
ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ ਨੇ ਗੁਰਬਾਣੀ ਦਾ ਮਨੋਰਥ ਕੀਰਤਨ ਕੀਤਾ
ਅੰਮ੍ਰਿਤਸਰ : ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਦੀ ਅਗਵਾਈ ਵਿਚ ਅਤੇ ਦਸਮ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ਿਸ਼ ਨਿਸ਼ਾਨ ਸਾਹਿਬ ਤੇ ਨਿਗਾਰਿਆਂ ਦੀ ਛਤਰ ਛਾਇਆ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮੱਲ ਅਖਾੜਾ, ਬੁਰਜ ਬਾਬਾ ਫੂਲਾ ਸਿੰਘ ਅਕਾਲੀ ਤੋਂ ਮਹੱਲਾ ਦੀ ਆਰੰਭਤਾ ਹੋਈ।
Hola Mohalla at Amritsar
ਇਸ ਤੋਂ ਪਹਿਲਾਂ ਗੁਰਦੁਆਰਾ ਮੱਲ ਅਖਾੜਾ ਵਿਖੇ ਅਖੰਡ ਪਾਠਾਂ ਭੋਗ ਨਿਹੰਗ ਸਿੰਘਾਂ ਦੀ ਚਲੀ ਆਉਂਦੀ ਮਰਿਆਦਾ ਅਨੁਸਾਰ ਪਾਏ ਗਏ। ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ ਨੇ ਗੁਰਬਾਣੀ ਦਾ ਮਨੋਰਥ ਕੀਰਤਨ ਕੀਤਾ। ਘੋੜਿਆਂ ਦੇ ਜਥੇਦਾਰ ਬਾਬਾ ਇੰਦਰ ਸਿੰਘ ਨੇ ਬੁੱਢਾ ਦਲ ਦੇ ਇਤਿਹਾਸ ਸਬੰਧੀ ਜਾਣੂ ਕਰਵਾਇਆ। ਇਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ, ਗਿਆਨੀ ਰਘੁਬੀਰ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਮੂਹ ਸੰਗਤਾਂ ਨੂੰ ਬੰਦੀ ਛੋੜ ਦੀ ਦਿਵਸ ਦੀ ਵਧਾਈ ਦਿੰਦਿਆਂ ਬੁੱਢਾ ਦਲ ਦੇ ਸ਼ਾਨਾਮਤੇ ਇਤਿਹਾਸ ਨਾਲ ਵੀ ਸਾਂਝ ਪਾਈ। ਬਾਬਾ ਬਲਬੀਰ ਸਿੰਘ ਨੇ ਸਾਰੀਆਂ ਆਈਆਂ ਸੰਗਤਾਂ ਦਾ ਧਨਵਾਦ ਕੀਤਾ ਅਤੇ ਵੱਖ-ਵੱਖ ਤਖ਼ਤਾਂ ਤੋਂ ਆਏ ਸਿੰਘ ਸਾਹਿਬਾਨ ਅਤੇ ਵੱਖ ਵੱਖ ਨਿਹੰਗ ਸਿੰਘ ਦਲਾਂ ਦੇ ਮੁਖੀ ਸਾਹਿਬਾਨ ਨੂੰ ਸਨਮਾਨਤ ਕੀਤਾ। ਇਸ ਸਮੇਂ ਬਾਬਾ ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਬੰਦੀ ਛੋੜ ਦੀ ਵਧਾਈ ਦਿਤੀ।
Baba Balbir Singh
ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ ਪੂਰਨ ਅਤੇ ਸ਼ਾਨਾਮਤਾ ਹੈ। ਮਹੱਲੇ ਵਿਚ ਨਿਹੰਗ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿਚ ਨਿਹੰਗ ਸਿੰਘਾਂ ਨੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਸ਼ਮੂਲੀਅਤ ਕੀਤੀ। ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਨਿਹੰਗ ਸਿੰਘ ਦਾ ਇਕ ਵਿਸ਼ਾਲ ਕਾਫ਼ਲਾ ਹਾਥੀਆਂ, ਊਠਾਂ, ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਸ਼ੇਰਾਂਵਾਲਾ ਗੇਟ, ਮਹਾਂਸਿੰਘ ਗੇਟ, ਚੌਂਕ ਰਾਮਬਾਗ਼, ਹਾਲ ਗੇਟ, ਕਿਲ੍ਹਾ ਗੋਬਿੰਦਗੜ੍ਹ ਰਾਹੀਂ ਰੇਲਵੇ ਗਰਾਊਂਡ ਵਿਖੇ ਵਾਜਿਆਂ ਗਾਜਿਆਂ ਸਮੇਤ ਪੁੱਜਾ।
Hola Mohalla at Amritsar
ਇਸ ਸਮੇਂ ਬਾਬਾ ਬਲਬੀਰ ਸਿੰਘ ਤੋਂ ਇਲਾਵਾ ਜਥੇਦਾਰ ਬਾਬਾ ਗੱਜਣ ਸਿੰਘ ਸ਼ਹੀਦ ਮਿਸ਼ਲ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਜਥੇਦਾਰ ਦਲ ਪੰਥ ਬਿਧੀ ਚੰਦ ਸੁਰਸਿੰਘ, ਬਾਬਾ ਜਥੇਦਾਰ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਨੌਰੰਗ ਸਿੰਘ, ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਗੁਰਪਿੰਦਰ ਸਿੰਘ ਵਡਾਲਾ ਸਤਲਾਣੀ ਸਾਹਿਬ ਵਾਲੇ, ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਮਾਨ ਸਿੰਘ ਮੜੀਆਂ ਵਾਲਾ ਬਟਾਲਾ, ਬਾਬਾ ਵੱਸਣ ਸਿੰਘ ਮੜੀਆਂ ਦਲ ਬਟਾਲੇ ਵਾਲੇ, ਬਾਬਾ ਗੁਰਪ੍ਰੀਤ ਸਿੰਘ ਹਰੀਆਂ ਵੇਲਾਂ, ਬਾਬਾ ਹੀਰਾ ਸਿੰਘ ਝੂਲਣੇ ਮਹਿਲ, ਬਾਬਾ ਤਾਰਾ ਸਿੰਘ ਝਾੜ ਸਾਹਿਬ ਮਾਛੀਵਾੜਾ, ਬਾਬਾ ਤਰਲੋਕ ਸਿੰਘ ਖਿਆਲਾ ਆਦਿ ਹਾਜ਼ਰ ਸਨ।