
ਹਾਥੀ, ਘੋੜੇ, ਊਠ ਨਿਹੰਗ ਸਿੰਘਾਂ ਦੇ ਕਾਫ਼ਲੇ ਵਿਚ ਹੋਏ ਸ਼ਾਮਲ, ਫ਼ੌਜੀ ਬੈਂਡ ਵਾਜਿਆਂ, ਢੋਲ ਨਗਾਰਿਆਂ ਨੇ ਲੋਕਾਂ ਦਾ ਧਿਆਨ ਖਿੱਚਿਆ
Panthak News:: ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਮ ਪਾਤਸ਼ਾਹ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਛਤਰ ਛਾਇਆ ਹੇਠ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿਚ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਸਾਂਈ ਬਾਬਾ ਗਾਜ਼ੀ ਜ਼ਿੰਦਾ ਪੀਰ ਵਿਖੇ ਮਹੱਲੇ ਦੀ ਆਰੰਭਤਾ ਹੋਈ। ਇਸ ਤੋਂ ਪਹਿਲਾਂ ਛਾਉਣੀ ਬੁੱਢਾ ਦਲ ਸਾਂਈ ਬਾਬਾ ਗਾਜ਼ੀ ਜ਼ਿੰਦਾ ਪੀਰ ਵਿਖੇ ਅਖੰਡ ਪਾਠਾਂ ਦੇ ਭੋਗ ਨਿਹੰਗ ਸਿੰਘਾਂ ਦੀ ਚਲੀ ਆਉਂਦੀ ਮਰਿਆਦਾ ਅਨੁਸਾਰ ਪਾਏ ਗਏ। ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ ਨੇ ਗੁਰਬਾਣੀ ਦਾ ਮਨੋਰਥ ਕੀਰਤਨ ਕੀਤਾ। ਭਾਈ ਸੁਖਜੀਤ ਸਿੰਘ ਕਨੱਈਆ ਨੇ ਕਥਾ ਵਖਿਆਨ ਰਾਹੀ ਹਾਜ਼ਰੀ ਲਵਾਈ।
ਜਥੇਦਾਰ ਬਾਬਾ ਬਲਬੀਰ ਸਿੰਘ ਨੇ ਮਹੱਲੇ ਦੀ ਅਰੰਭਤਾ ਸਬੰਧੀ ਅਰਦਾਸ ਕੀਤੀ ਤੇ ਸਾਰੀਆਂ ਆਈਆਂ ਸੰਗਤਾਂ ਦਾ ਧਨਵਾਦ ਕੀਤਾ ਅਤੇ ਵੱਖ-ਵੱਖ ਨਿਹੰਗ ਸਿੰਘ ਦਲਾਂ ਦੇ ਮੁਖੀ ਸਾਹਿਬਾਨ ਨੂੰ ਸਨਮਾਨਤ ਕੀਤਾ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਗਤ-ਜਲੰਦੇ ਨੂੰ ਤਾਰਨ ਲਈ ਸੰਸਾਰ ’ਤੇ ਪ੍ਰਕਾਸ਼ਮਾਨ ਹੋਣਾ ਸਮੁੱਚੀ ਮਨੁੱਖਤਾ ਲਈ ਧਾਰਮਕ, ਰਾਜਨੀਤਕ, ਆਰਥਕ ਅਤੇ ਸਮਾਜਕ ਖੇਤਰ ਵਿਚ ਵਡਮੁੱਲੀ ਅਗਵਾਈ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਜੇਲਾਂ ਅੰਦਰ ਸਜ਼ਾ ਪੂਰੀ ਕਰ ਚੁਕੇ ਬੰਦੀ ਸਿੰਘਾਂ ਨੂੰ ਸਰਕਾਰਾ ਵਲੋਂ ਰਿਹਾਅ ਨਾ ਕਰਨਾ ਬੇਇਨਸਾਫ਼ੀ ਹੈ। ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਦਲਾਂ ਵਲੋਂ ਰਲ ਕੇ ਮਹੱਲਾ ਕਢਿਆ ਜਾ ਰਿਹਾ ਹੈ। ਬੁੱਢਾ ਦਲ ਗੁਰੂ ਮਹਾਰਾਜ ਦੀਆਂ ਅਪਾਰ ਬਖਸ਼ਿਸ਼ਾਂ ਰਹੀਆਂ ਹਨ ਤਰਨਾ ਦਲ ਬੁੱਢਾ ਦਲ ਤੋਂ ਸਹਿਯੋਗ ਤੇ ਅਗਵਾਈ ਲੈ ਕੇ ਕੌਮ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਉਂਦੇ ਰਹੇ ਹਨ।
ਮਹੱਲੇ ਵਿਚ ਨਿਹੰਗ ਸਿੰਘ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿਚ ਨਿਹੰਗ ਸਿੰਘਾਂ ਨੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਸ਼ਮੂਲੀਅਤ ਕੀਤੀ। ਨਿਹੰਗ ਸਿੰਘਾਂ ਨੇ ਸੁੰਦਰ ਦੁਮਾਲਿਆਂ ਤੇ ਚੱਕ੍ਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ ਤੇ ਲੱਕ ਪਿਛੇ ਢਾਲਾਂ ਸਜਾਏ, ਹੱਥਾਂ ਵਿਚ ਨੇਜੇ, ਖੰਡੇ ਫੜੀ, ਨੀਲਿਆਂ ਕੇਸਰੀ ਬਾਣਿਆਂ ਵਿਚ ਜੰਗੀ ਮਾਹੌਲ ਦਾ ਦਿ੍ਰਸ਼ ਪੇਸ਼ ਕਰ ਰਹੇ ਸਨ। ਗੁਰਦੁਆਰਾ ਅਕਾਲ ਬੂੰਗਾ ਛਾਉਣੀ ਬੁੱਢਾ ਦਲ ਤੋਂ ਨਿਹੰਗ ਸਿੰਘਾਂ ਦਾ ਇਕ ਵਿਸ਼ਾਲ ਕਾਫ਼ਲਾ ਹਾਥੀਆਂ, ਊਠਾਂ, ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਗੁਰਦੁਆਰਾ ਬੇਰ ਸਾਹਿਬ, ਗੁਰਦੁਅਰਾ ਹੱਟ ਸਾਹਿਬ, ਮਹੱਲਾ ਕੱਦਗਰਾਂ, ਚੌਂਕ ਝਟਕੱਈਆਂ, ਸਦਰ ਬਜ਼ਾਰ ਰਾਹੀਂ ਮਹੱਲਾ ਰਿਸ਼ੀ ਨਗਰ ਚੌਂਕ ਚੇਲਿਆ ਵਾਲਾ, ਗੁਰਦੁਆਰਾ ਸ੍ਰੀ ਕੋਠੜੀ ਸਾਹਿਬ, ਗੁ: ਗੁਰੂ ਕਾ ਬਾਗ, ਐਸ.ਡੀ ਕਾਲਜ, ਮਹੱਲਾ ਹਕੀਮਾਂ, ਨਿਊ ਮਾਡਲ ਟਾਊਨ, ਸ਼ਹੀਦ ਊਧਮ ਸਿੰਘ ਚੌਕ, ਗੇਟ ਸੰਤ ਘਾਟ ਦਾਣਾ ਮੰਡੀ ਰਾਹੀ ਹੁੰਦਾ ਹੋਇਆ ਗੁਰਦੁਆਰਾ ਸੰਤ ਘਾਟ ਦੇ ਨਜ਼ਦੀਕ ਖੁਲੇ੍ਹ ਗਰਾਊਂਡ ਵਿਖੇ ਵਾਜਿਆਂ ਗਾਜਿਆਂ ਸਮੇਤ ਪੁੱਜਾ। ਘੋੜਿਆਂ ਦੀ ਦੌੜ ਤੇ ਨਿਹੰੰਗ ਸਿੰਘ ਦੇ ਜੰਗੀ ਕਰਤੱਵ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਾਜ਼ਰ ਸਨ। ਬੈਂਡ ਵਾਜਿਆਂ ਦੀਆਂ ਸੁੰਦਰ ਧੁੰਨਾਂ ਢੋਲ ਨਗਾਰਿਆਂ ਦੀਆਂ ਚੋਟਾਂ ਤੇ ਨਰਸਿੰਙੇ ਵਜਾਉਂਦੇ ਨਿਹੰਗ ਸਿੰਘ ਗਰਾਊਂਡ ਵਿਚ ਸ਼ਾਮਲ ਹੋਏ। ਉਪਰੰਤ ਨਿਹੰਗ ਸਿੰਘਾਂ ਨੇ ਗਤਕਾ, ਘੌੜ ਦੌੜ, ਨੇਜੇ ਨਾਲ ਕਿਲੇ੍ਹ ਪੁੱਟੇ ਅਤੇ ਇਕ ਤੋਂ ਦੋ, ਦੋ ਤੋਂ ਚਾਰ ਤੇ ਚਾਰ ਤੋਂ ਛੇ ਘੋੜਿਆਂ ਦੀ ਸਵਾਰੀ ਕਰ ਕੇ ਜੰਗੀ ਕਰਤੱਬ ਦਿਖਾਏ।
ਇਸ ਸਮੇਂ ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਪੰਜਵਾਂ ਤਖ਼ਤ, ਤੋਂ ਇਲਾਵਾ ਜਥੇਦਾਰ ਬਾਬਾ ਜੋਗਾ ਸਿੰਘ ਸ਼ਹੀਦ ਮਿਸ਼ਲ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਜਥੇਦਾਰ ਦਲ ਪੰਥ ਬਿਧੀ ਚੰਦ ਸੁਰਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ ਵਲੋਂ ਬਾਬਾ ਨਾਗਰ ਸਿੰਘ, ਬਾਬਾ ਨੌਰੰਗ ਸਿੰਘ, ਰਾਜਸਭਾ ਦੇ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਨੌਰੰਗ ਸਿੰਘ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਇੰਦਰਬੀਰ ਸਿੰਘ ਵਡਾਲਾ ਸਤਲਾਣੀ ਸਾਹਿਬ ਵਾਲੇ, ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ ਬੁੱਢਾ ਦਲ ਅਮਰੀਕਾ, ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਆਦਿ ਹਾਜ਼ਰ ਸਨ।
(For more news apart from Mahalla built by all Nihang Singh organizations , stay tuned to Rozana Spokesman)