
ਮੈਨੇਜਰ ਸਣੇ ਪੰਜ ਅਧਿਕਾਰੀ ਮੁਅੱਤਲ, ਨਵਾਂ ਮੈਨੇਜਰ ਨਿਯੁਕਤ
ਸ੍ਰੀ ਆਨੰਦਪੁਰ ਸਾਹਿਬ: ਬੀਤੇ ਦਿਨਾਂ ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੰਗਰ ਘਪਲੇ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਦੇਰ ਰਾਤ ਇਸ ਮਾਮਲੇ ਵਿਚ ਕਥਿਤ ਤੌਰ 'ਤੇ ਦੋਸ਼ੀ ਪਾਏ ਗਏ ਮੈਨੇਜਰ ਸਣੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ ।
Takht Sri Keshgarh Sahib
ਇਸ ਦੀ ਪੁਸ਼ਟੀ ਕਰਦੇ ਹੋਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਲਾਮਿਆਰੀ ਸੂਤਰਾਂ ਨੇ ਦਸਿਆ ਕਿ ਰਾਤ ਪ੍ਰਧਾਨ ਵਲੋਂ ਪੜਤਾਲੀਆ ਕਮੇਟੀ ਵਲੋਂ ਪੇਸ਼ ਕੀਤੀ ਗਈ ਰੀਪੋਰਟ ਦੀ ਸਮੀਖਿਆ ਕਰਨ ਉਪਰੰਤ ਇਹ ਫ਼ੈਸਲਾ ਲਿਆ ਗਿਆ ਹੈ ਕਿ ਇਸ ਮਾਮਲੇ ਵਿਚ ਕਥਿਤ ਤੌਰ 'ਤੇ ਦੋਸ਼ੀ ਪਾਏ ਗਏ ਮੈਨੇਜਰ, ਮੀਤ ਮੈਨੇਜਰ, ਅਕਾਊਂਟੈਂਟ, ਸਟੋਰ ਕੀਪਰ ਅਤੇ ਇੰਸਪੈਕਟਰ ਨੂੰ ਤੁਰਤ ਪ੍ਰਭਾਵ ਤੋਂ ਮੁਅੱਤਲ ਕਰਦੇ ਹੋਏ ਗੁਰਦੀਪ ਸਿੰਘ ਕੰਗ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਵਾਂ ਮੈਨੇਜਰ ਨਿਯੁਕਤ ਕਰ ਦਿਤਾ ਹੈ।
Langar Store
ਇਸ ਮਾਮਲੇ ਵਿਚ ਹੋਈ ਕਾਰਵਾਈ ਦੀ ਪੁਸ਼ਟੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਪੀਏ ਤੇ ਸਕੱਤਰ ਮਹਿੰਦਰ ਸਿੰਘ ਆਹਲੀ ਵਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਗਹਿਰਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਪਰ ਦੇਰ ਨਾਲ ਹੀ ਸਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਸ਼੍ਰੋਮਣੀ ਕਮੇਟੀ ਦੇ ਨਿਜਾਮ ਵਿਚ ਸੁਧਾਰ ਲਿਆਉਣ ਅਤੇ ਬੇਨਿਯਮੀਆਂ ਕਰਨ ਵਾਲੇ ਮੁਲਾਜ਼ਮਾਂ ਵਿਰੁਧ ਮਿਸਾਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ।