਬਿਨਾਂ ਸ਼ੱਕ ਦੋਵੇਂ ਬਾਦਲ
ਪਿਉ-ਪੁੱਤਰ ਹੀ ਜਾਣਦੇ ਹੋਣਗੇ, ਹੋਰ ਕਿਸੇ ਨੂੰ ਤਾਂ ਇਸ ਦੀ ਭਿਣਕ ਵੀ ਨਹੀਂ ਹੋਣੀ। ਕਾਰਨ
ਇਹ ਕਿ ਪਹਿਲਾਂ ਜਿੰਨੀ ਦੇਰ ਤਕ ਪਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਰਹੇ ਉਨ੍ਹਾਂ ਦੀ ਅਤਿਅੰਤ ਗੁਪਤ ਅਤੇ ਚੁੱਪ-ਚੁਪੀਤੇ ਰਹਿਣ ਵਾਲੀ ਵਿਧੀ ਨਾਲ ਹਰ ਉਸ ਲੀਡਰ
ਨੂੰ ਬਾਹਰ ਦਾ ਰਸਤਾ ਵੇਖਣਾ ਪਿਆ ਜਿਸ ਨੇ ਮਾੜਾ ਜਿਹਾ ਵੀ ਚੂੰ-ਚਾਂ ਕਰਨ ਦੀ ਜੁਰਅਤ
ਕੀਤੀ।
ਫਿਰ ਵਾਰੀ ਆਈ ਸੁਖਬੀਰ ਸਿੰਘ ਬਾਦਲ ਦੀ। ਉਸ ਨੂੰ ਫ਼ਾਇਦਾ ਇਹ ਹੋਇਆ ਕਿ ਜਦੋਂ ਉਸ ਨੇ ਇਸ ਦੀ ਵਾਗਡੋਰ ਸੰਭਾਲੀ ਤਾਂ ਸ਼੍ਰੋਮਣੀ ਅਕਾਲੀ ਦਲ ਤਾਂ ਕੀ, ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਵਿਚ ਵੀ ਕੋਈ ਮਾਈ ਦਾ ਲਾਲ ਤਿੜ-ਫਿੜ ਕਰਨ ਵਾਲਾ ਨਾ ਰਿਹਾ। ਸੱਭ ਛੋਟੇ-ਵੱਡੇ ਲੀਡਰ ਅਤੇ ਧਾਰਮਕ ਆਗੂ ਵੀ ਹੱਥ ਬੰਨ੍ਹ ਕੇ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਫੁੱਲ ਚੜ੍ਹਾਉਂਦੇ। ਕਿਸੇ ਵਿਚ ਹਿੰਮਤ ਨਹੀਂ ਸੀ ਹੁੰਦੀ ਕਿ ਕੋਈ ਵਿਰੋਧ ਵਿਚ ਇਕ ਸ਼ਬਦ ਵੀ ਬੋਲ ਜਾਵੇ। ਪਰਕਾਸ਼ ਸਿੰਘ ਬਾਦਲ ਤਾਂ ਫਿਰ ਵੀ ਧਾਰਮਕ ਸ਼ਖ਼ਸੀਅਤਾਂ ਸਣੇ ਬਹੁਤਿਆਂ ਦਾ ਲਿਹਾਜ਼ ਕਰ ਜਾਂਦੇ ਸਨ ਪਰ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਹੀ ਵਖਰੀ ਸੀ ਜੋ ਕਿ ਨਤੀਜਾਪੱਖੀ ਪਹਿਲੂ ਸਾਹਮਣੇ ਰੱਖ ਕੇ ਘੜੀ ਜਾਂਦੀ ਸੀ। ਇਸ ਨਾਲ ਦਲ ਤੇ ਕਮੇਟੀ ਵਿਚ ਦੂਰੀਆਂ ਵਧਣੀਆਂ ਸੁਭਾਵਕ ਹੀ ਸਨ।
