
ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਆਗਮਨ ਸਮੇਂ ਤੋਂ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਯਤਨ.............
ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਆਗਮਨ ਸਮੇਂ ਤੋਂ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਯਤਨ ਕਰਨ ਤੋਂ ਇਲਾਵਾ ਸਿੱਖੀ 'ਤੇ ਹੁੰਦੇ ਹਮਲਿਆਂ ਨੂੰ ਰੋਕਣ ਲਈ ਵੀ ਹਮੇਸ਼ਾ ਉਪਰਾਲੇ ਕਰਦੀ ਰਹੀ ਹੈ। ਦਮਦਮੀ ਟਕਸਾਲ ਵਲੋਂ ਪੰਥ ਅਤੇ ਪੰਜਾਬ ਦੇ ਹੱਕਾਂ ਹਿਤਾਂ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਟਕਸਾਲ ਨੇ ਜਿਥੇ ਕੌਮ ਨੂੰ ਵਿਦਵਾਨ ਦਿਤੇ ਉਥੇ ਸ਼ਹੀਦ ਵੀ ਦਿਤੇ ਜਿਨ੍ਹਾਂ ਕੌਮ ਦੀ ਰਾਖੀ ਲਈ ਅਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨ ਤੋਂ ਨਾ ਕਦੀ ਪਿੱਛੇ ਹਟੀ ਅਤੇ ਨਾ ਹੀ ਹਟੇਗੀ।
ਦਮਦਮੀ ਟਕਸਾਲ ਮੁਖੀ ਵਲੋਂ ਇਹ ਵਿਚਾਰ ਸਿੱਖ ਪੰਥ ਦੀ ਸਿਰਮੌਰ ਧਾਰਮਕ ਸੰਸਥਾ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਸਬੰਧੀ ਤਿੰਨ ਰੋਜ਼ਾ ਧਾਰਮਕ ਸਮਾਗਮ ਦੇ ਅੱਜ ਅੰਤਮ ਦਿਹਾੜੇ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਉਂਦਿਆਂ ਪ੍ਰਗਟ ਕੀਤੇ। ਇਨ੍ਹਾਂ ਵਿਸ਼ਾਲ ਗੁਰਮਤਿ ਸਮਾਗਮਾਂ ਮੌਕੇ ਦਮਦਮੀ ਟਕਸਾਲ ਦੇ ਪੁਰਾਣੇ ਤੇ ਮੌਜੂਦਾ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵਲੋਂ ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਹਰਨਾਮ ਸਿੰਘ ਦਾ ਸਨਮਾਨ ਕੀਤਾ ਜਦੋਂ ਕਿ ਟਕਸਾਲ ਵਲੋਂ ਵੀ ਜਥੇਦਾਰ ਤੇ ਹੋਰਨਾਂ ਧਾਰਮਕ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ।