
ਸਥਾਨਕ ਮੋਗਾ-ਬਠਿੰਡਾ ਤਿੰਨਕੌਣੀ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਅੰਮ੍ਰਿਤਧਾਰੀ ਨੌਜਵਾਨ ਦੀ ਦਸਤਾਰ ਲਾਹ ਦੇਣ ਅਤੇ ਕੁੱਟਮਾਰ ਕਰਨ.........
ਕੋਟਕਪੂਰਾ : ਸਥਾਨਕ ਮੋਗਾ-ਬਠਿੰਡਾ ਤਿੰਨਕੌਣੀ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਅੰਮ੍ਰਿਤਧਾਰੀ ਨੌਜਵਾਨ ਦੀ ਦਸਤਾਰ ਲਾਹ ਦੇਣ ਅਤੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਮੁਲਜ਼ਮ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਉਸ ਵਿਰੁਧ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਖੇਮ ਚੰਦ ਪਰਾਸ਼ਰ ਨੇ ਦਸਿਆ ਕਿ ਡਾਕਟਰੀ ਮੁਆਇਨਾ ਵਿਚ ਇਹ ਸਾਹਮਣੇ ਆਇਆ ਹੈ ਕਿ ਪੁਲਿਸ ਮੁਲਾਜ਼ਮ ਦੇ ਸ਼ਰਾਬ ਪੀਤੀ ਹੋਈ ਸੀ।
ਉਨ੍ਹਾਂ ਦਸਿਆ ਕਿ ਮੁਲਜ਼ਮ ਰਵਿੰਦਰ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਵੀ ਕਰ ਦਿਤਾ ਗਿਆ ਤੇ ਹੁਣ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਘਟਨਾ ਤੋਂ ਬਾਅਦ ਰੋਹ 'ਚ ਆਈਆਂ ਸੰਗਤਾਂ ਨੇ ਧਰਨਾ ਲਾ ਦਿਤਾ, ਸ਼ਹਿਰ 'ਚੋਂ ਰਾਸ਼ਟਰੀ ਰਾਜ ਮਾਰਗ ਵਾਲੀ ਸੜਕ ਲੰਘਦੀ ਹੋਣ ਕਰ ਕੇ ਅਤੇ ਆਵਾਜਾਈ ਠੱਪ ਕਰ ਦੇਣ ਨਾਲ ਸਾਰੇ ਪਾਸੇ ਵਾਹਨਾ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ। ਲਗਾਤਾਰ ਢਾਈ 3 ਘੰਟੇ ਲੱਗੇ ਧਰਨੇ ਦੌਰਾਨ ਧਰਨਾਕਾਰੀਆਂ ਦੀ ਜ਼ਿੱਦ ਸੀ ਕਿ ਜਦ ਤਕ ਪੁਲਿਸ ਮੁਲਾਜ਼ਮ ਵਿਰੁਧ ਮਾਮਲਾ ਦਰਜ ਕਰ ਕੇ ਉਨਾ ਤਕ ਐਫ.ਆਈ.ਆਰ. ਦੀ ਕਾਪੀ ਨਹੀਂ ਪੁਜਦੀ,
ਉਦੋਂ ਤਕ ਧਰਨਾ ਚੁਕਿਆ ਨਹੀਂ ਜਾਵੇਗਾ। ਥਾਣਾ ਮੁਖੀ ਖੇਮ ਨੇ ਧਰਨਾਕਾਰੀਆਂ ਨੂੰ ਦਰਜ ਮਾਮਲੇ ਦੀ ਕਾਪੀ ਸੌਂਪਦਿਆਂ ਕਿਹਾ ਕਿ ਸਬੰਧਤ ਹੌਲਦਾਰ ਰਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਾੜੀ ਮੁਸਤਫ਼ਾ (ਮੋਗਾ) ਵਿਰੁਧ 295ਏ ਤਹਿਤ ਮਾਮਲਾ ਦਰਜ ਕਰ ਦਿਤਾ ਗਿਆ ਹੈ। ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਮਹੇਸ਼ਵਰੀ ਸੰਧੂਆਂ ਨੇ ਜਦ ਤਿੰਨਕੋਣੀ 'ਤੇ ਬਰਗਾੜੀ ਮੋਰਚੇ ਨਾਲ ਸਬੰਧਤ ਇਕ ਫ਼ਲੈਕਸ ਬੋਰਡ ਤਕਿਆ
ਤਾਂ ਉਸ ਨੇ ਇਤਰਾਜ਼ ਕਰਦਿਆਂ ਨੇੜੇ ਬੈਠੇ ਇਕ ਪੁਲਿਸ ਮੁਲਾਜ਼ਮ ਨੂੰ ਇਹ ਬੋਰਡ ਉਤਰਵਾਉਣ ਲਈ ਕਿਹਾ, ਪੁਲਿਸ ਮੁਲਾਜ਼ਮ ਤੈਸ਼ 'ਚ ਆ ਗਿਆ ਤੇ ਗੱਲ ਹੱਥੋਪਾਈ ਤਕ ਪੁੱਜ ਗਈ ਜਿਸ ਨਾਲ ਅੰਮ੍ਰਿਤਧਾਰੀ ਨੌਜਵਾਨ ਦੀ ਦਸਤਾਰ ਲਹਿ ਗਈ।