
ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਸ਼੍ਰੋਮਣੀ ਕਮੇਟੀ ਉੱਤੇ ਸਵਾਲ ਚੁੱਕਦੇ ਹੋਏ ਕਹਿੰਦੇ ਹਨ ਕਿ ਆਖ਼ਿਰ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਦਾ ਪ੍ਰਚਾਰ ਕਿਉਂ ਘਟਿਆ?
ਅੰਮ੍ਰਿਤਸਰ - ਪੰਜਾਬ 'ਚ ਧਰਮ ਪਰਿਵਰਤਨ ਦਾ ਮਸਲਾ ਧਾਰਮਿਕ ਹੈ ਪਰ ਇਸ ਨੂੰ ਸਿਆਸੀ ਰੰਗਤ ਵੀ ਚੜ੍ਹਦੀ ਜਾ ਰਹੀ ਹੀ। ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਬਿਆਨਬਾਜ਼ੀਆਂ, ਤਰਨਤਾਰਨ ਦੇ ਪੱਟੀ ਨੇੜਲੇ ਪਿੰਡ ਠੱਕਰਪੁਰਾ ਵਿਖੇ ਚਰਚ ਦੀ ਭੰਨਤੋੜ, ਜੰਡਿਆਲਾ ਦੇ ਪਿੰਡ ਡੱਡੂਆਣਾ ਵਿਖੇ ਈਸਾਈਆਂ ਤੇ ਸਿੱਖਾਂ ਦਾ ਟਕਰਾਅ ਇਸੇ ਘਟਨਾਕ੍ਰਮ ਦੀਆਂ ਲੜੀਆਂ ਹਨ।
ਆਖ਼ਿਰ ਪੰਜਾਬ ਦੀ ਧਰਤੀ ਜਿਸ ਕੋਲ ਮਹਾਨ ਸਿੱਖ ਗੁਰੂ ਸਾਹਿਬਾਨਾਂ, ਗਿਆਨਵਾਨ ਗੁਰਸਿੱਖਾਂ, ਸ਼ਹੀਦਾਂ ਅਤੇ ਸੂਰਬੀਰਾਂ ਦਾ ਕੁਰਬਾਨੀਆਂ ਭਰਿਆ ਅਤੇ 550 ਸਾਲ ਤੋਂ ਪੁਰਾਣਾ ਬੇਮਿਸਾਲ ਇਤਿਹਾਸ ਹੋਵੇ, ਉਸ ਧਰਤੀ 'ਤੇ ਅਚਾਨਕ ਧਰਮ ਪਰਿਵਾਰਤ ਦੀ ਇੱਕ ਵੱਖਰੀ ਹੀ ਹਵਾ ਦਾ ਵਗਣਾ ਅਤੇ ਇਸ ਦਾ ਧਾਰਮਿਕ ਤੇ ਸਿਆਸੀ ਜਗਤ 'ਚ ਹਲਚਲ ਪੈਦਾ ਕਰ ਦੇਣ ਦੇ ਮਾਇਨੇ ਕੀ ਨਿੱਕਲਦੇ ਹਨ। ਐੱਸ.ਜੀ.ਪੀ.ਸੀ. ਵਰਗੀ ਸੰਸਥਾ ਜੋ ਇੱਕ ਨਿੱਜੀ ਅਦਾਰੇ ਵਜੋਂ ਸੰਸਾਰ ਭਰ 'ਚ ਆਪਣਾ ਇੱਕ ਮੁਕਾਮ ਰੱਖਦੀ ਹੋਵੇ, ਕਰੋੜਾਂ ਅਰਬਾਂ ਰੁਪਿਆਂ ਦਾ ਜਿਸ ਕੋਲ ਸਾਲਾਨਾ ਬਜਟ ਹੋਵੇ, ਉਸ ਦੇ ਧਰਮ ਪ੍ਰਚਾਰ ਦੇ ਮੁਕਾਬਲੇ ਈਸਾਈਆਂ ਦਾ ਆਪਣੇ ਪ੍ਰਚਾਰ ਨਾਲ ਪੂਰੇ ਸਿੱਖ ਜਗਤ ਦੇ ਧਾਰਮਿਕ ਢਾਂਚੇ ਨੂੰ ਹਿਲਾ ਦੇਣਾ ਸ਼੍ਰੋਮਣੀ ਕਮੇਟੀ ਦੀ ਆਪਣੀ ਜ਼ਿੰਮੇਵਾਰੀ 'ਚ ਨਾਕਾਮੀ ਹੋਣ ਦੀ ਗਵਾਹੀ ਦਿੰਦਾ ਹੈ।
