
ਜਥੇਦਾਰਾਂ ਦੇ ਸੁਪਰੀਮ ਹੋਣ ਦੀ ਹਾਮੀ ਭਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ
ਭਾਂਵੇ ਤਖ਼ਤਾਂ ਦੇ ਜਥੇਦਾਰ ਖ਼ੁਦ ਨੂੰ ਦੁਨਿਆਵੀ ਅਦਾਲਤਾਂ ਤੋਂ ਵੱਡੇ ਦਰਸਾਉਣ ਦਾ ਦਾਅਵਾ ਕਰਦੇ ਹਨ ਤੇ ਉਨ੍ਹਾਂ ਦੇ ਪਿਛਲੱਗ ਵੀ ਜਥੇਦਾਰਾਂ ਦੀਆਂ ਗ਼ਲਤ ਤੇ ਹਾਸੋਹੀਣੀਆਂ ਹਰਕਤਾਂ ਨੂੰ ਦਰਕਿਨਾਰ ਕਰ ਕੇ ਜਥੇਦਾਰਾਂ ਦੇ ਸੁਪਰੀਮ ਹੋਣ ਦੀ ਹਾਮੀ ਭਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਪਰ ਜਥੇਦਾਰਾਂ ਦੀ ਹਾਲਤ 'ਜਿਉਂ ਪੈ ਚਿੜੀਏ-ਮਰ ਜਾ ਚਿੜੀਏ' ਵਰਗੀ ਹੋਈ ਪਈ ਹੈ ਕਿਉਂਕਿ ਪੰਥਵਿਰੋਧੀ ਤਾਕਤਾਂ ਦੇ ਆਦੇਸ਼ਾਂ 'ਤੇ ਉਕਤ ਜਥੇਦਾਰ ਕੋਈ ਵੀ ਪੰਥਕ ਫ਼ੈਸਲਾ ਲੈਣ ਵੇਲੇ ਸਿੱਖ ਇਤਿਹਾਸਕਾਰਾਂ, ਚਿੰਤਕਾਂ, ਵਿਦਵਾਨਾ, ਸੰਪਾਦਕਾਂ, ਪ੍ਰਚਾਰਕਾਂ ਜਾਂ ਪੰਥਦਰਦੀਆਂ ਦੀ ਸਲਾਹ ਲੈਣ ਦੀ ਜ਼ਰੂਰਤ ਨਹੀਂ ਸਮਝਦੇ ਪਰ ਇਨ੍ਹਾਂ ਵਲੋਂ ਕਾਹਲੀ 'ਚ ਜਾਂ ਅਪਣੇ ਸਿਆਸੀ ਆਕਾਵਾਂ ਦੀ ਹਦਾਇਤ 'ਤੇ ਲਏ ਗਏ ਫ਼ੈਸਲੇ ਇਕ ਤੋਂ ਵੱਧ ਵਾਰ ਇਨ੍ਹਾਂ ਵਾਸਤੇ ਗਲੇ ਦੀ ਹੱਡੀ ਬਣ ਚੁੱਕੇ ਹਨ। ਜੇ ਬਾਕੀ ਫ਼ੈਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤੇ ਜਥੇਦਾਰਾਂ ਦੇ ਸਿਰਫ਼ ਦੋ ਫ਼ੈਸਲਿਆਂ ਦਾ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਗੱਲ ਸਪੱਸ਼ਟ ਕੀਤੀ ਜਾ ਸਕਦੀ ਹੈ। ਹੱਥਲੀ ਖਬਰ 'ਚ ਸਿਰਫ਼ ਸੌਦਾ ਸਾਧ ਨੂੰ ਮਾਫ਼ੀ ਅਤੇ ਵਿਵਾਦਤ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਨੂੰ ਕਲੀਨ ਚਿੱਟ ਦੇਣ ਵਾਲੇ ਫ਼ੈਸਲਿਆਂ ਦਾ ਜਿਕਰ ਕੀਤਾ ਜਾ ਰਿਹਾ ਹੈ। ਵਾਰ-ਵਾਰ ਸਿੱਖ ਸਿਧਾਂਤਾਂ ਨਾਲ ਖਿਲਵਾੜ ਅਤੇ ਕੌਮ ਦੀ ਜੱਗ ਹਸਾਈ ਲਈ ਜ਼ਿੰਮੇਵਾਰ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਸਮੇਤ ਉਸ ਦੇ ਸਿਆਸੀ ਆਕਾਵਾਂ ਦੀਆਂ ਹਰਕਤਾਂ 'ਤੇ ਹੁਣ ਕੁੱਝ ਪੰਥਦਰਦੀਆਂ ਨੇ ਤਿੱਖੀ ਨਜ਼ਰ ਰਖਣੀ ਸ਼ੁਰੂ ਕਰ ਦਿਤੀ ਹੈ ਤੇ ਬਹੁਤ ਛੇਤੀ ਉਨ੍ਹਾਂ ਦੀਆਂ ਪੰਥਮਾਰੂ ਨੀਤੀਆਂ ਦਾ ਪਰਦਾਫਾਸ਼ ਹੋਣ ਦੀਆਂ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਹੈ।
Akal Takht
