ਵਿਸ਼ਵ ਭਰ ਦੇ ਸਿੱਖਾਂ ਦੀਆਂ ਨਜ਼ਰਾਂ ‘ਜਥੇਦਾਰ’ ਦੇ ਫ਼ੈਸਲੇ ’ਤੇ ਟਿਕੀਆਂ
Panthak News: ਕਾਫ਼ੀ ਲੰਬੀ ਉਡੀਕ ਕਰਨ ਬਾਅਦ ਅੱਜ ਫ਼ੈਸਲੇ ਦੀ ਘੜੀ ਆ ਗਈ ਜਿਸ ਦਾ ਬੜੀ ਉਤਸੁਕਤਾ ਨਾਲ ਇੰਤਜ਼ਾਰ ਹੋ ਰਿਹਾ ਸੀ। ਸਿੱਖ ਪੰਥ ਦੀ ਸਿਰਮੌਰ ਸੰਸਥਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਅੱਜ ਦੁਪਹਿਰ ਇਕ ਵਜੇ ਹੋਰ ਸਿੰਘ ਸਾਹਿਬਾਨ ਨਾਲ, ਅਕਾਲ ਤਖ਼ਤ ਦੀ ਫ਼ਸੀਲ ਤੋਂ ਇਤਿਹਾਸਕ ਫ਼ੈਸਲਾ, ਸੁਖਬੀਰ ਸਿੰਘ ਬਾਦਲ, ਬਾਗ਼ੀ ਲੀਡਰਸ਼ਿਪ ਅਤੇ ਸਬੰਧਤ ਧਿਰਾਂ ਵਿਰੁਧ ਸੁਣਾਉਣਗੇ।
ਇਸ ਫ਼ੈਸਲੇ ਨੂੰ ਮੱਦੇਨਜ਼ਰ ਰਖਦਿਆਂ, ਉਚ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਮੁਸਤੈਦੀ ਨਾਲ ਨਜ਼ਰ ਰੱਖ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਿਆ ਜਾ ਸਕੇ। ਇਸ ਦੌਰਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਅਕਾਲੀ ਵਜ਼ੀਰ ਜਿਨ੍ਹਾਂ 2007 ਤੋਂ 2017 ਤਕ, ਸਰਕਾਰ ਹੰਢਾਈ ਅਤੇ ਉਹ ਮੌਜੂਦ ਰਹਿਣਗੇ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਸਕੱਤਰਾਂ ਨੂੰ ਵੀ ਮੌਕੇ ’ਤੇ ਹਾਜ਼ਰ ਰਹਿਣ ਲਈ, ਆਦੇਸ਼ ਜਥੇਦਾਰ ਸਾਹਿਬ ਵਲੋਂ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਸਿੱਖਾਂ ਤੇ ਹੋਰ ਰਾਜਨੀਤਕਾਂ ਦੀਆਂ ਨਜ਼ਰਾਂ ਇਸ ਹੋ ਰਹੇ ਫ਼ੈਸਲੇ ’ਤੇ ਟਿਕੀਆਂ ਹਨ। ਅਕਾਲੀ ਦਲ ਵਲੋਂ ਚੋਣਾ ਹਾਰਨ ਤੇ ਪਾਰਟੀ ਦੇ ਇਕ ਧੜੇ ਨੇ ਦੋਸ਼ ਪ੍ਰਧਾਨ ’ਤੇ ਲਾਏ ਸਨ ਤੇ ਜਥੇਦਾਰ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ।
ਸਾਰਾ ਮਸਲਾ ਬੇਅਦਬੀਆਂ ਤੇ ਸੌਦਾ-ਸਾਧ ਨਾਲ ਜੁੜਿਆ ਹੈ ਜਿਸ ਦੀ ਮਦਦ ਲਈ ਬਾਦਲ ਪ੍ਰਵਾਰ ’ਤੇ ਦੋਸ਼ ਹੈ ਭਾਵੇਂ ਬਾਗ਼ੀ ਵੀ ਬਰਾਬਰ ਦੇ ਜ਼ੁੰਮੇਵਾਰ ਹਨ ਪਰ ਫ਼ੈਸਲਾ ਜਥੇਦਾਰ ਕਰਨਗੇ।