
ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਦੀ ਗ੍ਰਾਂਟ ਦੇ ਮਾਮਲੇ 'ਤੇ ਰੋਜ਼ਾਨਾ ਸਪੋਕਸਮੈਨ ਵਲੋਂ ਉਠਾਏ ਮੁੱਦੇ ਦਾ ਸਮਰਥਨ ਕਰਦਿਆਂ.....
ਤਰਨਤਾਰਨ : ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਦੀ ਗ੍ਰਾਂਟ ਦੇ ਮਾਮਲੇ 'ਤੇ ਰੋਜ਼ਾਨਾ ਸਪੋਕਸਮੈਨ ਵਲੋਂ ਉਠਾਏ ਮੁੱਦੇ ਦਾ ਸਮਰਥਨ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਇਹ ਗ੍ਰਾਂਟ ਜਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਇਸ ਮਾਮਲੇ 'ਤੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨਾਲ ਵੀ ਫ਼ੋਨ 'ਤੇ ਗੱਲ ਕੀਤੀ ਤੇ ਸ. ਔਜਲਾ ਨੂੰ ਹਦਾਇਤ ਕੀਤੀ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਾਰਲੀਮੈਂਟ ਵਿਚ ਆਵਾਜ਼ ਬੁਲੰਦ ਕਰਨ।
ਪੱਤਰਕਾਰ ਨਾਲ ਗੱਲ ਕਰਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਕਿਸੇ ਇਕ ਧਰਮ ਤੇ ਫ਼ਿਰਕੇ ਦੀ ਨਹੀਂ ਬਲਕਿ ਸਾਰੇ ਸੰਸਾਰ ਵਿਚ ਵਸਦੀ ਖਲਕਤ ਦੀ ਭਲਾਈ ਤੇ ਸਰੱਬਤ ਦੇ ਭਲੇ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਖੋਜ ਕੇਂਦਰ ਵਿਚੋਂ ਸਿਖਿਆ ਲੈ ਕੇ ਵਿਦਿਆਰਥੀ ਮਨੁੱਖਤਾ ਦੀ ਏਕਤਾ ਦੀ ਗੱਲ ਕਰਨਗੇ ਪਰ ਪਤਾ ਨਹੀਂ ਕਿਉਂ ਤੇ ਕਿਸ ਕਾਰਨ ਕਰ ਕੇ ਯੂਨੀਵਰਸਟੀ ਗ੍ਰਾਂਟ ਕਮਿਸ਼ਨ ਨੇ ਇਹ ਗ੍ਰਾਂਟ ਰੋਕੀ ਹੋਈ ਹੈ।