ਬੜੀ ਸਿੱਧੀ ਸਪੱਸ਼ਟ ਗੱਲ ਹੈ ਕਿ ਜਦੋਂ ਕਿਸੇ ਵੀ ਜਮਹੂਰੀ ਸੰਸਥਾ ਵਿਚ ਹੁਕਮਰਾਨ ਦਾ ਹੀ ਆਖ਼ਰੀ ਹੁਕਮ ਚਲਦਾ ਹੋਵੇ ਤਾਂ ਉਦੋਂ ਕੁੱਝ ਸਮੇਂ ਲਈ ਸਿੱਟੇ ਤਾਂ ਭਾਵੇਂ ਬਿਨਾਂ ਸ਼ੱਕ ਠੀਕ ਹੀ ਆਉਣ ਪਰ ਅੰਦਰੋਂ ਅੰਦਰ ਇਕ ਸੁਗਬੁਗਾਹਟ ਜ਼ਰੂਰ ਪਨਪਣ ਲਗਦੀ ਹੈ। ਕੁੱਝ ਇਸੇ ਤਰ੍ਹਾਂ ਦਾ ਹੀ ਸਮਝ ਲਉ ਕਿ ਅਕਾਲੀ ਦਲ ਅਤੇ ਇਸ ਨਾਲ ਜੁੜੀਆਂ ਹੋਰ ਸਿੱਖ ਸੰਸਥਾਵਾਂ ਵਿਚ ਪੈਦਾ ਹੋਣ ਲੱਗ ਪਿਆ ਬਲਕਿ ਆਖਿਆ ਜਾ ਸਕਦਾ ਹੈ ਕਿ ਇਹ ਅਕਾਲੀ ਦਲ ਵਿਚ ਬਹੁਤਾ ਨਹੀਂ ਸੀ ਪਰ ਸ਼੍ਰੋਮਣੀ ਕਮੇਟੀ ਅਤੇ ਤਖ਼ਤ ਸਾਹਿਬ ਵਰਗੀਆਂ ਸਿੱਖ ਸੰਸਥਾਵਾਂ ਵਿਚ ਵਧੇਰੇ ਸਿਰ ਚੁੱਕਣ ਲੱਗਾ ਸੀ।
ਇਸ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਅਕਾਲੀ ਦਲ ਦੇ ਹੁਣ ਤਕ ਜਿੰਨੇ ਵੀ ਪ੍ਰਧਾਨ ਹੋਏ ਹਨ, ਸਭਨਾਂ ਨੇ ਅਪਣੇ ਦਾਹੜ੍ਹਿਆਂ ਦਾ ਪ੍ਰਕਾਸ਼ ਕੀਤਾ ਹੈ। ਯਾਨੀ ਉਨ੍ਹਾਂ ਨੂੰ ਸਿੱਖ ਸਿਧਾਂਤਾਂ/ਕਰਾਰਾਂ ਮੁਤਾਬਕ ਇਹ ਕਰਨਾ ਪਿਆ ਹੈ। ਖ਼ੁਦ ਪਰਕਾਸ਼ ਸਿੰਘ ਬਾਦਲ ਪਹਿਲਾਂ ਦਾਹੜਾ ਬੰਨ੍ਹਦੇ ਸਨ ਪਰ ਅਕਾਲੀ ਦਲ ਵਲੋਂ ਲਾਏ ਜਾਂਦੇ ਮੋਰਚਿਆਂ ਸਮੇਂ ਉਨ੍ਹਾਂ ਨੇ ਵੀ ਖੋਲ੍ਹ ਲਿਆ ਸੀ। ਸੁਰਜੀਤ ਸਿੰਘ ਬਰਨਾਲਾ ਤਾਂ ਬਲਕਿ ਫ਼ੌਜੀ ਅਫ਼ਸਰਾਂ ਵਾਂਗ ਦਾਹੜਾ ਬੰਨ੍ਹਦੇ ਸਨ ਪਰ ਪਿਛੋਂ ਉਨ੍ਹਾਂ ਨੇ ਵੀ ਪ੍ਰਕਾਸ਼ ਕਰ ਲਿਆ। ਫਿਰ ਕੀ, ਸੁਖਦੇਵ ਸਿੰਘ ਢੀਂਡਸਾ ਤੇ ਕੀ ਕੈਪਟਨ ਕੰਵਲਜੀਤ ਸਿੰਘ ਵਰਗੇ ਲੀਡਰਾਂ ਨੇ ਵੀ ਹੌਲੀ ਹੌਲੀ ਦਾਹੜੇ ਪ੍ਰਕਾਸ਼ ਕਰ ਲਏ। ਸਵਾਲ ਜਿਥੋਂ ਤਕ ਸੁਖਬੀਰ ਸਿੰਘ ਬਾਦਲ ਦਾ ਹੈ, ਉਸ ਨੇ ਹੁਣ ਤਕ ਕਈ ਲੀਡਰਾਂ ਦੇ ਸੁਝਾਅ ਉਤੇ ਵੀ ਦਾਹੜੇ ਦਾ ਪ੍ਰਕਾਸ਼ ਨਹੀਂ ਕੀਤਾ। ਫਿਰ ਜਦੋਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਤੇ ਲੀਡਰਾਂ ਨੂੰ ਅਕਾਲੀ ਦਲ ਤੇ ਮਾਣ ਵਾਲੇ ਬਿੱਲੇ ਲਾਉਣ ਲਈ ਕਿਹਾ ਤਾਂ ਲਗਭਗ ਉਸੇ ਵਰ੍ਹੇ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜਨ ਵਾਲੀ ਬਦਕਿਸਮਤ ਘਟਨਾ ਵਾਪਰ ਗਈ। ਇਸ ਦੇ ਰੋਸ ਵਜੋਂ ਬਹਿਬਲ ਕਲਾਂ ਵਿਚ ਹੋਏ ਰੋਸ ਮੁਜ਼ਾਹਰੇ ਵਿਖੇ ਦੋ ਸਿੱਖ ਨੌਜੁਆਨਾਂ ਦੇ ਮਾਰੇ ਜਾਣ ਦਾ ਦੁਖਾਂਤ ਵਾਪਰ ਗਿਆ। ਇਨ੍ਹਾਂ ਦੋਹਾਂ ਘਟਨਾਵਾਂ ਤੋਂ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਵਿਚ ਖ਼ਾਮੋਸ਼ੀ ਫੈਲ ਗਈ, ਦੂਜੇ ਪਾਸੇ ਇਸ ਦੀ ਸਰਕਾਰ ਨੇ ਨਾ ਤਾਂ ਪੰਨੇ ਪਾੜਨ ਵਾਲੇ ਦੋਸ਼ੀ ਫੜੇ ਅਤੇ ਨਾ ਹੀ ਦੋ ਨੌਜੁਆਨਾਂ ਨੂੰ ਮਾਰਨ ਵਾਲਿਆਂ ਵਿਰੁਧ ਕੋਈ ਕਾਰਵਾਈ ਕੀਤੀ। ਲਗਦਾ ਸੀ ਜਿਵੇਂ ਦਲ ਦੇ ਪ੍ਰਧਾਨ ਅਤੇ ਸਰਪ੍ਰਸਤ ਸਣੇ ਸਾਰਾ ਅਕਾਲੀ ਦਲ ਹੀ ਭੈਭੀਤ ਹੋ ਗਿਆ ਸੀ ਜਿਸ ਨਾਲ ਉਸ ਨੂੰ ਬਹੁਸੰਮਤੀ ਅਵਾਮ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਜਦਕਿ ਇਕ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦੂਜੇ ਪਾਸੇ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਨਾਲ ਲੈ ਕੇ ਦੋ ਤਿੰਨ ਵਾਰ ਇਸੇ ਥਾਂ ਦਾ ਦੌਰਾ ਕਰ ਕੇ ਲੋਕਾਂ ਦੀ ਹਮਦਰਦੀ ਪ੍ਰਾਪਤ ਕਰ ਲਈ।
ਸ਼ਾਇਦ
ਇਸੇ ਦਾ ਹੀ ਸਿੱਟਾ ਹੈ ਕਿ ਅਕਾਲੀ ਦਲ ਤਾਂ ਚੋਣਾਂ ਵਿਚ ਮੂਧੇ ਮੂੰਹ ਜਾ ਪਿਆ ਅਤੇ ਕਾਂਗਰਸ
ਨੇ ਅਪਣੀ ਸਰਕਾਰ ਬਣਾ ਲਈ। ਮੌਕਾ-ਮੇਲ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਦਾ ਵੀ ਲਗਦਾ
ਦਿਸਦਾ ਸੀ ਪਰ ਉਹ ਅਪਣੀਆਂ ਕਈ ਗ਼ਲਤੀਆਂ ਕਰ ਕੇ ਹਾਰ ਗਈ। ਪੰਜਾਬੀ 'ਚ ਅਖਾਣ ਹੈ 'ਡਿੱਗੀ
ਖੋਤੇ ਤੋਂ ਗੁੱਸਾ ਘੁਮਿਆਰ ਤੇ'। ਬਰਗਾੜੀ ਵਾਲੀ ਘਟਨਾ ਵਿਚ ਹਰ ਪੜਾਅ ਉਤੇ ਕਮਜ਼ੋਰੀ ਤਾਂ
ਸ਼੍ਰੋਮਣੀ ਅਕਾਲੀ ਦਲ ਅਤੇ ਸਰਕਾਰ ਦੀ ਹੀ ਰਹੀ ਪਰ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ
