
ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਤੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਸੁਚੇਤ ਕੀਤਾ ਹੈ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਤੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਸੁਚੇਤ ਕੀਤਾ ਹੈ। ਭਾਈ ਹਵਾਰਾ ਮੁਤਾਬਕ ਜਾਗਦੀ ਜਮੀਰ ਵਾਲੇ ਸਮੂਹ ਸਿੱਖਾਂ ਨੂੰ ਇਸ ਗੱਲ ਦੀ ਪੀੜਾ ਹੈ ਕਿ ਅਕਾਲ ਤਖ਼ਤ ਸਾਹਿਬ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਰਾਜਸੀ ਆਗੂਆਂ ਦੇ ਟੋਲੇ ਨੇ ਅਪਣੇ ਸਵਾਰਥ ਦੀ ਖ਼ਾਤਰ ਪੰਥ ਵਿਰੋਧੀਆਂ ਕੋਲ ਗਹਿਣੇ ਪਾ ਦਿਤਾ ਹੈ ਜਿਸ ਦੇ ਸਿੱਟੇ ਵਜੋਂ ਅਕਾਲ ਤਖ਼ਤ ਸਾਹਿਬ ਤੋਂ ਮੰਦਬੁੱਧੀ ਵਾਲੇ ਰਾਜਸੀ ਆਗੂਆਂ ਨੇ ਗ਼ਲਤ ਹੁਕਮਨਾਮੇ ਜਾਰੀ ਕਰਵਾ ਕੇ ਇਸ ਸਰਬ ਉੱਚ ਅਸਥਾਨ ਦੀ ਮਰਿਆਦਾ ਅਤੇ ਸਵੈਮਾਨ ਨੂੰ ਢਾਹ ਲਾਈ ਹੈ।
Akal Takhat Sahib
ਦੁਨਿਆਵੀ ਹਾਕਮ ਭਾਵੇਂ ਜਿੰਨੇ ਵੀ ਸ਼ਕਤੀਮਾਨ ਕਿਉਂ ਨਾ ਹੋਣ ਪਰ ਉਹ ਅਕਾਲ ਪੁਰਖ ਦੀ ਸ਼ਕਤੀ ਅੱਗੇ ਝੂਠੇ ਅਤੇ ਖੋਖਲੇ ਹਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਛੇਵੇਂ ਗੁਰੂ ਨਾਨਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਅੱਜ ਦੇ ਦਿਹਾੜੇ 1606 ਈਸਵੀ ਨੂੰ ਕੀਤੀ ਸੀ।
DARBAR SAHIB
ਇਸ ਇਤਿਹਾਸਕ ਸਿਰਜਣਾ ਵੇਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਉਨ੍ਹਾਂ ਨਾਲ ਸਨ। ਮੈਂ ਗੁਰੂ ਪੰਥ ਦਾ ਦਾਸ ਹੋਣ ਦੇ ਨਾਤੇ ਅਪਣਾ ਕੌਮੀ ਫ਼ਰਜ਼ ਸਮਝਦਾ ਹੋਇਆ, ਸਿੱਖ ਕੌਮ ਨੂੰ ਬੇਨਤੀ ਕਰਦਾ ਹਾਂ ਕਿ ਅਪਣੀ ਮਾਨਸਿਕਤਾ ਵਿਚ ਕਦੀ ਵੀ ਗੁਲਾਮੀ ਨੂੰ ਭਾਰੂ ਨਾ ਹੋਣ ਦੇਣਾ। ਰਾਜਨੀਤਕ ਗੁਲਾਮੀ, ਧਾਰਮਕ ਗੁਲਾਮੀ, ਸਭਿਆਚਾਰਕ ਗੁਲਾਮੀ, ਆਰਥਕ ਗੁਲਾਮੀ ਭਾਵ ਹਰ ਪ੍ਰਕਾਰ ਦੀ ਗੁਲਾਮੀ ਤੋਂ ਸਿੱਖ ਨੂੰ ਸਾਵਧਾਨ ਹੋਣ ਦੀ ਲੋੜ ਹੈ ।