ਸਿੱਖ ਸਕਾਲਰ ਡਾ. ਗੁਰਦਰਸ਼ਨ ਸਿੰਘ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਅਰੰਭ ਹੋਏ ਸਿੱਖ ਧਰਮ ਦਾ ਅੱਜ ਕਰੋੜਾਂ ਦੀ ਗਿਣਤੀ 'ਚ ਪੂਰੇ ਜਗਤ 'ਚ ਫ਼ੈਲ ਜਾਣ ਦਾ ਇੱਥੇ ਤੱਕ ਪਹੁੰਚਣ ਦਾ ਆਧਾਰ ਹੈ ਸਿੱਖ ਗੁਰੂਆਂ ਦਾ ਆਚਾਰ ਤੇ ਕਿਰਦਾਰ 'ਚ ਸਰਬੋਤਮ ਹੋਣਾ। ਗੁਰੂ ਸਾਹਿਬਾਨਾਂ ਦੇ ਜੀਵਨ ਦਾ ਸਮਾਂ, ਉਸ ਤੋਂ ਬਾਅਦ ਮਿਸਲਾਂ ਅਤੇ ਫ਼ੇਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਸ ਸਮੇਂ ਰਾਜ ਸੱਤਾ ਹੋਣ ਦੇ ਬਾਵਜੂਦ ਕਿਸੇ ਗ਼ੈਰ-ਸਿੱਖ ਨੂੰ ਕਿਸੇ ਵੀ ਤਰੀਕੇ ਨਾਲ ਧਰਮ ਪਰਿਵਰਤਨ ਲਈ ਮਜਬੂਰ ਨਹੀਂ ਕੀਤਾ ਗਿਆ। ਸਿੱਖ ਧਰਮ ਦਾ ਪ੍ਰਚਾਰ ਹੋਇਆ ਲੋਕਾਂ ਵੱਲੋਂ ਸਿੱਖ ਲੀਡਰਸ਼ਿਪ ਦੇ ਕਿਰਦਾਰ ਤੋਂ ਮਿਲੀ ਪ੍ਰੇਰਨਾ ਨਾਲ। ਡਾ. ਸਾਹਿਬ ਦਾ ਕਹਿਣਾ ਹੈ ਕਿ ਅੱਜ ਦਾ ਪ੍ਰਚਾਰਕ ਜਿਸ ਗੱਲ ਦਾ ਪ੍ਰਚਾਰ ਕਰਦਾ ਹੈ, ਉਸ ਦਾ ਆਪਣਾ ਜਿਉਣਾ ਹੀ ਕਥਨੀ ਤੇ ਕਰਨੀ ਨਾਲ ਮੇਲ ਨਹੀਂ ਖਾਂਦਾ। ਖ਼ੁਦ ਨੂੰ ਸਿੱਖ ਕੌਮ ਦੇ ਪ੍ਰਤੀਨਿਧੀ ਹੋਣ ਦਾ ਦਾਅਵਾ ਕਰਦੇ ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਡਾ. ਸਾਬ੍ਹ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਗੱਲਾਂ ਬਹੁਤ ਵੱਡੀਆਂ ਕਰਦੇ ਹਨ, ਪਰ ਉਹਨਾਂ ਦਾ ਆਪਣਾ ਜਿਉਣਾ ਬਿਲਕੁਲ ਵੱਖਰਾ ਹੈ।
ਧਰਮ ਪਰਿਵਰਤਨ ਦੇ ਮਸਲੇ ਸਿਆਸੀ ਰੰਗਤ ਚੜ੍ਹੇ ਹੋਣ ਦਾ ਕਥਨ ਨਿਰਾਧਾਰ ਨਹੀਂ। ਇਸ ਦੇ ਤੱਥ ਆਧਾਰਿਤ ਕਾਰਨ ਹਨ। ਜੱਥੇਦਾਰਾਂ ਦਾ ਬਾਦਲਾਂ ਦੀ ਜੇਬ 'ਚੋਂ ਨਿੱਕਲਣਾ, ਬਾਦਲ ਪਰਿਵਾਰ ਦੇ ਖਾਸਮ-ਖ਼ਾਸ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ, ਸ਼੍ਰੋਮਣੀ ਕਮੇਟੀ ਦਾ ਬਾਦਲ ਪਰਿਵਾਰ ਅਤੇ ਬਾਕੀ ਸਿਆਸਤਦਾਨਾਂ ਪ੍ਰਤੀ ਵੱਖੋ-ਵੱਖਰੇ ਕਿਸਮ ਦਾ ਵਰਤਾਰਾ, ਸ਼੍ਰੋਮਣੀ ਅਕਾਲੀ ਦਲ ਦੇ ਸਟਾਫ਼, ਬੁਨਿਆਦੀ ਢਾਂਚੇ ਅਤੇ ਕਾਰਜਸ਼ੈਲੀ ਦਾ ਬਾਦਲ ਪਰਿਵਾਰ ਦੀਆਂ ਸਿਆਸੀ ਲੋੜਾਂ ਦੀ ਪੂਰਤੀ ਲਈ ਭੁਗਤਣਾ ਵਾਰ-ਵਾਰ ਇਹ ਦਰਸਾ ਜਾਂਦਾ ਹੈ ਕਿ ਇਸ ਧਾਰਮਿਕ ਸੰਸਥਾ ਦੀ ਡੋਰੀ ਸਿਆਸਤਦਾਨਾਂ ਦੇ ਹੱਥਾਂ 'ਚ ਹੈ, ਅਤੇ ਇਸ ਬਾਰੇ ਸਿਆਸੀ ਪ੍ਰੀਤਿਕਿਰਿਆਵਾਂ ਆਉਣੀਆਂ ਸੁਭਾਵਿਕ ਹਨ।
ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਸ਼੍ਰੋਮਣੀ ਕਮੇਟੀ ਉੱਤੇ ਸਵਾਲ ਚੁੱਕਦੇ ਹੋਏ ਕਹਿੰਦੇ ਹਨ ਕਿ ਆਖ਼ਿਰ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਦਾ ਪ੍ਰਚਾਰ ਕਿਉਂ ਘਟਿਆ? ਕਿਉਂ ਕਿ ਕਮੇਟੀ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਕਾਰਜ ਕਰਨ ਦੀ ਬਜਾਏ ਬਾਦਲ ਪਰਿਵਾਰ ਦੀਆਂ ਰੈਲੀਆਂ ਅਤੇ ਸਿਆਸੀ ਖ਼ਜ਼ਾਨੇ ਭਰਨ ਤੱਕ ਸੀਮਤ ਹੋ ਗਈ। ਅਜਿਹਾ ਹੀ ਬਿਆਨ ਇੱਕ ਹੋਰ ਕਾਂਗਰਸੀ ਆਗੂ ਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦਾ ਧਰਮ ਪਰਿਵਰਤਨ ਕਰਨਾ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਕਮੀ ਹੈ।
ਅਜੋਕੀ ਸਿੱਖ ਲੀਡਰਸ਼ਿਪ ਦੇ ਆਚਾਰ ਤੇ ਕਿਰਦਾਰ ਬਾਰੇ ਡਾ. ਗੁਰਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਸਿੱਖੀ ਇਸ ਕਰਕੇ ਕਮਜ਼ੋਰ ਹੋਈ ਕਿਉਂ ਕਿ ਅੱਜ ਦੀ ਸਿੱਖ ਲੀਡਰਸ਼ਿਪ ਦਾ ਕਿਰਦਾਰ ਕਮਜ਼ੋਰ ਹੋ ਗਿਆ ਹੈ। ਉਹ ਜ਼ਾਤ, ਪਰਿਵਾਰ, ਪੈਸੇ ਅਤੇ ਆਪਣੇ ਨਿੱਜੀ ਸਰਮਾਏ ਤੱਕ ਸੀਮਤ ਹਨ। ਗੱਲਾਂ ਭਾਵੇਂ ਸਿੱਖੀ ਦੀਆਂ, ਸਰਬੱਤ ਦੇ ਭਲੇ ਦੀਆਂ, ਸਿੱਖ ਇਤਿਹਾਸ ਦੀਆਂ ਕਰਨ ਪਰ ਅਸਲ 'ਚ ਉਹਨਾਂ ਦਾ ਆਪਣਾ ਆਪ ਸੁਆਰਥ ਤੇ ਪਰਿਵਾਰਵਾਦ ਤੱਕ ਸੀਮਤ ਹੋ ਚੁੱਕਿਆ ਹੈ।
ਜਿੱਥੇ ਧਰਮ ਪਰਿਵਰਤਨ ਦੇ ਮਸਲੇ ਦੇ ਹੱਲ ਦੀ ਗੱਲ ਹੈ, ਟਕਰਾਅ ਨਾਲ ਇਸ ਦੇ ਹੱਲ ਦੀ ਨਾ ਤਾਂ ਸਿੱਖ ਫ਼ਲਸਫ਼ਾ ਇਜਾਜ਼ਤ ਦਿੰਦਾ ਹੈ, ਅਤੇ ਨਾ ਹੀ ਦੇਸ਼ ਦਾ ਕਨੂੰਨ ਤੇ ਲੋਕਤੰਤਰ। ਹਾਲਾਂਕਿ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ ਬਿਆਨਾਂ ਨਾਲ ਖ਼ੁਦ ਦਾ ਅਤੇ ਸ਼੍ਰੋਮਣੀ ਕਮੇਟੀ ਦਾ ਬਚਾਅ ਕਰਨ 'ਚ ਕੋਈ ਕਮੀ ਨਹੀਂ ਛੱਡਦੇ। ਜੱਥੇਦਾਰ ਜੀ ਨੇ ਸਿੱਖ ਕੌਮ ਨੂੰ ਧਰਮ ਪਰਿਵਰਤਣ ਰੋਕੂ ਕਨੂੰਨ 'ਤੇ ਵਿਚਾਰ ਕਰਨ ਦਾ ਸੱਦਾ ਵੀ ਦੇ ਦਿੱਤਾ, ਅਤੇ 'ਕਾਰਵਾਈ' ਨਾ ਕਰਨ ਦਾ ਇਲਜ਼ਾਮ 'ਸਰਕਾਰ' ਸਿਰ ਮੜ੍ਹ ਦਿੱਤਾ।
ਹਾਲਾਂਕਿ ਉਹਨਾਂ ਇਸ ਬਾਰੇ ਨਹੀਂ ਦੱਸਿਆ ਕਿ ਬਹੁ-ਭਾਂਤੀ ਧਾਰਮਿਕ ਵਿਰਾਸਤਾਂ ਨਾਲ ਭਰੇ ਭਾਰਤ ਦੇ ਲੋਕਤੰਤਰ 'ਚ ਇਸ ਦਾ ਕੀ ਵਿਧਾਨ ਹੈ ਜਾਂ ਇਸ ਦੇ ਅਮਲ 'ਚ ਲਿਆਂਦੇ ਜਾਣ ਦੀਆਂ ਕੀ ਸੰਭਾਵਨਾਵਾਂ ਹਨ। ਪਰ ਕੀ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ 'ਮਾਨਸਿਕ ਰੋਗੀ', 'ਲੋਭੀ' ਅਤੇ ਈਸਾਈ ਪ੍ਰਚਾਰਕਾਂ ਨੂੰ ਗ਼ਲਤ ਕਹਿ ਕੇ ਸ਼੍ਰੋਮਣੀ ਕਮੇਟੀ ਅਤੇ ਜੱਥੇਦਾਰ ਇਸ ਮਾਮਲੇ 'ਚ ਬਰੀ ਹੋ ਜਾਂਦੇ ਹਨ? ਜੱਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਸ਼ਾਇਦ ਇਸ ਗੱਲ ਦਾ ਇਲਮ ਹੀ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਬਦਲਾਖੋਰੀ ਦਾ ਸਿਧਾਂਤ ਕਿਤੇ ਹੈ ਹੀ ਨਹੀਂ।
