
ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਦਾ ਪ੍ਰਗਟਾਵਾ ਕਰਨ ਤੋਂ ਬਾਅਦ ਪੀੜਤ ਪਰਵਾਰਾਂ ਨੇ ਰਾਹਤ............
ਕੋਟਕਪੂਰਾ : ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਦਾ ਪ੍ਰਗਟਾਵਾ ਕਰਨ ਤੋਂ ਬਾਅਦ ਪੀੜਤ ਪਰਵਾਰਾਂ ਨੇ ਰਾਹਤ ਮਹਿਸੂਸ ਕਰਦਿਆਂ ਮੰਨਿਆ ਹੈ ਕਿ ਹੁਣ ਇਨਸਾਫ਼ ਮਿਲਣ ਦੀ ਆਸ ਬੱਝ ਗਈ ਹੈ ਪਰ ਦੂਜੇ ਪਾਸੇ ਬਹੁਤ ਸਾਰੇ ਪੀੜਤ ਪਰਵਾਰ ਅਜਿਹੇ ਵੀ ਹਨ ਜੋ ਪਹਿਲਾਂ ਗਠਤ ਹੋਏ ਕਮਿਸ਼ਨਾਂ ਤੋਂ ਨਿਰਾਸ਼ ਜਾਂ ਪੁਲਿਸ ਦੇ ਖ਼ੌਫ਼ ਕਾਰਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਮੂਹਰੇ ਪੇਸ਼ ਹੋਣ ਤੋਂ ਵਾਂਝੇ ਰਹਿ ਗਏ, ਉਨ੍ਹਾਂ ਨੂੰ ਇਸ ਦਾ ਦੁੱਖ ਪੁਜਣਾ ਸੁਭਾਵਕ ਹੈ।
ਅਜਿਹੇ ਪੀੜਤ ਪਰਵਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਅਪਣੀ ਗੱਲ ਸਬੂਤਾਂ ਸਮੇਤ ਕਮਿਸ਼ਨ ਸਾਹਮਣੇ ਰੱਖਣ ਦਾ ਇਕ ਮੌਕਾ ਜ਼ਰੂਰ ਦਿਤਾ ਜਾਵੇ। ਜ਼ਿਕਰਯੋਗ ਹੈ ਕਿ ਬੇਅਦਬੀ ਕਾਂਡ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਥਾਨਕ ਬੱਤੀਆਂ ਵਾਲੇ ਚੌਕ 'ਚ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦਾ ਦਰਦ ਅੱਜ ਤਿੰਨ ਸਾਲਾਂ ਬਾਅਦ ਵੀ ਉਹ ਪੀੜਤ ਅਪਣੇ ਮਨਾਂ 'ਚ ਵਸਾਈ ਬੈਠੇ ਹਨ, ਜਿਨ੍ਹਾਂ ਨੂੰ ਪੁਲਿਸ ਦੀਆਂ ਲਾਠੀਆਂ ਅਤੇ ਗੋਲੀਆਂ ਦੇ ਜ਼ਖ਼ਮਾਂ ਦਾ ਇਲਾਜ ਕਰਵਾਉਣ ਦੀ ਵੀ ਇਜਾਜ਼ਤ ਨਹੀਂ ਸੀ।
ਜਦੋਂ ਬੇਅਦਬੀ ਕਾਂਡ ਦੀ ਚਰਚਾ ਚਲਦੀ ਹੈ ਤਾਂ ਉਕਤ ਪੀੜਤਾਂ ਦੇ ਜ਼ਖ਼ਮ ਫਿਰ ਹਰੇ ਹੋ ਜਾਂਦੇ ਹਨ। ਨੇੜਲੇ ਪਿੰਡ ਰੋੜੀਕਪੂਰਾ ਦੇ ਵਸਨੀਕ ਬਲਵਿੰਦਰ ਸਿੰਘ ਦਾ 28 ਸਾਲਾ ਨੌਜਵਾਨ ਪੁੱਤਰ ਬੂਟਾ ਸਿੰਘ ਵੀ ਉਕਤ ਧਰਨੇ 'ਚ ਲੰਗਰ ਦੀ ਸੇਵਾ ਨਿਭਾਉਣ ਗਿਆ ਤੇ ਪੁਲਿਸੀਆ ਅਤਿਆਚਾਰ ਦੀ ਲਪੇਟ 'ਚ ਆ ਕੇ ਜ਼ਖ਼ਮੀ ਹੋ ਗਿਆ। 'ਸਪੋਕਸਮੈਨ' ਨੂੰ ਹੱਡਬੀਤੀ ਸੁਣਾਉਂਦਿਆਂ ਬੂਟਾ ਸਿੰਘ ਨੇ ਦਸਿਆ ਕਿ ਪੁਲਿਸ ਨੇ ਧਰਨੇ ਵਾਲੀ ਥਾਂ ਤੋਂ ਆਪੋ ਅਪਣੇ ਘਰਾਂ ਨੂੰ ਜਾ ਰਹੀਆਂ ਸੰਗਤਾਂ ਨੂੰ ਘੇਰ-ਘੇਰ ਕੇ ਛੱਲੀਆਂ ਵਾਂਗ ਕੁੱਟਿਆ।
