
ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਡਿਉੜੀ ਢਾਹੁਣ 'ਤੇ ਲੌਂਗੋਵਾਲ ਦਾ ਮੰਗਿਆ ਅਸਤੀਫ਼ਾ
ਚੰਡੀਗੜ੍ਹ : ਗੁਰੂ ਚਰਨ ਛੋਹ ਪ੍ਰਾਪਤ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਡਿਉੜੀ ਸੰਨ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਨੇ ਬਣਵਾਈ ਸੀ, ਜਿਸ ਨੂੰ ਢਾਹ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧਾਂ ਨੇ ਆਪਣੀ ਦੀਵਾਲੀਆ ਸੋਚ ਵਿਖਾ ਦਿੱਤੀ ਹੈ। ਬਾਦਲ ਪਰਿਵਾਰ ਦੀ ਸਿਆਸੀ ਸਰਪ੍ਰਸਤੀ ਹੇਠ ਚੱਲ ਰਹੀ ਮੌਜੂਦਾ ਐਸ.ਜੀ.ਪੀ.ਸੀ ਨੇ ਸਿੱਖ ਪੰਥ ਦੇ ਸਿਧਾਂਤਾਂ ਅਤੇ ਇਤਿਹਾਸਕ ਅਸਥਾਨਾਂ ਦਾ ਹੱਦੋਂ ਵੱਧ ਨੁਕਸਾਨ ਕੀਤਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕੀਤਾ। ਆਪ ਆਗੂਆਂ ਨੇ ਐਸ.ਜੀ.ਪੀ.ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਬਾਦਲਾਂ ਦੀ ਕਠਪੁਤਲੀ ਬਣਨ 'ਚ ਲੌਂਗੋਵਾਲ ਨੇ ਪਿਛਲੇ ਪ੍ਰਧਾਨਾਂ ਨੂੰ ਵੀ ਮਾਤ ਪਾ ਦਿੱਤੀ।
The historic Deori of Darbar Sahib in Tarn Taran after it was demolished-2
ਲੌਂਗੋਵਾਲ ਆਪਣੀ ਅਣਗਹਿਲੀ ਦਾ ਠੀਕਰਾ ਹੁਣ ਥੱਲੇ ਦੇ ਅਧਿਕਾਰੀਆਂ ਉੱਤੇ ਭੰਨ ਰਹੇ ਹਨ ਪਰ ਸਵਾਲ ਇਹ ਹੈ ਕਿ ਕੀ ਇਕ ਮੈਨੇਜਰ ਪੱਧਰ ਦਾ ਅਧਿਕਾਰੀ ਇੱਕ ਇਤਿਹਾਸਕ ਡਿਉੜੀ ਨੂੰ ਢਾਹੁਣ ਦਾ ਫ਼ੈਸਲਾ ਕਿਵੇਂ ਲੈ ਸਕਦਾ ਹੈ। ਐਸ.ਜੀ.ਪੀ.ਸੀ. ਦੀ ਪ੍ਰਵਾਨਗੀ ਤੋਂ ਬਗੈਰ ਹਥਿਆਰਬੰਦ 'ਕਾਰ ਸੇਵਕ' ਡਿਉੜੀ ਢਾਹੁਣ ਦੀ ਹਿੰਮਤ ਕਿਵੇਂ ਕਰ ਸਕਦੇ ਹਨ।
'ਆਪ' ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ ਅਤੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਅਤੇ ਸਿਆਸਤ ਲਈ ਧਰਮ ਦੇ ਇਸਤੇਮਾਲ ਦੇ ਸਖ਼ਤ ਖ਼ਿਲਾਫ਼ ਹੈ। ਉਨ੍ਹਾਂ ਮੰਗ ਕੀਤੀ ਕਿ ਲੌਂਗੋਵਾਲ ਸਮੇਤ ਮੈਨੇਜਰ ਅਤੇ 'ਕਾਰ ਸੇਵਕਾਂ' ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ।