
ਅਕਾਲ ਤਖ਼ਤ 'ਤੇ ਹੋਏ ਹਮਲੇ ਨੂੰ 'ਅਤਿਵਾਦੀ ਹਮਲਾ' ਐਲਾਨਿਆ ਜਾਵੇ : ਪਰਮਜੀਤ ਕੌਰ ਖਾਲੜਾ
ਅੰਮ੍ਰਿਤਸਰ : ਪਿੰਡ ਭੁੱਚਰ ਵਿਖੇ ਸ੍ਰੀ ਦਰਬਾਰ ਸਾਹਿਬ ਉਪਰ ਫ਼ੌਜੀ ਹਮਲੇ ਦੀ 35ਵੀਂ ਬਰਸੀ ਗੁਰਦੁਆਰਾ ਸ਼ਹੀਦਾਂ ਵਿਖੇ ਮਨਾਈ ਗਈ। ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਕਵੀਸ਼ਰੀ ਜਥੇ ਵਲੋਂ ਕਵੀਸ਼ਰੀ ਸੁਣਾਉਣ ਤੋਂ ਪਿਛੋਂ ਸੰਗਤਾਂ ਦੇ ਇਕੱਠ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਨੇਕੀ ਉਪਰ ਬਦੀ ਦਾ ਹਮਲਾ ਸੀ। ਇਹ ਹਮਲਾ ਵਰਨ ਆਸ਼ਰਮ ਵਿਚਾਰਧਾਰਾ ਵਲੋਂ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਣ ਲਈ ਕੀਤਾ ਗਿਆ ਸੀ। ਜਲਿਆਂ ਵਾਲੇ ਬਾਗ਼ ਵਿਚ ਚਲੀ 10 ਮਿੰਟ ਗੋਲੀ ਦੀ ਪੜਤਾਲ ਸਰਕਾਰ ਕਰਵਾ ਸਕਦੀ ਹੈ ਤਾਂ ਸ੍ਰੀ ਦਰਬਾਰ ਸਾਹਿਬ ਉਪਰ 72 ਘੰਟੇ ਤੋਪਾਂ ਟੈਂਕਾਂ ਨਾਲ ਹਮਲੇ ਦੀ ਨਿਰਪੱਖ ਪੜਤਾਲ ਕਿਉਂ ਨਹੀਂ ਹੋਣੀ ਚਾਹੀਦੀ?
Parmjeet Kaur Khalra
ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਕਾਨੂੰਨੀ ਸਲਾਹਕਾਰ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਕਿਹਾ ਕਿ ਇਹ ਹਮਲਾ ਸਿੱਖੀ ਦੀ ਉਸ ਸੇਧ ਉਪਰ ਸੀ, ਜਿਹੜੀ ਜ਼ੁਲਮ ਨਾਲ ਟਕਰਾਉਣ, ਮਨੁੱਖੀ ਬਰਾਬਰਤਾ, ਮੂਰਤੀ ਪੂਜਾ ਦਾ ਵਿਰੋਧ ਅਤੇ ਗ਼ਰੀਬ ਦੀ ਬਾਂਹ ਫੜਨ ਦਾ ਦਮ ਭਰਦੀ ਹੈ। ਉਨ੍ਹਾਂ ਕਿਹਾ ਕਿ 6 ਜੂਨ ਵਾਲੇ ਦਿਨ ਫ਼ੌਜੀ ਹਮਲੇ ਨੂੰ ਅਕਾਲ ਤਖ਼ਤ ਸਾਹਿਬ ਤੋਂ ਅਤਿਵਾਦੀ ਹਮਲਾ ਐਲਾਨਿਆ ਜਾਵੇ। ਬੁਲਾਰਿਆ ਨੇ ਕਿਹਾ ਕਿ ਫ਼ੌਜੀ ਹਮਲਾ ਕਾਂਗਰਸ, ਭਾਜਪਾ, ਬਾਦਲ ਦਲ ਅਤੇ ਆਰ.ਐਸ.ਐਸ. ਦੀ ਸਾਂਝੀ ਯੋਜਨਾਬੰਦੀ ਦਾ ਸਿੱਟਾ ਸੀ।
1984 Darbar Sahib
ਅਦਾਲਤਾਂ ਇਕ ਕਾਲਾ ਹਿਰਨ ਮਰ ਜਾਵੇ ਤਾਂ ਨੋਟਿਸ ਲੈਂਦੀਆਂ ਹਨ ਪਰ ਹਜ਼ਾਰਾਂ ਸਿੱਖ ਫ਼ੌਜੀ ਹਮਲੇ ਦੌਰਾਨ ਸ਼ਹੀਦ ਕੀਤੇ ਗਏ ਪਰ ਕਿਸੇ ਅਦਾਲਤ ਨੇ ਕੋਈ ਨੋਟਿਸ ਨਹੀਂ ਲਿਆ। ਭਾਈ ਬਲਦੇਵ ਸਿੰਘ ਧਰਮੀ ਫ਼ੌਜੀ ਨੇ ਕਿਹਾ ਕਿ ਸਰਕਾਰਾਂ ਦੀ ਗੱਲ ਤਾਂ ਇਕ ਪਾਸੇ ਰਹੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸ਼ਹੀਦ ਪਰਵਾਰਾਂ ਦੀ ਕੋਈ ਬਾਂਹ ਨਹੀਂ ਫੜੀ ਸਗੋਂ ਐਸ.ਜੀ.ਪੀ.ਸੀ. ਨੇ ਫ਼ੌਜੀ ਹਮਲੇ ਦੇ ਸਾਰੇ ਨਿਸ਼ਾਨ ਮਿਟਾ ਦਿਤੇ ਅਤੇ ਸਰਕਾਰੀ ਜ਼ੁਲਮ ਦੇ ਹੱਕ ਵਿਚ ਖਲੋਤੇ।
1984 Darbar Sahib
ਇਸ ਮੌਕੇ ਬਲਵਿੰਦਰ ਸਿੰਘ ਭੁੱਚਰ, ਨੰਬਰਦਾਰ ਮਲਕੀਤ ਸਿੰਘ, ਬਲਦੇਵ ਸਿੰਘ ਸ਼ਾਹ ਸਰਪੰਚ, ਮੈਂਬਰ ਅੰਗਰੇਜ਼ ਸਿੰਘ, ਮੈਂਬਰ ਰਛਪਾਲ ਕੌਰ, ਨੰਬਰਦਾਰ ਸੁਖਪਾਲ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸਟੇਜ ਦੀ ਸੇਵਾ ਭਾਈ ਬਲਦੇਵ ਸਿੰਘ ਧਰਮੀ ਫ਼ੌਜੀ ਨੇ ਨਿਭਾਈ। ਇਸ ਮੌਕੇ ਜੂਨ 84 ਦੇ ਸ਼ਹੀਦ ਪਰਵਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ।