
ਬਿਆਨ ਦੇਣ ਵਾਲੇ ਵਿਅਕਤੀ ਨੂੰ ਪਾਰਟੀ ਚੋਂ ਬਰਖ਼ਾਸਤ ਕੀਤਾ ਜਾਵੇ ਤਾਂ ਜੋ ਅਮਨ ਸ਼ਾਂਤੀ ਕਾਇਮ ਰਹੇ: ਗਿਆਨੀ ਰਘਬੀਰ ਸਿੰਘ
Giani Raghbir Singh - (ਅੰਮ੍ਰਿਤਸਰ): ਅੱਜ ਮਿਤੀ 2 ਨਵੰਬਰ 2023 ਨੂੰ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਲਵਰ ਲੋਕ ਸਭਾ ਸੀਟ ਤੋਂ ਸਾਂਸਦ ਅਤੇ ਤਿਜਾਰਾ ਵਿਧਾਨ ਸਭਾ ਸੀਟ ਤੋਂ ਬੀ.ਜੇ.ਪੀ. ਉਮੀਦਵਾਰ ਮਹੰਤ ਬਾਲਕ ਨਾਥ ਦੇ ਚੁਨਾਵ ਦੇ ਕਾਗਜ਼ ਭਰਨ ਤੋਂ ਪਹਿਲਾਂ ਅੱਜ ਹੋਈ ਰੈਲੀ ਦੌਰਾਨ ਬੀ.ਜੇ.ਪੀ. ਦੇ ਸਥਾਨਕ ਨੇਤਾ ਸੰਦੀਪ ਦਈਆ ਵੱਲੋਂ ਇਲਾਕੇ ਵਿਚ ਗੁਰਦੁਆਰਾ ਸਾਹਿਬ ਅਤੇ ਮਸਜੀਦਾਂ ਨੂੰ ਬਣਾਉਣ ਲਈ ਵਿਰੋਧੀ ਉਮੀਦਵਾਰ ਨੂੰ ਜ਼ਿੰਮੇਵਾਰ ਦੱਸਦਿਆਂ ਅਤੇ ਗੁਰਦਵਾਰਾ ਸਾਹਿਬ ਨੂੰ ਨਾਸੂਰ ਕਿਹਾ ਹੈ।
ਇਹ ਬਿਆਨ ਦੇਣ ਤੇ ਵਜਾਈਆਂ ਗਈਆਂ ਤਾੜੀਆਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਆਪਣੇ ਆਪ ਨੂੰ ਸਿੱਖਾਂ ਦੇ ਵੱਡੇ ਹਤਾਇਸ਼ੀ ਦੱਸਣ ਵਾਲੇ ਮੁੱਖ ਮੰਤਰੀ ਅਦਿਤਿਆਨਾਥ ਜੋਗੀ ਦੀ ਮੌਜੂਦਗੀ ਵਿਚ ਇਹ ਸਭ ਕੁਝ ਬੋਲਿਆ ਗਿਆ, ਜਦ ਕਿ ਉਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਅਜਿਹੇ ਨਫ਼ਰਤ ਭਰੇ ਬਿਆਨ ਦਾ ਉਸੇ ਸਮੇਂ ਵਿਰੋਧ ਕਰਦੇ।
ਉਹਨਾਂ ਨੇ ਕਿਹਾ ਕਿ ਰਾਜਸਥਾਨ ਦੀ ਰੈਲੀ ਦੌਰਾਨ ਸਿੱਖ ਵਿਰੋਧੀ ਬਿਆਨ ਲਈ ਯੂਪੀ ਦੇ ਮੁੱਖ ਮੰਤਰੀ ਸਮੇਤ ਰੈਲੀ ਦੇ ਪ੍ਰਬੰਧਕ ਤੇ ਬਿਆਨ ਦੇਣ ਵਾਲਾ ਵਿਅਕਤੀ ਸਿੱਖ ਕੌਮ ਤੋਂ ਤੁਰੰਤ ਮੁਆਫ਼ੀ ਮੰਗੇ ਅਤੇ ਨਾਲ ਹੀ ਉੱਚ ਲੀਡਰਸ਼ਿਪ ਨੂੰ ਕਿਹਾ ਕਿ ਬਿਆਨ ਦੇਣ ਵਾਲੇ ਵਿਅਕਤੀ ਨੂੰ ਪਾਰਟੀ ਚੋਂ ਬਰਖ਼ਾਸਤ ਕੀਤਾ ਜਾਵੇ ਤਾਂ ਜੋ ਅਮਨ ਸ਼ਾਂਤੀ ਕਾਇਮ ਰਹੇ।
ਕੀ ਹੈ ਦਾਇਮਾ ਦਾ ਬਿਆਨ