ਉਨ੍ਹਾਂ ਦਸਿਆ ਕਿ ਉਸ ਦੀ ਲੱਤ 'ਚ ਗੋਲੀ ਲੱਗਣ ਦੇ ਬਾਵਜੂਦ ਉਹ ਅਪਣੇ ਜਾਣਕਾਰ ਨਾਲ ਮੋਢੇ ਦੇ ਸਹਾਰੇ ਜਾ ਰਿਹਾ ਸੀ ਕਿ ਪੁਲਿਸ ਨੇ ਧਰਨੇ ਵਾਲੀ ਥਾਂ ਤੋਂ ਕਾਫ਼ੀ ਦੂਰ ਇਕ ਵਾਰ ਫਿਰ ਉਸ ਨੂੰ ਘੇਰ ਕੇ ਡਾਂਗਾਂ ਦਾ ਮੀਂਹ ਵਰ੍ਹਾ ਦਿਤਾ। ਇਥੇ ਹੀ ਬੱਸ ਨਹੀਂ ਲੱਤ 'ਚ ਵੱਜੀ ਗੋਲੀ ਕਢਾਉਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਗਏ ਤਾਂ ਡਾਕਟਰਾਂ ਨੇ ਇਲਾਜ ਕਰਨ ਤੋਂ ਇਨਕਾਰ ਕਰ ਦਿਤਾ। ਮਾਪਿਆਂ ਨੇ ਤੁਰਤ ਬਠਿੰਡਾ ਦੇ ਸਿਵਲ ਹਸਪਤਾਲ ਅਤੇ ਮੈਕਸ 'ਚ ਡਾਕਟਰਾਂ ਨੂੰ ਗੋਲੀ ਲੱਤ 'ਚੋਂ ਕੱਢਣ ਦੀ ਬੇਨਤੀ ਕੀਤੀ ਤਾਂ ਉਕਤ ਹਸਪਤਾਲਾਂ 'ਚ ਬੂਟਾ ਸਿੰਘ ਦਾ ਇਲਾਜ ਪੁਲਿਸ ਨੇ ਨਾ ਹੋਣ ਦਿਤਾ।
ਲੱਤ ਸੁੰਨ ਹੋ ਗਈ, ਤਕਲੀਫ਼ ਵੱਧਦੀ ਦੇਖ ਕੇ ਮਾਪਿਆਂ ਨੇ ਮੁਕਤਸਰ ਦੇ ਇਕ ਨਿਜੀ ਹਸਪਤਾਲ 'ਚੋਂ ਇਲਾਜ ਕਰਵਾ ਕੇ ਲੱਤ 'ਚੋਂ ਗੋਲੀ ਕਢਵਾਈ ਜੋ ਬੂਟਾ ਸਿੰਘ ਅੱਜ ਵੀ ਸਾਂਭੀ ਬੈਠਾ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦਸਿਆ ਕਿ ਪਰਵਾਰ 'ਚ ਐਨਾ ਡਰ, ਸਹਿਮ ਅਤੇ ਦਹਿਸ਼ਤ ਦਾ ਮਾਹੌਲ ਸੀ ਕਿ ਪੁਲਿਸ ਦੇ ਖ਼ੌਫ਼ ਕਾਰਨ ਉਹ ਜਸਟਿਸ ਜ਼ੋਰਾ ਸਿੰਘ ਕਮਿਸ਼ਨ, ਜਸਟਿਸ ਕਾਟਜੂ ਕਮਿਸ਼ਨ ਜਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਪੇਸ਼ ਹੋਣ ਦੀ ਜੁਰਅੱਤ ਨਾ ਕਰ ਸਕੇ।
ਪਤਾ ਲੱਗਾ ਹੈ ਕਿ ਇਸ ਇਲਾਕੇ 'ਚ ਦਰਜਨਾਂ ਹੋਰ ਅਜਿਹੇ ਪੀੜਤ ਹਨ, ਜੋ ਨਿਰਾਸ਼ ਹੋਣ ਕਾਰਨ ਜਾਂਚ ਕਮਿਸ਼ਨਾਂ ਮੂਹਰੇ ਪੇਸ਼ ਨਾ ਹੋ ਸਕੇ। ਪੀੜਤ ਬੂਟਾ ਸਿੰਘ, ਉਸ ਦੀ ਭੈਣ ਕਰਮਜੀਤ ਕੌਰ ਅਤੇ ਪਿਤਾ ਬਲਵਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਬੂਤਾਂ ਸਮੇਤ ਪੁਲਿਸ ਵਲੋਂ ਕੀਤੇ ਤਸ਼ੱਦਦ ਦਾ ਸਾਰਾ ਬਿਊਰਾ ਲੈਣ ਦਾ ਇਕ ਮੌਕਾ ਜ਼ਰੂਰ ਦੇਣ?