
ਕਿਹਾ - ਜਿਸ ਵਿਅਕਤੀ ਨੇ ਹੁਕਮਨਾਮੇ ਦੀ ਉਲੰਘਣਾ ਕੀਤੀ, ਉਸ ਨੂੰ ਸਨਮਾਨਤ ਕਿਉਂ ਕੀਤਾ ਗਿਆ?
ਅੰਮ੍ਰਿਤਸਰ : ਸਿੱਖ ਚਿੰਤਕ ਹਰਦੀਪ ਸਿੰਘ ਨਿਮਾਣਾ ਨੇ ਕਿਹਾ ਹੈ ਕਿ ਹਰਦੀਪ ਸਿੰਘ ਪੁਰੀ ਦਾ ਸਵਾਗਤ ਕਰਨ ਤੇ ਸਨਮਾਨ ਕਰਨ ਵਾਲਿਆਂ ਵਿਰੁਧ ਅਕਾਲ ਤਖ਼ਤ ਸਾਹਿਬ ਕਾਰਵਾਈ ਕਰੇ। ਅੱਜ ਜਾਰੀ ਬਿਆਨ ਵਿਚ ਸ. ਨਿਮਾਣਾ ਨੇ ਕਿਹਾ ਕਿ ਇਹ ਖ਼ਬਰ ਪੜ੍ਹ ਕੇ ਬਹੁਤ ਹੀ ਅਫ਼ਸੋਸ ਤੇ ਦੁੱਖ ਹੋਇਆ ਕਿ ਅੰਮ੍ਰਿਤਸਰ ਲੋਕ ਸਭਾ ਤੋਂ ਬੀ ਜੇ ਪੀ ਦੇ ਹਾਰੇ ਹੋਏ ਹਰਦੀਪ ਪੁਰੀ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਮੰਤਰੀ ਪੁਰੀ ਦਾ ਦਰਬਾਰ ਸਾਹਿਬ ਦੇ ਸੂਚਨਾ ਦਫ਼ਤਰ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ।
Hardeep Puri - File Pic
ਉਨ੍ਹਾਂ ਕਿਹਾ ਕਿ ਜਿਹੜਾ 9 ਮਈ 2019 ਨੂੰ ਨਕਲੀ ਨਿਰੰਕਾਰੀਆਂ ਦੇ ਭਵਨ ਵਿਚ ਜਾ ਕੇ ਨਕਲੀ ਨਿਰੰਕਾਰਨ ਇਕ ਮਾਈ ਦੇ ਪੈਰਾਂ ਉਤੇ ਖ਼ਾਲਸਾ ਪੰਥ ਦੀ ਸ਼ਾਨ ਦਸਤਾਰ ਸਮੇਤ ਮੱਥਾ ਟੇਕਣ ਗਿਆ ਸੀ ਅਤੇ ਉਹ ਤਸਵੀਰ ਵੀ ਰੋਜ਼ਾਨਾ ਸਪੋਕਸਮੈਨ ਦੇ 9 ਮਈ ਦੇ ਅਖ਼ਬਾਰ ਵਿਚ ਛਪੀ ਸੀ ਅਸੀਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ 10 ਮਈ ਦੇ ਰੋਜ਼ਾਨਾ ਸਪੋਕਸਮੈਨ ਦੇ ਪੇਜ ਨੰਬਰ 7 ਉਪਰ ਬੜੇ ਅਦਬ ਅਤੇ ਸਤਿਕਾਰ ਨਾਲ ਬੇਨਤੀ ਕੀਤੀ ਸੀ ਕਿ ਨਕਲੀ ਨਿਰੰਕਾਰੀਆਂ ਵਲੋਂ 1978 ਦੀ ਵਿਸਾਖੀ ਵਾਲੇ ਦਿਨ 13 ਸਿੰਘਾਂ ਨੂੰ ਗੋਲੀਆਂ ਨਾਲ ਭੁੰਨਿਆ ਸੀ, ਕਿਉਂਕਿ ਨਕਲੀ ਨਿਰੰਕਾਰੀ ਗੁਰਬਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੂੰ ਤੋੜ ਮਰੋੜ ਕੇ ਅਪਣੇ ਹਿਸਾਬ ਨਾਲ ਅਰਥ ਦਾ ਅਨਰਥ ਕਰਦਾ ਸੀ, ਸਿੰਘ ਉਸ ਨੂੰ ਸਮਝਾਉਣ ਗਏ ਸਨ ਪ੍ਰੰਤੂ ਉਸ ਪਾਪੀ ਗੁਰਬਚਨੇ ਨੇ ਅੱਗੋਂ ਗੋਲੀਆਂ ਚਲਾ ਕੇ 13 ਸਿੰਘ ਸ਼ਹੀਦ ਕਰ ਦਿਤੇ ਸਨ।
