
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਕੇਂਦਰ ਸਰਕਾਰ ਨੇ ਚੋਣਾਂ ਲਈ ਮੁੱਖ ਚੋਣ ਕਮਿਸ਼ਨਰ ਨਿਯੁਕਤ ਕਰ ਦਿਤਾ ਹੈ...........
ਚੰਡੀਗੜ੍ਹ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਕੇਂਦਰ ਸਰਕਾਰ ਨੇ ਚੋਣਾਂ ਲਈ ਮੁੱਖ ਚੋਣ ਕਮਿਸ਼ਨਰ ਨਿਯੁਕਤ ਕਰ ਦਿਤਾ ਹੈ। ਇਹ ਨਿਯੁਕਤੀ 'ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਨਿਯੁਕਤੀਆਂ ਨੇਮ, 2014' ਤਹਿਤ ਕੀਤੀ ਗਈ ਹੈ ਜਿਸ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਦਰਸ਼ਨ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਇਸ ਸਬੰਧੀ ਪਹਿਲੀ ਅਗੱਸਤ ਬੁੱਧਵਾਰ ਨੂੰ ਹੀ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਗੋਪੀ ਚੰਦਰਾ ਛਾਵਨੀਆ ਦੇ ਹਸਤਾਖ਼ਰਾਂ ਹੇਠ ਬਾਕਾਇਦਾ ਨੋਟੀਫ਼ੀਕੇਸ਼ਨ (ਨਕਲ ਮੌਜੂਦ) ਜਾਰੀ ਕੀਤੀ ਗਈ ਹੈ।
ਕੇਂਦਰ ਸਰਕਾਰ ਦੇ ਵਧੀਕ ਸਾਲੀਸਿਟਰ ਜਨਰਲ ਸਤਿਆਪਾਲ ਜੈਨ ਨੇ ਅੱਜ ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਦਾਖ਼ਲ ਇਕ ਪਟੀਸ਼ਨ ਉਤੇ ਸੁਣਵਾਈ ਦੌਰਾਨ ਹਾਈ ਕੋਰਟ ਬੈਂਚ ਨੂੰ ਦਿਤੀ। ਸਿੱਖ ਆਗੂ ਬਲਦੇਵ ਸਿੰਘ ਸਰਸਾ ਵਲੋਂ ਇਹ ਪਟੀਸ਼ਨ ਦਾਖ਼ਲ ਕਰ ਕੇ ਦੋਸ਼ ਲਗਾਇਆ ਗਿਆ ਸੀ ਕਿ ਮੌਜੂਦਾ ਕਮੇਟੀ ਦਾ ਕਾਰਜਕਾਲ ਸਾਲ 2011 ਤੋਂ 2016) ਖ਼ਤਮ ਹੋ ਚੁੱਕਾ ਹੈ ਪਰ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਅਤੇ ਚੋਣਾਂ ਕਰਵਾਈਆਂ ਜਾਣ। ਇਸ 'ਤੇ ਜਵਾਬ ਵਿਚ ਕੇਂਦਰ ਸਰਕਾਰ ਨੇ ਤਰਕ ਦਿਤਾ ਸੀ ਕਿ ਚੋਣ ਕਮਿਸ਼ਨਰ ਹੀ ਨਹੀਂ ਹੈ ਅਤੇ ਕਮਿਸ਼ਨਰ ਦੀ ਨਿਯੁਕਤੀ ਵਿਚਾਰਧੀਨ ਹੈ।
ਹਾਈ ਕੋਰਟ ਨੇ ਹਾਲ ਦੀ ਘੜੀ ਇਸ ਕੇਸ ਉਤੇ ਸੁਣਵਾਈ ਦਸੰਬਰ ਤਕ ਅੱਗੇ ਪਾ ਦਿਤੀ ਹੈ। ਪਟੀਸ਼ਨਰ ਬਲਦੇਵ ਸਿੰਘ ਸਰਸਾ ਨੇ 'ਸਪੋਕਸਮੈਨ ਟੀਵੀ' ਨਾਲ ਗੱਲ ਕਰਦੇ ਹੋਏ ਚੋਣ ਕਮਿਸ਼ਨਰ ਦੀ ਉਕਤ ਨਿਯੁਕਤੀ ਨੂੰ ਵੱਡੀ ਪ੍ਰਾਪਤੀ ਦਸਿਆ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵਿਚ ਸੁਣਵਾਈ ਭਾਵੇਂ ਹੁਣ ਦਸੰਬਰ 'ਚ ਹੋਣੀ ਹੈ ਪਰ ਚੀਫ਼ ਚੋਣ ਕਮਿਸ਼ਨਰ ਦੀ ਨਿਯੁਕਤੀ ਹੋ ਚੁਕੀ ਹੋਣ ਨਾਲ ਹੁਣ ਸ਼੍ਰੋਮਣੀ ਕਮੇਟੀ ਚੋਣਾਂ ਦੀ ਪ੍ਰੀਕਿਰਿਆ ਸ਼ੁਰੂ ਹੋਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਪਟੀਸ਼ਨ ਉਤੇ ਹੀ ਜਦੋਂ ਗੁਰਦਵਾਰਾ ਚੋਣ ਕਮਿਸ਼ਨਰ ਨੂੰ ਜਾਰੀ ਹੋਇਆ
ਇਹ ਅਹੁਦੇ ਦੇ ਖ਼ਾਲੀ ਹੋਣ ਕਾਰਨ ਨੋਟਿਸ ਬੇਰੰਗ ਮੁੜਿਆ ਤਾਂ ਗੱਲ ਅੱਗੇ ਤੁਰੀ ਕਿ ਪਹਿਲਾਂ ਇਸ ਅਹੁਦੇ ਉਤੇ ਬਣਦੀ ਨਿਯੁਕਤੀ ਕੀਤੀ ਜਾਵੇ। ਸਰਸਾ ਨੇ ਕਿਹਾ ਕਿ ਉਹ ਜਲਦ ਹੀ ਹੁਣ ਨਵ ਨਿਯੁਕਤ ਚੀਫ਼ ਚੋਣ ਕਮਿਸ਼ਨਰ ਗੁਰਦਵਾਰਾ ਚੋਣਾਂ ਨੂੰ ਜਲਦ ਕਰਵਾਉਣ ਲਈ ਮੰਗ ਪੱਤਰ ਦੇਣਗੇ ਤਾਂ ਜੋ ਹੁਣ ਹਾਈ ਕੋਰਟ ਵਿਚ ਅਗਲੀ ਤਰੀਕ ਤਕ ਉਡੀਕ ਕਰਨ ਦੀ ਲੋੜ ਹੀ ਨਾ ਪਵੇ।