
ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪਤਿਤ ਮੈਂਬਰਾਂ ਦੀ ਮੈਂਬਰਸ਼ਿਪ 'ਤੇ 'ਜਥੇਦਾਰ' ਨੇ ਲਾਈ ਰੋਕ
ਅੰਮ੍ਰਿਤਸਰ, 30 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਦੇਸ਼-ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਨੂੰ ਮੀਰੀ-ਪੀਰੀ ਦਿਵਸ ਮਨਾਏ ਜਾਣ ਦੀਆਂ ਵਧਾਈਆਂ ਦਿਤੀਆਂ । ਉਪਰੰਤ ਉਨ੍ਹਾਂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਪੁਲਿਸ ਨੂੰ ਤਾੜਨਾ ਕੀਤੀ ਹੈ ਕਿ ਉਹ ਸਿੱਖ ਨੌਜੁਆਨ ਨਾਜਾਇਜ਼ ਹਿਰਾਸਤ ਵਿਚ ਨਾ ਲਵੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਖ਼ਾਲਿਸਤਾਨ ਦੀ ਆੜ ਹੇਠ ਪੁਲਿਸ ਸਿੱਖ ਨੌਜਵਾਨਾਂ 'ਤੇ ਝੂਠੇ ਮੁਕੱਦਮੇ ਦਰਜ ਕਰਨ ਜਾ ਰਹੀ ਹੈ। ਪਾਵਨ ਸਰੂਪਾਂ ਦੇ ਗੰਭੀਰ ਮਸਲੇ ਵਿਚ 'ਜਥੇਦਾਰ' ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੂੰ ਹਦਾਇਤ ਕੀਤੀ ਕਿ ਉਹ ਨਿਰਪੱਖ ਜਾਂਚ ਕਰਵਾਉਣ ਤਾਂ ਜੋ ਦੋਸ਼ੀ ਬੇਪਰਦ ਕੀਤੇ ਜਾ ਸਕਣ।
Giani Harpreet Singh
ਉਨ੍ਹਾਂ ਚੀਫ਼ ਖ਼ਾਲਸਾ ਦੀਵਾਨ ਨੂੰ ਹਦਾਇਤ ਕੀਤੀ ਕਿ ਪਤਿਤ ਵਿਅਕਤੀ ਕਿਸੇ ਵੀ ਸੂਰਤ ਵਿਚ ਮੈਂਬਰ ਨਾ ਲਏ ਜਾਣ। ਇਸ ਬਾਰੇ ਸ਼ਿਕਾਇਤਾਂ ਮਿਲੀਆਂ ਹਨ ਕਿ ਚੀਫ਼ ਖ਼ਾਲਸਾ ਦੀਵਾਨ ਕੁੱਝ ਅਜਿਹੇ ਮੈਂਬਰ ਲੈ ਰਿਹਾ ਹੈ ਜੋ ਸਿੱਖੀ ਸਿਧਾਂਤਾਂ ਦੇ ਉਲਟ ਹਨ। 'ਜਥੇਦਾਰ' ਨੇ ਨਵੇਂ ਮੈਂਬਰਾਂ ਦੀ ਮੈਬਰਸ਼ਿਪ 'ਤੇ ਰੋਕ ਲਾਉਂਦਿਆਂ ਚੀਫ਼ ਖ਼ਾਲਸਾ ਦੀਵਾਨ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਦੀ ਸੂਚੀ ਅਕਾਲ ਤਖ਼ਤ ਸਾਹਿਬ ਭੇਜਣ ਤਾਂ ਜੋ ਘੋਖ ਕਰ ਕੇ ਪਤਾ ਲਾਇਆ ਜਾ ਸਕੇ ਕਿ ਕਿਹੜੇ ਪਤਿਤ ਮੈਂਬਰ ਲਏ ਗਏ ਹਨ। 'ਜਥੇਦਾਰ' ਮੁਤਾਬਕ ਇਸ ਸਬੰਧੀ ਪੱਤਰ ਵੀ ਚੀਫ਼ ਖ਼ਾਲਸਾ ਦੀਵਾਨ ਨੂੰ ਲਿਖਿਆ ਗਿਆ ਸੀ ਕਿ ਉਹ ਦਸਤਾਵੇਜ਼ ਸਕੱਤਰੇਤ ਭੇਜਣ ਪਰ ਹਾਲੇ ਤਕ ਕੋਈ ਜਵਾਬ ਨਹੀਂ ਆਇਆ ਤੇ ਇਸ ਸਬੰਧੀ ਯਾਦ ਪੱਤਰ ਭੇਜਿਆ ਜਾ ਰਿਹਾ ਹੈ।