
ਮੈਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਤਕਰੀਬਨ 45 ਸਾਲ ਤੋਂ ਵੱਖ-ਵੱਖ ਅਹੁਦਿਆਂ ਉਤੇ ਸਫ਼ਲਤਾ ਪੂਰਵਕ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਅੰਮ੍ਰਿਤਸਰ, 1 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਉਨ੍ਹਾਂ ਵਲੋਂ ਮੇਰੇ ਪ੍ਰਧਾਨਗੀ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਨਿਯੁਕਤੀਆਂ ਦੀ ਘੋਖ ਪੜਤਾਲ ਕਰਨ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਸਾਹਿਬਾਨ ਵਲੋਂ ਕਈ ਵਾਰ ਬਹੁਤ ਹੀ ਭੁਲੇਖਾ ਪਾਊ ਅਤੇ ਤੱਥਾਂ ਤੋਂ ਉਲਟ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਮੈਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਤਕਰੀਬਨ 45 ਸਾਲ ਤੋਂ ਵੱਖ-ਵੱਖ ਅਹੁਦਿਆਂ ਉਤੇ ਸਫ਼ਲਤਾ ਪੂਰਵਕ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਏ ਗਏ ਵੱਖ-ਵੱਖ ਮੋਰਚਿਆਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ ਅਤੇ ਮੇਰਠ (ਯੂ.ਪੀ.) ਦੀਆਂ ਜੇਲਾਂ ਵਿਚ ਵੀ ਜਾਣਾ ਪਿਆ ਹੈ। ਮੈਨੂੰ ਤਿੰਨ ਵਾਰ ਸਿੱਖ ਪੰਥ ਦੀ ਸਿਰਮੌਰ ਧਾਰਮਕ ਜਥੇਬੰਦੀ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਉਹ ਵੀ ਪੂਰੀ ਸਫ਼ਲਤਾ, ਗੁਰਮਤਿ ਮਰਿਆਦਾ ਅਤੇ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਦੇ ਨਿਰਧਾਰਤ ਨਿਯਮਾਂ ਦੀ 100 ਫ਼ੀ ਸਦੀ ਪਾਲਣਾ ਕਰ ਕੇ ਅਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ, ਜਿਸ ਦੀ ਪ੍ਰਦੇਸ਼, ਦੇਸ਼ ਅਤੇ ਵਿਦੇਸ਼ ਵਿਚ ਫੈਲੇ ਖ਼ਾਲਸਾ ਪੰਥ ਵਲੋਂ ਸਮੇਂ-ਸਮੇਂ ਸ਼ਲਾਘਾ ਵੀ ਕੀਤੀ ਜਾਂਦੀ ਰਹੀ ਹੈ। ਇਹ ਬਦਕਿਸਮਤ ਦੀ ਗੱਲ ਹੈ ਕਿ ਸ਼੍ਰੋ. ਗੁ. ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਵਲੋਂ ਮੇਰੇ ਨਿਰੋਲ ਗੁਰਸਿੱਖੀ ਅਤੇ ਇਮਾਨਦਾਰੀ ਵਾਲੇ ਅਕਸ ਨੂੰ ਤਹਿਸ-ਨਹਿਸ ਕੀਤਾ ਗਿਆ ਹੈ। ਉਹ ਵੀ ਉਨ੍ਹਾਂ ਸੱਜਣਾਂ ਵਲੋਂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਸ਼੍ਰੋ. ਅ. ਦਲ ਵਿਚ ਕੋਈ ਕੁਰਬਾਨੀ ਨਹੀਂ। ਪ੍ਰੋ. ਬਡੂੰਗਰ ਨੇ ਕਿਹਾ,''ਮੈਂ ਪੂਰੀ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਾਰੀਆਂ ਨਿਯੁਕਤੀਆਂ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਅਤੇ ਸਮੇਂ-ਸਮੇਂ ਸ਼੍ਰੋ. ਗੁ. ਪ੍ਰੰ. ਕਮੇਟੀ ਦੇ ਜਨਰਲ ਇਜਲਾਸ ਵਲੋਂ ਕੀਤੇ ਗਏ ਫ਼ੈਸਲਿਆਂ ਅਨੁਸਾਰ ਸ਼੍ਰੋ.ਗ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦਿਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੀ ਕੀਤੀਆਂ ਗਈਆਂ ਹਨ।'' ਇਉਂ ਜਾਪਦਾ ਹੈ ਕਿ ਸ਼੍ਰੋ.ਗ. ਪ੍ਰੰ. ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਪੜਤਾਲੀਆ ਕਮੇਟੀ ਦੇ ਨਾਦਾਨ ਮੈਂਬਰ ਸਾਹਿਬਾਨ ਨੂੰ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਅਤੇ ਸਮੇਂ-ਸਮੇਂ ਸ਼੍ਰੋ.ਗ. ਪ੍ਰੰ. ਕਮੇਟੀ ਦੇ ਜਨਰਲ ਇਜਲਾਸ ਵਲੋਂ ਪਾਸ ਮਤਿਆਂ ਦੀ ਜਾਣਕਾਰੀ ਹੀ ਨਹੀਂ ਹੈ। ਇਸ ਸੱਭ ਕੁੱਝ ਪਿਛੇ ਮੇਰੀ ਲੰਮੀ ਪੰਥਕ ਸੇਵਾ ਅਤੇ ਬੇਦਾਗ ਅਕਸ ਨੂੰ ਕਲੰਕਤ ਕਰਨ ਲਈ ਕੀਤਾ ਗਿਆ ਹੈ ਪ੍ਰੰਤੂ ਖ਼ਾਲਸਾ ਪੰਥ ਦੀ ਸਿਰਮੌਰ ਧਾਰਮਕ ਸੰਸਥਾ ਸ਼੍ਰੋ. ਗ. ਪ੍ਰੰ. ਕਮੇਟੀ ਜਿਸ ਨੂੰ ਹੋਂਦ ਵਿਚ ਲਿਆਉਣ ਲਈ ਖਾਲਸਾ ਪੰਥ ਦੇ ਪੰਥਕ ਸੰਘਰਸ਼ੀ ਯੋਧਿਆਂ ਵਲੋਂ ਲਾਏ 11 ਮੋਰਚਿਆਂ ਦੌਰਾਨ ਦਿਤੀਆਂ ਅਣਗਿਣਤ ਕੁਰਬਾਨੀਆਂ ਦਿਤੀਆਂ ਦਾ ਹੀ ਅਕਸ ਖ਼ਰਾਬ ਕੀਤਾ ਗਿਆ ਹੈ, ਜੋ ਬਹੁਤ ਹੀ ਮੰਦਭਾਗਾ ਅਤੇ ਪੰਥ ਵਿਰੋਧੀ ਕਾਰਾ ਹੈ।
ਉਨ੍ਹਾਂ ਕਿਹਾ,''ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਖ਼ਾਲਸਾ ਪੰਥ ਸਾਹਮਣੇ ਸੱਚਾਈ ਲਿਆਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦੋ ਸਾਬਕਾ ਜਾਂ ਮੌਜੂਦਾ ਸਿੱਖ ਜੱਜ ਸਾਹਿਬਾਨ ਦੀ ਕਮੇਟੀ ਪਾਸੋਂ ਪੂਰੀ ਪੜਤਾਲ ਕਰਵਾਈ ਜਾਵੇ। ਜੇਕਰ ਮੈਂ ਦੋਸ਼ੀ ਪਾਇਆ ਜਾਂਦਾ ਹਾਂ ਤਾਂ ਮੈਂ ਪੰਥ ਵਲੋਂ ਦਿਤੀ ਕਿਸੇ ਵੀ ਵੱਡੀ ਤੋਂ ਵੱਡੀ ਸਜ਼ਾ ਭੁਗਤਣ ਲਈ ਤਿਆਰ ਹਾਂ, ਜੇਕਰ ਮੇਰਾ ਪ੍ਰਧਾਨਗੀ ਕਾਰਜਕਾਲ ਬੇਦਾਗ਼ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਠੀਕ ਪਾਇਆ ਜਾਵੇ ਤਾਂ ਮੈਂ ਤਾਂ ਅਪਣੇ ਇਨ੍ਹਾਂ ਨਾਦਾਨ ਮਿੱਤਰਾਂ ਨੂੰ ਅੱਗੋਂ ਬੇਨਤੀ ਕਰਾਂਗਾ ਕਿ ਉਹ ਅੱਗੇ ਤੋਂ ਅਜਿਹੀ ਪੰਥ ਵਿਰੋਧੀ ਕਾਰਵਾਈ ਕਰਨ ਤੋਂ ਗੁਰੇਜ਼ ਕਰਨ।''
ਉਨ੍ਹਾਂ ਕਿਹਾ ਕਿ ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਜਿਹੜੀਆਂ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ ਉਹ ਪੰਥਕ ਪਰਵਾਰਾਂ ਨਾਲ ਸਬੰਧ ਰੱਖਣ ਵਾਲੇ ਗ਼ਰੀਬ ਘਰਾਂ ਦੇ ਹੀ ਅਤਿ ਲੋੜਵੰਦ ਬੱਚੇ-ਬੱਚੀਆਂ ਹਨ, ਜੇਕਰ ਮੇਰੇ ਵਲੋਂ ਕੀਤੀਆਂ ਗਈਆਂ ਸਾਰੀਆਂ ਨਿਯੁਕਤੀਆਂ ਅਤੇ ਤਰੱਕੀਆਂ ਗ਼ਲਤ ਹਨ ਤਾਂ ਡਾ. ਰੂਪ ਸਿੰਘ ਨੂੰ ਮੈਂ ਹੀ ਮੁੱਖ ਸਕੱਤਰ ਬਣਾਇਆ ਸੀ ਅਤੇ ਐਜੂਕੇਸ਼ਨ ਦੇ ਮੌਜੂਦਾ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਦੀਆਂ ਨਿਯੁਕਤੀਆਂ ਕੀਤੀਆਂ ਅਤੇ ਜਿਨ੍ਹਾਂ ਕੁੱਝ ਬੰਦਿਆਂ ਨੂੰ ਜਾਣ ਬੁੱਝ ਕੇ ਫ਼ਾਰਗ ਨਹੀਂ ਕੀਤਾ ਗਿਆ ਕਿਉਂਕਿ ਉਨ੍ਹਾਂ ਦਾ ਸਬੰਧ ਮੌਜੂਦਾ ਪ੍ਰਬੰਧ ਨਾਲ ਹੈ। ਉਨ੍ਹਾਂ ਸੱਭ ਦੀਆਂ ਨਿਯੁਕਤੀਆਂ ਤਰੱਕੀਆਂ ਵੀ ਰੱਦ ਹੋਣੀਆਂ ਚਾਹੀਦੀਆਂ ਹਨ।