
ਕੈਪਟਨ ਸਰਕਾਰ ਵਲੋਂ 4 ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਸਜ਼ਾ ਮਾਫ਼ੀ ਦਾ ਮਾਮਲਾ
ਨਵੀਂ ਦਿੱਲੀ : ਪੰਜਾਬ ਦੀ ਕੈਪਟਨ ਸਰਕਾਰ ਵਲੋਂ ਸਿੱਖ ਨੌਜਵਾਨ ਹਰਜੀਤ ਸਿੰਘ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ 4 ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਸਜ਼ਾ ਮਾਫ਼ੀ ਕਰਨ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਿੰਘ ਜੀ ਕੇ ਨੇ ਮੰਗ ਕੀਤੀ ਹੈ ਕਿ ਇਸ ਫ਼ੈਸਲੇ ਦੇ ਆਧਾਰ 'ਤੇ ਹੁਣ ਜੇਲਾਂ ਵਿਚ ਡੱਕੇ ਹੋਏ ਸਿੱਖ ਸਿਆਸੀ ਬੰਦੀਆਂ ਦੀ ਰਿਹਾਈ ਦਾ ਰਾਹ ਵੀ ਪਧਰਾ ਕੀਤਾ ਜਾਵੇ ਤੇ ਉਨ੍ਹਾਂ ਨੂੰ ਜੇਲਾਂ 'ਚੋਂ ਬਾਹਰ ਲਿਆਇਆ ਜਾਵੇ।
Jagtar Singh Hawara
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀ ਕੇ ਨੇ ਕਿਹਾ ਕਿ ਬਾਦਲ ਸਰਕਾਰ ਵੇਲੇ ਸਜ਼ਾਯਾਫ਼ਤਾ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਮਾਫ਼ੀ ਦੇਣ ਦਾ ਜੋ ਅਮਲ ਸ਼ੁਰੂ ਹੋਇਆ ਸੀ, ਉਸ ਨੂੰ ਕੈਪਟਨ ਸਰਕਾਰ ਨੇ ਤੋੜ ਤਕ ਨਿਭਾਇਆ ਹੈ। ਹੁਣ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਤੁਰਤ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕਰ ਕੇ, ਤਿਹਾੜ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਇਆ ਸਿੰਘ ਲਾਹੌਰੀਆ ਤੇ ਹੋਰ ਸਿੱਖ ਕੈਦੀਆਂ ਦੀ ਰਿਹਾਈ ਦਾ ਰਾਹ ਖੋਲ੍ਹੇ।
Sukhbir Singh Badal
ਸਿੱਖ ਬੰਦੀਆਂ ਦੀ ਰਿਹਾਈ ਹੋਣ ਨਾਲ ਕੌਮ ਦਾ ਸੰਵਿਧਾਨ ਤੇ ਕਾਨੂੰਨ 'ਤੇ ਭਰੋਸਾ ਵੱਧੇਗਾ। ਭਾਵੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇਸ ਮਾਮਲੇ ਵਿਚ ਉਨ੍ਹਾਂ ਦਾ ਕੋਈ ਹੱਥ ਨਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਜੀ ਕੇ ਨੇ ਕਿਹਾ ਕਿ ਅਕਾਲੀ ਦਲ ਨੇ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਤੇ ਅਪਣੀ ਸਰਕਾਰ ਵੇਲੇ ਤਾਂ ਸਿੱਖ ਬੰਦੀਆਂ ਦੀ ਰਿਹਾਈ ਲਈ ਇਨ੍ਹਾਂ ਕੱਖ ਭੰਨ੍ਹ ਕੇ ਦੂਹਰਾ ਨਹੀਂ ਕੀਤਾ ਤੇ ਹੁਣ ਗੁਮਰਾਕੁਨ ਬਿਆਨ ਦੇ ਕੇ, ਸਿੱਖ ਨੂੰ ਮੂਰਖ ਬਣਾ ਰਹੇ ਹਨ।