
ਸਕੂਲੀ ਬੱਚਿਆਂ ਤੋਂ ਸਾਹਿਬਜ਼ਾਦਿਆਂ ਦੇ ਸਵਾਂਗ ਕਰਵਾਉਣੇ ਸਿੱਖੀ ਦੀ ਰੂਹਾਨੀਅਤ ’ਤੇ ਹਮਲਾ
Panthak News : ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਡੁੱਲੇ ਖ਼ੂਨ ਵਿਚੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਮੌਕੇ ਇਨਸਾਫ਼ ਆਧਾਰਤ ਖ਼ਾਲਸਾ ਰਾਜ ਸਥਾਪਤ ਹੋਇਆ ਜਿਸ ’ਚ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ’ਤੇ ਸਿੱਕਾ ਜਾਰੀ ਹੋਇਆ ਅਤੇ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ।
ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ‘ਦਰਬਾਰ ਏ ਖ਼ਾਲਸਾ’ ਨੇ ਨੇੜਲੇ ਪਿੰਡ ਢੀਮਾਂਵਾਲੀ ਵਿਖੇ ਚਮਕੌਰ ਦੇ ਮੈਦਾਨ ਜੰਗ ਅਤੇ ਸਾਕਾ ਸਰਹਿੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੋਏ ਗੁਰਮਤਿ ਸਮਾਗਮ ਦੌਰਾਨ ਇਹ ਵਿਚਾਰ ਪ੍ਰਗਟਾਉਂਦਿਆਂ ਕਿਹਾ ਹੈ ਕਿ ਸਿੱਖੀ ਸਿਧਾਂਤ ਅਨੁਸਾਰ ਗੁਰੂ ਸਾਹਿਬਾਨ ਜਾਂ ਗੁਰ-ਪ੍ਰਵਾਰਾਂ ਦੇ ਸਵਾਂਗ ਨਹੀਂ ਉਤਾਰੇ ਜਾ ਸਕਦੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਹਿਬਜ਼ਾਦਿਆਂ ਦੀ ਯਾਦ ਵਿਚ ਮਾਤਮੀ ਬਿਗਲ ਵਜਾਉਣ ਦਾ ਲਿਆ ਗ਼ਲਤ ਫ਼ੈਸਲਾ ਤਾਂ ਸੰਗਤ ਦੇ ਵਿਰੋਧ ਕਾਰਨ ਵਾਪਸ ਲਿਆ ਗਿਆ ਹੈ ਪਰ ਕੇਂਦਰ ਸਰਕਾਰ ਨੇ ਸਿੱਖ ਪ੍ਰੰਪਰਾਵਾਂ ਅਨੁਸਾਰ ਸਾਹਿਬਜ਼ਾਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾ ਕੇ ਸਿੱਖੀ ਸਿਧਾਂਤ ਅਤੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਕੁੱਝ ਸਕੂਲਾਂ ’ਚ ਸਕੂਲੀ ਬੱਚਿਆਂ ਤੋਂ ਸਾਹਿਬਜ਼ਾਦਿਆਂ ਦੇ ਸਵਾਂਗ ਕਰਵਾਏ ਗਏ ਹਨ ਜੋ ਕਿ ਸਿੱਖੀ ਦੀ ਰੂਹਾਨੀਅਤ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਕੂਲਾਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਸਿੱਖ ਜਵਾਨੀ ਨੂੰ ਵਿਸ਼ੇਸ਼ ਤੌਰ ’ਤੇ ਬੇਨਤੀ ਕਰਦਿਆਂ ਭਾਈ ਮਾਝੀ ਨੇ ਕਿਹਾ ਕਿ ਕਲਗੀਧਰ ਪਿਤਾ ਜੀ ਨੇ ਸਰਬੰਸ ਕੁਰਬਾਨ ਕਰ ਕੇ ਸਾਨੂੰ ਅਪਣੀ ਇਲਾਹੀ ਗੋਦ ਬਖ਼ਸ਼ੀ ਹੈ। ਆਉ ਗੁਰੂ ਪਿਤਾ ਜੀ ਵਲੋਂ ਬਖ਼ਸ਼ੇ ਪਿਆਰ ਅਤੇ ਸਤਿਕਾਰ ਦਾ ਅਹਿਸਾਸ ਕਰਦਿਆਂ ਅਪਣੇ ਕੇਸ ਸੰਭਾਲ ਕੇ ਸਿਰ ’ਤੇ ਦਸਤਾਰਾਂ ਅਤੇ ਚੁੰਨੀਆਂ ਸਜਾ ਕੇ ਖੰਡੇ ਕੀ ਪਾਹੁਲ ਛਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਤੇ ਅਨੰਦਪੁਰ ਦੇ ਵਾਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ/ਧੀਆਂ ਬਣ ਕੇ ਅਪਣੇ ਜੀਵਨ ਨੂੰ ਅਨੰਦਮਈ ਬਣਾਈਏ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।