
ਪਿਛਲੇ ਦਿਨੀਂ ਮੇਰਾ ਵਿਆਹ ਹੋਇਆ। ਵਿਆਹ ਮਗਰੋਂ ਕਈ
ਨਵੀਆਂ ਰਿਸ਼ਤੇਦਾਰੀਆਂ ਬਣ ਜਾਂਦੀਆਂ ਹਨ। ਨਵੇਂ ਰਿਸ਼ਤੇਦਾਰ ਚੱਲ ਰਹੀ ਰੀਤ ਮੁਤਾਬਕ
ਮੇਲ-ਮਿਲਾਪ ਲਈ ਚਾਹ ਤੇ ਬੁਲਾਉਂਦੇ ਹਨ। ਇਸੇ ਸੱਦੇ ਅਨੁਸਾਰ ਅਸੀ ਦੋਵੇਂ ਜਣੇ ਰਾਜਪੁਰੇ
ਦੇ ਪਿੰਡ 'ਪਿਲਖਨੀ' ਗਏ। ਉਥੇ ਮੇਰੀ ਘਰਵਾਲੀ ਦਾ ਮਾਸੀ ਪ੍ਰਵਾਰ ਰਹਿੰਦਾ ਸੀ। ਜਦੋਂ ਅਸੀ
ਰਾਜਪੁਰੇ ਜਾ ਕੇ ਉਤਰੇ ਤਾਂ ਉਥੋਂ ਸਾਨੂੰ ਮਾਸੀ ਅਤੇ ਮਾਸੜ ਦੋਵੇਂ ਲੈਣ ਆਏ। ਘਰਵਾਲੀ ਦੇ
ਦੱਸਣ ਮੁਤਾਬਕ ਮਾਸੀ ਅਤੇ ਮਾਸੜ ਦਾ ਸੁਭਾਅ ਬਹੁਤ ਹੀ ਚੰਗਾ ਸੀ। ਅਸੀ ਗੱਲਾਂ ਮਾਰਦੇ ਕਦੋਂ
ਘਰ ਪਹੁੰਚ ਗਏ ਕੁੱਝ ਪਤਾ ਹੀ ਨਾ ਲੱਗਾ। ਮੈਂ ਅੰਦਰੋਂ ਅੰਦਰੀ ਉਸ ਓਪਰੀ ਜਿਹੀ ਥਾਂ ਨੂੰ
ਵੇਖ ਕੇ ਸੋਚ ਰਿਹਾ ਸੀ ਕਿ ਮੇਰਾ ਇੱਥੇ ਦਿਲ ਨਹੀਂ ਲਗਣਾ ਕਿਉਂਕਿ ਮੈਂ ਘਰੋਂ ਬਹੁਤ ਹੀ
ਘੱਟ ਬਾਹਰ ਜਾਂਦਾ ਹਾਂ। ਜੇ ਜਾਂਦਾ ਵੀ ਹਾਂ ਤਾਂ ਉਸ ਦਿਨ ਹੀ ਵਾਪਸ ਆ ਜਾਂਦਾ ਹਾਂ। ਮੈਂ
ਕਿਸੇ ਮਜਬੂਰੀ ਕਾਰਨ ਹੀ ਸ਼ਾਇਦ ਕਿਤੇ ਰਾਤ ਕੱਟੀ ਹੋਵੇ। ਅਸੀ ਘਰ ਪਹੁੰਚੇ ਤਾਂ ਇਹ ਵੇਖ ਕੇ
ਦਿਲ ਬੜਾ ਖ਼ੁਸ਼ ਹੋਇਆ ਕਿ ਉਨ੍ਹਾਂ ਦਾ ਘਰ ਗੁਰਦਵਾਰਾ ਸਾਹਿਬ ਦੇ ਬਹੁਤ ਹੀ ਨੇੜੇ ਸੀ
ਕਿਉਂਕਿ ਉਸ ਪ੍ਰਮਾਤਮਾ ਦੀ ਕ੍ਰਿਪਾ ਨਾਲ ਮੈਨੂੰ ਹਰ ਰੋਜ਼ ਗੁਰਦਵਾਰਾ ਸਾਹਿਬ ਜਾਣ ਦੀ ਆਦਤ
ਹੈ।
ਅਸੀ ਗੱਲਾਂ ਕਰਦੇ ਕਰਦੇ ਚਾਹ-ਪਾਣੀ ਪੀਤਾ। ਮੇਰੀ ਘਰਵਾਲੀ ਮੇਰਾ ਮੂੰਹ ਵੇਖ ਕੇ
ਸਮਝ ਗਈ ਕਿ ਮੇਰਾ ਦਿਲ ਉਦਾਸ ਜਿਹਾ ਮਹਿਸੂਸ ਕਰ ਰਿਹਾ ਹੈ। ਉਸ ਉਦਾਸੀ ਦਾ ਕਾਰਨ ਵੀ ਉਸ
ਨੂੰ ਪਤਾ ਹੀ ਸੀ ਕਿ ਮੇਰਾ ਇੱਥੇ ਦਿਲ ਨਹੀਂ ਲੱਗ ਰਿਹਾ। ਉਸ ਨੇ ਮੇਰਾ ਬਹੁਤ ਸਾਥ ਦਿਤਾ।
