
Panthak News: ਗੁਰੂਘਰ ਪ੍ਰਬੰਧ ਸੁਧਾਰ ਲਹਿਰ ਪੰਜਾਬ ਦੇ ਪ੍ਰਧਾਨ ਜਥੇਦਾਰ ਰਤਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ
Panthak News: ਗੁਰੂਘਰ ਪ੍ਰਬੰਧ ਸੁਧਾਰ ਲਹਿਰ ਪੰਜਾਬ ਦੇ ਪ੍ਰਧਾਨ ਜਥੇਦਾਰ ਰਤਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਬਾਦਲ ਪ੍ਰਵਾਰ ਵਲੋਂ ਕਥਿਤ ਤੌਰ ’ਤੇ ਤਤਕਾਲੀ ਜਥੇਦਾਰਾਂ ਉਤੇ ਦਬਾਅ ਪਾ ਕੇ ਸਿਆਸੀ ਕਿੜ ਕੱਢਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਮਰਿਆਦਾ ਦੀ ਕੀਤੀ ਗਈ ਨਿਜੀ ਦੁਰਵਰਤੋਂ ਜਿਸ ਤਹਿਤ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ, ਪ੍ਰੋਫ਼ੈਸਰ ਦਰਸ਼ਨ ਸਿੰਘ, ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾ ਅਤੇ ਪ੍ਰੋ: ਇੰਦਰ ਸਿੰਘ ਘੱਗਾ ਵਿਰੁਧ “ਹੁਕਮਨਾਮੇ’’ ਜਾਰੀ ਕਰ ਕੇ ਇਨ੍ਹਾਂ ਨੂੰ ਜ਼ਲੀਲ ਕੀਤਾ ਗਿਆ ਦਾ ਨਿਬੇੜਾ ਵੀ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਹ ਵਖਰੀ ਗੱਲ ਹੈ ਕਿ ਅਪਣੀ ਪਬਲਿਕ ਲਾਈਫ਼ ਦੇ ਦਮ ਨਾਲ ਸ. ਜੋਗਿੰਦਰ ਸਿੰਘ ਅਤੇ ਕਾਲਾ ਅਫ਼ਗ਼ਾਨਾ ਇਨ੍ਹਾਂ ਅਖੌਤੀ ਹੁਕਮਨਾਮਿਆਂ ਅੱਗੇ ਨਹੀਂ ਝੁਕੇ ਅਤੇ ਇਸ ਫ਼ਾਨੀ ਜਹਾਨ ਤੋਂ ਕੂਚ ਕਰ ਗਏ। ਇਥੇ “ਸਪੋਕਸਮੈਨ’’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਬਾਦਲ ਪ੍ਰਵਾਰ ਨੇ ਅਪਣੀ ਰਾਜਨੀਤਕ ਤਾਕਤ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਸੱਚ ਬੋਲਣ ਵਾਲਿਆਂ ਨੂੰ ਰੋਂਦਿਆਂ ਉਸ ਦੀ ਮਿਸਾਲ ਸਿੱਖ ਇਤਿਹਾਸ ਵਿਚ ਕਿਤੇ ਨਹੀਂ ਮਿਲਦੀ। ਰਤਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਬਾਦਲ ਪ੍ਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰ ਕੇ ਇਸ ਗ਼ੁਨਾਹ ਲਈ ਮੁਆਫ਼ੀ ਮੰਗਣ ਅਤੇ ਅਜਿਹੇ ਹੁਕਮਨਾਮੇ ਵਾਪਸ ਲਏ ਜਾਣ।