
ਭਗਤ ਕਬੀਰ ਜੀ ਦੇ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਤਕਰੀਰ ਦੇ ਇਕ ਹਿੱਸੇ ਦਾ ਵੀਡੀਉ ਕਲਿਪ ਸੋਸ਼ਲ ਮੀਡੀਆ ਰਾਹੀਂ ਚਰਚਾ ਦਾ ....
ਕੋਟਕਪੂਰਾ, ਭਗਤ ਕਬੀਰ ਜੀ ਦੇ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਤਕਰੀਰ ਦੇ ਇਕ ਹਿੱਸੇ ਦਾ ਵੀਡੀਉ ਕਲਿਪ ਸੋਸ਼ਲ ਮੀਡੀਆ ਰਾਹੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਅਪਣੇ ਸੰਬੋਧਨ 'ਚ ਕਹਿ ਰਹੇ ਹਨ ਕਿ ਭਗਤ ਕਬੀਰ ਜੀ ਦੀ ਜਨਮਭੂਮੀ ਵਾਲੀ ਇਸ ਧਰਤੀ 'ਤੇ ਬੈਠ ਕੇ ਕਿਸੇ ਸਮੇਂ ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਜੀ ਅਤੇ ਬਾਬਾ ਗੋਰਖਨਾਥ ਜੀ ਅਧਿਆਤਮਕ ਚਰਚਾ ਕਰਿਆ ਕਰਦੇ ਸਨ।
ਸੋਸ਼ਲ ਮੀਡੀਆ ਵਾਲੀ ਪੋਸਟ 'ਤੇ ਪ੍ਰਤੀਕਰਮ ਕਰਦਿਆਂ ਕਿਸੇ ਵਿਦਵਾਨ ਨੇ ਸਪੱਸ਼ਟ ਕੀਤਾ ਹੈ ਕਿ ਇਤਿਹਾਸ ਜਾਂ ਮਿਥਿਹਾਸ ਮੁਤਾਬਕ ਬਾਬਾ ਗੌਰਖਨਾਥ ਦਾ ਜਨਮ 10ਵੀਂ ਸਦੀ ਜਦਕਿ ਭਗਤ ਕਬੀਰ ਜੀ ਦਾ ਜਨਮ 1440 ਅਤੇ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਹੋਇਆ। ਇਸ ਤਰ੍ਹਾਂ ਬਾਬਾ ਗੌਰਖਨਾਥ, ਭਗਤ ਕਬੀਰ ਜੀ ਅਤੇ ਬਾਬੇ ਨਾਨਕ ਦੀ ਇਕੋ ਸਮੇਂ ਮਿਲ ਬੈਠ ਕੇ ਵਿਚਾਰ ਚਰਚਾ ਕਰਨ ਵਾਲੀ ਗੱਲ ਤਰਕਸੰਗਤ ਨਹੀਂ।
ਉਕਤ ਵੀਡੀਉ ਕਲਿੱਪ ਦੇ ਨਾਲ ਜੋ ਫ਼ਿਲਮੀ ਕਲਾਕਾਰ ਪ੍ਰੇਮ ਚੋਪੜੇ ਦਾ ਹਿੰਦੀ ਫਿਲਮ 'ਚ ਫ਼ਿਲਮਾਇਆ ਡਾਇਲਾਗ ਵਾਲਾ ਵੀਡੀਉ ਕਲਿੱਪ ਜੋੜਿਆ ਗਿਆ, ਉਹ ਹੋਰ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਜਿਸ ਵਿਚ ਪ੍ਰੇਮ ਚੋਪੜਾ ਵੋਟਰਾਂ ਨੂੰ ਭੇਡਾਂ ਕਹਿ ਕੇ ਸੰਬੋਧਨ ਕਰਦਾ ਹੋਇਆ ਡਾਇਲਾਗ ਬੋਲ ਰਿਹਾ ਹੈ।