ਅਵਤਾਰ ਸਿੰਘ ਮੱਕੜ ਨੂੰ ਗੱਦੀ ਛੱਡ ਕੇ ਇਸ ਦੀ ਕੁਰਬਾਨੀ ਦੇਣੀ ਪਈ ਅਤੇ ਉਨ੍ਹਾਂ ਉਤੇ ਇਹ
ਦੋਸ਼ ਲਗਿਆ ਕਿ ਉਹ ਪੰਜਾਬ ਵਿਚ ਧਾਰਮਕ ਮਾਹੌਲ ਬਰਕਰਾਰ ਨਹੀਂ ਰੱਖ ਸਕੇ। ਅਸਲ ਵਿਚ ਜਥੇਦਾਰ
ਮੱਕੜ ਚੋਣ ਤਾਂ ਪਰਕਾਸ਼ ਸਿੰਘ ਬਾਦਲ ਦੀ ਸਨ ਅਤੇ ਮੱਕੜ ਨੇ ਵੀ ਬਾਦਲ ਦੇ ਹਰ ਹੁਕਮ ਤੇ
ਫੁੱਲ ਚੜ੍ਹਾਏ ਸਨ।
ਇਕ ਗੱਲ ਹੋਰ ਵੀ ਸਪੱਸ਼ਟ ਕਰ ਦਈਏ ਕਿ ਜਿੰਨਾ ਚਿਰ ਜਥੇਦਾਰ ਗੁਰਚਰਨ ਸਿੰਘ ਟੋਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਓਨਾ ਚਿਰ ਕਮੇਟੀ ਨੇ ਧਾਰਮਕ ਸ਼ਖ਼ਸੀਅਤ ਵਾਲਾ ਅਪਣਾ ਅਕਸ ਬਣਾਈ ਰਖਿਆ ਅਤੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਮੇਂ-ਸਮੇਂ ਤੇ ਬਣੀਆਂ ਸਰਕਾਰਾਂ ਦਾ ਉਨ੍ਹਾਂ ਪ੍ਰਤੀ ਰਵਈਆ ਵੀ ਬੜੇ ਸਤਿਕਾਰ ਵਾਲਾ ਰਿਹਾ ਹੈ। ਜਥੇਦਾਰ ਟੌਹੜਾ ਪਿਛੋਂ ਤਾਂ ਵਧੇਰੇ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਹੀ ਰਹੇ ਹਨ ਕਿਉਂਕਿ ਕਮੇਟੀ ਪ੍ਰਧਾਨ ਦੀ ਜਾਨ ਅਕਾਲੀ ਦਲ ਪ੍ਰਧਾਨ ਦੀ ਮੁੱਠੀ ਵਿਚ ਹੁੰਦੀ ਹੈ। ਇਸੇ ਤਰ੍ਹਾਂ ਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ। ਪਰ ਸੁਖਬੀਰ ਸਿੰਘ ਬਾਦਲ ਦੀ ਸੋਚ ਕਿਉਂਕਿ ਅਪਣੇ ਪਿਤਾ ਨਾਲੋਂ ਵਖਰੀ ਹੈ ਇਸ ਲਈ ਉਸ ਨੇ ਇਧਰੋਂ ਜਥੇਦਾਰ ਮੱਕੜ ਨੂੰ ਹਟਾਇਆ ਅਤੇ ਉਧਰੋਂ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਇਸ ਅਹੁਦੇ ਉਤੇ ਬਿਠਾ ਦਿਤਾ।
ਇਸ
ਵਿਚ ਕੋਈ ਸ਼ੱਕ ਨਹੀਂ ਕਿ ਪ੍ਰੋ. ਬਡੂੰਗਰ ਇਕ ਸੁਲਝੇ ਹੋਏ, ਹੁਣ ਤਕ ਦੇ ਬਣ ਚੁੱਕੇ
ਪ੍ਰਧਾਨਾਂ ਵਿਚੋਂ ਵੱਧ ਪੜ੍ਹੇ ਲਿਖੇ ਅਤੇ ਬੁੱਧੀਜੀਵੀ ਵਰਗ ਨਾਲ ਸਬੰਧ ਰੱਖਣ ਵਾਲੀ
