
ਕਿਹਾ - ਮੈਟਰੋ ਰੋਕਣ ਅਤੇ ਅਗਲੇ ਦਿਨ ਵਿਜੈ ਚੌਕ ਉਤੇ ਸਿੱਖਾਂ ਵਲੋਂ ਕੀਤੇ ਪ੍ਰਦਰਸ਼ਨਾਂ ਕਾਰਨ ਹੀ ਕੇਂਦਰ ਵਿਚ ਸੱਤਾਧਾਰੀ ਕਾਂਗਰਸ ਸਰਕਾਰ ਨੀਂਦ ਤੋਂ ਜਾਗੀ ਸੀ
ਅੰਮ੍ਰਿਤਸਰ : ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਿਹਾ ਹੈ ਕਿ ਦਿੱਲੀ ਮੈਟਰੋ ਰੋਕਣ ਦੇ ਮਾਮਲੇ ਵਿਚ ਜਿਨ੍ਹਾਂ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਨੂੰ ਨੈਤਿਕ ਸਮਰਥਨ ਦੇਣ ਲਈ ਉਹ ਤੀਸ ਹਜ਼ਾਰੀ ਕੋਰਟ ਵਿਚ ਜਾਣਗੇ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪੁੱਜੇ ਸ. ਜੀ ਕੇ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਹੇਠਲੀ ਅਦਾਲਤ ਵਲੋਂ ਬਰੀ ਕਰਨ ਵਿਰੁਧ 1 ਮਈ 2013 ਨੂੰ ਸੁਭਾਸ਼ ਨਗਰ ਮੈਟਰੋ ਸਟੇਸ਼ਨ ਉਤੇ ਆਵਾਜਾਈ ਨੂੰ ਰੋਕਣ ਦੇ ਦੋਸ਼ੀ ਅਕਾਲੀ ਆਗੂਆਂ ਨੂੰ ਦਿੱਲੀ ਦੀ ਇਕ ਅਦਾਲਤ ਵਲੋਂ ਸੰਮਨ ਜਾਰੀ ਕੀਤਾ ਗਿਆ ਹੈ ਕਿਉਂਕਿ ਉਸ ਦਿਨ ਅਗਵਾਈ ਉਹ ਖ਼ੁਦ ਕਰ ਰਹੇ ਸਨ।
Manjit Singh GK
ਇਸ ਲਈ ਆਗੂਆਂ ਦੀ ਜ਼ਮਾਨਤ ਕਰਵਾਉਣ ਅਤੇ ਅਪਣਾ ਨੈਤਿਕ ਸਮਰਥਨ ਦੇਣ ਲਈ ਉਹ ਖ਼ੁਦ 9 ਮਈ ਨੂੰ ਤੀਸ ਹਜ਼ਾਰੀ ਕੋਰਟ ਜਾਣਗੇ। ਸਾਡੇ ਸਾਥੀਆਂ ਨੇ ਸਿਰਫ ਜਨ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ ਅਤੇ ਇਹ ਸਾਰੇ ਮੁਜ਼ਾਹਰੇ ਮੇਰੀ ਅਗਵਾਈ ਵਿਚ ਹੋਏ ਸਨ। ਜੀ.ਕੇ. ਨੇ ਮੰਨਿਆ ਕਿ ਮੈਟਰੋ ਰੋਕਣ ਅਤੇ ਅਗਲੇ ਦਿਨ ਵਿਜੈ ਚੌਕ ਉਤੇ ਸਿੱਖਾਂ ਵਲੋਂ ਬਿਨਾਂ ਮਨਜ਼ੂਰੀ ਕੀਤੇ ਗਏ ਪ੍ਰਦਰਸ਼ਨਾਂ ਦੇ ਕਾਰਨ ਹੀ ਕੇਂਦਰ ਵਿਚ ਸੱਤਾਧਾਰੀ ਕਾਂਗਰਸ ਸਰਕਾਰ ਨੀਂਦ ਤੋਂ ਜਾਗੀ ਸੀ।
Manjit Singh GK
ਜਿਸ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਸੱਜਣ ਕੁਮਾਰ ਦੇ ਹੱਕ ਵਿਚ ਆਏ ਫ਼ੈਸਲੇ ਨੂੰ ਦਿੱਲੀ ਹਾਈ ਕੋਰਟ ਵਿਚ ਚੁਨੌਤੀ ਦੇਣ ਦੀ ਗੱਲ ਪੀੜਤਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਸਵੀਕਾਰ ਕੀਤੀ ਸੀ । ਇਸ ਕੇਸ ਵਿਚ ਹੁਣ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਅੱਜ ਸੱਜਨ ਕੁਮਾਰ ਜੇਲ ਵਿਚ ਹੈ।