
ਸਿੱਖ ਕੌਮ ਨਾਲ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੂੰ ਤੁਰਤ ਇਸ ਦਾ ਨੋਟਿਸ ਲੈ ਕੇ ਇਸ ਉਪਰ ਕਾਰਵਾਈ ਕੀਤੀ ਜਾਵੇ : ਚੀਫ਼ ਖ਼ਾਲਸਾ ਦੀਵਾਨ
ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਸ. ਭਾਗ ਸਿੰਘ ਅਣਖੀ ਨੂੰ ਵੱਖ-ਵੱਖ ਥਾਂਵਾਂ 'ਤੇ ਸਿੱਖਾਂ ਨਾਲ ਹੋਏ ਵਿਵਹਾਰ 'ਤੇ ਗਹਿਰੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰਾਂ ਨੂੰ ਸਿੱਖਾਂ ਪ੍ਰਤੀ ਸੁਚੇਤ ਹੋਣ ਲਈ ਕਿਹਾ ਹੈ। ਇਸੇ ਤਰ੍ਹਾਂ ਮੰਦਰ ਅਤੇ ਗੁਰਦਵਾਰਾ ਦੀ ਕੰਧ ਨੂੰ ਆਧਾਰ ਬਣਾ ਕੇ (ਰਾਜਸਥਾਨ) ਵਿਖੇ ਹੋਈ ਘਟਨਾ ਨੇ ਸਿੱਖਾਂ ਨੂੰ ਘੱਟ ਗਿਣਤੀ ਹੋਣ ਦਾ ਅਹਿਸਾਸ ਕਰਵਾਇਆ ਜਦੋਂ ਕਿ ਭੀੜ ਨੇ ਗੁਰਦਵਾਰੇ ਉਪਰ ਹਮਲਾ ਕਰ ਦਿਤਾ।
ਸਾਰੇ ਸਿੱਖ ਜਗਤ ਵਿਚ ਵਾਪਰਦੀਆਂ ਇਨ੍ਹਾਂ ਘਟਨਾਵਾਂ ਦਾ ਰੋਸ ਹੋਰ ਵੀ ਅਹਿਮ ਹੋ ਗਿਆ ਜਦੋਂ ਇਕ ਅਖੌਤੀ ਕਵੀ ਕੁਮਾਰ ਵਿਸ਼ਵਾਸ ਨੇ ਸਿੱਖਾਂ ਉਪਰ ਤੀਸਰੀ ਵਾਰ ਅਜਿਹੇ ਚੁਟਕਲੇ ਸੁਣਾਉਣੇ ਆਰੰਭ ਕਰ ਦਿਤੇ ਜਿਨ੍ਹਾਂ ਨਾਲ ਸਿੱਖ ਹਿਰਦੇ ਵਲੂੰਧਰੇ ਗਏ। ਚੀਫ਼ ਖ਼ਾਲਸਾ ਦੀਵਾਨ ਜਿਥੇ ਇਨ੍ਹਾਂ ਘਟਨਾਵਾਂ ਦੀ ਨਿਖੇਧੀ ਕਰਦਾ ਹੈ ਉਥੇ ਭਾਰਤ ਸਰਕਾਰ ਨੂੰ ਇਹ ਦਸਣਾ ਵੀ ਚਾਹੁੰਦਾ ਹੈ ਕਿ ਤੇਲੰਗਾਨਾ ਵਿਖੇ ਜ਼ਿਲ੍ਹਾ ਕਰੇਮਨਗਰ ਦਾ ਉਹ ਹੁਕਮ ਵੀ ਮੰਨਣ ਤੋਂ ਇਨਕਾਰ ਕਰਦਾ ਹੈ ਜਿਸ ਵਿਚ ਪੁਲਿਸ ਨੇ ਸਿੱਖਾਂ ਨੂੰ ਮੋਟਰਸਾਈਕਲ ਚਲਾਉਂਦਿਆਂ ਹੈਲਮਟ ਪਹਿਨਣ ਲਈ ਮਜਬੂਰ ਕਰ ਰਹੇ ਹਨ। ਅਸੀ ਸਮੁੱਚੀਆਂ ਸਰਕਾਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਿੱਖ ਕੌਮ ਨਾਲ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੂੰ ਤੁਰਤ ਇਸ ਦਾ ਨੋਟਿਸ ਲੈ ਕੇ ਇਸ ਉਪਰ ਕਾਰਵਾਈ ਕੀਤੀ ਜਾਵੇ।