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਉਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਸੰਦੀਪ ਦਾਮਿਆ ਨੇ ਰਾਜਸਥਾਨ ਵਿਚ ਰੈਲੀ ਦੌਰਾਨ ਕਿਹਾ ਸੀ ਕਿ, “ਕੁੱਝ ਲੋਕ ਧਰਮ ਅਤੇ ਜਾਤੀਆਂ ਨੇ ਨਾਂ ਉਤੇ ਸਾਨੂੰ ਵੰਡਣਾ ਚਾਹੁੰਦੇ ਹਨ, ਸਾਨੂੰ ਬਹੁਤ ਸਮਝ ਕੇ ਰਹਿਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ,“ਜਿਸ ਤਰ੍ਹਾਂ ਮਸਜਿਦਾਂ ਅਤੇ ਗੁਰਦੁਆਰੇ ਬਣਾ ਕੇ ਛੱਡੇ ਦਿਤੇ ਗਏ ਹਨ, ਉਹ ਅੱਗੇ ਜਾ ਕੇ ਨਾਸੂਰ ਬਣ ਜਾਣਗੇ। ਇਸ ਲਈ ਸਾਡਾ ਸਾਰਿਆਂ ਦਾ ਧਰਮ ਵੀ ਬਣਦਾ ਹੈ ਕਿ ਇਥੋਂ ਨਾਸੂਰ ਨੂੰ ਉਖਾੜ ਕੇ ਸੁੱਟ ਦਿਤਾ ਜਾਵੇ।”
ਇਸ ਮਾਮਲੇ ਦੀ ਖਾਸ ਗੱਲ ਇਹ ਹੈ ਕਿ ਜਿਸ ਵੇਲੇ ਇਹ ਬਿਆਨ ਦਿਤਾ ਜਾ ਰਿਹਾ ਸੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਹਾਜ਼ਰ ਸਨ, ਉਹ ਵੀ ਬਿਆਨ ਸੁਣ ਕੇ ਤਾੜੀਆਂ ਮਾਰਨ ਵਾਲਿਆਂ ਵਿਚ ਸ਼ਾਮਲ ਸਨ। ਇਸ ਗੱਲ ਉਤੇ ਕਿਸੇ ਨੇ ਵੀ ਘਟਨਾ ਵੇਲੇ ਇਤਰਾਜ਼ ਜ਼ਾਹਰ ਨਹੀਂ ਕੀਤਾ, ਪਰ ਜਦੋਂ ਸੋਸ਼ਲ ਮੀਡੀਆ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਦੀ ਸਖ਼ਤ ਨਿੰਦਾ ਕੀਤੀ ਤਾਂ ਭਾਜਪਾ ਨੇ ਇਸ ਉਤੇ ਮਾਫ਼ੀ ਮੰਗੀ।
ਭਾਜਪਾ ਆਗੂ ਸੰਦੀਪ ਦਾਇਮਾ ਨੇ ਮੰਗੀ ਮੁਆਫੀ
ਰਾਜਸਥਾਨ ਦੇ ਤਿਜਾਰਾ ਵਿਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਸੰਦੀਪ ਦਾਇਮਾ ਨੇ ਗੁਰਦੁਆਰਿਆਂ ਬਾਰੇ ਦਿਤੇ ਆਪਣੇ ਬਿਆਨ ਨੂੰ ਗ਼ਲਤ ਦੱਸਦਿਆਂ, ਸਿੱਖ ਕੌਮ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਮਾਫ਼ੀ ਮੰਗਦਿਆਂ ਜਾਰੀ ਕੀਤੀ ਵੀਡੀਓ ਵਿਚ ਕਿਹਾ ਕਿ ਉਹ ਗੁਰਦੁਆਰਿਆਂ ਬਾਰੇ ਨਹੀਂ ਬਲਕਿ ਮਸਜਿਦ ਜਾਂ ਮਦਰਸਿਆਂ ਦੀ ਗੱਲ ਕਰਨਾ ਚਾਹੁੰਦੇ ਸਨ।