Hardeep Singh Puri
ਉਸ ਪਿਛੋਂ ਸਿੱਖਾਂ ਦੀ ਸਰਵੋਤਮ ਅਦਾਲਤ ਅਕਾਲ ਤਖ਼ਤ ਸਾਹਿਬ 'ਤੇ ਮਾਮਲਾ ਜਾਣ ਕਰ ਕੇ ਅਕਾਲ ਤਖ਼ਤ ਸਾਹਿਬ ਤੋਂ 10 ਜੂਨ 1978 ਨੂੰ ਹੁਕਮਨਾਮਾ ਜਾਰੀ ਹੋਇਆ ਸੀ ਕਿ ਕੋਈ ਵੀ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਉਸ ਦਾ ਉਪਾਸ਼ਕ ਹੈ ਉਹ ਇਨ੍ਹਾਂ ਨਕਲੀ ਨਿਰੰਕਾਰੀਆਂ ਤੇ ਨਰਕਧਾਰੀਆਂ ਨਾਲ ਕੋਈ ਮੇਲ ਜੋਲ ਅਤੇ ਰੋਟੀ ਬੇਟੀ ਦੀ ਸਾਂਝ ਨਹੀਂ ਰਖੇਗਾ ਆਦਿ । ਪ੍ਰੰਤੂ ਨਕਲੀ ਨਿਰੰਕਾਰੀਆਂ ਦੇ ਦਰਬਾਰ ਵਿਚ ਜਾਣ ਵਾਲੇ ਹਰਦੀਪ ਪੁਰੀ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਤਲਬ ਤਾਂ ਕੀ ਕਰਨਾ ਸੀ ਸਗੋਂ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਤਾਂ ਉਸ ਨੂੰ ਸੂਚਨਾ ਵਿਭਾਗ ਦੇ ਦਫ਼ਤਰ ਵਿਚ ਲਿਜਾ ਕੇ ਉਚੇਚੇ ਤੌਰ 'ਤੇ ਸਨਮਾਨਤ ਕਰਦਿਆਂ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਅਤੇ ਸਿਰੋਪਾਉ ਦਿਤਾ।
Akal Takhat Sahib
ਸਿਰੋਪਾਉ ਗਿਆਨੀ ਜਗਤਾਰ ਸਿੰਘ ਨੇ ਦਿਤਾ। ਸਾਨੂੰ ਇਹ ਇਤਰਾਜ਼ ਹੈ ਕਿ ਜਿਸ ਵਿਅਕਤੀ ਨੇ ਹੁਕਮਨਾਮੇ ਦੀ ਉਲੰਘਣਾ ਕੀਤੀ, ਉਸ ਨੂੰ ਸਨਮਾਨਤ ਕਿਉਂ ਕੀਤਾ ਗਿਆ? ਦਰਬਾਰ ਸਾਹਿਬ ਤਾਂ ਮੱਥਾ ਕੋਈ ਵੀ ਟੇਕ ਸਕਦਾ ਹੈ। ਅਸੀ ਅਕਾਲ ਤਖ਼ਤ ਸਾਹਿਬ ਜਥੇਦਾਰ ਨੂੰ ਸਵਾਲ ਕਰਦੇ ਹਾਂ ਕਿ ਉਹ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹਰਦੀਪ ਪੁਰੀ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਜਗਤਾਰ ਸਿੰਘ, ਮੈਨੇਜਰ ਮੁਖਤਾਰ ਸਿੰਘ ਅਤੇ ਮੁੱਖ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੂੰ ਕਦੋਂ ਤਲਬ ਕਰਨਗੇ । ਸਾਨੂੰ ਪਤਾ ਹੈ ਕਿ ਇਹ ਜਥੇਦਾਰ ਵੀ ਬਾਦਲਾਂ ਦੇ ਬਣਾਏ ਹੋਏ ਹਨ ਇਨ੍ਹਾਂ ਵਿਚ ਹਿੰਮਤ ਨਹੀਂ ਕਿ ਕੋਈ ਕਾਰਵਾਈ ਕਰ ਸਕਣ।