ਇਹ ਨਿਸ਼ਾਨੀ ਹੈ ਪੰਜਾਬ ਦੇ ਕਿਸੇ ਦਿਲਦਾਰ ਦੀ
Published : Sep 1, 2024, 12:33 pm IST
Updated : Sep 1, 2024, 12:33 pm IST
SHARE ARTICLE
Maharaja Ranjit Singh was born on 13 November 1780 in a village near Gujranwala
Maharaja Ranjit Singh was born on 13 November 1780 in a village near Gujranwala

ਰੋਪੜ ਜ਼ਿਲ੍ਹੇ ਦੇ ਸਤਲੁਜ ਦਰਿਆ ਕਿਨਾਰੇ ਵਸੇ ਪਿੰਡ ਆਸਰੋਂ ’ਚ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿਚ ਕੀਤੀ ਗਈ ਸਥਾਪਤ

ਗੁਰਮੁਖੀ ਲਿਪੀ ਵਿਚ ਕਿਸੇ ਗੁੰਮਨਾਮ ਲੇਖਕ ਦੀਆਂ ਇਹ ਸਤਰਾਂ ਰੋਪੜ ਜ਼ਿਲ੍ਹੇ ਦੇ ਸਤਲੁਜ ਦਰਿਆ ਕਿਨਾਰੇ ਵਸੇ ਪਿੰਡ ਆਸਰੋਂ ’ਚ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿਚ ਸਥਾਪਤ ਕੀਤੀ ਗਈ ਪੱਥਰ ਦੀ ਇਕ ਸਿੱਲ ’ਤੇ ਲਿਖੀਆਂ ਹੋਈਆਂ ਹਨ। ਇਨ੍ਹਾਂ ਸਤਰਾਂ ਦੀ ਇਬਾਰਤ ਪੰਜਾਬ ਦੇ ਉਸ ਹੁਕਮਰਾਨ ਦੀ ਯਾਦ ਦਿਵਾਉਂਦੀ ਹੈ ਜਿਸ ਨੂੰ ‘ਸ਼ੇਰੇ ਪੰਜਾਬ’ ਦਾ ਨਾਂ ਦਿਤਾ ਗਿਆ ਹੈ।

ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਅਣਵੰਡੇ ਪੰਜਾਬ ਦੇ ਗੁਜਰਾਂਵਾਲਾ (ਮੌਜੂਦਾ ਸਮੇਂ ਪਾਕਿਸਤਾਨ) ਦੇ ਨੇੜੇ ਇਕ ਪਿੰਡ ਵਿਚ ਸਰਦਾਰ ਮਹਾਂ ਸਿੰਘ ਸ਼ੁਕਰਚਕੀਆ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ। ਇਹ ਉਹ ਇਤਿਹਾਸਕ ਦੌਰ ਸੀ ਜਦੋਂ ਮੁਗ਼ਲ ਹਕੂਮਤ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਜੰਗਜੂ ਸਿੱਖ ਸਰਦਾਰ ਛੋਟੇ-ਛੋਟੇ ਜਥਿਆਂ ਵਿਚ ਲਾਮਬੰਦ ਹੋ ਚੁਕੇ ਸਨ। ਇਨ੍ਹਾਂ ਜੱਥਿਆਂ ਨੂੰ ਮਿਸਲਾਂ ਆਖਿਆ ਜਾਂਦਾ ਸੀ। ਸਰਦਾਰ ਮਹਾਂ ਸਿੰਘ ਇਨ੍ਹਾਂ ’ਚੋਂ ਹੀ ਇਕ ਮਿਸਲ ਦੇ ਮੁਖੀ ਸਨ ਜਿਹੜੀ ਕਿ ਸ਼ੁਕਰਚਕੀਆ ਮਿਸਲ ਦੇ ਨਾਂ ਨਾਲ ਜਾਣੀ ਜਾਂਦੀ ਸੀ। ਮੁਗ਼ਲ ਹਕੂਮਤ ਦੇ ਪਤਨ ਦੇ ਨਾਲ-ਨਾਲ ਇਨ੍ਹਾਂ ਮਿਸਲਾਂ ਦੀ ਤਾਕਤ ਵਿਚ ਵਾਧਾ ਹੁੰਦਾ ਗਿਆ ਤੇ ਹੌਲੀ-ਹੌਲੀ ਛੋਟੇ-ਛੋਟੇ ਸਿੱਖ ਰਾਜ ਹੋਂਦ ਵਿਚ ਆਉਣ ਲੱਗ ਪਏ। ਸਰਦਾਰ ਮਹਾਂ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਅੱਲ੍ਹੜ ਉਮਰ ਦੇ ਰਣਜੀਤ ਸਿੰਘ ਨੂੰ ਅਜਿਹਾ ਹੀ ਇਕ ਛੋਟਾ ਜਿਹਾ ਰਾਜ ਵਿਰਾਸਤ ਵਿਚ ਮਿਲਿਆ ਸੀ। ਸਮਾਂ ਪਾ ਕੇ ਅਪਣੀ ਸਿਆਣਪ ਅਤੇ ਤਾਕਤ ਦੇ ਜ਼ੋਰ ਨਾਲ ਉਸ ਨੇ ਇਸ ਛੋਟੇ ਜਿਹੇ ਰਾਜ ਨੂੰ ਹੀ ਪੰਜਾਬ ਨਾਂ ਦੇ ਵਿਸ਼ਾਲ ਸਾਮਰਾਜ ਦੇ ਰੂਪ ਵਿਚ ਸਥਾਪਤ ਕਰ ਦਿਤਾ ਜਿਸ ਦੀਆਂ ਹੱਦਾਂ ਅੰਗਰੇਜ਼ੀ ਕਬਜ਼ੇ ਵਾਲੇ ਹਿੰਦੁਸਤਾਨ, ਚੀਨ ਦੇ ਤਿੱਬਤ ਤੇ ਅਫ਼ਗਾਨਿਸਤਾਨ ਦੇ ਸਰਹੱਦੀ ਸੂਬੇ ਨੂੰ ਜਾ ਛੋਹੰਦੀਆਂ ਸਨ। ਸਦੀਆਂ ਤਕ ਦੱਰਾ ਖ਼ੈਬਰ ਦਾ ਜਿਹੜਾ ਰਾਹ ਅਫ਼ਗ਼ਾਨ ਧਾੜਵੀਆਂ ਦੇ ਪੈਰਾਂ ਹੇਠ ਲਤਾੜੀਂਦਾ ਰਿਹਾ ਉੱਥੇ ਵੀ ਮਹਾਰਾਜੇ ਦੇ ਨਾਂ ਦਾ ਅਜਿਹਾ ਖ਼ੌਫ਼ ਫੈਲਿਆ ਕਿ ਮੁੜ ਕੇ ਉਹ ਧਾੜਵੀ ਕਬੀਲੇ ਪਿਸ਼ਾਵਰ ਤੋਂ ਅੱਗੇ ਦਾ ਰਾਹ ਹੀ ਭੁੱਲ ਗਏ।

ਇਸ ਮੁਕਾਮ ਤਕ ਪਹੁੰਚਣ ਲਈ ਉਸ ਨੂੰ ਰੱਜ ਕੇ ਜੰਗ ਯੁੱਧ ਲੜਨੇ ਪਏ। ਕਈ ਸਿੱਖ ਸਰਦਾਰਾਂ ਨਾਲ ਵੀ ਉਸ ਦਾ ਟਕਰਾਅ ਹੋਇਆ। ਛੋਟੀਆਂ-ਛੋਟੀਆਂ ਰਾਜਕੀ ਇਕਾਈਆਂ ਨੂੰ ਭੰਗ ਕਰ ਕੇ ਉਨ੍ਹਾਂ ਦੇ ਇਲਾਕੇ ਜ਼ਬਰਦਸਤੀ ਅਪਣੇ ਅਧਿਕਾਰ ਖੇਤਰ ਵਿਚ ਸ਼ਾਮਲ ਕੀਤੇ ਤੇ ਇਕ ਅਜਿਹੇ ਰਾਜ ਦੀ ਨੀਂਹ ਰੱਖੀ ਜਿਹੜਾ ਸਮਾਂ ਪਾ ਕੇ ਪੰਜਾਬ ਨਾਂ ਦੇ ਵੱਡੇ ਸਾਮਰਾਜ ਦੇ ਰੂਪ ਵਿਚ ਹੋਂਦ ਵਿਚ ਆ ਗਿਆ। ਭੰਗੀ ਮਿਸਲ ਦੇ ਕਬਜ਼ੇ ਹੇਠਲੇ ਲਾਹੌਰ ’ਤੇ ਫ਼ਤਿਹ ਹਾਸਲ ਕਰਨ ਤੋਂ ਬਾਅਦ ਹੀ ਉਹ ਮਹਾਰਾਜੇ ਦਾ ਖ਼ਿਤਾਬ ਹਾਸਲ ਕਰਨ ’ਚ ਸਫ਼ਲ ਹੋ ਸਕਿਆ। ਇਹ ਵੀ ਇਕ ਕੌੜੀ ਸਚਾਈ ਹੈ ਕਿ ਜੇਕਰ ਉਹ ਇਸ ਤਰ੍ਹਾਂ ਨਾ ਕਰਦਾ ਤਾਂ ਸਾਰੇ ਪਾਸੇ ਦੁਸ਼ਮਣਾਂ ਵਿਚ ਘਿਰੇ ਛੋਟੇ-ਛੋਟੇ ਸਿੱਖ ਰਾਜ ਆਪੋ ਵਿਚ ਲੜ ਲੜ ਕੇ ਹੀ ਖ਼ਤਮ ਹੋ ਜਾਣੇ ਸਨ।

