
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਲੀਗਲ ਨੋਟਿਸ ਦੇਣ ਤੋਂ ਬਾਅਦ ਨਮਕੀਨ ...
ਨਵੀਂ ਦਿੱਲੀ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਲੀਗਲ ਨੋਟਿਸ ਦੇਣ ਤੋਂ ਬਾਅਦ ਨਮਕੀਨ ਨਿਰਮਾਤਾ ਹਲਦੀਰਾਮ ਭੂਜੀਆਵਾਲਾ ਕੰਪਨੀ ਨੇ ਦਰਬਾਰ ਸਾਹਿਬ ਦੀ ਤਸਵੀਰ ਨਮਕੀਨ ਪੈਕਟਾਂ 'ਤੇ ਵਰਤਣ ਲਈ ਮਾਫ਼ੀ ਮੰਗੀ ਹੈ ਤੇ ਭਰੋਸਾ ਦੁਆਇਆ ਹੈ ਕਿ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਦੇ ਕਾਨੂੰਨੀ ਸਲਾਹਕਾਰ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੇ ਮੁਵੱਕਲ ਦੀ ਕਦੇ ਇਹ ਮਨਸ਼ਾ ਨਹੀਂ ਰਹੀ ਸੀ
ਕਿ ਉਹ ਗੁਰਦਵਾਰਾ ਸਾਹਿਬ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਗ਼ਲਤੀ ਕਰਨ। ਉਨ੍ਹਾਂ ਦਸਿਆ ਕਿ ਕੰਪਨੀ ਭਾਰਤੀ ਸਭਿਆਚਾਰ, ਇਸ ਦੇ ਖਾਣ ਪੀਣ ਦੇ ਸਭਿਆਚਾਰ ਤੇ ਹੋਰ ਸਬੰਧਤ ਖੇਤਰਾਂ ਦੀਆਂ ਤਸਵੀਰਾਂ ਵਰਤਦੀ ਰਹੀ ਹੈ ਤੇ ਇਸੇ ਕਾਰਨ ਹੀ ਦਰਬਾਰ ਸਾਹਿਬ ਦੀ ਤਸਵੀਰ ਵੀ ਇਸ ਵਲੋਂ ਅਪਣੇ ਉਤਪਾਦਾਂ 'ਤੇ ਵਰਤੀ ਗਈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਹੁਣ ਸਾਰੇ ਤਸਵੀਰ ਵਾਲੇ ਪੈਕਟ ਹੋਰ ਬਣਾਉਣੇ ਬੰਦ ਕਰਨ ਤੇ ਤਸਵੀਰ ਹਟਵਾਉਣ ਦਾ ਭਰੋਸਾ ਦੁਆਇਆ ਹੈ।