ਸਖ਼ਸ਼ੀਅਤ ਹਨ ਪਰ ਇਹ ਵੀ ਸਚਾਈ ਹੈ ਕਿ ਵੱਖ-ਵੱਖ ਸਮੇਂ ਅੰਦਰ ਬਾਦਲ ਦੀਆਂ ਬਣੀਆਂ ਸਰਕਾਰਾਂ
ਵਿਚ ਉਹ 'ਓ.ਐਸ.ਡੀ. ਟੂ ਸੀ.ਐਮ.' ਅਤੇ ਰਾਜ ਦੇ ਕਈ ਸੰਵਿਧਾਨਿਕ ਕਮਿਸ਼ਨਾਂ ਦੀਆਂ
ਅਹੁਦੇਦਾਰੀਆਂ ਲੈ ਕੇ ਲਾਭ ਉਠਾ ਚੁੱਕੇ ਹਨ। ਸ਼ਾਇਦ ਇਸੇ ਕਾਰਨ ਹੀ ਉਹ ਪਿਛਲੇ ਨੌਂ-ਦਸ
ਮਹੀਨਿਆਂ ਤੋਂ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਹਾਂ ਵਿਚ ਹਾਂ ਮਿਲਾਉਣ
ਦੀ ਪ੍ਰਵਿਰਤੀ ਤੋਂ ਮੁਕਤ ਨਹੀਂ ਹੋ ਰਹੇ। ਬਲਕਿ ਉਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਾ
ਪੋਪ ਹੋਣ ਦੇ ਨਾਤੇ ਅਕਸਰ ਸਿਆਸੀ ਬਿਆਨਬਾਜ਼ੀ ਵੀ ਕਰਨ ਲੱਗ ਜਾਂਦੇ ਹਨ। ਪਿਛੇ ਜਿਹੇ
ਉਨ੍ਹਾਂ ਨੇ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਡਾ. ਹਾਮਿਦ ਅਨਸਾਰੀ ਦੇ ਘੱਟ
ਗਿਣਤੀਆਂ ਵਿਚ ਡਰ ਬਾਰੇ ਦਿਤੇ ਗਏ ਬਿਆਨ ਦੀ ਜ਼ੋਰਦਾਰ ਪ੍ਰੋੜਤਾ ਕਰ ਦਿਤੀ ਜਿਸ ਤੋਂ
ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਬਡੂੰਗਰ ਪ੍ਰਤੀ
ਗੁੱਸੇ ਦਾ ਪ੍ਰਗਟਾਵਾ ਕਰ ਦਿਤਾ। ਹਾਲਾਂਕਿ ਉੱਚ ਕੋਟੀ ਦੀਆਂ ਧਾਰਮਕ ਸ਼ਖ਼ਸੀਅਤਾਂ ਮੁਤਾਬਕ
ਕਿਸੇ ਵੀ ਸਿਆਸੀ ਲੀਡਰ ਨੂੰ ਕਮੇਟੀ ਪ੍ਰਧਾਨ ਬਾਰੇ ਅਜਿਹਾ ਕਹਿਣਾ ਸ਼ੋਭਦਾ ਨਹੀਂ ਕਿਉਂਕਿ
ਇਸ ਤਰ੍ਹਾਂ ਹੋਣ ਨਾਲ ਕਮੇਟੀ ਪ੍ਰਧਾਨ ਦਾ ਅਹੁਦਾ ਕੱਖੋਂ ਹੌਲਾ ਅਤੇ ਪਾਣੀਉਂ ਪਤਲਾ ਕਰਨ
ਦਾ ਪ੍ਰਭਾਵ ਦਿੰਦਾ ਹੈ।
ਡਾ. ਅਨਸਾਰੀ ਵਾਲੇ ਬਿਆਨ ਦੀ ਪ੍ਰੋ. ਬਡੂੰਗਰ ਵਲੋਂ ਕੀਤੀ ਪ੍ਰੋੜ੍ਹਤਾ ਬਿਲਕੁਲ ਠੀਕ ਸੀ ਪਰ ਹੁਣ ਜਦੋਂ ਬੀਬੀ ਨਾਰਾਜ਼ ਹੈ ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਹੋਰ ਦੋ ਮਹੀਨਿਆਂ ਨੂੰ ਨਵੰਬਰ ਵਿਚ ਉਨ੍ਹਾਂ ਦੇ ਅਹੁਦੇ ਦੀ ਮਿਆਦ ਵਿਚ ਵਾਧਾ ਕੀਤਾ ਜਾਵੇਗਾ ਜਾਂ ਨਹੀਂ?