ਸਮਕਾਲੀ ਲਿਖਤਾਂ ਮੁਤਾਬਕ ਮਹਾਰਾਜੇ ਦੇ ਸੁਭਾਅ ਦੀ ਇਹ ਖ਼ਾਸੀਅਤ ਸੀ ਕਿ ਉਸ ਨੇ ਜਿਸ ਵੀ ਰਾਜੇ-ਰਜਵਾੜੇ ਜਾਂ ਮਿਸਲਦਾਰ ਦੇ ਇਲਾਕੇ ’ਤੇ ਕਬਜ਼ਾ ਕੀਤਾ ਉਸ ਦੇ ਨਾਂ ’ਤੇ ਚੰਗੀ ਚੋਖੀ ਜਗੀਰ ਲਾ ਦਿਤੀ। ਇਸ ਤਰ੍ਹਾਂ ਉਨ੍ਹਾਂ ਦਾ ਆਰਾਮ ਨਾਲ ਗੁਜ਼ਾਰਾ ਹੁੰਦਾ ਰਿਹਾ ਤੇ ਮਹਾਰਾਜੇ ਦੇ ਜਿਉਂਦਿਆਂ ਕਦੇ ਕੋਈ ਬਗ਼ਾਵਤ ਦੀ ਸੁਰ ਨਹੀਂ ਉਠੀ। ਅਪਣੇ ਪੰਜਾਹ ਵਰਿ੍ਹਆਂ ਦੇ ਰਾਜਕਾਲ ਵਿਚ ਉਸ ਨੇ ਆਮ ਮੁਜਰਮਾਂ ਦੀ ਗੱਲ ਤਾਂ ਕਿਤੇ ਰਹੀ ਅਪਣੇ ਕੱਟੜ ਤੋਂ ਕੱਟੜ ਵਿਰੋਧੀ ਨੂੰ ਵੀ ਕਦੇ ਮੌਤ ਦੀ ਸਜ਼ਾ ਨਹੀਂ ਸੀ ਦਿਤੀ।

ਉਸ ਦੌਰ ਵਿਚ ਜਦੋਂ ਅਜੇ ਪਰਜਾ-ਤੰਤਰੀ ਰਾਜਪ੍ਰਬੰਧ ਦੀ ਸ਼ੁਰੂਆਤ ਵੀ ਨਹੀਂ ਹੋਈ ਸੀ, ਉਸ ਦੇ ਰਾਜ ਵਿਚ ਬਿਨਾਂ ਕਿਸੇ ਵਿਤਕਰੇ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਹਾਸਲ ਸਨ। ਹਰ ਕਿਸੇ ਨੂੰ ਉਸ ਦੀ ਯੋਗਤਾ ਦੇ ਆਧਾਰ ਉਤੇ ਰਾਜਕੀ ਸੇਵਾਵਾਂ ਵਿਚ ਸ਼ਾਮਲ ਹੋਣ ਦਾ ਹੱਕ ਸੀ। ਇਨ੍ਹਾਂ ਹੀ ਗੁਣਾਂ ਦੇ ਕਾਰਨ ਉਹ ਅਪਣੀ ਪਰਜਾ ਵਿਚ ਸ਼ੇਰੇ ਪੰਜਾਬ ਦੇ ਨਾਂ ਨਾਲ ਮਸ਼ਹੂਰ ਹੋਇਆ ਸੀ। ਇਹੀ ਨਹੀਂ ਸਗੋਂ ਉਸ ਦੀ ਫ਼ੌਜ ਵਿਚ ਸਿੱਖ, ਹਿੰਦੂ ਅਤੇ ਮੁਸਲਮਾਨਾਂ ਦੇ ਨਾਲ-ਨਾਲ ਨੈਪੋਲੀਅਨ ਦੀ ਫ਼ੌਜ ਦਾ ਹਿੱਸਾ ਰਹੇ ਵਿਦੇਸ਼ੀ ਜਰਨੈਲ ਵੀ ਸ਼ਾਮਲ ਸਨ। ਅਪਣੇ ਸਮੇਂ ਵਿਚ ਮਹਾਰਾਜਾ ਪਹਿਲਾ ਅਜਿਹਾ ਸ਼ਾਸਕ ਸੀ ਜਿਸ ਨੇ ਅਪਣੀ ਫ਼ੌਜ ਨੂੰ ਯੂਰਪੀਅਨ ਪੱਧਰ ਦੀ ਉੱਨਤ ਤਕਨੀਕ ਮੁਤਾਬਕ ਜੰਗੀ ਸਿਖਲਾਈ ਮੁਹਈਆ ਕਰਵਾਈ ਸੀ। ਇਹੀ ਕਾਰਨ ਸੀ ਕਿ ਉਸ ਦੇ ਜਿਉਂਦੇ ਜੀਅ ਅੰਗਰੇਜ਼ ਸਰਕਾਰ ਸਤਲੁਜ ਤੋਂ ਪਾਰ ਝਾਕਣ ਦੀ ਦਲੇਰੀ ਨਹੀਂ ਸੀ ਕਰ ਸਕੀ।