ਵਾਰ ਵਾਰ ਮੇਰੇ ਨਾਲ ਗੱਲਾਂ ਕਰਦੀ। ਕਦੇ ਕੋਈ ਗੱਲ ਕਦੇ ਕੋਈ ਗੱਲ। 'ਹੁਣ ਠੀਕ ਲੱਗ ਰਿਹੈ'
ਇਹ ਪੁਛਣਾ ਤਾਂ ਉਸ ਦੀ ਆਦਤ ਹੀ ਬਣ ਗਈ ਸੀ। ਉਹ ਮੈਨੂੰ ਥੋੜੀ ਦੇਰ ਬਾਅਦ ਇਹ ਗੱਲ ਪੁਛਦੀ
ਭਾਵੇਂ ਮੇਰੇ ਹਾਂ ਵਿਚ ਸਿਰ ਹਿਲਾਉਣ ਤੇ ਵੀ ਉਸ ਨੂੰ ਤਸੱਲੀ ਨਾ ਹੁੰਦੀ। ਸ਼ਾਮ ਹੋਣ ਤੇ
ਅਸੀ ਗੁਰਦਵਾਰਾ ਸਾਹਿਬ ਵਿਚ ਮੱਥਾ ਟੇਕਣ ਦੀ ਇੱਛਾ ਪ੍ਰਗਟਾਈ। ਸਾਨੂੰ ਇਹ ਜਾਣ ਕੇ ਵੀ
ਬਹੁਤ ਖ਼ੁਸ਼ੀ ਹੋਈ ਕਿ ਉਨ੍ਹਾਂ ਦਾ ਸਾਰਾ ਪ੍ਰਵਾਰ ਗੁਰਦਵਾਰਾ ਸਾਹਿਬ ਨਾਲ ਜੁੜਿਆ ਹੋਇਆ ਹੈ
ਅਤੇ ਉੁਹ ਵੀ ਨਿੱਤ ਹੀ ਗੁਰੂਘਰ ਮੱਥਾ ਟੇਕਣ ਜਾਂਦੇ ਹਨ। ਅਸੀ ਸਾਰੇ ਮੱਥਾ ਟੇਕਣ ਲਈ ਘਰੋਂ
ਚੱਲ ਪਏ। ਜਾਂਦੇ ਹੋਏ ਮੈਨੂੰ ਮਾਸੀ ਜੀ ਦੀ ਬੇਟੀ ਨੇ ਦਸਿਆ 'ਜੀਜਾ ਜੀ, ਸਾਡੇ ਪਿੰਡ ਦਾ
ਗੁਰੂਘਰ ਬਹੁਤ ਹੀ ਵਧੀਆ ਹੈ। ਇੱਥੇ ਬਾਬਾ ਜੀ ਛੋਟੇ-ਛੋਟੇ ਬੱਚਿਆਂ ਨੂੰ ਬਾਣੀ ਨਾਲ ਜੋੜਦੇ
ਹਨ। ਸਾਡੇ ਪਿੰਡ ਵਿਚ ਛੋਟੇ-ਛੋਟੇ ਬੱਚੇ ਪੱਗਾਂ ਬੰਨ੍ਹਦੇ ਹਨ ਅਤੇ ਬਾਣੀ ਦਾ ਪਾਠ ਕਰਦੇ
ਹਨ। ਬਾਬਾ ਜੀ ਵਲੋਂ ਨਿੱਤ ਬਾਣੀ ਦੀਆਂ ਤੁਕਾਂ ਪੜ੍ਹ-ਪੜ੍ਹ ਕੇ ਬੱਚਿਆਂ ਨੂੰ ਬਾਣੀ ਨਾਲ
ਜੋੜਿਆ ਜਾਂਦਾ ਹੈ।' ਮੈਨੂੰ ਇਹ ਸੁਣ ਕੇ ਬਹੁਤ ਖ਼ੁਸ਼ੀ ਹੋਈ। ਅਸੀ ਗੁਰੂਘਰ ਪਹੁੰਚੇ ਤੇ
ਮੱਥਾ ਟੇਕਿਆ। ਮੈਂ ਵੇਖਿਆ ਛੋਟੇ-ਛੋਟੇ ਬੱਚੇ ਪੱਗਾਂ ਬੰਨ੍ਹੀ ਇਕਚਿਤ ਹੋ ਕੇ ਪਾਠ ਸੁਣ
ਰਹੇ ਸਨ। ਥੋੜ੍ਹੀ ਵੱਡੀ ਉਮਰ ਦੇ ਮੁੰਡੇ ਸਫ਼ਾਈ ਦੀ ਸੇਵਾ ਨਿਭਾ ਰਹੇ ਸਨ। ਮੇਰਾ ਮਨ ਇਹ
ਸੱਭ ਵੇਖ ਕੇ ਬਹੁਤ ਖ਼ੁਸ਼ ਹੋਇਆ। ਮੇਰੇ ਦਿਲ ਵਿਚ ਨੇਕ ਵਿਚਾਰਾਂ ਵਾਲੇ ਇਸ ਗੁਰੂਘਰ ਦੇ
