
ਜੁਲਮ ਵਿਰੁਧ ਖੜਨ ਵਾਲੇ ਸਿੱਖ ਕੌਮ ਦੇ ਛੋਟੀ ਉਮਰ ਦੇ ਜੁਝਾਰੂ ਜੋਧੇ ਭਾਈ ਜੁਗਰਾਜ ਸਿੰਘ ਤੂਫ਼ਾਨ ਦੇ ਜੀਵਨ 'ਤੇ ਬਣੀ ਪੰਜਾਬੀ ਫ਼ਿਲਮ 'ਤੂਫ਼ਾਨ ਸਿੰਘ' ਨੂੰ....
ਲੰਦਨ, 27 ਜੁਲਾਈ (ਹਰਜੀਤ ਸਿੰਘ ਵਿਰਕ) : ਜੁਲਮ ਵਿਰੁਧ ਖੜਨ ਵਾਲੇ ਸਿੱਖ ਕੌਮ ਦੇ ਛੋਟੀ ਉਮਰ ਦੇ ਜੁਝਾਰੂ ਜੋਧੇ ਭਾਈ ਜੁਗਰਾਜ ਸਿੰਘ ਤੂਫ਼ਾਨ ਦੇ ਜੀਵਨ 'ਤੇ ਬਣੀ ਪੰਜਾਬੀ ਫ਼ਿਲਮ 'ਤੂਫ਼ਾਨ ਸਿੰਘ' ਨੂੰ ਭਾਵੇਂ ਭਾਰਤ 'ਚ ਵਿਖਾਉਣ 'ਤੇ ਭਾਰਤ ਸਰਕਾਰ ਵਲੋਂ ਪਾਬੰਦੀ ਲਗਾ ਦਿਤੀ ਹੈ ਪਰ ਵਿਦੇਸ਼ਾਂ 'ਚ ਖਾਸਕਰ ਯੂ.ਕੇ., ਕੈਨੇਡਾ, ਯੂਰਪ ਤੇ ਅਮਰੀਕਾ 'ਚ ਇਸ ਫ਼ਿਲਮ ਦੇ 4 ਅਗੱਸਤ ਨੂੰ ਰੀਲੀਜ਼ ਕੀਤੇ ਜਾਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਫ਼ਿਲਮ ਦੇ ਪ੍ਰਚਾਰ ਲਈ ਫ਼ਿਲਮ ਨਿਰਮਾਤਾ ਦਿਲਬਾਗ ਸਿੰਘ ਅਤੇ ਡਾਇਰੈਕਟਰ ਬਘੇਲ ਸਿੰਘ ਵਲੋਂ ਪੂਰੇ ਯੂ.ਕੇ. ਪ੍ਰਮੁੱਖ ਸ਼ਹਿਰਾਂ 'ਚ ਗੁਰਦਵਾਰਿਆ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਸਿੱਖ ਸੰਗਤਾਂ 'ਚ ਬੜੇ ਉਤਸ਼ਾਹ ਤੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਸਿਖਾਂ ਵਲੋਂ ਭਰਵਾਂ ਸਹਿਯੋਗ ਵੀ ਮਿਲ ਰਿਹਾ ਹੈ। ਇਸ ਕੜੀ ਤਹਿਤ ਫ਼ਿਲਮ ਦੇ ਪ੍ਰਚਾਰ ਲਈ ਉਨ੍ਹਾਂ ਵਲੋਂ ਕਵੈਂਟਰੀ ਦੇ ਮੁੱਖ ਗੁਰਦਵਾਰਾ ਸਿੰਘ ਸਭਾ ਕਵੈਂਟਰੀ 'ਚ ਸੰਗਤ ਦੇ ਸਹਿਯੋਗ ਨਾਲ ਇਕ ਸਾਂਝੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਫ਼ਿਲਮ ਡਾਇਰੈਕਟਰ ਬਘੇਲ ਸਿੰਘ ਨੇ ਫ਼ਿਲਮ ਨਿਰਮਾਣ ਮੌਕੇ ਦੇ ਤਜ਼ੁਰਬੇ ਸਾਂਝੇ ਕਰਦਿਆਂ ਦਸਿਆ ਕਿ ਬਾਲੀਵੁਡ ਦੇ ਕਈ ਨਾਮਵਰ ਕਲਾਕਾਰਾਂ ਨੇ ਫ਼ਿਲਮ 'ਚ ਰੋਲ ਕੀਤੇ ਹਨ ਅਤੇ ਜਦੋਂ ਉਨ੍ਹਾਂ ਨੂੰ ਇਹ ਦਸਿਆ ਗਿਆ ਕਿ ਹਕੀਕਤ 'ਚ ਉਹ ਸਭ ਕੁਝ ਹੋਇਆ ਸੀ, ਜੋ ਫ਼ਿਲਮ 'ਚ ਫ਼ਿਲਮਾਇਆ ਜਾ ਰਿਹਾ ਹੈ ਤਾਂ ਉਹ ਯਕੀਨ ਨਹੀਂ ਕਰ ਪਾ ਰਹੇ ਸਨ ਕਿ ਐਨੀ ਛੋਟੀ ਉਮਰ ਦਾ ਇਕ ਸਿੱਖ ਯੋਧਾ ਆਮ ਲੋਕਾਂ 'ਚ ਐਨਾ ਹਰਮਨਪਿਆਰਾ ਹੋ ਗਿਆ ਕਿ ਉਸ ਦੀ ਸ਼ਹਾਦਤ ਤੇ ਅੰਤਮ ਸਸਕਾਰ 'ਚ 10 ਲੱਖ ਤੋਂ ਵੱਧ ਲੋਕ ਭਾਈ ਜੁਗਰਾਜ ਸਿੰਘ ਤੂਫ਼ਾਨ ਦੇ ਪਿੰਡ ਖੁੱਡੀ ਚੀਮਾਂ 'ਚ ਪਹੁੰਚੇ ਸਨ।
ਭਾਈ ਬਘੇਲ ਸਿੰਘ ਨੇ ਦਸਿਆ ਕਿ ਸਾਡੇ ਵਲੋਂ ਸੈਂਸਰ ਬੋਰਡ ਦੇ ਸਾਰੇ ਇਤਰਾਜ਼ ਹਟਾ ਦੇਣ ਦੇ ਬਾਵਜੂਦ ਵੀ ਪਿਛਲੇ ਦੋ ਸਾਲ ਤੋਂ ਫ਼ਿਲਮ ਨੂੰ ਰੀਲੀਜ਼ ਹੋਣ ਤੋਂ ਰੋਕਿਆ ਹੋਇਆ ਹੈ ਅਤੇ ਹੁਣ ਅਖੀਰ ਪੰਜਵੀਂ ਵਾਰ ਬਿਨਾਂ ਕੋਈ ਕਾਰਨ ਦੱਸੇ ਫ਼ਿਲਮ 'ਤੇ ਪਾਬੰਧੀ ਲਗਾਉਣਾ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਦੋਹਰੀ ਮਾਨਸਿਕਤਾ ਦਾ ਸਬੂਤ ਹੈ।
ਨਿਰਮਾਤਾ ਦਿਲਬਾਗ ਸਿੰਘ ਨੇ ਦਸਿਆ ਕਿ ਲੰਦਨ 'ਚ ਪਾਏਨੀਅਰ ਸਟੂਡੀਉ 'ਚ 28 ਜੁਲਾਈ ਨੂੰ ਸਮੂਹ ਅੰਤਰਰਾਸ਼ਟਰੀ ਮੀਡੀਆ ਤੇ ਪੱਤਰਕਾਰਾਂ ਲਈ ਫ਼ਿਲਮ ਤੂਫ਼ਾਨ ਸਿੰਘ ਦਾ ਵਿਸ਼ੇਸ਼ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਕਿ ਪਹਿਲੀ ਭਾਰਤੀ ਫ਼ਿਲਮ ਹੋਵੇਗੀ। ਇਸ ਮੌਕੇ ਭਾਈ ਅਮਰੀਕ ਸਿੰਘ ਲੂਟਨਵਾਲੇ, ਸੁਰਜੀਤ ਸਿੰਘ ਪੰਡੋਰੀ, ਨਛੱਤਰ ਸਿੰਘ, ਬੀਬੀ ਪ੍ਰੀਤ ਕੌਰ ਯੂ.ਐਸ.ਏ., ਪ੍ਰਧਾਨ ਅਵਤਾਰ ਸਿੰਘ ਸੰਘੇੜਾ ਗੁਰੂਘਰ ਕਵੈਂਟਰੀ ਸਮੇਤ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।