ਮਹਾਰਾਜੇ ਦੇ ਜਨਮ ਅਤੇ ਪਰਵਰਿਸ਼ ਦਾ ਸਮਾਂ ਇਤਿਹਾਸ ਵਿਚ ਸਿੱਖਾਂ ਦੇ ਭਿਆਨਕ ਦੌਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਸ ਕਾਲੇ ਦੌਰ ਵਿਚ, ਜਿਸ ਦੇ ਸਿਰ ਤੇ ਕਫ਼ਨ ਤੇ ਹੱਥ ’ਚ ਤਲਵਾਰ ਦੀ ਮੁੱਠ ਹੋਵੇ, ਉਹੀ ਸਿੱਖ ਜੀਵਤ ਰਹਿ ਸਕਦਾ ਸੀ। ਅਜਿਹੇ ਮਾਹੌਲ ਵਿਚ ਉਸ ਨੂੰ ਦੁਨਿਆਵੀ ਸਿਖਿਆ ਹਾਸਲ ਕਰਨ ਦਾ ਮੌਕਾ ਤਾਂ ਨਾ ਮਿਲ ਸਕਿਆ ਪਰ ਉਸ ਨੇ ਜੰਗੀ ਤੌਰ ਤਰੀਕਿਆਂ ਵਿਚ ਅਜਿਹੀ ਮੁਹਾਰਤ ਹਾਸਲ ਕੀਤੀ ਕਿ ਲਾਸਾਨੀ ਯੋਧਾ ਬਣ ਕੇ ਇਤਿਹਾਸ ਦੇ ਪੰਨਿਆਂ ’ਤੇ ਅਪਣੀਆਂ ਪੈੜਾਂ ਉੱਕਰਨ ਵਿਚ ਕਾਮਯਾਬ ਹੋ ਗਿਆ। ਸ਼ਾਹ ਮੁਹੰਮਦ ਅਪਣੇ ਲਿਖੇ ਜੰਗਨਾਮੇ ਦੀਆਂ ਇਨ੍ਹਾਂ ਸਤਰਾਂ ਰਾਹੀਂ ਮਹਾਰਾਜੇ ਨੂੰ ਇਉਂ ਅਮਰ ਕਰ ਗਿਆ ਹੈ:
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ।
ਮੁਲਤਾਨ ਕਸ਼ਮੀਰ ਪਿਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਿਵਾਇ ਗਿਆ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ ਸਿੱਕਾ ਅਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ ਹੱਛਾ ਰੱਜ ਕੇ ਰਾਜ ਕਮਾਇ ਗਿਆ।
ਹੁਣ ਇਸ ਇਤਿਹਾਸਕ ਪ੍ਰਸੰਗ ਦੇ ਦੂਜੇ ਪਹਿਲੂ ਵਲ ਆਉਂਦੇ ਹਾਂ।

ਇਤਿਹਾਸ ਵਿਚ ਰਣਜੀਤ ਸਿੰਘ ਦੇ ਰਾਜ ਨੂੰ ਇਕ ਮਾਤਰ ‘ਸਿੱਖ ਸਾਮਰਾਜ’ ਮੰਨਿਆ ਜਾਂਦਾ ਹੈ। ਇਸ ਕਾਰਨ ਅੱਜ ਵੀ ਸਿੱਖ ਮਾਨਸਿਕਤਾ ਜਜ਼ਬਾਤੀ ਪੱਧਰ ’ਤੇ ਇਸ ਰਾਜ ਨਾਲ ਬਹੁਤ ਨੇੜਲੀ ਸਾਂਝ ਮਹਿਸੂਸ ਕਰਦੀ ਹੈ। ਇਹ ਸਾਂਝ ਹੋਣੀ ਵੀ ਚਾਹੀਦੀ ਹੈ ਕਿਉਂਕਿ ਅਸੀ ਅਪਣੇ ਵਿਰਸੇ ਦੇ ਨਾਇਕਾਂ ਵਲ ਵੇਖ ਕੇ ਹੀ ਭਵਿੱਖ ਦੇ ਨਿਸ਼ਾਨੇ ਤੈਅ ਕਰ ਸਕਦੇ ਹਾਂ। ਇਸ ਸਾਂਝ ਦਾ ਮੁੱਖ ਕਾਰਨ ਮਹਾਰਾਜੇ ਦੇ ਵਾਰਸ ਬਾਲਕ ਦਲੀਪ ਸਿੰਘ ਨਾਲ ਹੋਇਆ ਅਨਿਆਂ ਵੀ ਹੈ। ਸ਼ਾਹ ਮੁਹੰਮਦ ਵਾਂਗ ਹਰ ਜਜ਼ਬਾਤੀ ਸੋਚ ਵਾਲਾ ਪੰਜਾਬੀ ਇਹ ਮਹਿਸੂਸ ਕਰਦਾ ਹੈ ਕਿ ਅੰਗਰੇਜ਼ਾਂ ਨੇ ਛਲ ਨਾਲ ਉਸ ਦਾ ਅਪਣਾ ਰਾਜ ਖੋਹ ਲਿਆ ਹੋਵੇ। ਪਰ ਇਸ ਸਾਂਝ ਨੂੰ ਸਾਡੀ ਕਮਜ਼ੋਰੀ ਬਣਾ ਕੇ ਜੇ ਕੋਈ ਧਿਰ ਲਗਾਤਾਰ ਅਪਣਾ ਉੱਲੂ ਸਿੱਧਾ ਕਰਦੀ ਰਹੇ, ਤਾਂ ਸਾਨੂੰ ਫ਼ਿਕਰਮੰਦ ਜ਼ਰੂਰ ਹੋਣਾ ਪਵੇਗਾ। ‘ਸ਼ੇਰੇ ਪੰਜਾਬ ਦੀ ਦਲੇਰੀ ਅਤੇ ਦੂਰਅੰਦੇਸ਼ੀ ਦੀਆਂ ਮਿਸਾਲਾਂ ਦੇਣ ਦੇ ਨਾਲ ਨਾਲ ਸਾਨੂੰ ਇਹ ਤੱਥ ਵੀ ਸਪੱਸ਼ਟ ਰੂਪ ਵਿਚ ਸਮਝਣਾ ਪਵੇਗਾ ਕਿ ‘ਸਿੱਖ ਰਾਜੇ ਦਾ ਰਾਜ’ ਹੁੰਦਾ ਹੋਇਆ ਵੀ ਰਣਜੀਤ ਸਿੰਘ ਦਾ ਰਾਜ ਇਕ ਪੁਰਖੀ ਰਾਜ ਸੀ। ਸਮੇਂ ਦੇ ਵਹਾਅ ਨਾਲ ਦੁਨੀਆਂ ਭਰ ਦੇ ਰਾਜਨੀਤਕ ਦਿਸਹੱਦੇ ’ਤੇ ਇਕ-ਪੁਰਖੀ ਰਾਜ-ਪ੍ਰਣਾਲੀ ਅਲੋਪ ਹੋ ਚੁਕੀ ਹੈ। ਲੋਕਤੰਤਰ ਦਾ ਉਦੈ ਹੋਣ ਨਾਲ ਤਕਰੀਬਨ ਹਰ ਮੁਲਕ ਵਿਚ ਰਾਜਤੰਤਰ ਦਾ ਸੂਰਜ ਅਸਤ ਹੋ ਚੁਕਾ ਹੈ। ਬਿ੍ਰਟੇਨ ਵਰਗੇ ਕੁਝ ਮੁਲਕਾਂ ਨੇ ਜੇ ਰਾਜਾਸ਼ਾਹੀ ਨੂੰ ਰਖਿਆ ਵੀ ਹੋਇਆ ਹੈ ਤਾਂ ਸਿਰਫ਼ ਨਾਂ ਮਾਤਰ ਮੁਖੀ ਦੇ ਤੌਰ ’ਤੇ। ਜੇ ‘ਸ਼ੇਰੇ ਪੰਜਾਬ’ ਦੇ ਵਾਰਸਾਂ ਦੀਆਂ ਤਮਾਮ ਨਾਲਾਇਕੀਆਂ ਅਤੇ ਉਸ ਦੇ ਦਰਬਾਰੀਆਂ ਦੀਆਂ ਸਾਜ਼ਿਸ਼ਾਂ ਅਤੇ ਭਰਾ ਮਾਰੂ ਲੜਾਈਆਂ ਨੂੰ ਸੁਰਤ ਦੇ ਸਾਹਮਣੇ ਲੈ ਆਈਏ ਤਾਂ ਇਹ ਕਠੋਰ ਸਚਾਈ ਸਵੀਕਾਰ ਕਰਨੀ ਪਵੇਗੀ ਕਿ ਵਕਤ ਦੇ ਪ੍ਰਭਾਵ ਹੇਠ ਇਸ ਰਾਜ-ਤੰਤਰ ਦਾ ਵੀ ਅੰਤ ਹੋਣਾ ਨਿਸ਼ਚਿਤ ਸੀ।

ਇਸ ਥਾਂ ’ਤੇ ਕੀ ਸਾਨੂੰ ਕੁੱਝ ਕੁ ਹੋਰ ਸੁਆਲਾਂ ਦੇ ਰੂ-ਬ-ਰੂ ਹੋਣਾ ਪੈ ਜਾਵੇਗਾ :-
1)    ਕੀ ਸਮੇਂ ਦੇ ਚੱਕਰ ਨੂੰ ਪੁੱਠਾ ਗੇੜਾ ਦੇ ਕੇ ਇਹ ਸਿੱਖ ਰਾਜ ਦੁਬਾਰਾ ਹਾਸਲ ਕੀਤਾ ਜਾ ਸਕਦਾ ਹੈ?
