
ਸਰਕਾਰਾਂ ਦੀ ਸਿਖਿਆ ਪ੍ਰਤੀ ਗ਼ੈਰ ਸੰਜੀਦਗੀ ਅਜੋਕੀ ਪੀੜ੍ਹੀ ਦੇ ਭਵਿੱਖ ਨਾਲ ਕਰ ਰਹੀ ਹੈ ਖਿਲਵਾੜ : ਐਡਵੋਕੇਟ ਧਾਮੀ
ਫ਼ਤਹਿਗੜ੍ਹ ਸਾਹਿਬ, 2 ਅਕਤੂਬਰ (ਰਾਜਿੰਦਰ ਸਿੰਘ ਭੱਟ) : ਸ਼੍ਰੋਮਣੀ ਕਮੇਟੀ ਵਲੋਂ ਉਚੇਰੀ ਸਿਖਿਆ ਦੀ ਅਜੋਕੀ ਸਥਿਤੀ, ਮੌਜੂਦਾ ਸਮੱਸਿਆਵਾਂ ਅਤੇ ਸੰਭਾਵੀ ਹੱਲ ਵਿਸ਼ੇ 'ਤੇ ਕਰਵਾਈ ਜਾ ਰਹੀ 2 ਰੋਜ਼ਾ ਵਿਦਿਅਕ ਕਾਨਫ਼ਰੰਸ ਦਾ ਅੱਜ ਆਗਾਜ਼ ਹੋਇਆ | ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗਿਆਨੀ ਦਿੱਤ ਸਿੰਘ ਆਡੋਟੋਰੀਅਮ ਵਿਚ ਹੋਈ ਇਸ ਵਿਦਿਅਕ ਕਾਨਫਰੰਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਉੱਘੇ ਵਿਦਵਾਨਾਂ ਨੇ ਸ਼ਿਰਕਤ ਕੀਤੀ |
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੌਜੂਦਾ ਸਮੇਂ ਅੰਦਰ ਸਰਕਾਰਾਂ ਵਲੋਂ ਸਿਖਿਆ ਦੇ ਖੇਤਰ ਵਿਚੋਂ ਹੱਥ ਪਿੱਛੇ ਖਿੱਚਣ ਨੂੰ ਘਾਤਕ ਕਰਾਰ ਦਿੰਦਿਆਂ ਕਿਹਾ ਕਿ ਸਰਕਾਰਾਂ ਵਲੋਂ ਬਣਾਈਆਂ ਨੀਤੀਆਂ ਨੇ ਸਿਖਿਆ ਦਾ ਵੱਡਾ ਨੁਕਸਾਨ ਕੀਤਾ ਹੈ | ਸਰਕਾਰਾਂ ਵਲੋਂ ਸਿਖਿਆ ਅਦਾਰਿਆਂ ਦੀਆਂ ਗ੍ਰਾਟਾਂ ਘਟਾਉਣੀਆਂ ਅਤੇ ਘੱਟਗਿਣਤੀਆਂ ਦੀ ਸਕਾਲਰਸ਼ਿਪ ਨੂੰ ਬੰਦ ਕਰਨਾ ਵੱਡੀ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਸਿਖਿਆ ਪ੍ਰਤੀ ਗ਼ੈਰ-ਸੰਜੀਦਗੀ ਅਜੋਕੀ ਪੀੜ੍ਹੀ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ | ਐਡਵੋਕੇਟ ਧਾਮੀ ਨੇ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਵਿਚ ਸੰਵਾਦ ਰਾਹੀਂ ਸਰਕਾਰਾਂ ਦੇ ਮਨਸੂਬਿਆਂ ਨੂੰ ਜਗ-ਜਾਹਿਰ ਕਰਨਾ ਸਮੇਂ ਦੀ ਵੱਡੀ ਲੋੜ ਹੈ | ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿਖਿਆ ਨੀਤੀ ਨੂੰ ਬਦਲ ਕੇ ਸਰਕਾਰਾਂ ਵਲੋਂ ਸਾਡੇ ਖਿੱਤੇ ਅਤੇ ਭਾਸ਼ਾ 'ਤੇ ਹਮਲੇ ਕਰ ਕੇ ਸਾਨੂੰ ਵਿਰਸੇ ਤੋਂ ਨਿਖੇੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ |
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰਾਂ ਦੇ ਅਜਿਹੇ ਹਮਲਿਆਂ ਨੂੰ ਰੋਕਣ ਲਈ ਸਾਨੂੰ ਧਾਰਮਕ ਫਲਸਫੇ 'ਤੇ ਰਹਿੰਦਿਆਂ ਅਪਣੀ ਅਜੋਕੀ ਪੀੜ੍ਹੀ ਨੂੰ ਅਜਿਹਾ ਮਾਰਗ ਦਿਖਾਉਣਾ ਹੋਵੇਗਾ, ਜਿਸ ਨਾਲ ਸਾਡੀ ਭਾਸ਼ਾ, ਸਿਧਾਂਤ ਅਤੇ ਫ਼ਲਸਫ਼ਾ ਬਚਿਆ ਰਹਿ ਸਕੇ | ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਨੂੰ ਉੱਚ ਸਿਖਿਆ ਪ੍ਰਤੀ ਸੰਜੀਦਾ ਰਹਿਣ ਦੇ ਨਾਲ-ਨਾਲ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਨਾ ਹੋਵੇਗਾ |
ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਨੇ ਜਿਥੇ ਸਿੱਖ ਫਲਸਫੇ ਦੀ ਰੌਸ਼ਨੀ ਵਿਚ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਕੀਤੇ ਹਨ, ਉਥੇ ਹੀ ਸਿਖਿਆ ਦੇ ਖੇਤਰ ਵਿਚ ਵੀ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਅੱਜ ਵਿਦਿਅਕ ਤੌਰ 'ਤੇ ਵੀ ਸਾਡੀ ਭਾਸ਼ਾ, ਸੰਸਕਿ੍ਤੀ ਅਤੇ ਪਹਿਰਾਵੇ 'ਤੇ ਵੱਡੇ ਹਮਲੇ ਹੋ ਰਹੇ ਹਨ | ਭਾਈ ਗਰੇਵਾਲ ਨੇ ਕਿਹਾ ਕਿ ਅੱਜ ਦੀ ਇਹ ਵਿਦਿਅਕ ਕਾਨਫਰੰਸ ਸਿਖਿਆ ਦੇ ਖੇਤਰ ਵਿਚ ਭਵਿੱਖ ਲਈ ਨੀਤੀ ਨਿਰਾਧਰਤ ਕਰਨ ਵਿਚ ਸਹਾਈ ਹੋਵੇਗੀ | ਇਸ ਉਪਰੰਤ ਪ੍ਰੋ. ਨਵਰੀਤ ਕੌਰ ਨੇ ਉਚੇਰੀ ਸਿਖਿਆ ਦੀਆਂ ਭਵਿੱਖ ਲਈ ਕੁਝ ਚੁਨੋਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ ਸਾਡੇ ਲਈ ਕਈ ਚੁਣੌਤੀਆਂ ਲੈ ਕੇ ਆਵੇਗੀ | ਸਰਕਾਰਾਂ ਵਲੋਂ ਸਿਖਿਆ ਸਿਸਟਮ ਵਿਚ ਕੀਤੇ ਬਦਲਾਵ ਸਾਡੇ ਸਾਰੇ ਤਾਣੇ ਬਾਣੇ ਨੂੰ ਉਲਝਾਉਣ ਵਾਲੇ ਹਨ | ਉਨ੍ਹਾਂ ਕਿਹਾ ਕਿ ਦਰਪੇਸ਼ ਚੁਣੌਤੀਆਂ ਕਾਰਨ ਆਉਣ ਵਾਲੇ ਕੁਝ ਸਾਲਾਂ ਵਿਚ ਸਾਡੀ ਇਕ ਪੀੜ੍ਹੀ ਮੌਜੂਦਾ ਮਾਹੌਲ ਵਿਚੋਂ ਗ਼ਾਇਬ ਹੁੰਦੀ ਦਿਖਾਈ ਦੇੇਵੇਗੀ |