
ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਸਰਕਾਰਾਂ ਦੀ ਕਾਰਗੁਜਾਰੀ 'ਤੇ ਚੁੱਕਿਆ ਸਵਾਲ
ਚੰਡੀਗੜ੍ਹ : ਚੋਣਾਂ ਮੌਕੇ ਵੱਡੇ-ਵੱਡੇ ਵਾਅਦੇ ਕ ਰਕੇ ਸੱਤਾ 'ਚ ਆਏ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ, ਖੇਤ-ਮਜ਼ਦੂਰਾਂ ਅਤੇ ਨੌਜਵਾਨਾਂ ਪ੍ਰਤੀ ਹੱਦ ਦਰਜੇ ਦੇ ਨਿਰਦਈ ਸਾਬਤ ਹੋਏ ਹਨ, ਇੰਜ ਲੱਗ ਰਿਹਾ ਹੈ ਜਿਵੇਂ ਇਨ੍ਹਾਂ ਦੀ ਸੰਵੇਦਨਾ ਹੀ ਮਰ ਗਈ ਹੋਵੇ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਬੁਲਾਰਾ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕੀਤਾ।ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕੋਈ ਵੀ ਦਿਨ ਅਜਿਹਾ ਨਹੀਂ ਲੰਘ ਰਿਹਾ ਜਿਸ ਦਿਨ ਅਖ਼ਬਾਰਾਂ ਅਤੇ ਖ਼ਬਰਾਂ 'ਚ ਕਿਸਾਨ, ਖੇਤ-ਮਜ਼ਦੂਰਾਂ ਜਾਂ ਨਸ਼ੇ ਦੀ ਓਵਰ ਡੋਜ਼ ਨਾਲ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖ਼ਬਰ ਨਾ ਛਪਦੀ ਹੋਵੇ, ਪਰ ਹੋਰ ਵੀ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਦਾ ਕੋਈ ਅਧਿਕਾਰੀ ਜਾਂ ਨੁਮਾਇੰਦਾ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨਾ ਵੀ ਜ਼ਰੂਰੀ ਨਹੀਂ ਸਮਝਦੇ ਕਾਰਨ ਅਤੇ ਹਾਲਾਤ ਦੀ ਦਸਤਾਵੇਜ਼ੀ ਪੜਚੋਲ ਤਾਂ ਦੂਰ ਦੀ ਗੱਲ ਹੈ।
Kultar Singh Sandhwan and Prof. Baljinder Kaur
ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਫ਼ਰੀਦਕੋਟ ਦੇ ਪਿੰਡ ਮਿੱਡੂਮਾਨ ਦੇ ਕਿਸਾਨ ਜਗਸੀਰ ਸਿੰਘ ਅਤੇ ਮਾਨਸਾ ਦੇ ਪਿੰਡ ਰੱਲਾ ਦੇ ਖੇਤ ਮਜ਼ਦੂਰ ਜੰਟਾ ਸਿੰਘ ਵੱਲੋਂ ਕੀਤੀ ਖ਼ੁਦਕੁਸ਼ੀ ਦੀਆਂ ਰਿਪੋਰਟਾਂ ਮੀਡੀਆ ਵਿੱਚ ਛਪੀਆਂ। ਕਿਸਾਨ ਅਤੇ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀ ਦਾ ਇੱਕ ਕਾਰਨ ਕਰਜ਼ਾ ਸੀ। ਤਰਨਤਾਰਨ ਦੇ ਹੀ ਪਿੰਡ ਜੀਊਬਾਲਾ ਦੇ 40 ਸਾਲਾ ਸੁਖਵਿੰਦਰ ਸਿੰਘ ਦੀ ਨਸ਼ੇ ਦੇ ਟੀਕੇ ਦੀ ਓਵਰ ਡੋਜ਼ ਨਾਲ ਮੌਤ ਹੋ ਗਈ ਜਦਕਿ ਬੀਤੇ ਕੱਲ੍ਹ ਵੀ ਨੌਸ਼ਹਿਰਾ ਬਹਾਦਰ (ਗੁਰਦਾਸਪੁਰ) ਦੇ ਸੰਦੀਪ ਸਿੰਘ ਸੈਣ, ਗੜ੍ਹਦੀਵਾਲਾ (ਫ਼ਿਰੋਜ਼ਪੁਰ) ਦੇ ਗੁਰਪ੍ਰੀਤ ਸਿੰਘ ਅਤੇ ਗੋਇੰਦਵਾਲ ਸਾਹਿਬ ਦੇ ਲਖਵਿੰਦਰ ਲੱਖੀ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤਾਂ ਬਾਰੇ ਰਿਪੋਰਟਾਂ ਜਨਤਕ ਹੋਈਆਂ ਸਨ।
'ਆਪ' ਆਗੂਆਂ ਨੇ ਜਿੱਥੇ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਵਾਅਦਾਖ਼ਿਲਾਫ਼ੀ ਕਰਨ ਬਦਲੇ ਆਗਾਮੀ ਵੋਟਾਂ ਵਿੱਚ ਇਨ੍ਹਾਂ ਨੂੰ ਸਬਕ ਸਿਖਾਉਣ ਦਾ ਸੱਦਾ ਦਿੱਤਾ, ਉੱਥੇ ਕਿਸਾਨ ਖੇਤ ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਰਜ਼ ਜਾਂ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹੋ ਕੇ ਕੋਈ ਵੀ ਗ਼ਲਤ ਕਦਮ ਨਾ ਚੁੱਕਣ ਅਤੇ ਆਮ ਆਦਮੀ ਪਾਰਟੀ ਦਾ ਸਾਥ ਦੇਣ।