ਪਾਠਕਾਂ ਨੂੰ ਯਾਦ ਹੋਵੇਗਾ ਕਿ ਦੇਸ਼ ਵਿਦੇਸ਼ 'ਚ ਵਸਦੀਆਂ ਸੰਗਤਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਤਖ਼ਤਾਂ ਦੇ ਜਥੇਦਾਰਾਂ ਨੇ ਸੌਦਾ ਸਾਧ ਨੂੰ ਬਿਨਾਂ ਮੰਗਿਆਂ ਮਾਫ਼ੀ ਦੇਣ ਦਾ ਐਲਾਨ ਕਰ ਦਿਤਾ, ਸ਼੍ਰੋਮਣੀ ਕਮੇਟੀ ਨੇ ਲਗਭਗ 90 ਲੱਖ ਰੁਪਿਆ ਗੁਰੂ ਦੀ ਗੋਲਕ ਦਾ ਉਸ ਮਾਫ਼ੀ ਨੂੰ ਸਹੀ ਠਹਿਰਾਉਣ ਲਈ ਖ਼ਰਚਿਆ ਪਰ ਸੰਗਤ ਦਾ ਵਧਦਾ ਵਿਰੋਧ ਵੇਖਦਿਆਂ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਅਪਣਾ ਫ਼ੈਸਲਾ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਭਾਵੇਂ ਉਸ ਸਮੇਂ ਵੀ ਦੇਸ਼ ਵਿਦੇਸ਼ 'ਚ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਉਸ ਦੇ ਸਿਆਸੀ ਆਕਾਵਾਂ ਦੀ ਬੜੀ ਦੁਰਗਤ ਹੋਈ ਪਰ ਉਸ ਤੋਂ ਸਬਕ ਲੈਣ ਦੀ ਜਰੂਰਤ ਨਾ ਸਮਝੀ ਗਈ, ਕਿਉਂਕਿ ਹਾਲ ਹੀ 'ਚ ਇਕ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਵਲੋਂ ਅਖ਼ਬਾਰਾਂ ਦੀ ਸੁਰਖੀ ਬਣੀ ਖ਼ਬਰ ਰਾਹੀਂ ਦਾਅਵਾ ਕੀਤਾ ਗਿਆ ਕਿ 'ਨਾਨਕ ਸ਼ਾਹ ਫ਼ਕੀਰ' ਫ਼ਿਲਮ 'ਚ ਕੁੱਝ ਵੀ ਇਤਰਾਜ਼ਯੋਗ ਨਹੀਂ ਅਤੇ ਫ਼ਿਲਮ ਵੇਖਣ ਤੋਂ ਬਿਨਾਂ ਕਿੰਤੂ-ਪ੍ਰੰਤੂ ਕਰਨਾ ਫ਼ਜ਼ੂਲ ਦੀ ਬਹਿਸ ਹੈ ਪਰ ਅਗਲੇ ਦਿਨ ਸ਼੍ਰੋਮਣੀ ਕਮੇਟੀ ਨੇ ਯੂ-ਟਰਨ ਲੈਂਦਿਆਂ ਕਲੀਨ ਚਿੱਟ ਵਾਪਸ ਲੈਣ ਦਾ ਐਲਾਨ ਕਰ ਦਿਤਾ। ਨਾ ਤਾਂ ਸੌਦਾ ਸਾਧ ਨੂੰ ਬਿਨਾਂ ਮੰਗਿਆਂ ਦਿਤੀ ਮਾਫ਼ੀ ਵਾਲਾ ਫ਼ੈਸਲਾ ਠੀਕ ਸੀ ਤੇ ਨਾ ਹੀ ਵਿਵਾਦਤ ਫ਼ਿਲਮ ਨੂੰ ਕਲੀਨ ਚਿੱਟ ਦੇ ਕੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੇ ਕੋਈ ਸਿਆਣਪ ਵਿਖਾਈ ਪਰ ਇਸ ਤਰ੍ਹਾਂ ਦੇ ਸ਼ੱਕੀ ਤੇ ਵਿਵਾਦਤ ਫ਼ੈਸਲੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਸਬੱਬ ਜ਼ਰੂਰ ਬਣ ਰਹੇ ਹਨ। ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਇਕ ਪੰਥਦਰਦੀ ਨੇ ਅਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਉਹ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਬਾਦਲ ਤੇ ਇਸ ਦੇ ਪ੍ਰਭਾਵ ਵਾਲੀਆਂ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਮੁਖੌਟੇ ਵਾਲੀਆਂ ਤਥਾਕਥਿਤ ਹਸਤੀਆਂ ਦੀ ਅਸਲੀਅਤ ਨੂੰ ਛੇਤੀ ਜੱਗ ਜ਼ਾਹਰ ਕਰੇਗਾ।