ਸਵਾਲ ਇਹ ਨਹੀਂ ਕਿ ਈਸਾਈਆਂ ਜਾਂ ਡੇਰੇਦਾਰਾਂ ਨੂੰ ਧਰਮ ਪਰਿਵਰਤਨ ਤੋਂ ਰੋਕਿਆ ਕਿਵੇਂ ਜਾਵੇ, ਉਸ ਤੋਂ ਵੱਡੀ ਗੱਲ ਇਹ ਹੈ ਕਿ ਪਰਿਵਰਤਨ ਚੁਣਨ ਵਾਲੇ ਲੋਕਾਂ ਨੂੰ ਸਿੱਖੀ ਨਾਲ ਜੋੜ ਕੇ ਕਿਵੇਂ ਰੱਖਿਆ ਜਾਵੇ। ਡਾ. ਗੁਰਦਰਸ਼ਨ ਸਿੰਘ ਅਨੁਸਾਰ ਲੋੜ ਹੈ ਕਿ ਸਿੱਖ ਕੌਮ ਇੱਕ ਅਜਿਹੀ ਲੀਡਰਸ਼ਿਪ ਲੈ ਕੇ ਆਵੇ ਜੋ ਸਿੱਖੀ ਸਿਧਾਂਤਾਂ 'ਚ ਪ੍ਰਪੱਕ ਹੋਵੇ ਅਤੇ ਜਿਸ ਦੀ ਕਥਨੀ ਅਤੇ ਕਰਨੀ ਇੱਕ ਬਰਾਬਰ ਹੋਵੇ।
ਗੁਜਰਾਤ ਦੰਗਿਆਂ 'ਚ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਈ ਬਿਲਕੀਸ ਬਾਨੋ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਹਰ ਰੋਜ਼ 'ਨਿਓਟਿਆਂ ਦੀ ਓਟ' ਅਤੇ 'ਨਿਆਸਰਿਆਂ ਦਾ ਆਸਰਾ' ਦੀ ਅਰਦਾਸ ਕਰਨ ਵਾਲਿਆਂ ਸਿੱਖ ਜੱਥੇਬੰਦੀਆਂ ਉਸ ਬੇਸਹਾਰਾ ਦੀ ਮਦਦ ਲਈ ਅੱਗੇ ਕਿਉਂ ਨਾ ਆਈਆਂ? ਕੀ ਇਸ ਦਾ ਮਤਲਬ ਇਹ ਨਹੀਂ ਨਿੱਕਲਦਾ ਕਿ ਸਾਡੀਆਂ ਸਿਰਮੌਰ ਸੰਸਥਾਵਾਂ ਨੇ 'ਨਿਓਟਿਆਂ' ਅਤੇ 'ਨਿਆਸਰਿਆਂ' ਨੂੰ ਸਿਰਫ਼ ਕਿਸੇ ਖ਼ਾਸ ਵਰਗ ਜਾਂ ਸਿਰਫ਼ ਸਿੱਖਾਂ ਤੱਕ ਹੀ ਸੀਮਤ ਕਰ ਦਿੱਤਾ ਹੈ?
ਹਰ ਚੇਤੰਨ ਸਿੱਖ ਗੁਰੂ ਚਰਨਾਂ 'ਚ ਅਰਦਾਸ ਕਰਦਾ ਹੈ ਕਿ ਸਾਡੇ ਧਾਰਮਿਕ ਆਗੂ ਸਿਆਸਤ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਣ ਅਤੇ ਉਹਨਾਂ ਨੂੰ ਇਸ ਗੱਲ ਦੀ ਸਮਝ ਆਵੇ ਕਿ ਗੁਰਪੁਰਬ 'ਤੇ 5 ਕਰੋੜ ਰੁਪਏ ਦੇ ਫ਼ੁੱਲ ਸਿੱਖੀ ਦਾ ਪ੍ਰਚਾਰ ਨਹੀਂ, ਬਲਕਿ ਉਹੀ ਦਿਖਾਵਾ ਤੇ ਪਖੰਡ ਹੈ ਜਿਸ ਤੋਂ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਕੱਢ ਕੇ ਗਏ ਸੀ।