
ਪੂਰਨ ਸਿੰਘ ਤੇ ਇਕਬਾਲ ਸਿੰਘ ਨੇ ਕਿਉਂ ਕਿਹਾ, ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ?
ਕੋਟਕਪੂਰਾ (ਗੁਰਿੰਦਰ ਸਿੰਘ) : ਸਿੱਖ ਧਰਮ ਸੰਪਰਦਾਇਕ ਨਹੀਂ ਹੈ ਪਰ ਫਿਰ ਵੀ ਦਿਨ-ਬ-ਦਿਨ ਇਸ 'ਚ ਬਿਪਰਵਾਦੀ ਸੰਪਰਦਾਇਕਤਾ ਦਾ ਪ੍ਰਭਾਵ ਵੱਧ ਰਿਹਾ ਹੈ, ਜੋ ਸਿੱਖੀ ਦੀ ਵਿਚਾਰਧਾਰਕ ਨਿਰਮਲਤਾ ਤੇ ਨਿਆਰੇਪਣ ਨੂੰ ਗੰਧਲਾ ਕਰ ਰਿਹਾ ਹੈ। ਖ਼ਾਲਸਾਈ ਤਖ਼ਤਾਂ ਦੇ ਜਥੇਦਾਰ ਰਹੇ ਗਿਆਨੀ ਪੂਰਨ ਸਿੰਘ ਤੇ ਗਿਆਨੀ ਇਕਬਾਲ ਸਿੰਘ ਹੁਰਾਂ ਵਲੋਂ ਬਾਬੇ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੂੰ ਲਵ-ਕੁਸ਼ ਦੀ ਸੰਤਾਨ ਕਹਿਣਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ 'ਗੋਬਿੰਦ ਰਮਾਇਣ' ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਦਸਣਾ ਉਪਰੋਕਤ ਪ੍ਰਭਾਵ ਦੇ ਪ੍ਰਤੱਖ ਪ੍ਰਮਾਣ ਹਨ।
SGPC
ਸਿੱਖ ਚਿੰਤਕ ਮੰਨਦੇ ਹਨ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਤਕ ਸ਼੍ਰੋਮਣੀ ਕਮੇਟੀ ਅਤੇ ਗਿ. ਗੁਰਬਚਨ ਸਿੰਘ ਤਕ ਅਕਾਲ ਤਖ਼ਤ ਸਾਹਿਬ 'ਤੇ ਸੰਪਰਦਾਈ ਸੋਚ ਦਾ ਪ੍ਰਛਾਵਾਂ ਤਾਂ ਭਾਵੇਂ ਪੈਂਦਾ ਰਿਹਾ ਪਰ ਫਿਰ ਵੀ ਇਹ ਦੋਵੇਂ ਸੰਸਥਾਵਾਂ ਕਿਸੇ ਹੱਦ ਤਕ ਉਸ ਦੇ ਸੰਪੂਰਨ ਕਬਜ਼ੇ ਤੋਂ ਬਚੀਆਂ ਰਹੀਆਂ ਪਰ ਜਿਸ ਢੰਗ ਨਾਲ ਹੁਣ ਫ਼ੈਸਲੇ ਹੋ ਰਹੇ ਹਨ, ਉਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਜਥੇਦਾਰ ਗਿ. ਹਰਪ੍ਰੀਤ ਸਿੰਘ ਸਿੱਖੀ 'ਤੇ ਸੰਪਰਦਾਇਕਤਾ ਦੀ ਕਾਠੀ ਪਾਉਣ ਵਾਲੀ ਵੱਡੀ ਭੁੱਲ ਕਰ ਰਹੇ ਹਨ, ਜੋ ਸਮੂਹ ਪੰਥਦਰਦੀਆਂ ਲਈ ਚਿੰਤਾਜਨਕ ਹੈ।
Giani Harpreet Singh
ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਫ਼ੈਸਲਿਆਂ ਦੇ ਪ੍ਰਤੀਕਰਮ ਵਜੋਂ ਕਿਹਾ ਕਿ ਡੇਰਾ ਚੌਕ ਮਹਿਤਾ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਨੇ ਭਾਈ ਰਣਜੀਤ ਸਿੰਘ ਢਡਰੀਆਂਵਾਲੇ ਨਾਲ ਜੋ ਭਰਾ ਮਾਰੂ ਹਿੰਸਕ ਵਿਵਾਦ ਛੇੜਿਆ ਹੈ, ਉਸ ਦੇ ਪਿਛੋਕੜ 'ਚ ਵੀ ਸੰਪਰਦਾਈ ਸੋਚ ਹੈ ਜਿਸ ਨੂੰ ਇਤਰਾਜ਼ ਹੈ ਕਿ ਢਡਰੀਆਂਵਾਲਾ ਡੇਰੇਦਾਰਾਂ ਦੀ ਸੰਪਰਦਾਈ ਮਰਿਆਦਾ ਤੋਂ ਬਾਗ਼ੀ ਹੋ ਕੇ ਸਰਬਸਾਂਝੀ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਅਤੇ ਪੌਰਾਣਿਕ ਵਿਚਾਰਧਾਰਾ ਤੋਂ ਮੁਕਤ ਪ੍ਰਚਾਰਕ ਕਿਉਂ ਬਣ ਗਿਆ ਹੈ?