ਬਾਬਾ ਜੀ ਨੂੰ ਮਿਲਣ ਦੀ ਇੱਛਾ ਸੀ ਪਰ ਉਹ ਪਾਠ ਕਰ ਰਹੇ ਸਨ।
ਆਉਂਦੇ ਹੋਏ ਮਾਸੀ ਜੀ ਦੀ ਬੇਟੀ ਨੇ ਦਸਿਆ ਕਿ ਗੁਰੂ ਘਰ ਵਲੋਂ ਨਿੱਤ ਗੁਰਮਤਿ ਦੀਆਂ ਜਮਾਤਾਂ ਲਾਈਆਂ ਜਾਂਦੀਆਂ ਹਨ ਜਿਸ ਵਿਚ ਗੁਰੂਆਂ ਬਾਰੇ ਅਤੇ ਸਿੱਖੀ ਬਾਰੇ ਭਰਪੂਰ ਜਾਣਕਾਰੀ ਦਿਤੀ ਜਾਂਦੀ ਹੈ। ਐਨਾ ਹੀ ਨਹੀਂ ਇਸ ਦਾ ਪੇਪਰ ਵੀ ਲਿਆ ਜਾਂਦਾ ਹੈ। ਫਸਟ, ਸੈਕਿੰਡ, ਥਰਡ ਆਉਣ ਵਾਲੇ ਬੱਚਿਆਂ ਨੂੰ ਭਾਰੀ ਰਾਸ਼ੀ ਗੁਰਦਵਾਰੇ ਵਲੋਂ ਇਨਾਮ ਵਿਚ ਦਿਤੀ ਜਾਂਦੀ ਹੈ ਅਤੇ ਜੋ ਬੱਚੇ ਇਹ ਪੇਪਰ ਦਿੰਦੇ ਹਨ, ਹਰ ਬੱਚੇ ਨੂੰ ਘੱਟੋ-ਘੱਟ ਪੰਜ ਸੌ ਇਨਾਮ ਰਾਸ਼ੀ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ।
ਇਹ
ਸੱਭ ਸੁਣ ਕੇ ਮੇਰਾ ਮਨ ਬੜਾ ਖ਼ੁਸ਼ ਹੋਇਆ ਕਿ ਚਲੋ ਘੱਟੋ-ਘੱਟ ਇਕ ਪਿੰਡ ਤਾਂ ਮੈਂ ਅਪਣੇ
ਅੱਖੀਂ ਵੇਖਿਆ ਜਿਥੋਂ ਦੀ ਆਉਣ ਵਾਲੀ ਪੀੜ੍ਹੀ ਨਸ਼ੇ ਅਤੇ ਹੋਰ ਬੁਰੀਆਂ ਅਲਾਮਤਾਂ ਤੋਂ ਦੂਰ
ਰਹੇਗੀ। ਮੈਂ ਸੋਚ ਰਿਹਾ ਸੀ ਕਿ ਪੰਥ ਦੀ ਰਾਖੀ ਦੇ ਨਾਹਰੇ ਮਾਰਨ ਵਾਲੀਆਂ ਸੰਸਥਾਵਾਂ ਨੂੰ
ਅਜਿਹੇ ਗੁਰਦਵਾਰਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਅਜਿਹੇ ਸੱਚੇ
ਸਿੱਖ ਜੋ ਗੁਰਦਵਾਰੇ ਜ਼ਰੀਏ ਸਮਾਜ ਨੂੰ ਸੇਧ ਦੇਣ, ਉਨ੍ਹਾਂ ਨੂੰ ਮਾਣ ਸਤਿਕਾਰ ਦੇ ਕੇ
ਸਨਮਾਨਤ ਕਰਨਾ ਚਾਹੀਦਾ ਹੈ। ਵੱਧ ਤੋਂ ਵੱਧ ਗੁਰਦਵਾਰਿਆਂ ਵਿਚ ਅਜਿਹੇ ਸਿੱਖਾਂ ਨੂੰ ਸੇਵਾ
ਕਰਨ ਦਾ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਸਿੱਖੀ ਜ਼ਰੀਏ ਅਸੀ ਆਉਣ ਵਾਲੀਆਂ ਨਸਲਾਂ ਨੂੰ
ਬੁਰਾਈਆਂ ਅਤੇ ਨਸ਼ਿਆਂ ਤੋਂ ਬਚਾ ਸਕੀਏ।
ਸੰਪਰਕ : 97816-77772