2)    ਕੀ ਮੌਜੂਦਾ ਸਮੇਂ ਵਿਚ ਘੱਟ ਗਿਣਤੀ ਕੌਮਾਂ ਹਥਿਆਰਬੰਦ ਤਰੀਕੇ ਨਾਲ ਰਾਜ ਕਾਇਮ ਕਰ ਸਕਦੀਆਂ ਹਨ?
3)    ਲੋਕਤੰਤਰ ਦੀਆਂ ਤਮਾਮ ਖ਼ਾਮੀਆਂ ਦੇ ਬਾਵਜੂਦ ਕੀ ਅੱਜ ਬਹੁਤੇ ਲੋਕ ਇਕ-ਪੁਰਖੀ ਰਾਜਸੱਤਾ ਦੇ ਅਧੀਨ ਰਹਿਣ ਦੀ ਚੋਣ ਸਵੀਕਾਰ ਕਰ ਲੈਣਗੇ?
4)    ਕੀ ਪਿਛਲਖੁਰੀ ਤੁਰਨ ਵਾਲੀਆਂ ਕੌਮਾਂ ਕਦੇ ਕਾਮਯਾਬੀ ਦੇ ਸਿਖ਼ਰ ਤੇ ਅੱਪੜ ਸਕਦੀਆਂ ਹਨ?

ਜਦੋਂ ਇਨ੍ਹਾਂ ਸੁਆਲਾਂ ਦੇ ਜੁਆਬ ਲੱਭਣ ਤੁਰਾਂਗੇ ਤਾਂ ਇਹ ਹਕੀਕਤ ਪ੍ਰਤੱਖ ਦਿਸ ਪਵੇਗੀ ਕਿ ਸਿੱਖ ਰਾਜ ਦੀ ਮੁੜ ਸਥਾਪਤੀ ਦੇ ਨਿਸ਼ਾਨੇ ਨੂੰ ਸਿੱਖਾਂ ਦੀ ਦੁਖਦੀ ਰਗ਼ ਬਣਾ ਕੇ ਪਿਛਲੇ ਸਮੇਂ ਵਿਚ ਕਿੰਨੇ ਹੀ ਲੀਡਰ ਰਾਜਿਆਂ ਮਹਾਰਾਜਿਆਂ ਵਰਗੀ ਐਸ਼ੋ-ਇਸ਼ਰਤ ਦੇ ਮਾਲਕ ਬਣ ਗਏ ਹਨ। ਅਤੀਤ ਵਿਚ ਜਿੱਥੇ ਇਹ ਗਰਮਾ ਗਰਮ ਤਕਰੀਰਾਂ ਰਾਹੀਂ ਨੌਜੁਆਨਾਂ ਨੂੰ ਹਥਿਆਰਬੰਦ ਹੋ ਕੇ ਹਕੂਮਤ ਨਾਲ ਟੱਕਰ ਲੈਣ ਦੀਆਂ ਨਸੀਹਤਾਂ ਦਿੰਦੇ ਰਹੇ ਉੱਥੇ ਆਪ ਉਸੇ ਹਕੂਮਤ ਨਾਲ ਸਾਜ-ਬਾਜ ਕਰ ਕੇ ਦੋਹੀਂ ਹੱਥੀਂ ਮਾਇਆ ਦੇ ਅੰਬਾਰ ’ਕੱਠੇ ਕਰਦੇ ਰਹੇ। ਇਸ ਤਰ੍ਹਾਂ ਇਨ੍ਹਾਂ ਨੇ ਅਪਣੇ ਢਿੱਡ ਤਾਂ ਪਾਟਣ ਦੀ ਹੱਦ ਤਕ ਭਰ ਲਏ ਪਰ ਕੀ ਇਨ੍ਹਾਂ ’ਚੋਂ ਕੋਈ ਕੌਮ ਦੇ ਖਾਤੇ ਵਿਚ ਵੀ ਕੋਈ ਪ੍ਰਾਪਤੀ ਪਾ ਸਕਿਆ? ਐਸਾ ਕਿਹੜਾ ਜ਼ੁਲਮ ਹੈ ਜਿਹੜਾ ਇਨ੍ਹਾਂ ਲੀਡਰਾਂ ਦੇ ਦਾਅਵਿਆਂ ’ਤੇ ਭਰੋਸਾ ਕਰ ਕੇ ਸਿੱਖ ਕੌਮ ਨੂੰ ਨਹੀਂ ਝਲਣਾ ਪਿਆ?