Harnam Singh Dhumma
ਉਸ ਨਾਲ ਰੱਬੀ ਹੋਂਦ ਦੀ ਜੋਤਿ ਸਰੂਪ ਚੇਤੰਨ-ਸੱਤਾ ਸਬੰਧੀ ਕੁੱਝ ਵੱਡੇ ਵਿਚਾਰਧਾਰਕ ਮਤਭੇਦ ਹੋਣ ਦੇ ਬਾਵਜੂਦ ਵੀ ਸਾਡਾ ਵਿਸ਼ਵਾਸ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੱਤਾਧਾਰੀ ਤੇ ਸੰਪਰਦਾਈ ਦਬਾਅ ਹੇਠ ਢਡਰੀਆਂਵਾਲੇ ਨਾਲ ਸੰਵਾਦ ਰਚਾਉਣ ਲਈ ਜੋ ਢੰਗ ਅਪਣਾਇਆ ਹੈ, ਉਸ 'ਚ ਨਿਆਂਕਾਰੀ ਸੁਹਿਰਦਤਾ ਤੇ ਨਿਰਪੱਖਤਾ ਦੀ ਘਾਟ ਰੜਕਦੀ ਹੈ।
Jagtar Singh Jachak
ਗਿਆਨੀ ਜਾਚਕ ਮੁਤਾਬਕ ਚਾਹੀਦਾ ਤਾਂ ਇਹ ਸੀ ਕਿ 'ਜਥੇਦਾਰ' ਵਲੋਂ ਢਡਰੀਆਂਵਾਲੇ ਨੂੰ ਸਪੱਸ਼ਟੀਕਰਨ ਲਈ ਸੱਦਣ ਤੋਂ ਪਹਿਲਾਂ ਧੁੰਮੇ ਦੇ ਕਾਤਲਾਨਾ ਹਮਲੇ ਦੀ ਨਿਖੇਧੀ ਕਰ ਕੇ ਉਸ ਨੂੰ ਪੰਥ ਪਾਸੋਂ ਮਾਫ਼ੀ ਮੰਗਣ ਲਈ ਮਜਬੂਰ ਕਰਦੇ ਪਰ ਅਫ਼ਸੋਸ ਕਿ 'ਜਥੇਦਾਰ' ਇਸ ਪੱਖੋਂ ਚੁੱਪ ਰਹਿ ਕੇ ਉਸ ਸੰਪਰਦਾ ਦੇ ਮੋਢੀਆਂ ਦੀਆਂ ਗ਼ਲਤ ਬਿਆਨੀਆਂ ਨੂੰ ਛਪਾਉਣ ਲਈ ਗਿਆਨੀ ਇਕਬਾਲ ਸਿੰਘ ਪਾਸੋਂ ਸਪੱਸ਼ਟੀਕਰਨ ਮੰਗਣ ਤੋਂ ਵੀ ਪਾਸਾ ਵੱਟ ਗਏ।
Ranjit Singh DhadrianWale
ਗਿਆਨੀ ਜਾਚਕ ਨੇ ਦਾਅਵਾ ਕੀਤਾ ਕਿ ਸਿੱਖ ਕੌਮ ਨਾਲ ਹੁਣ ਦੂਜਾ ਵੱਡਾ ਧ੍ਰੋਹ ਇਹ ਕਮਾਇਆ ਜਾ ਰਿਹਾ ਹੈ ਕਿ ਦਲ ਖ਼ਾਲਸਾ ਦੇ ਬਾਨੀ ਤੇ ਸਾਂਝੀ ਪੰਥਕ ਮਰਿਆਦਾ ਦੇ ਮੁਦਈ ਭਾਈ ਗਜਿੰਦਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਤੋਂ 'ਪੰਥ ਸੇਵਕ' ਦਾ ਸਨਮਾਨ ਦੇਣ ਦੇ ਪ੍ਰਸ਼ੰਸਕ ਪਰਦੇ ਹੇਠ ਬਿਪਰਵਾਦੀ ਸਾਜ਼ਸ਼ ਦਾ ਸ਼ਿਕਾਰ ਹੋਏ ਉਨ੍ਹਾਂ ਸੰਪਰਦਾਈ ਆਗੂਆਂ ਅਤੇ ਟੀਕਾਕਾਰੀ ਰਾਹੀਂ ਬਚਿਤ੍ਰਨਾਟਕੀ ਰਚਨਾਵਾਂ ਨੂੰ ਗੁਰਬਾਣੀ ਸਿੱਧ ਕਰਨ ਵਾਲੇ ਲਿਖਾਰੀਆਂ ਨੂੰ 'ਪੰਥ ਰਤਨ' 'ਗੁਰਮਤਿ ਮਾਰਤੰਡ' ਤੇ 'ਕੌਮੀ ਚਿੰਤਕ' ਵਰਗੇ ਸਨਮਾਨਤ ਪਦਾਂ ਨਾਲ ਨਿਵਾਜਿਆ ਜਾ ਰਿਹਾ ਹੈ, ਜਿਹੜੇ ਉਸ ਜਲਾਵਤਨੀ ਆਗੂ ਦੀ ਪੰਥਕ ਵਿਚਾਰਧਾਰਾ ਦੇ ਵਿਪਰੀਤ ਅਖੌਤੀ ਸੰਤ-ਸਮਾਜ ਦੀ ਵਖਰੀ ਤੇ ਗੁਰਮਤਿ ਵਿਰੋਧੀ ਮਰਿਆਦਾ ਦੇ ਮੋਢੀ ਹਨ। ਜਿਹੜੇ ਉਪਰੋਕਤ ਕਿਸਮ ਦੇ ਤਾਂਤਰਿਕ ਤੇ ਪੌਰਾਣਿਕ ਮਤੀ ਗ੍ਰੰਥਾਂ ਨੂੰ ਗੁਰਬਾਣੀ ਦਾ ਦਰਜਾ ਦੇ ਕੇ ਸਿੱਖੀ ਦੇ ਭਗਵੇਂਕਰਨ ਲਈ ਪੰਥ ਵਿਰੋਧੀ ਸ਼ਕਤੀਆਂ ਦਾ ਹੱਥ-ਠੋਕਾ ਬਣ ਰਹੇ ਹਨ।