ਵੈਸੇ ਤਾਂ ਪ੍ਰੋ. ਬਡੂੰਗਰ ਨੂੰ ਅਕਾਲ ਤਖ਼ਤ ਜਥੇਦਾਰ
ਨੇ ਵੀ ਇਕ ਵਾਰੀ ਚੰਗੀ ਤਰ੍ਹਾਂ ਖ਼ਬਰਦਾਰ ਕਰ ਦਿਤਾ ਹੈ ਕਿ ਉਹ ਸਿਆਸੀ ਬਿਆਨਾਂ ਵਿਚ ਨਾ
ਉਲਝਣ। ਦੂਜੇ ਪਾਸੇ ਇਹ ਜਥੇਦਾਰ ਖ਼ੁਦ ਉਹੀ ਹਨ ਜਿਨ੍ਹਾਂ ਤੇ ਇਹ ਦੋਸ਼ ਲਗਦਾ ਰਿਹਾ ਹੈ ਕਿ
ਉਹ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਕੋਠੀ ਜਾ ਕੇ ਉਨ੍ਹਾਂ ਦੀ ਇੱਛਾ
ਮੁਤਾਬਕ ਨਾਜਾਇਜ਼ ਫ਼ੈਸਲਿਆਂ ਸਬੰਧੀ ਹਾਮੀ ਭਰਦੇ ਰਹੇ ਹਨ। ਉਪਰੋਕਤ ਦੇ ਇਸ ਸਾਰੇ ਮਿਸ਼ਰਣ
ਤੋਂ ਇਹੀ ਸਪੱਸ਼ਟ ਹੁੰਦਾ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਤਖ਼ਤ ਸਾਹਿਬਾਨ
ਦੇ ਜਥੇਦਾਰਾਂ ਦੀ ਪਦਵੀ ਪ੍ਰਤੀ ਅਜ਼ਾਦ ਵੁੱਕਤ ਹੋਣਾ ਲਾਜ਼ਮੀ ਹੈ। ਅੱਜ ਜੇ ਵੁੱਕਤ ਹੈ ਤਾਂ
ਸਿਰਫ਼ ਅਕਾਲੀ ਦਲ ਦੇ ਪ੍ਰਧਾਨ ਦੀ ਅਤੇ ਇਹ ਸ਼ਾਇਦ ਇਸ ਲਈ ਕਿ ਪਿਛਲੀ ਸਦੀ ਦੇ ਆਖ਼ਰ ਜਿਹੇ
ਤੋਂ ਲੈ ਕੇ ਜਿਸ ਵੀ ਬੰਦੇ ਦੇ ਹੱਥ ਵਿਚ ਪ੍ਰਧਾਨ ਦੀ ਤਾਕਤ ਰਹੀ ਹੈ, ਉਸ ਨੇ ਨਾ ਅਕਾਲੀ
ਦਲ ਅਤੇ ਸਿੱਖ ਸੰਸਥਾਵਾਂ ਨੂੰ ਪੰਥਕ ਰਾਜਨੀਤੀ ਅਤੇ ਸਿੱਖ ਸਿਧਾਂਤਾਂ ਦੇ ਪ੍ਰਚਾਰ
ਪ੍ਰਸਾਰ ਦੀ ਬਿਹਤਰੀ ਲਈ ਵਰਤਿਆ ਸਗੋਂ ਅਪਣੇ ਨਿਜੀ ਹਿਤਾਂ ਲਈ ਹੀ ਵਰਤਿਆ ਹੈ। ਅੱਜ ਇਸੇ
ਦਾ ਸਿੱਟਾ ਸੱਭ ਦੇ ਸਾਹਮਣੇ ਸਪੱਸ਼ਟ ਹੈ।
ਸੰਪਰਕ : 82888-49293