ਇਨ੍ਹਾਂ ਦੇ ਕੰਧਾੜੇ ਚੜ੍ਹ ਕੇ ਜਦੋਂ ਹਕੂਮਤੀ ਦਹਿਸ਼ਤਗਰਦੀ ਨੇ ਕੌਮ ਦੀ ਪਨੀਰੀ ਉੱਤੇ ਬੇਇੰਤਹਾ ਤਸ਼ੱਦਦ ਦਾ ਦੌਰ ਚਲਾਇਆ ਉਦੋਂ ਇਨ੍ਹਾਂ ਦੇ ਅਪਣੇ ਵਾਰਸ ਸੁਰੱਖਿਅਤ ਘੁਰਨਿਆਂ ’ਚ ਲੁਕੇ ਰਹੇ।  1977 ਤੋਂ 1997 ਤਕ ਦੇ ਜਿਸ ਦੌਰ ਵਿਚ ਸਿੱਖ ਨੌਜੁਆਨਾਂ ਦੇ ਖ਼ੂਨ ਦੀ ਹੋਲੀ ਖੇਡੀ ਜਾ ਰਹੀ ਸੀ ਉਸ ਦੌਰ ’ਚ ਹੀ ਸਾਡੇ ਲੀਡਰਾਂ ਦੀ ਦੌਲਤ ਦੇ ਅੰਕੜੇ ਅਸਮਾਨ ਨੂੰ ਛੂਹਣ ਲੱਗ ਪਏ।

ਕੀ ਇਨ੍ਹਾਂ ਚੋਂ ਕੋਈ ਅਜਿਹਾ ਦਿਸਦਾ ਹੈ ਜਿਹੜਾ ‘ਵਤਨ ਪੇ ਲੁਟੇ ਹੂਏ’ ਵਾਲੇ ਵਿਸ਼ੇਸ਼ਣ ਦਾ ਹੱਕਦਾਰ ਹੋਵੇ?

ਜਿਨ੍ਹਾਂ ਗੁਣਾਂ ਸਦਕਾ ‘ਸ਼ੇਰੇ ਪੰਜਾਬ’ ਜਾਂ ਉਸ ਦਾ ਰਾਜ ਸੰਸਾਰ ਪੱਧਰ ’ਤੇ ਜਾਣਿਆ ਜਾਂਦਾ ਹੈ ਉਹ ਤਾਂ ਕਿਸੇ ਸਿੱਖ ਲੀਡਰ ਦੇ ਪੱਲੇ ਦਿਸਦੇ ਹੀ ਨਹੀਂ। ਹਾਂ, ਕੌਮ ਦੀ ਮਾਨਸਿਕਤਾ ਵਿਚ ਸਿੱਖ ਰਾਜ ਪ੍ਰਤੀ ਵਸੀ ਜਜ਼ਬਾਤੀ ਸਾਂਝ ਨੂੰ ਵਾਰ-ਵਾਰ ਉਧੇੜ ਕੇ ਪਿਤਾ ਪੁਰਖੀ ਰਾਜ ਕਾਇਮ ਕਰ ਸਕਣ ਦੀਆਂ ਖ਼ਾਹਿਸ਼ਾਂ ਜ਼ਰੂਰ ਪਾਲੀ ਬੈਠੇ ਹਨ। ਇੱਥੇ ਆ ਕੇ ਸਿੱਖ ਅਵਾਮ ਨੂੰ ਵੀ ਸੋਚ ਵਿਚਾਰ ਕੇ ਤੁਰਨ ਦੀ ਜ਼ਰੂਰਤ ਹੈ। ਜਿਹੜਾ ਪਾਣੀ ਪੁਲਾਂ ਹੇਠੋਂ ਲੰਘ ਗਿਆ, ਉਸ ਨੇ ਵਾਪਸ ਨਹੀਂ ਮੁੜਨਾ। ਇਹ ਅਟੱਲ ਸਚਾਈ ਹੈ ਕਿ ਵਰਤਮਾਨ ਸਮੇਂ ’ਚ ਹਥਿਆਰਬੰਦ ਸੰਘਰਸ਼ ਦੇ ਰਾਹੀਂ ਰਾਜ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਘਟ-ਗਿਣਤੀ ਕੌਮਾਂ ਲਗਾਤਾਰ ਅਪਣੀ ਪਨੀਰੀ ਦਾ ਘਾਣ ਕਰਵਾ ਕੇ ਲੰਮਾਂ ਸਮਾਂ ਸੰਸਾਰਕ ਦਿਸਹੱਦੇ ’ਤੇ ਕਾਇਮ ਨਹੀਂ ਰਹਿ ਸਕਦੀਆਂ। ਸੰਸਾਰ ਪਟਲ ਤੇ ਅਪਣੀ ਵਖਰੀ ਪਛਾਣ ਬਣਾਉਣ ਲਈ ਸਾਡੇ ਬੱਚਿਆਂ ਨੂੰ ਉੱਚੇ ਸੁੱਚੇ ਕਿਰਦਾਰ ਦੇ ਨਾਲ ਨਾਲ ਸੰਸਾਰੀ ਵਿਦਿਆ ਦੀਆਂ ਵੀ ਸਿਖਰਾਂ ਛੂਹਣੀਆਂ ਪੈਣਗੀਆਂ।

ਗਰਮ-ਖ਼ਿਆਲੀ ਤਕਰੀਰਾਂ ਰਾਹੀਂ ਸਾਡੀਆਂ ਨਸਲਾਂ ਦੇ ਭਵਿੱਖ ਨੂੰ ਹਨੇਰੇ ਵਲ ਧੱਕਣ ਲਈ ਤਤਪਰ ਰਹਿਣ ਵਾਲੇ ਲੀਡਰਾਂ ਦੇ ਕਿਰਦਾਰ ਨੂੰ ਪਛਾਣੀਏ। ਇਨ੍ਹਾਂ ਨੂੰ ਪੱਕੇ ਤੌਰ ’ਤੇ ਕੌਮੀ ਮੰਚਾਂ ਤੋਂ ਲਾਂਭੇ ਕਰਨਾ ਪਵੇਗਾ। ਗੁਰਪੁਰਬਾਂ, ਨਗਰ ਕੀਰਤਨਾਂ ਅਤੇ ਸ਼ਹੀਦੀ ਜੋੜ ਮੇਲ ਦੀਆਂ ਸਟੇਜਾਂ ਨੂੰ ਵਰਤ ਕੇ ਰਾਜਨੀਤੀ ਦੀਆਂ ਪੌੜੀਆਂ ਚੜ੍ਹਨ ਦੀ ਲਾਲਸਾ ਰੱਖਣ ਵਾਲਿਆਂ ਦਾ ਪੁਰਜ਼ੋਰ ਵਿਰੋਧ ਹੋਣਾ ਚਾਹੀਦਾ ਹੈ। ਧਾਰਮਕ ਜਥੇਬੰਦੀਆਂ ਦੇ ਪ੍ਰਬੰਧ ਵਿਚ ਘੜੰਮ ਚੌਧਰੀਆਂ ਦੀ ਦਖ਼ਲਅੰਦਾਜ਼ੀ ਨੂੰ ਰੋਕਣ ਦੀ ਹਿੰਮਤ ਕਰਨੀ ਪੈਣੀ ਹੈ। ਅਪਣੇ ਬੱਚਿਆਂ ਨੂੰ ਵੀ ਚੌੜਬਾਜ਼ੀ ਵਿਚ ਆ ਕੇ ਇਨ੍ਹਾਂ ਦੀਆਂ ਸਿਆਸੀ ਰੈਲੀਆਂ ਵਿਚ ਜਾਣ ਤੋਂ ਵਰਜਣਾ ਕਰੀਏ। ਇਹ ਬੜੇ ਸਖ਼ਤ ਫ਼ੈਸਲੇ ਹਨ। ਕਿਸੇ ਲੀਡਰ, ਜੱਥੇਦਾਰ, ਸਿੰਘ ਸਾਹਿਬ, ਸੰਤ ਬਾਬੇ ਨੇ ਇਸ ਵਿਸ਼ੇ ਬਾਰੇ ਕਦੇ ਗੱਲ ਨਹੀਂ ਕਰਨੀ। ਬਿਗਾਨੀ ਝਾਕ ਛੱਡ ਕੇ ਅਪਣੀ ਹੋਣੀ ਨੂੰ ਸੰਵਾਰਨ ਲਈ ਆਪ ਤਰੱਦਦ ਕਰਨਾ ਪਵੇਗਾ। ਜਿਨ੍ਹਾਂ ਦੇ ਮੂੰਹ ਨੂੰ ਚੌਧਰ ਦਾ ਖ਼ੂਨ ਲੱਗਾ ਹੋਇਆ ਹੈ ਉਹ ਸਾਡੀਆਂ ਇਨ੍ਹਾਂ ਪੇਸ਼ਕਦਮੀਆਂ ਨੂੰ ਫ਼ੇਲ ਕਰਨ ਲਈ ਹਰ ਹੀਲਾ ਵਰਤਣਗੇ। ਪਰ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਨੂੰ ਹਨੇਰੇ ਖੂਹ ਵਿਚ ਡਿੱਗਣ ਤੋਂ ਬਚਾਉਣ ਲਈ ਸਾਡੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement