
ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਲਈ ਬੀਬੀਆਂ ਦੀ ਮੰਗ ਪ੍ਰਤੀ ਨਰਮ ਰੁੱਖ ਅਖ਼ਤਿਆਰ ਕਰਦੇ ਹੋਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ
ਸ੍ਰੀ ਆਨੰਦਪੁਰ ਸਾਹਿਬ, 31 ਜੁਲਾਈ (ਸੁਖਵਿੰਦਰਪਾਲ ਸਿੰਘ ਸੁੱਖੂ, ਦਲਜੀਤ ਸਿੰਘ ਅਰੋੜਾ): ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਲਈ ਬੀਬੀਆਂ ਦੀ ਮੰਗ ਪ੍ਰਤੀ ਨਰਮ ਰੁੱਖ ਅਖ਼ਤਿਆਰ ਕਰਦੇ ਹੋਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਐਲਾਨ ਕੀਤਾ ਕਿ ਇਸ ਮਸਲੇ 'ਤੇ ਫ਼ੈਸਲਾ ਲੈਣ ਦਾ ਅਧਿਕਾਰ ਸਿਰਫ਼ ਅਕਾਲ ਤਖ਼ਤ ਦੇ ਜਥੇਦਾਰ ਦਾ ਹੈ ਪਰ ਉਹ ਇਸ ਮੰਗ ਨੂੰ ਜਥੇਦਾਰ ਦੇ ਧਿਆਨ ਵਿਚ ਜ਼ਰੂਰ ਲਿਆਉਣਗੇ।
ਦਰਬਾਰ ਸਾਹਿਬ ਵਿਖੇ ਅੱਜ ਹੜਤਾਲ ਕਰ ਰਹੇ ਪਾਠੀ ਸਿੰਘਾਂ ਦੀਆਂ ਮੰਗਾਂ ਬਾਰੇ ਪੁੱਛਣ 'ਤੇ ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਠ ਅਗੱਸਤ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਤੇ ਉਸ ਦੌਰਾਨ ਅਸੀਂ ਉਨ੍ਹਾਂ ਦੀਆਂ ਤਨਖ਼ਾਹਾਂ ਵਿਚ ਵਾਧਾ ਕਰਨ ਲਈ ਅਤੇ ਹੋਰ ਭੱਤੇ ਆਦਿ ਦੇਣ ਲਈ ਲੋੜੀਂਦੇ ਫ਼ੈਸਲੇ ਲਵਾਂਗੇ। ਉਨ੍ਹਾਂ ਦਸਿਆ ਕਿ ਜਿੰਨੇ ਵੀ ਆਰਜ਼ੀ ਪਾਠੀ ਸਿੰਘ ਕੰਮ ਕਰ ਰਹੇ ਹਨ, ਉਨਾਂ ਨੂੰ ਪੱਕੇ ਤੌਰ 'ਤੇ ਗ੍ਰੰਥੀ ਸਿੰਘ ਬਣਾਉਣ ਲਈ ਅਸੀਂ ਅਰਜ਼ੀਆਂ ਦੀ ਮੰਗ ਕਰ ਲਈ ਹੈ ਜਿਸ ਨਾਲ ਉਨ੍ਹਾਂ ਦਾ ਮਸਲਾ ਕਾਫ਼ੀ ਹੱਦ ਤਕ ਹੱਲ ਹੋ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਮੈਦਾਨ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਤ ਤਖ਼ਤ ਸਾਹਿਬ ਦੀ ਹਦੂਦ ਅਧੀਨ ਆਉਂਦੇ ਅਦਾਰਿਆਂ ਵਿਖੇ 550 ਪੌਦੇ ਲਗਾਉਣ ਦੀ ਰਸਮੀ ਸ਼ੁਰੂਆਤ ਵੀ ਕੀਤੀ।