
ਉਕਤ ਸੰਵੇਦਨਸ਼ੀਲ ਮਾਮਲੇ ਪ੍ਰਤੀ ਸਖ਼ਤ ਨੋਟਿਸ ਲੈਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਵਾਉਣ ਦੀ ਅਪੀਲ ਕੀਤੀ ਹੈ...
ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਮਿਆਨਾਂ ਉਤੇ ‘ਜੈ ਮਾਤਾ ਦੀ’ ਲਿਖੀਆਂ ਕ੍ਰਿਪਾਨਾਂ (ਸ਼੍ਰੀ ਸਾਹਿਬ) ਦੀ ਬਾਜ਼ਾਰਾਂ ਵਿਚ ਹੋ ਰਹੀ ਵਿਕਰੀ ਉਤੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਨੂੰ ਸਿੱਖ ਧਰਮ ਉਤੇ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਉਕਤ ਮਾਮਲਾ ਸਾਹਮਣੇ ਆਉਣ ਨਾਲ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪੁੱਜੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਉਕਤ ਸੰਵੇਦਨਸ਼ੀਲ ਮਾਮਲੇ ਪ੍ਰਤੀ ਸਖ਼ਤ ਨੋਟਿਸ ਲੈਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਵਾਉਣ ਦੀ ਅਪੀਲ ਕੀਤੀ ਹੈ।
Harnam Singh Khalsa
ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਨੇੜੇ ਅਤੇ ਹੋਰ ਗੁਰਧਾਮਾਂ, ਧਾਰਮਿਕ ਅਸਥਾਨਾਂ ਉਤੇ ਅਜਿਹੀਆਂ ਕਿਰਪਾਨਾਂ ਦੀ ਵਿਕਰੀ ਹੋਣੀ ਗਹਿਰੀ ਸਾਜ਼ਿਸ਼ ਅਤੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਪੰਜਾਬ ਦੇ ਮਾਹੌਲ ਨੂੰ ਸ਼ਾਂਤਮਈ ਬਣਾਏ ਰੱਖਣ ਲਈ ‘ਜੈ ਮਾਤਾ ਦੀ’ ਲਿਖੀਆਂ ਕ੍ਰਿਪਾਨਾਂ ਨੂੰ ਤੁਰੰਤ ਜ਼ਬਤ ਕਰਨ ਅਤੇ ਅੰਮ੍ਰਿਤਧਾਰੀ ਸਿੱਖਾਂ ਦੇ ਗਲਾਂ ਵਿਚ ਜੈਂ ਮਾਤਾ ਦੀ ਲਿਖੀਆਂ ਕ੍ਰਿਪਾਨਾਂ ਪੁਆਉਣ ਦੀ ਸਾਜ਼ਿਸ਼ ਪਿੱਛੇ ਕੰਮ ਕਰ ਰੀਆਂ ਪੰਥ ਦੋਖੀ ਤਾਕਤਾਂ ਦਾ ਪਰਦਾਫਾਸ਼ ਕਰਨ ਦੀ ਵੀ ਸਰਕਾਰ ਤੋਂ ਮੰਗ ਕੀਤੀ। ਉਨ੍ਹਾਂ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਸਿੱਖੀ ਕਕਾਰਾਂ ਉਤੇ ਭਗਵਾਕਰਨ ਲਿਆਉਣ ਨੂੰ ਪੰਥ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ।
Harnam Singh Khalsa
ਉਨ੍ਹਾਂ ਕਿਹਾ ਕਿ ਸਿੱਖ ਵੱਖਰੀ ਕੌਮ ਹੈ ਅਤੇ ਖਾਲਸਾ ਇਕ ਅਕਾਲ ਪੁਰਖ ਦਾ ਉਪਾਸ਼ਕ ਹੈ, ਜਿਸ ਦਾ ਕਿਸੇ ਦੇਵੀ-ਦੇਵਤੇ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਿੱਖ ਵਿਰੋਧ ਸ਼ਰਾਰਤੀ ਲਾਬੀ ਅਜਿਹੀਆਂ ਹਰਕਤਾਂ ਨਾਲ ਸਿੱਖ ਕੌਮ ਨੂੰ ਵੰਗਾਰਨਾ ਬੰਦ ਕਰਨ। ਉਨ੍ਹਾਂ ਕਿਹਾ ਕਿ ਸਮੂਹ ਸਿੱਖ ਸੰਗਤਾਂ ਨੂੰ ਉਕਤ ਸਾਜ਼ਿਸ਼ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।